
ਪਰਮੇਸ਼ਰ ਸਿੰਘ ਬੇਰ ਕਲਾਂ
ਸਪੋਰਟਸ ਪਰਲਜ, 4 ਮਾਰਚ 2025: ਮੈਰਾਥਨ marathon ਦੇ ਨਾਂਅ ਨਾਲ਼ ਜਾਣੀ ਜਾਂਦੀ ਲੰਬੀ ਦੂਰੀ ਦੀ ਦੌੜ ਪਹਿਲੀ ਵਾਰ ਕੌਮਾਂਤਰੀ ਖੇਡ ਮੁਕਾਬਿਆਂ ਵਿਚ 1896 ‘ਚ ਯੂਨਾਨ ਦੇ ਸ਼ਹਿਰ ਏਥਨਜ਼ ਵਿੱਚ ਓਲੰਪਿਕ ਖੇਡਾਂ ਦੀ ਮੁੜ-ਸੁਰਜੀਤੀ ਮੌਕੇ ਕਰਵਾਈ ਗਈ। ਹਾਲਾਂਕਿ ਇਸ ਦੇ ਅਗਲੇ ਹੀ ਵਰ੍ਹੇ 1897 ਵਿਚ ਅਮਰੀਕਾ ਦੇ ਕੁੱਝ ਖੇਡ ਪ੍ਰੇਮੀਆਂ ਨੇ ਬੌਸਟਨ ਸ਼ਹਿਰ ਵਿਚ ਵੀ ਮੈਰਾਥਨ ਦੌੜ ਸ਼ੁਰੂ ਕਰਵਾ ਦਿੱਤੀ ਸੀ ਜੋ ਕਿ ਅੱਜ ਤੱਕ ਲਗਾਤਾਰ ਹਰ ਵਰ੍ਹੇ ਕਰਵਾਈ ਜਾ ਰਹੀ ਹੈ। ਬਾਅਦ ਵਿਚ ਲੰਡਨ, ਸ਼ਿਕਾਗੋ, ਬਰਲਿਨ, ਨਿਊ ਯਾਰਕ, ਟੋਕੀਓ, ਪੈਰਿਸ ਅਤੇ ਐਮਸਟਰਡਮ ਵਿਚ ਵੀ ਮੈਰਾਥਨ ਦੌੜਾਂ ਕਰਵਾਈਆਂ ਜਾਣ ਲੱਗੀਆਂ। ਹੁਣ ਤਾਂ ਦੁਨੀਆਂ ਦੇ ਹਰ ਮੁਲਕ ਦੇ ਵੱਡੇ ਸ਼ਹਿਰਾਂ ਜਾਂ ਰਾਜਧਾਨੀਆਂ ਵਿਚ ਹੀ ਮੈਰਾਥਨ ਜਾਂ ਹਾਫ ਮੈਰਾਥਨ ਦੌੜਾਂ ਕਰਵਾਈਆਂ ਜਾਂਦੀਆਂ ਹਨ।
ਕਈ ਵਾਰ ਬਦਲੀ ਗਈ ਮੈਰਾਥਨ Marathon ਦੌੜ ਦੀ ਦੂਰੀ
ਸ਼ੁਰੂਆਤ ਵਿਚ ਮੈਰਾਥਨ ਦੌੜ ਦੀ ਦੂਰੀ 40 ਕਿਲੋਮੀਟਰ (25 ਮੀਲ) ਰੱਖੀ ਗਈ ਸੀ। ਕੁੱਝ ਪ੍ਰਬੰਧਕਾਂ ਵੱਲੋਂ ਇਹ ਦੂਰੀ 26 ਮੀਲ ਮਿਥੀ ਗਈ। ਲਗਪਗ ਢਾਈ ਦਹਾਕੇ ਮੈਰਾਥਨ ਦੌੜਾਂ ਇਸੇ ਤਰਾਂ ਵੱਖ-ਵੱਖ ਦੂਰੀ ਨਾਲ਼ ਹੀ ਕਰਵਾਈਆਂ ਜਾਂਦੀਆਂ ਰਹੀਆਂ। ਪਰ 1908 ਦੇ ਲੰਡਨ ਓਲੰਪਿਕ ਮੌਕੇ ਮੈਰਾਥਨ ਦੌੜ ਨੂੰ ਵਿੰਡਸਰ ਕੈਸਲ ਤੋਂ ਸ਼ੁਰੂ ਕਰਕੇ ਲੰਡਨ ਦੇ ਸਟੇਡੀਅਮ ਵਿਖੇ ਸ਼ਾਹੀ ਘਰਾਣੇ ਦੇ ਬੈਠਣ ਵਾਲ਼ੇ ਥਾਂ ਦੇ ਸਾਹਮਣੇ ਸਮਾਪਤ ਕੀਤਾ ਗਿਆ ਸੀ। ਇਹ ਦੂਰੀ 42195 ਮੀਟਰ (26 ਮੀਲ 385 ਗਜ) ਬਣਦੀ ਸੀ। ਲੰਡਨ ਉਲੰਪਿਕ ਖੇੋਡਾਂ ਦੀ ਸਮਾਪਤੀ ਤੋਂ ਬਾਅਦ ਬਰਤਾਨੀਆ ਉਲੰਪਿਕ ਕਮੇਟੀ ਵੱਲੋਂ ਕੌਮਾਂਤਰੀ ਉਲੰਪਿਕ ਕਮੇਟੀ ਨੂੰ ਅਪੀਲ ਕੀਤੀ ਗਈ ਕਿ ਇਸ ਦੂਰੀ ਨੂੰ ਭਵਿੱਖ ਵਿਚ ਹੋਣ ਵਾਲ਼ੀ ਹਰ ਮੈਰਾਥਨ ਦੌੜ ਲਈ ਮਿਆਰੀ ਦੂਰੀ ਵਜੋਂ ਸਥਾਪਿਤ ਕੀਤਾ ਜਾਵੇ। ਕੌਮਾਂਤਰੀ ਉਲੰਪਿਕ ਕਮੇਟੀ ਨੇ ਬਰਤਾਨੀਆਂ ਉਲੰਪਿਕ ਕਮੇਟੀ ਦੀ ਇਸ ਅਪੀਲ ਨੂੰ 1921 ਦੀ ਆਪਣੀ ਸਾਲਾਨਾ ਮੀਟਿੰਗ ਵਿਚ ਪ੍ਰਵਾਨਗੀ ਦੇ ਕੇ 1924 ਦੀਆਂ ਓਲੰਪਿਕ ਖੇਡਾਂ ਲਈ ਮੈਰਾਥਨ ਦੌੜ ਦੀ ਦੂਰੀ 42195 ਮੀਟਰ (26 ਮੀਲ 385 ਗਜ) ਮਿਥ ਕੇ, ਪੱਕੇ ਤੌਰ ਉਤੇ ਹੀ ਭਵਿੱਖ ਵਾਸਤੇ ਮੈਰਾਥਨ ਦੌੜਾਂ ਦੀ ਮਿਆਰੀ ਦੂਰੀ ਬਣਾ ਦਿੱਤੀ ਗਈ। ਬਾਅਦ ਵਿਚ ਹੋਰ ਮੈਰਾਥਨ ਦੌੜਾਂ ਦੇ ਪ੍ਰਬੰਧਕਾਂ ਨੇ ਵੀ ਕੌਮਾਂਤਰੀ ਉਲੰਪਿਕ ਕਮੇਟੀ ਵੱਲੋਂ ਮਿਥੀ ਗਈ ਦੂਰੀ ਨੂੰ ਹੀ ਪ੍ਰਵਾਨਗੀ ਦੇ ਦਿੱਤੀ।
ਇੱਕ ਯੂਨਾਨੀ ਫੌਜੀ ਯੋਧੇ ਦੀ ਯਾਦ ਵਿੱਚ ਸ਼ੁਰੂ ਕੀਤੀ ਗਈ ਸੀ ਮੈਰਾਥਨ Marathon ਦੌੜ
ਮੈਰਾਥਨ ਦੌੜ ਇੱਕ ਯੂਨਾਨੀ ਫੌਜੀ ਦੀ ਯਾਦ ਵਿੱਚ ਸ਼ੁਰੂ ਕੀਤੀ ਗਈ ਸੀ, ਜੋ 490 ਈ: ਪੂ: ਵਿੱਚ ਫਾਰਸੀਆਂ ‘ਤੇ ਐਥਨੀਆਈ ਯੋਧਿਆਂ ਦੀ ਜਿੱਤ ਦੀ ਖ਼ਬਰ ਲਿਆਉਣ ਲਈ ਮੈਰਾਥਨ ਸ਼ਹਿਰ ਤੋਂ ਏਥਨਜ਼ ਤੱਕ ਲਗਪਗ 40 ਕਿਲੋਮੀਟਰ (25 ਮੀਲ) ਦੀ ਦੂਰੀ ਦੌੜ ਕੇ ਪਹੁੰਚਿਆ ਸੀ। ਲਗਾਤਾਰ 40 ਕਿਲੋਮੀਟਰ ਦੌੜ ਕੇ ਇਸ ਜਿੱਤ ਦੀ ਖ਼ਬਰ ਸੁਣਾਉਣ ਤੋਂ ਬਾਅਦ ਉਹ ਬੇਦਮ ਹੋ ਕੇ ਡਿਗ ਪਿਆ ਸੀ ਤੇ ਉਥੇ ਹੀ ਉਸ ਦੇ ਪ੍ਰਾਣ ਪੰਖੇਰੂ ਉਡ ਗਏ ਸਨ। ਮੈਰਾਥਨ ਦੀ ਲੜਾਈ ਵਿਚ ਜਿੱਤ ਦਾ ਸੁਨੇਹਾ ਦੇਣ ਵਾਲ਼ੇ ਇਸ ਫੌਜੀ ਹਰਕਾਰੇ ਦੀ ਕਹਾਣੀ ਦੇ ਨਾਲ਼ ਹੀ ਬਾਅਦ ਵਿਚ ਇਸ ਦੌੜ ਦੇ ਇਤਿਹਾਸ ਨੂੰ ਕੁੱਝ ਲਿਖਾਰੀਆਂ ਨੇ ਇਕ ਹੋਰ ਯੂਨਾਨੀ ਫੌਜੀ ਫੈਡੀਪੀਡਜ਼ ਦੀ ਕਹਾਣੀ ਨਾਲ ਵੀ ਜੋੜ ਦਿੱਤਾ, ਜੋ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਏਥਨਜ਼ ਤੋਂ ਸਪਾਰਟਾ ਤੱਕ ਦੌੜ ਕੇ ਗਿਆ ਸੀ। ਦਿਲਚਸਪ ਤੱਥ ਇਹ ਹੈ ਕਿ 1896 ਦੀ ਪਹਿਲੀ ਆਧੁਨਿਕ ਮੈਰਾਥਨ ਦੌੜ ਦਾ ਜੇਤੂ ਵੀ ਯੂਨਾਨ ਦਾ ਹੀ ਸਪਾਈਰੀਡੋਨ ਲੁਈਸ ਬਣਿਆ ਸੀ।
90 ਸਾਲ ਦੀ ਲੰਮੀਂ ਉਡੀਕ ਤੋਂ ਬਾਅਦ ਔਰਤਾਂ ਨੂੰ ਮਿਲਿਆ ਉਲੰਪਿਕ ਮੈਰਾਥਨ Marathon’ਚ ਦੌੜਨ ਦਾ ਹੱਕ
1896 ਵਿਚ ਸ਼ੁਰੂ ਹੋਈਆਂ ਆਧੁਨਿਕ ਉਲੰਪਿਕ ਖੇਡਾਂ ਵਿੱਚ ਮੈਰਾਥਨ ਦੌੜ ਵੀ ਸ਼ਾਮਿਲ ਸੀ। ਪਰ ਇਸ ਵਿਚ ਕੇਵਲ ਮਰਦ ਦੌੜਾਕ ਹੀ ਸ਼ਾਮਿਲ ਸਨ ਅਤੇ ਔਰਤਾਂ ਨੂੰ ਉਸ ਤੋਂ ਬਾਅਦ ਵੀ ਲਗਾਤਾਰ 9 ਦਹਾਕੇ (90 ਸਾਲ) ਉਲੰਪਿਕ ਮੈਰਾਥਨ ਵਿਚ ਹਿੱਸਾ ਲੈਣ ਦੀ ਇਜਾਜਤ ਨਹੀਂ ਦਿੱਤੀ ਗਈ। 