
ਵਿਰਾਟ ਕੋਹਲੀ ਅੱਜ ਦੁਨੀਆਂ ਭਰ ਦੇ ਕਰੋੜਾਂ ਨੌਜਵਾਨਾਂ ਤੇ ਖੇਡ ਪ੍ਰੇਮੀਆਂ ਦਾ ਚਹੇਤਾ ਹੈ। ਕੋਹਲੀ ਨੇ ਭਾਰਤੀ ਟੀਮ ਲਈ ਉਸ ਵੇਲ਼ੇ ਖੇਡਣਾ ਸ਼ੁਰੂ ਕੀਤਾ ਸੀ ਜਦੋਂ ਸਰ ਡੋਨਾਲਡ ਬਰੈਡਮੈਨ ਵਰਗੇ ਮਹਾਨਤਮ ਖਿਡਾਰੀਆਂ ਦੇ ਕਈ ਦਹਾਕੇ ਪੁਰਾਣੇ ਰਿਕਾਰਡ ਤੋੜ ਕੇ ਸਚਿਨ ਤੇਂਦੂਲਕਰ ਅਜਿਹੇ ਨਵੇਂ ਰਿਕਾਰਡ ਬਣਾ ਚੁੱਕਾ ਸੀ ਜਿਨ੍ਹਾਂ ਬਾਰੇ ਬਹੁਤੇ ਕ੍ਰਿਕਟ ਪ੍ਰੇਮੀ ਸੋਚਦੇ ਸਨ ਕਿ ਹੁਣ ਇਹ ਰਿਕਾਰਡ ਛੇਤੀ ਕੀਤੇ ਨਹੀਂ ਟੁੱਟਣੇ। ਪਰ ਵਿਰਾਟ ਕੋਹਲੀ ਨੇ ਖੇਡ ਇਤਿਹਾਸ ਵਿਚ ਦੰਦਕਥਾਵਾਂ ਦਾ ਪਾਤਰ ਬਣ ਚੁੱਕੇ ਤੇਂਦੂਲਕਰ ਦੇ ਰਿਕਾਰਡਾਂ ਨੂੰ ਉਸ ਦੇ ਨਾਲ਼ ਖੇਡਦਿਆਂ ਹੀ ਤੋੜ ਦਿੱਤਾ। ਵਿਰਾਟ ਕੋਹਲੀ ਦੇ ਰਿਕਾਰਡ ਇਸ ਪੱਖੋਂ ਵੀ ਅਹਿਮ ਹਨ ਕਿ ਉਸ ਨੇ ਇਹ ਰਿਕਾਰਡ ਤੇਂਦੂਲਕਰ ਨਾਲ਼ੋਂ ਬਹੁਤ ਘੱਟ ਮੈਚ ਖੇਡ ਕੇ ਹੀ ਬਣਾ ਦਿੱਤੇ ਹਨ। ਟੈਸਟ ਕ੍ਰਿਕਟ, ਇੱਕ ਦਿਨਾ ਕ੍ਰਿਕਟ ਅਤੇ ਆਧੁਨਿਕ ਯੁਗ ਦੀ ਟੀ-20 ਕ੍ਰਿਕਟ ਤਿੰਨਾਂ ਹੀ ਸ਼੍ਰੇਣੀਆਂ ਵਿਚ ਕੋਹਲੀ ਨੇ ਵਿਲੱਖਣ ਰਿਕਾਰਡ ਆਪਣੇ ਨਾਂਅ ਦਰਜ ਕੀਤੇ ਹਨ। ਕੋਹਲੀ ਦੁਨੀਆਂ ਦਾ ਇੱਕੋ-ਇੱਕ ਅਜਿਹਾ ਖਿਡਾਰੀ ਹੈ ਜੋ ਇਨ੍ਹਾਂ ਤਿੰਨਾਂ ਸ਼੍ਰੇਣੀਆਂ ਦੇ ਹੀ 50-50 ਮੈਚ ਜਿੱਤਣ ਵਾਲ਼ੀ ਟੀਮ ਵਿਚ ਸ਼ਾਮਿਲ ਸੀ।
ਵਿਰਾਟ ਦੇ ਨਾਂ ਦਰਜ ਵਿਰਾਟ ਰਿਕਾਰਡਾਂ ਦੀ ਛੋਟੀ ਜਿਹੀ ਝਲਕ
ਕੌਮਾਂਤਰੀ ਕ੍ਰਿਕਟ ਵਿਚ ਸਭ ਤੋਂ ਤੇਜ਼ 8000, 9000, 10 ਹਜ਼ਾਰ, 11 ਹਜ਼ਾਰ, 12 ਹਜ਼ਾਰ, 13 ਹਜ਼ਾਰ ਅਤੇ 26000 ਦੌੜਾਂ ਬਣਾਉਣ ਦੇ ਰਿਕਾਰਡ ਵਿਰਾਟ ਕੋਹਲੀ ਦੇ ਨਾਂਅ ਦਰਜ ਹਨ।
5 ਨਵੰਬਰ 2023 ਨੂੰ ਆਪਣੇ ਜਨਮ ਦਿਨ ਦੇ ਮੌਕੇ 49ਵਾਂ ਸੈਂਕੜਾ ਲਾ ਕੇ ਵਿਰਾਟ ਕੋਹਲੀ ਨੇ ਆਪਣੇ ਆਦਰਸ਼ ਖਿਡਾਰੀ ਸਚਿਨ ਤੇਂਦੂਲਕਰ ਦੇ ਰਿਕਾਰਡ ਦੀ ਬਰਾਬਰੀ ਕੀਤੀ ਸੀ। ਹਾਲਾਂਕਿ ਕੋਹਲੀ ਦੀ ਇਹ ਪ੍ਰਾਪਤੀ ਸਚਿਨ ਦੇ ਰਿਕਾਰਡ ਤੋਂ ਵੱਧ ਮਹੱਤਵਪੂਰਨ ਹੈ ਕਿਉਂਕਿ ਸਚਿਨ ਨੇ ਇਹ ਪ੍ਰਾਪਤੀ 452 ਪਾਰੀਆਂ ਖੇਡ ਕੇ ਹਾਸਲ ਕੀਤੀ ਸੀ ਜਦਕਿ ਕੋਹਲੀ ਨੇ ਹਾਲੇ ਸਿਰਫ 277 ਪਾਰੀਆਂ ਹੀ ਖੇਡੀਆਂ ਹਨ। ਇਸ ਤੋਂ ਕੁੱਝ ਸਮਾਂ ਬਾਅਦ ਹੀ 2 ਹੋਰ ਸੈਂਕੜੇ ਲਾ ਕੇ ਕੋਹਲੀ 51 ਸੈਂਕੜਿਆਂ ਤੱਕ ਜਾ ਪਹੁੰਚਿਆ ਹੈ। ਸਚਿਨ ਨੇ ਇੱਕ ਗੱਲਬਾਤ ਦੌਰਾਨ ਕਿਹਾ ਸੀ ਕਿ ਕੋਹਲੀ ਉਸ ਦੇ 100 ਸੈਂਕੜਿਆਂ ਦਾ ਰਿਕਾਰਡ ਵੀ ਜਲਦੀ ਤੋੜ ਸਕਦਾ ਹੈ।
ਦੂਜਾ ਮਹੱਤਵਪੂਰਨ ਰਿਕਾਰਡ ਇਹ ਹੈ ਕਿ ਕੋਹਲੀ ਨੇ ਆਪਣੇ 49 ਵਿਚੋਂ 27 ਸੈਂਕੜੇ ਇੱਕ ਦਿਨਾ ਮੈਚਾਂ ਵਿੱਚ ਵਿਰੋਧੀ ਟੀਮ ਵੱਲੋਂ ਦਿੱਤੇ ਵੱਡੇ ਟੀਚੇ ਦਾ ਪਿੱਛਾ ਕਰਦੇ ਹੋਏ ਲਗਾਏ ਹਨ। ਧਿਆਨ ਦੇਣ ਯੋਗ ਗੱਲ ਇਹ ਹੈ ਕਿ ਕਿਸੇ ਵਿਸ਼ਾਲ ਟੀਚੇ ਦਾ ਪਿੱਛਾ ਕਰਨ ਸਮੇਂ ਖਿਡਾਰੀਆਂ ਉਤੇ ਭਾਰੀ ਮਾਨਸਿਕ ਦਬਾਅ ਹੁੰਦਾ ਹੈ। ਦਿਲਚਸਪ ਤੱਥ ਇਹ ਵੀ ਹੈ ਕਿ ਇਸ ਸ਼੍ਰੇਣੀ ਵਿਚ ਕੋਹਲੀ ਦਾ ਆਦਰਸ਼ ਅਤੇ ਕ੍ਰਿਕਟ ਦਾ ਧੁਰੰਦਰ ਖਿਡਾਰੀ ਸਚਿਨ ਤੇਂਦੂਲਕਰ ਦੂਜੇ ਸਥਾਨ ‘ਤੇ ਹੈ ਜਿਸ ਦੇ ਨਾਂਅ ਸਿਰਫ 17 ਸੈਂਕੜੇ ਹਨ।
ਤੀਜੀ ਮਹੱਤਵਪੂਰਨ ਪ੍ਰਾਪਤੀ ਹੈ ਕੌਮਾਂਤਰੀ ਕ੍ਰਿਕਟ ਕੌਂਸਲ ਵੱਲੋਂ ਜਾਰੀ ਇਕ ਦਿਨਾਂ ਕੌਮਾਂਤਰੀ ਮੈਚਾਂ ਦੀ ਦਰਜਾਬੰਦੀ ਸੂਚੀ ਵਿਚ 890 ਅੰਕਾਂ ਨਾਲ਼ ਚੋਟੀ ਦਾ ਸਥਾਨ ਹਾਸਲ ਕਰਨਾ। ਇਸ ਮਾਮਲੇ ਵਿਚ ਵੀ ਉਸ ਨੇ ਸਚਿਨ ਤੇਂਦੂਲਕਰ ਨੂੰ ਪਛਾੜਿਆ। ਸਚਿਨ ਨੂੰ 1998 ਵਿਚ 887 ਅੰਕ ਮਿਲੇ ਸਨ। ਇਸ ਦੇ ਨਾਲ਼ ਹੀ ਟੈਸਟ ਕ੍ਰਿਕਟ ਦੀ ਦਰਜਾਬੰਦੀ ਵਿਚ ਵੀ ਕੋਹਲੀ ਨੇ 922 ਅੰਕ ਹਾਸਲ ਕਰਕੇ ਆਪਣੇ ਨਾਂਅ ਇਕ ਹੋਰ ਮਹੱਤਵਪੂਰਨ ਰਿਕਾਰਡ ਦਰਜ ਕੀਤਾ।
ਵਿਰਾਟ ਕੋਹਲੀ ਨੇ ਲੰਘੇ 19 ਅਕਤੂਬਰ 2023 ਨੂੰ ਪੂਨੇ ਵਿਚ ਹੋਏ ਲੀਗ ਮੈਚ ਦੌਰਾਨ ਬੰਗਲਾ ਦੇਸ਼ ਵਿਰੁੱਧ ਖੇਡਦਿਆਂ ਇੱਕ ਦਿਨਾ ਮੈਚਾਂ ਵਿਚ ਆਪਣਾ 48ਵਾਂ ਸੈਂਕੜਾ ਪੂਰਾ ਕਰਨ ਦੇ ਨਾਲ਼ ਨਾਲ਼ ਕੌਮਾਂਤਰੀ ਕ੍ਰਿਕਟ ਵਿਚ ਸਭ ਤੋਂ ਤੇਜ 26000 ਦੌੜਾਂ ਦਾ ਅੰਕੜਾ ਵੀ ਪਾਰ ਕਰ ਲਿਆ। ਇਸ ਪ੍ਰਾਪਤੀ ਨਾਲ਼ ਕੋਹਲੀ ਨੇ ਆਪਣੇ ਆਦਰਸ਼ ਖਿਡਾਰੀ ਸਚਿਨ ਤੇਂਦੂਲਕਰ ਨੂੰ ਇਕ ਹੋਰ ਰਿਕਾਰਡ ਵਿਚ ਵੀ ਪਛਾੜ ਦਿੱਤਾ। ਸਚਿਨ ਨੇ ਇਹ ਪ੍ਰਾਪਤੀ 601 ਪਾਰੀਆਂ ਖੇਡ ਕੇ ਹਾਸਲ ਕੀਤੀ ਸੀ ਪਰ ਕੋਹਲੀ ਨੇ ਇਹ ਪ੍ਰਾਪਤੀ 577 ਪਾਰੀਆਂ ਵਿਚ ਹੀ ਹਾਸਲ ਕਰ ਲਈ।
BUY NOW
ਵਿਰਾਟ ਕੋਹਲੀ ਦੇ ਰਿਕਾਰਡਾਂ ਦੀ ਇਸ ਲੰਮੀ ਸੂਚੀ ਵਿਚ ਅਗਲਾ ਰਿਕਾਰਡ ਹੈ ਕਪਤਾਨ ਵਜੋਂ ਟੈਸਟ ਮੈਚਾਂ ਵਿਚ 6 ਵਾਰ ਦੋਹਰਾ ਸੈਂਕੜਾ ਬਣਾਉਣਾ। ਇਸ ਤੋਂ ਪਹਿਲਾਂ ਮਹਾਨ ਕ੍ਰਿਕਟ ਖਿਡਾਰੀ ਬਰਾਇਨ ਲਾਰਾ ਦੇ ਨਾਂਅ 5 ਵਾਰ ਦੋਹਰਾ ਸੈਂਕੜਾ ਲਾਉਣ ਦਾ ਰਿਕਾਰਡ ਦਰਜ ਸੀ।
ਟੈਸਟ ਕ੍ਰਿਕਟ ਵਿਚ ਹੀ ਕਪਤਾਨ ਵਜੋਂ 9 ਵਾਰ 150 ਤੋਂ ਵੱਧ ਦੌੜਾਂ ਦੀਆਂ ਪਾਰੀਆਂ ਖੇਡ ਕੇ ਵਿਰਾਟ ਕੋਹਲੀ ਨੇ ਇੱਕ ਹੋਰ ਅਹਿਮ ਪ੍ਰਾਪਤੀ ਕੀਤੀ।
ਵਿਰਾਟ ਨੇ ਇੱਕ ਦਿਨਾ ਕ੍ਰਿਕਟ ਮੈਚਾਂ ਵਿਚ ਇੱਕ ਸਾਲ ਦੇ ਸਮੇਂ ਦੌਰਾਨ 8 ਵਾਰ 1000 ਤੋਂ ਵੱਧ ਦੌੜਾਂ ਦਾ ਅੰਕੜਾ ਪਾਰ ਕੀਤਾ ਹੈ।
ਵਿਰਾਟ ਕੋਹਲੀ ਅਜਿਹਾ ਪਹਿਲਾ ਖਿਡਾਰੀ ਹੈ ਜਿਸ ਨੇ 2 ਮੁਲਕਾਂ (ਵੈਸਟ ਇੰਡੀਜ ਅਤੇ ਸ੍ਰੀਲੰਕਾ) ਵਿਰੁੱਧ ਲਗਾਤਾਰ 3-3 ਸੈਂਕੜੇ ਬਣਾਏ।
ਵਿਰਾਟ ਕੋਹਲੀ ਦੀ ਕਪਤਾਨੀ ਹੇਠ 2021 ਦੀ ਟੈਸਟ ਲੜੀ ਦੌਰਾਨ ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ 372 ਦੌੜਾਂ ਨਾਲ਼ ਹਰਾਇਆ ਜੋ ਕਿ ਭਾਰਤੀ ਟੈਸਟ ਕ੍ਰਿਕਟ ਦੇ ਇਤਿਹਾਸ ਦੀ ਹੁਣ ਤੱਕ ਸਭ ਤੋਂ ਵੱਡੀ ਜਿੱਤ ਹੈ।
ਵਿਰਾਟ ਕੋਹਲੀ ਦੁਨੀਆਂ ਦਾ ਦੂਜਾ ਅਜਿਹਾ ਖਿਡਾਰੀ ਹੈ ਜਿਸ ਨੇ ਲਗਾਤਾਰ 2 ਸਾਲ (2017-2018) ਸਰ ਗੈਰੀਫੀਲਡ ਸੋਬਰਸ ਟਰਾਫੀ ਹਾਸਲ ਕੀਤੀ। ਇਸ ਤੋਂ ਪਹਿਲਾਂ ਇਹ ਮਾਣ ਦੱਖਣੀ ਅਫਰੀਕਾ ਦੇ ਰਿੱਕੀ ਪੌਂਟਿੰਗ (2006-2007) ਨੇ ਪ੍ਰਾਪਤ ਕੀਤਾ ਸੀ।
ਇੱਕ ਦਿਨਾਂ ਮੈਚਾਂ ਵਿਚ ਵਿਰਾਟ ਕੋਹਲੀ ਦੀ ਕਪਤਾਨ ਵਜੋਂ ਸਫਲਤਾ ਦਰ 75.89 ਫੀਸਦੀ ਹੈ। ਕੋਹਲੀ ਨੇ ਟੀ-20 ਮੈਚਾਂ ਦੀਆਂ 17 ਲੜੀਆਂ ਵਿਚ ਭਾਰਤੀ ਟੀਮ ਦੀ ਕਪਤਾਨੀ ਕੀਤੀ ਅਤੇ ਇਨ੍ਹਾਂ ਵਿਚੋਂ 12 ਲੜੀਆਂ ਜਿੱਤੀਆਂ। ਟੀ-20 ਵਿਚ 10,000 ਦੌੜਾਂ ਦਾ ਅੰਕੜਾ ਪਾਰ ਕਰਨ ਵਾਲ਼ਾ ਕੋਹਲੀ ਪਹਿਲਾ ਭਾਰਤੀ ਖਿਡਾਰੀ ਹੈ।
ਵਿਰਾਟ ਨੇ ਇੱਕ ਦਿਨਾ ਕ੍ਰਿਕਟ ਮੈਚਾਂ ਵਿਚ 118 ਵਾਰ 50 ਦੌੜ੍ਹਾਂ ਦਾ ਅੰਕੜਾ ਪਾਰ ਕੀਤਾ। ਸਚਿਨ ਤੇਂਦੁਲਕਰ ਨੇ ਹਾਲਾਂਕਿ 145 ਤੋਂ ਵੱਧ ਵਾਰ ਅੱਧਾ ਸੈਂਕੜਾ ਪੂਰਾ ਕੀਤਾ ਪਰ ਸਚਿਨ ਵੱਲੋਂ ਖੇਡੇ ਗਏ ਮੈਚਾਂ ਦੀ ਗਿਣਤੀ ਕੋਹਲੀ ਦੇ ਮੈਚਾਂ ਨਾਲ਼ੋਂ ਡੇਢ ਗੁਣਾ ਵੱਧ ਹੈ।
ਆਪਣੇ ਜਨਮ ਦਿਨ ਵਾਲ਼ੇ ਦਿਨ ਸੈਂਕੜਾ ਲਾਉਣ ਵਾਲ਼ਾ ਵਿਰਾਟ ਕੋਹਲੀ ਭਾਰਤ ਦਾ ਤੀਜਾ ਅਤੇ ਦੁਨੀਆਂ ਦਾ 7ਵਾਂ ਖਿਡਾਰੀ ਬਣ ਗਿਆ ਹੈ। ਇਸ ਤੋਂ ਪਹਿਲਾਂ ਭਾਰਤ ਦਾ ਵਿਨੋਦ ਕਾਂਬਲੀ 1993 ਵਿਚ ਇੰਗਲੈਂਡ ਵਿਰੁੱਧ, ਸਚਿਨ ਤੈਂਦੂਲਕਰ 1998 ਵਿਚ ਆਸਟ੍ਰੇਲੀਆ ਵਿਰੁੱਧ ਆਪਣੇ ਜਨਮ ਦਿਨ ‘ਤੇ ਸੈਂਕੜੇ ਲਾ ਚੁੱਕੇ ਹਨ। ਇਸੇ ਤਰਾਂ ਸ੍ਰੀ ਲੰਕਾ ਦਾ ਸਨਥ ਜੈਸੂਰੀਆ 2008 ਵਿਚ ਬੰਗਲਾਦੇਸ਼ ਵਿਰੁੱਧ, ਰੌਸ ਟੇਲਰ 2011 ਵਿਚ ਪਾਕਿਸਤਾਨ ਵਿਰੁੱਧ, ਟੌਮ ਲੇਥਮ 2022 ਵਿਚ ਹਾਲੈਂਡ ਵਿਰੁੱਧ ਜਦਕਿ ਮਿਸ਼ੇਲ ਮਾਰਸ ਇਸੇ ਸਾਲ ਪਾਕਿਸਤਾਨ ਵਿਰੁੱਧ ਸੈਂਕੜੇ ਲਾ ਚੁੱਕੇ ਹਨ। 22 ਸਾਲ ਤੋਂ ਘੱਟ ਉਮਰ ਵਿੱਚ ਇੱਕ ਦਿਨਾ ਮੈਚਾਂ ਵਿੱਚ 2 ਸੈਂਕੜੇ ਲਗਾਉਣ ਵਾਲਾ ਵਿਰਾਟ ਕੋਹਲੀ ਤੀਜਾ ਭਾਰਤੀ ਖਿਡਾਰੀ ਹੈ।
ਆਈਪੀਐਲ (IPL) ਟੂਰਨਾਮੈਂਟਾਂ ਵਿਚ ਵੀ ਰਹੀ ਹੈ ਸ਼ਾਨਦਾਰ ਕਾਰਗੁਜਾਰੀ
T20 ਮੈਚਾਂ ਵਾਲ਼ੀ ਆਈਪੀਐਲ (IPL) ਵਿਚ ਵੀ ਕੋਹਲੀ ਦੀ ਕਾਰਗੁਜਾਰੀ ਬੇਹੱਦ ਸ਼ਾਨਦਾਰ ਰਹੀ ਹੈ। ਹਾਲਾਂਕਿ ਕੋਹਲੀ ਦੀ ਟੀਮ ਮੁੰਬਈ ਇੰਡੀਅਨ ਅਤੇ ਚੇਨਈ ਸੁਪਰ ਕਿੰਗ ਵਰਗੀ ਸਫਲਤਾ ਹਾਸਲ ਨਹੀਂ ਕਰ ਸੀ, ਪਰ ਆਈ ਪੀ ਐਲ ਟੂਰਨਾਮੈਂਟਾਂ ਵਿਚ ਵੀ 8 ਸੈਂਕੜੇ ਅਤੇ 57 ਅਰਧ ਸੈਂਕੜੇ ਲਾਉਣ ਵਾਲ਼ਾ ਕੋਹਲੀ ਇੱਕੋ ਇੱਕ ਭਾਰਤੀ ਖਿਡਾਰੀ ਹੈ। ਆਈ ਪੀ ਐਲ ਵਿਚ ਕੋਹਲੀ ਦੀ ਦੌੜਾਂ ਬਣਾਉਣ ਦੀ ਰਫਤਾਰ ਦਾ ਅੰਦਾਜਾ ਇਥੋਂ ਲਾਇਆ ਜਾ ਸਕਦਾ ਹੈ ਕਿ 5-5 ਵਾਰ ਚੈਂਪੀਅਨ ਬਣਨ ਵਾਲ਼ੀਆਂ ਮੁੰਬਈ ਇੰਡੀਅਨ ਅਤੇ ਚੇਨਈ ਸੁਪਰ ਕਿੰਗ ਦਾ ਕੋਈ ਵੀ ਖਿਡਾਰੀ ਕੋਹਲੀ ਦੇ ਅੰਕੜਿਆਂ ਦੇ ਨੇੜੇ ਤੇੜੇ ਵੀ ਨਹੀਂ ਹੈ। 2016 ਦੇ ਆਈਪੀਐਲ ਟੂਰਨਾਮੈਂਟ ਵਿਚ ਤਾਂ ਕੋਹਲੀ ਨੇ ਉਪਰੋਥਲੀ 4 ਸੈਂਕੜੇ ਲਾ ਕੇ ਕੁੱਲ 973 ਦੌੜਾਂ ਦਾ ਐਸਾ ਰਿਕਾਰਡ ਬਣਾਇਆ ਜਿਸ ਦੇ ਨੇੜੇ ਪਹੁੰਚਣਾ ਚੋਟੀ ਦੇ ਖਿਡਾਰੀਆਂ ਲਈ ਵੀ ਮੁਸ਼ਕਿਲ ਹੈ।
ਅੱਲ੍ਹੜ ਉਮਰ ਵਿਚ ਟੁੱਟ ਪਿਆ ਸੀ ਮੁਸੀਬਤਾਂ ਦਾ ਪਹਾੜ
ਆਪਣੇ ਸੁਫਨੇ ਨੂੰ ਸਾਕਾਰ ਕਰਨ ਲਈ ਖਿਡਾਰੀਆਂ ਨੂੰ ਸਖਤ ਮਿਹਨਤ, ਚੁਣੌਤੀਆਂ ਅਤੇ ਬੇਹੱਦ ਮੁਸ਼ਕਿਲ ਦੌਰ ਵਿਚੋਂ ਲੰਘਣਾ ਪੈਂਦਾ ਹੈ। ਅਜਿਹੇ ਮੁਸ਼ਕਿਲ ਭਰੇ ਸਮੇਂ ਜੇਕਰ ਕਿਸੇ ਨੌਜਵਾਨ ਦਾ ਮਾਰਗ-ਦਰਸ਼ਕ ਪਿਤਾ ਇਸ ਸੰਸਾਰ ਵਿਚੋਂ ਚੱਲ ਵਸੇ ਤਾਂ ਉਸ ਉਤੇ ਕੀ ਬੀਤੇਗੀ ? ਇਹ ਸੋਚ ਕੇ ਹੀ ਕਲੇਜਾ ਮੂੰਹ ਨੂੰ ਆਉਂਦਾ ਹੈ। ਮਾਸੂਮ ਜਿਹੇ ਤੇ ਭੋਲ਼ੇ ਭਾਲ਼ੇ ਚਿਹਰੇ ਵਾਲ਼ਾ ਕੋਹਲੀ ਵੀ ਅਜਿਹੇ ਹੀ ਦੌਰ ਵਿਚੋਂ ਲੰਘਿਆ ਹੈ।
17 ਸਾਲ ਦੀ ਅੱਲ੍ਹੜ ਉਮਰ ਵਿਚ ਮੱਧਵਰਗੀ ਭਾਰਤੀ ਟੱਬਰਾਂ ਦੇ ਬਹੁਗਿਣਤੀ ਨੌਜਵਾਨ ਮਾਪਿਆਂ ਦੀ ਛਤਰ-ਛਾਇਆ ਹੇਠ ਬੇਫਿਕਰੀ ਅਤੇ ਬੇਪਰਵਾਹੀ ਵਿਚ ਮੌਜ-ਮਸਤੀ ਵਾਲ਼ੇ ਦੌਰ ਵਿਚੋਂ ਲੰਘ ਰਹੇ ਹੁੰਦੇ ਹਨ। ਨਾ ਤਾਂ ਆਪਣੇ ਭਵਿੱਖ ਦੀ ਬਹੁਤੀ ਚਿੰਤਾ ਹੁੰਦੀ ਹੈ ਤੇ ਨਾ ਹੀ ਕੋਈ ਢੁਕਵੀਂ ਵਿਓਂਤਬੰਦੀ। ਅਜਿਹੇ ਸਮੇਂ ਜੇਕਰ ਕਿਸੇ ਨੌਜਵਾਨ ਦਾ ਪਿਤਾ ਅਚਾਨਕ ਬਿਮਾਰ ਹੋ ਕੇ ਚੱਲ ਵਸੇ ਤਾਂ ਉਸ ਲਈ ਜਿੰਦਗੀ ਬੋਝਲ ਤੇ ਦੁੱਖਾਂ ਦੇ ਪਹਾੜ ਬਣ ਜਾਂਦੀ ਹੈ। ਪਰ ਅਜਿਹੇ ਔਖੇ ਸਮੇਂ ਦਾ ਸਾਹਮਣਾ ਕਰਦੇ ਹੋਏ ਵੀ ਜਿਹੜਾ ਨੌਜਵਾਨ ਦ੍ਰਿੜ੍ਹਤਾ ਤੇ ਲਗਨ ਨਾਲ ਆਪਣੇ ਟੀਚੇ ਉਪਰ ਧਿਆਨ ਰੱਖ ਕੇ ਸਖਤ ਘਾਲਣਾ ਕਰੇ ਤਾਂ ਉਹ ਯਕੀਨਨ ਹੀ ਭਵਿੱਖ ਵਿਚ ‘ਵਿਰਾਟ’ (Greatest) ਅਤੇ ਬੇਮਿਸਾਲ ਪ੍ਰਾਪਤੀਆਂ (unmatched achievments) ਕਰਨ ਦੇ ਯੋਗ ਬਣ ਜਾਂਦਾ ਹੈ।