20ਵੀਂ ਸਦੀ ਦੇ ਅੱਠਵੇਂ ਦਹਾਕੇ ਤੱਕ ਔਰਤਾਂ ਕੇਵਲ ਛੋਟੀ ਤੇ ਦਰਮਿਆਨੀ ਦੂਰੀ ਦੀਆਂ ਦੌੜਾਂ ਵਿਚ ਹੀ ਹਿੱਸਾ ਲੈਂਦੀਆਂ ਸਨ। ਹਾਲਾਂਕਿ ਕੁੱਝ ਔਰਤਾਂ ਜਿੱਦ ਕਰਕੇ ਉਲੰਪਿਕ ਮੈਰਾਥਨ ਦੌੜ ਵਿਚ ਹਿੱਸਾ ਲੈਂਦੀਆਂ ਰਹੀਆਂ ਪਰ ਉਲੰਪਿਕ ਕਮੇਟੀ ਵੱਲੋਂ ਉਨ੍ਹਾਂ ਦੀ ਦੌੜ ਨੂੰ ਮਾਨਤਾ ਨਹੀਂ ਸੀ ਦਿੱਤੀ ਜਾਂਦੀ, ਇਸ ਕਾਰਨ ਉਨ੍ਹਾਂ ਨੂੰ ਕੋਈ ਮੈਡਲ ਨਹੀਂ ਸੀ ਦਿੱਤਾ ਜਾਂਦਾ। ਉਲੰਪਿਕ ਤੋਂ ਅਗਲੇ ਸਾਲ ਹੀ 1897 ਵਿਚ ਸ਼ੁਰੂ ਹੋਈ ਬੌਸਟਨ ਮੈਰਾਥਨ ਦੇ ਪ੍ਰਬੰਧਕਾਂ ਨੇ 75 ਸਾਲਾਂ ਬਾਅਦ 1972 ਵਿਚ ਔਰਤਾਂ ਨੂੰ ਮੈਰਾਥਨ ਦੌੜਨ ਦੀ ਇਜਾਜਤ ਦੇ ਦਿੱਤੀ। ਇਸ ਤੋਂ ਬਾਅਦ ਔਰਤਾਂ ਨੂੰ ਉਲੰਪਿਕ ਮੈਰਾਥਨ ਵਿਚ ਵੀ ਦੌੜਨ ਦਾ ਹੱਕ ਦੇਣ ਦੀ ਮੰਗ ਲਗਾਤਾਰ ਵਧਦੀ ਗਈ। ਆਖਰ 1984 ਦੀਆਂ ਉਲੰਪਿਕ ਖੇਡਾਂ ਵਿਚ ਔਰਤਾਂ ਦੀ ਮੈਰਾਥਨ ਨੂੰ ਪਹਿਲੀ ਵਾਰ ਓਲੰਪਿਕ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਗਿਆ ਸੀ।
ਸਭ ਤੋਂ ਵੱਧ ਮਾਣ ਵਾਲ਼ੀ ਮੰਨੀ ਜਾਂਦੀ ਹੈ ਬੌਸਟਨ ਮੈਰਾਥਨ Marathon ਦੀ ਜਿੱਤ
ਲੰਮੀ ਦੂਰੀ ਦੇ ਦੌੜਾਕਾਂ ਲਈ ਉਲੰਪਿਕ ਤੋਂ ਬਾਅਦ ਸਭ ਤੋਂ ਵੱਧ ਮਾਣ ਵਾਲ਼ੀ ਜਿੱਤ ਬੋਸਟਨ ਮੈਰਾਥਨ ਦੀ ਜਿੱਤ ਮੰਨੀ ਜਾਂਦੀ ਹੈ। ਇਹ ਦੁਨੀਆ ਦੇ ਲਗਪਗ ਸਾਰੇ ਮੁਲਕਾਂ ਤੋਂ ਦੌੜਾਕਾਂ ਅਤੇ ਖੇਡ ਪ੍ਰੇਮੀਆਂ ਨੂੰ ਬੌਸਟਨ ਪਹੁੰਚਣ ਲਈ ਪ੍ਰੇਰਦੀ ਹੈ। ਇਹ ਦੁਨੀਆਂ ਦੀ ਪਹਿਲੀ ਵੱਡੀ ਮੈਰਾਥਨ ਹੈ, ਜਿਸ ਦੇ ਪ੍ਰਬੰਧਕਾਂ ਨੇ 1972 ਤੋਂ ਔਰਤਾਂ ਨੂੰ ਅਧਿਕਾਰਤ ਤੌਰ ‘ਤੇ ਮੁਕਾਬਲੇ ਵਿਚ ਸ਼ਾਮਿਲ ਹੋਣ ਦੀ ਇਜਾਜ਼ਤ ਦਿੱਤੀ। ਹੋਰ ਪ੍ਰਮੁੱਖ ਤੇ ਵੱਕਾਰੀ ਮੈਰਾਥਨ ਦੌੜਾਂ ਵਿਚ ਲੰਡਨ, ਸ਼ਿਕਾਗੋ, ਬਰਲਿਨ, ਨਿਊ ਯਾਰਕ ਸਿਟੀ, ਟੋਕੀਓ ਅਤੇ ਐਮਸਟਰਡਮ ਵਿੱਚ ਕਰਵਾਈਆਂ ਜਾਂਦੀਆਂ ਮੈਰਾਥਨ ਦੌੜਾਂ ਸ਼ਾਮਿਲ ਹਨ। 1897 ਵਿੱਚ ਬੌਸਟਨ ਮੈਰਾਥਨ ਦੀ ਸ਼ੁਰੂਆਤ ਮੌਕੇ ਸਿਰਫ ਅਠਾਰਾਂ ਦੌੜਾਕਾਂ ਨੇ ਹਿੱਸਾ ਲਿਆ ਸੀ। ਇਹ ਦੌੜ ਏਨੀ ਹਰਮਨਪਿਆਰੀ ਹੋਈ ਕਿ ਹੁਣ 30,000 ਦੇ ਕਰੀਬ ਦੌੜਾਕ ਹਰ ਸਾਲ ਰਜਿਸਟਰ ਹੁੰਦੇ ਹਨ। 1996 ਵਿੱਚ ਕਰਵਾਈ ਸ਼ਤਾਬਦੀ ਬੋਸਟਨ ਮੈਰਾਥਨ ਲਈ 38,708 ਲੋਕਾਂ ਨੇ ਹਿੱਸਾ ਲੈਣ ਲਈ ਆਪਣੇ ਨਾਂਅ ਦਰਜ ਕਰਵਾਏ ਸਨ। ਇਨ੍ਹਾਂ ਵਿਚੋਂ 36,748 ਜਣਿਆਂ ਨੇ ਦੌੜ ਸ਼ੁਰੂ ਕੀਤੀ ਅਤੇ 35,868 ਦੌੜਾਕਾਂ ਨੇ ਦੌੜ ਪੂਰੀ ਕੀਤੀ। ਇਹ ਗਿਣਤੀ ਦੁਨੀਆਂ ਵਿਚ ਕਿਸੇ ਵੀ ਮੈਰਾਥਨ ਦੌੜ ਵਿਚ ਹੁਣ ਤੱਕ ਦੀ ਸਭ ਤੋਂ ਵੱਧ ਗਿਣਤੀ ਵਿਚ ਹਿੱਸਾ ਲੈਣ ਦਾ ਰਿਕਾਰਡ ਹੈ।
ਮੈਰਾਥਨ Marathon ਦੌੜ ਪੂਰੀ ਕਰਨ ਦਾ ਸਮਾਂ ਇਕ ਸਦੀ ਵਿਚ ਇਕ ਘੰਟਾ ਘਟਿਆ