ਵਿਰਾਟ ਕੋਹਲੀ ਨਾਲ਼ ਵੀ ਏਹੀ ਵਾਪਰਿਆ ਸੀ। ਅੱਜ ਦੁਨੀਆਂ ਦੇ ਸਭ ਤੋਂ ਚਰਚਿਤ ਅਤੇ ਹਰਮਨ ਪਿਆਰੇ ਖਿਡਾਰੀਆਂ ਵਿਚ ਸ਼ਾਮਿਲ ਵਿਰਾਟ ਕੋਹਲੀ ਜਦੋਂ 17 ਸਾਲ ਦੀ ਉਮਰ ਵਿਚ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿਚ ਕਰਨਾਟਕ ਵਿਰੁੱਧ ਰਣਜੀ ਟ੍ਰਾਫੀ ਦਾ ਇਕ ਮੈਚ ਖੇਡ ਰਿਹਾ ਸੀ। ਇਸੇ ਦਿਨ ਉਸ ਦੇ ਪਿਤਾ ਪ੍ਰੇਮ ਕੋਹਲੀ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ। ਪਿਤਾ ਹਸਪਤਾਲ ਵਿਚ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਸੀ ਤੇ ਉਸ ਦੇ ਸਾਹਾਂ ਦੀ ਲੜੀ ਟੁੱਟਦੀ ਜਾ ਰਹੀ ਸੀ। ਦੂਜੇ ਪਾਸੇ ਕੋਹਲੀ ਮੈਚ ਦੌਰਾਨ ਧੜਾ-ਧੜ ਦੌੜਾਂ ਦੀ ਲੜੀ ਨੂੰ ਵੱਡੀ ਕਰਦਾ ਜਾ ਰਿਹਾ ਸੀ। ਮੈਚ ਦੇ ਦੂਜੇ ਦਿਨ ਸ਼ਾਮ ਤੱਕ ਵਿਰਾਟ ਕੋਹਲੀ ਨਾਟ ਆਊਟ ਰਿਹਾ ਤੇ ਦੂਜੇ ਪਾਸੇ ਉਸੇ ਰਾਤ ਨੂੰ ਉਸ ਦੇ ਪਿਤਾ ਪ੍ਰੇਮ ਕੋਹਲੀ ਦੇ ਸਾਹਾਂ ਦੀ ਲੜੀ ਟੁੱਟ ਗਈ।
ਅੰਗਰੇਜੀ ਦੀ ਮਸ਼ਹੂਰ ਕਹਾਵਤ ‘ਦਾ ਸ਼ੋਅ ਮਸਟ ਗੋਅ ਔਨ’ ਮੁਤਾਬਕ ਕੋਹਲੀ ਨੇ ਆਪਣੀ ਮਾਂ ਸਰੋਜ ਕੋਹਲੀ ਦੀ ਹੌਸਲਾ ਅਫਜਾਈ ਕਰਦਿਆਂ ਮੈਚ ਵਿਚ ਆਪਣੀ ਰਹਿੰਦੀ ਪਾਰੀ ਪੂਰੀ ਕਰਨ ਦੀ ਇੱਛਾ ਜਤਾਈ। ਆਪਣੇ ਪਤੀ ਪ੍ਰੇਮ ਕੋਹਲੀ ਵੱਲੋਂ ਖੇਡ ਲਈ ਆਪਣੇ ਪੁੱਤਰ ਨੂੰ ਦਿੱਤੀ ਜਾਂਦੀ ਹੱਲਾਸ਼ੇਰੀ ਤੋਂ ਭਲੀ-ਭਾਂਤ ਜਾਣੂੰ ਵਿਰਾਟ ਦੀ ਮਾਂ ਨੇ ਉਸ ਨੂੰ ਕੇਵਲ ਇਜਾਜਤ ਹੀ ਨਹੀਂ ਦਿੱਤੀ ਬਲਕਿ ਬਾਕੀ ਟੱਬਰ ਨੂੰ ਵੀ ਉਸ ਦਾ ਸਾਥ ਦੇਣ ਲਈ ਪ੍ਰੇਰਿਆ। ਸਵੇਰੇ ਵੱਡੇ ਤੜਕੇ ਵਿਰਾਟ ਕੋਹਲੀ ਨੇ ਆਪਣੇ ਕੋਚ ਚੇਤਨ ਸ਼ਰਮਾ ਨੂੰ ਫੋਨ ਕਰਕੇ ਸਾਰੇ ਹਾਲਾਤ ਤੋਂ ਜਾਣੂੰ ਕਰਵਾਇਆ ਤੇ ਬਾਕੀ ਪਾਰੀ ਖੇਡਣ ਦੀ ਇੱਛਾ ਬਾਰੇ ਦੱਸਿਆ। ਕੋਚ ਵੱਲੋਂ ਹਾਮੀ ਭਰਨ ‘ਤੇ ਵਿਰਾਟ ਮੈਦਾਨ ਵਿਚ ਪਹੁੰਚਿਆ ਜਿਥੇ ਉਸ ਨੇ ਦੁਪਹਿਰ ਤੱਕ ਆਪਣੀ ਸ਼ਾਨਦਾਰ ਪਾਰੀ ਖੇਡੀ ਅਤੇ ਸ਼ਾਮ ਨੂੰ ਆਪਣੇ ਪਿਤਾ ਦੇ ਸਸਕਾਰ ਵਿਚ ਸ਼ਾਮਿਲ ਹੋਇਆ।
ਇਸ ਤਰਾਂ ਸਖਤ ਮਿਹਨਤ ਅਤੇ ਵੱਡੀਆਂ ਚੁਣੌਤੀਆਂ ਦਾ ਮੁਕਾਬਲਾ ਕਰਕੇ ‘ਵਿਰਾਟ’ ਰੁਤਬਾ ਹਾਸਲ ਕਰਨ ਵਾਲ਼ੇ ਵਿਰਾਟ ਕੋਹਲੀ ਦੇ ਨਾਂਅ ਅੱਜ ਵਿਸ਼ਵ ਕ੍ਰਿਕਟ ਵਿਚ ਅਨੇਕਾਂ ਰਿਕਾਰਡ ਦਰਜ ਹੋ ਚੁੱਕੇ ਹਨ। ਇਨ੍ਹਾਂ ਰਿਕਾਰਡਾਂ ਦੀ ਸੂਚੀ ਬੜੀ ਲੰਮੀ ਹੈ ਅਤੇ ਆਉਂਦੇ ਸਾਲਾਂ ਦੌਰਾਨ ਇਸ ਵਿਚ ਹੋਰ ਵੀ ਵਾਧਾ ਹੋਣਾ ਯਕੀਨੀ ਹੈ।
BUY NOW
ਸ਼ੋਸ਼ਲ ਮੀਡੀਆ ਉਤੇ ਹਰਮਨਪਿਆਰਤਾ
ਸ਼ੋਸ਼ਲ ਮੀਡੀਆ ਉਤੇ ਹਰਮਨਪਿਆਰਤਾ ਦੇ ਮਾਮਲੇ ਵਿਚ ਵੀ ਵਿਰਾਟ ਕੋਹਲੀ ਦੁਨੀਆਂ ਭਰ ਦੇ ਹਜ਼ਾਰਾਂ ਖਿਡਾਰੀਆਂ ਵਿਚੋਂ ਬਹੁਤ ਅੱਗੇ ਹੈ। ਕੋਹਲੀ ਦੇ ਟਵਿੱਟਰ/ਫੇਸਬੁੱਕ/ਇੰਸਟਾਗ੍ਰਾਮ ਆਦਿ ਸ਼ੋਸ਼ਲ ਮੀਡੀਆ ਖਾਤਿਆਂ ਨਾਲ਼ 35 ਕਰੋੜ ਤੋਂ ਵੀ ਵੱਧ ਪ੍ਰਸੰਸਕ ਜੁੜੇ ਹੋਏ ਹਨ ਤੇ ਇਸ ਮਾਮਲੇ ਵਿਚ ਉਹ ਦੁਨੀਆਂ ਦੇ ਤੀਜੇ ਸਭ ਤੋਂ ਵੱਧ ਹਰਮਨਪਿਆਰੇ ਖਿਡਾਰੀ ਹਨ। ਕੋਹਲੀ ਦੀ ਇਸੇ ਹਰਮਨਪਿਆਰਤਾ ਕਾਰਨ ਪਿਛਲੇ ਦਿਨੀਂ ਕੌਮਾਂਤਰੀ ਉਲੰਪਿਕ ਕਮੇਟੀ ਦੀ ਮੀਟਿੰਗ ਵਿਚ ਵੀ ਉਸ ਬਾਰੇ ਚਰਚਾ ਛਿੜੀ। ਆਪਾਂ ਸਾਰੇ ਜਾਣਦੇ ਹਾਂ ਕਿ ਕ੍ਰਿਕਟ ਉਲੰਪਿਕ ਖੇਡਾਂ ਦਾ ਹਿੱਸਾ ਨਹੀਂ। ਇਸ ਨੂੰ 2028 ਦੀਆਂ ਉਲੰਪਿਕ ਖੇਡਾਂ ਵਿਚ ਸ਼ਾਮਿਲ ਕਰਨ ਬਾਰੇ ਚਰਚਾ ਕਰਨ ਲਈ ਹੀ ਕੌਮਾਂਤਰੀ ਉਲੰਪਿਕ ਕਮੇਟੀ ਦੀ ਮੀਟਿੰਗ ਸੀ। ਇਸ ਮੀਟਿੰਗ ਵਿਚ ਕੋਹਲੀ ਦੀਆਂ ਸ਼ਾਨਦਾਰ ਪ੍ਰਾਪਤੀਆਂ ਅਤੇ ਨੌਜਵਾਨਾਂ ਦੇ ਉਸ ਪ੍ਰਤੀ ਪਿਆਰ ਦਾ ਉਚੇਚਾ ਜਿਕਰ ਹੋਇਆ।
ਮਾਸੂਮ ਚਿਹਰੇ ਅਤੇ ਲੰਮੀ ਠੋਡੀ ਕਾਰਨ ਪਿਆ ‘ਚੀਕੂ’ ਨਾਂਅ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇੱਕ ਵਾਰ ਮੈਦਾਨ ਵਿਚ ਖੇਡ ਦੌਰਾਨ ਕਿਸੇ ਖਾਸ ਮੌਕੇ ਖੁਸ਼ੀ ਵਿਚ ਵਿਰਾਟ ਕੋਹਲੀ ਨੂੰ ‘ਚੀਕੂ’ ਕਹਿ ਕੇ ਆਵਾਜ ਦਿੱਤੀ ਤਾਂ ਮੈਚ ਵੇਖ ਰਹੇ ਲੱਖਾਂ ਖੇਡ ਪ੍ਰੇਮੀ ਅਚੰਭੇ ਵਿਚ ਪੈ ਗਏ। ਖੇਡ ਪ੍ਰੇਮੀਆਂ ਲਈ ਇਹ ਨਾਂਅ ਭਾਵੇਂ ਨਵਾਂ ਸੀ ਪਰ ਉਸ ਦੇ ਨੇੜਲੇ ਸਾਥੀ ਕਈ ਸਾਲਾਂ ਤੋਂ ਇਸ ਬਾਰੇ ਜਾਣਦੇ ਸਨ। ਦਰਅਸਲ ਅੱਲ੍ਹੜ ਉਮਰ ਵਿਚ ਲੰਮੀ ਪਤਲੀ ਠੋਡੀ ਤੇ ਮਾਸੂਮ ਚਿਹਰੇ ਕਾਰਨ ਦਿੱਲੀ ਟੀਮ ਦੇ ਇਕ ਕੋਚ ਨੇ ਬੱਚਿਆਂ ਦੇ ਮਸ਼ਹੂਰ ਕਾਰਟੂਨ ਰਸਾਲੇ ‘ਚੰਪਕ’ ਵਿਚਲੇ ਚੀਕੂ ਨਾਂਅ ਦੇ ਖਰਗੋਸ਼ ਦੇ ਨਾਂਅ ‘ਤੇ ਵਿਰਾਟ ਨੂੰ ਲਾਡ ਨਾਲ਼ ਚੀਕੂ ਕਹਿਣਾ ਸ਼ੁਰੂ ਕੀਤਾ ਸੀ ਜੋ ਕਿ ਬਾਅਦ ਵਿਚ ਉਸ ਦੇ ਨੇੜਲੇ ਸਾਥੀਆਂ ਵਿਚ ਪ੍ਰਚੱਲਤ ਹੋ ਗਿਆ।
ਵਿਰਾਟ ਕੋਹਲੀ ਨੂੰ ਖੇਡ ਪ੍ਰਾਪਤੀਆਂ ਲਈ ਮਿਲ਼ੇ ਮਾਣ ਸਨਮਾਨ ਵੀ ਘੱਟ ਨਹੀਂ
ਵਿਰਾਟ ਕੋਹਲੀ ਦੀਆਂ ਅਹਿਮ ਖੇਡ ਪ੍ਰਾਪਤੀਆਂ ਨੂੰ ਵੇਖਦਿਆਂ ਭਾਰਤ ਸਰਕਾਰ ਅਤੇ ਕੌਮਾਂਤਰੀ ਕ੍ਰਿਕਟ ਕੌਂਸਲ ਵੱਲੋਂ ਉਸ ਨੂੰ ਦਰਜ਼ਨ ਦੇ ਕਰੀਬ ਮਾਣ ਸਨਮਾਨ ਭੇਟ ਕੀਤੇ ਗਏ ਹਨ। ਭਾਰਤ ਸਰਕਾਰ ਵੱਲੋਂ ਕੋਹਲੀ ਨੂੰ ਅਰਜੁਨ ਐਵਾਰਡ (2013), ਪਦਮ ਸ਼੍ਰੀ (2017) ਅਤੇ ਰਾਜੀਵ ਗਾਂਧੀ ਖੇਡ ਰਤਨ ਐਵਾਰਡ (2018) ਦਿੱਤੇ ਗਏ।
ਕੌਮਾਂਤਰੀ ਕ੍ਰਿਕਟ ਕੌਂਸਲ ਵੱਲੋਂ 2017 ਅਤੇ 2018 ਵਿਚ ਲਗਾਤਾਰ 2 ਸਾਲ ਕੋਹਲੀ ਨੂੰ ਸਾਲ ਦਾ ਸਰਬੋਤਮ ਕ੍ਰਿਕਟ ਖਿਡਾਰੀ ਐਲਾਨ ਕੇ ਸਰ ਗਰਫੀਲਡ ਸੋਬਰਸ ਟਰੌਫੀ ਨਾਲ਼ ਸਨਮਾਨਿਤ ਕੀਤਾ ਗਿਆ। ਉਸ ਨੂੰ 2010-2020 ਦੇ ਦਹਾਕੇ ਦਾ ਸਰਬੋਤਮ ਕ੍ਰਿਕਟ ਖਿਡਾਰੀ ਐਲਾਨ ਕੇ ਵੀ ਸਰ ਗਰਫੀਲਡ ਸੋਬਰਸ ਐਵਾਰਡ ਭੇਟ ਕੀਤਾ ਗਿਆ। ਇਸ ਤੋਂ ਇਲਾਵਾ 2012 ਅਤੇ 2017 ਵਿਚ ਸਾਲ ਦਾ ਸਰਬੋਤਮ ਖਿਡਾਰੀ, 2017 ਵਿਚ ਹੀ ਕੋਹਲੀ ਦੀ ਅਗਵਾਈ ਹੇਠਲੀ ਭਾਰਤੀ ਟੀਮ ਨੂੰ ਸਰਬੋਤਮ ਆਈ ਸੀ ਸੀ ਟੈਸਟ ਟੀਮ, 2012, 2014, 2016 ਅਤੇ 2017 ਵਿਚ 4 ਵਾਰ ਆਈ ਸੀ ਸੀ ਸਰਬੋਤਮ ਇਕ ਦਿਨਾ ਟੀਮ ਦਾ ਖਿਤਾਬ ਵੀ ਕੋਹਲੀ ਦੀ ਕਪਤਾਨੀ ਹੇਠ ਮਿਲਿਆ।