ਮੈਰਾਥਨ ਦੌੜ ਛੋਟੀਆਂ ਦੌੜਾਂ ਵਾਂਗ ਕਿਸੇ ਸਟੇਡੀਅਮ ਦੇ ਐਥਲੈਟਿਕ ਟਰੈਕ ‘ਤੇ ਨਹੀਂ, ਸਗੋਂ ਆਮ ਸੜਕਾਂ ‘ਤੇ ਹੁੰਦੀ ਹੈ। ਇੰਟਰਨੈਸ਼ਨਲ ਐਸੋਸੀਏਸ਼ਨ ਆਫ ਐਥਲੈਟਿਕਸ ਫੈਡਰੇਸ਼ਨਜ਼ (ਆਈਏਏਐਫ) ਮੈਰਾਥਨ ਅਤੇ ਹਾਫ ਮੈਰਾਥਨ ਲਈ ਵੀ ਵਿਸ਼ਵ ਰਿਕਾਰਡਾਂ ਦੀ ਸੂਚੀ ਬਣਾਉਂਦੀ ਹੈ। 125 ਸਾਲ ਪਹਿਲਾਂ ਮੈਰਾਥਨ ਦੌੜ ਦੀ ਸ਼ੁਰੂਆਤ ਮੌਕੇ ਲਗਪਗ ਸਾਰੇ ਦੌੜਾਕ ਇਸ ਦੌੜ ਨੂੰ 3 ਘੰਟੇ ਵਿਚ ਪੂਰੀ ਕਰਦੇ ਸਨ। 1897 ਵਿਚ ਬੌਸਟਨ ਵਿਚ ਹੋਈ ਪਹਿਲੀ ਮੈਰਾਥਨ ਨੂੰ ਨਿਊਯਾਰਕ ਦੇ ਜੌਹਨ ਜੇ ਮੈਕਡੋਰਮੈਟ ਨੇ 2 ਘੰਟੇ 55 ਮਿੰਟ 10 ਸਕਿੰਟ ਵਿਚ ਪੂਰਾ ਕੀਤਾ ਸੀ। ਪਰ ਹੌਲ਼ੀ-ਹੌਲ਼ੀ ਮੁਕਾਬਲਾ ਸਖਤ ਹੁੰਦਾ ਗਿਆ ਤੇ ਦੌੜ ਪੂਰੀ ਕਰਨ ਦਾ ਸਮਾਂ ਵੀ ਲਗਾਤਾਰ ਘਟਦਾ ਗਿਆ। ਪਿਛਲੀ ਸਵਾ ਸਦੀ ਦੇ ਦੌਰਾਨ ਇਹ ਸਮਾਂ ਲਗਾਤਾਰ ਘਟਦਾ ਹੋਇਆ 3 ਘੰਟਿਆਂ ਤੋਂ ਘਟ ਕੇ ਹੁਣ ਦੋ ਘੰਟੇ ਤੋਂ ਵੀ ਹੇਠਾਂ ਆ ਗਿਆ ਹੈ।
ਚੀਨ ਦੀ ਮਹਾਨ ਕੰਧ ਅਤੇ ਲੱਦਾਖ ਦੇ ਜੰਮੀ ਹੋਈ ਪੇਂਗੋਂਗ ਝੀਲ ‘ਤੇ ਹੀ ਹੁੰਦੀਆਂ ਨੇ ਮੈਰਾਥਨ ਦੌੜਾਂ
ਮੈਰਾਥਨ ਦੌੜਾਂ ਦੀ ਹਰਮਨਪਿਆਰਤਾ ਅਤੇ ਇਨ੍ਹਾਂ ਲੰਮੀਆਂ ਦੌੜਾਂ ਵਿਚ ਹਿੱਸਾ ਲੈਣ ਵਾਲ਼ਿਆਂ ਦੀ ਗਿਣਤੀ ਵੀ ਦਿਨ ਬ ਦਿਨ ਵਧਦੀ ਜਾ ਰਹੀ ਹੈ। ਪੱਧਰੇ ਮੈਦਾਨਾਂ ਤੋਂ ਸ਼ੁਰੂ ਹੋਈ ਇਹ ਦੌੜ ਹੁਣ ਤਾਂ ਚੀਨ ਦੀ ਮਹਾਨ ਕੰਧ ਅਤੇ ਲੇਹ-ਲੱਦਾਖ ਵਰਗੇ ਪਹਾੜੀ ਖੇਤਰਾਂ ਵਿਚ ਵੀ ਕਰਵਾਈ ਜਾਣ ਲੱਗ ਪਈ ਹੈ। ਚੀਨ ਦੀ ਮਹਾਨ ਕੰਧ ਉੱਤੇ ਪਿਛਲੇ 24 ਸਾਲਾਂ ਤੋਂ ਲਗਾਤਾਰ ਇਹ ਦੌੜ ਕਰਵਾਈ ਜਾਂਦੀ ਹੈ। ਲੇਹ-ਲੱਦਾਖ ਵਿਚ ਸਮੁੰਦਰ ਤਲ ਤੋਂ 4350 ਦੀ ਉਚਾਈ ਉਤੇ ਸਥਿਤ ਪੈਂਗੌਂਗ ਝੀਲ ਦੀ ਜੰਮੀ ਹੋਈ ਸਤਹਿ ‘ਤੇ ਕਰਵਾਈ ਜਾਂਦੀ ਮੈਰਾਥਨ ਨੂੰ ਗਿੰਨੀਜ ਬੁੱਕ ਦੇ ਪ੍ਰਬੰਧਕਾਂ ਨੇ ਦੁਨੀਆਂ ਦੀ ਸਭ ਤੋਂ ਠੰਢੀ ਦੌੜ ਵਜੋਂ ਮਾਨਤਾ ਦਿੱਤੀ ਹੈ। ਹਾਲਾਂਕਿ ਨਾਰਵੇ ਵਿਚ ਵੀ ਇਕ ਜੰਮੀ ਹੋਈ ਝੀਲ ਉਪਰ ਪਿਛਂਲੇ ਕਈ ਸਾਲਾਂ ਤੋਂ ਮੈਰਾਥਨ ਦੌੜ ਕਰਵਾਈ ਜਾਂਦੀ ਹੈ, ਪਰ ਇਹ ਝੀਲ ਸਮੁੰਦਰ ਤਲ ਤੋਂ ਓਨੀ ਉਚਾਈ ਉਤੇ ਨਹੀਂ ਜਿੰਨੀ ਉਚਾਈ ਉਤੇ ਲੱਦਾਖ ਦੀ ਪੇਂਗੌਂਗ ਝੀਲ ਸਥਿਤ ਹੈ। ਲੱਦਾਖ ਵਿਚ ਇਸ ਦੌੜ ਨੂੰ Adventure Sports Foundation of Ladakh ਦੇ ਪ੍ਰਬੰਧਕਾਂ ਵੱਲੋਂ ਕਰਵਾਇਆ ਜਾਂਦਾ ਹੈ।
ਹਰ ਮੈਰਾਥਨ ਵਿਚ ਹਿੱਸਾ ਲੈਣ ਵਾਲ਼ੇ ਦੌੜਾਕਾਂ ਪਾਸੋਂ ਵਸੂਲੀ ਜਾਂਦੀ ਹੈ ਇਕ ਫੀਸ।
ਦੁਨੀਆਂ ਦੇ ਹਰ ਕੋਨੇ ਅਤੇ ਮੁਲਕ ਵਿਚ ਕਰਵਾਈਆਂ ਜਾਂਦੀਆਂ ਵੱਖੋ-ਵੱਖ ਮੈਰਾਥਨ ਦੌੜਾਂ ਕਿਸੇ ਨਾ ਕਿਸੇ ਖਾਸ ਉਦੇਸ਼ ਨਾਲ਼ ਹੀ ਕਰਵਾਈਆਂ ਜਾਂਦੀਆਂ ਹਨ। ਇਨ੍ਹਾਂ ਵਿਚੋਂ ਬਹੁਗਿਣਤੀ ਦੌੜਾਂ ਸਿਹਤ ਸਹੂਲਤਾਂ ਵਾਸਤੇ ਫੰਡ ਇਕੱਤਰ ਕਰਨ ਲਈ ਕਰਵਾਈਆਂ ਜਾਂਦੀਆਂ ਹਨ। ਲੱਦਾਖ ਵਿਖੇ ਕਰਵਾਈ ਜਾਂਦੀ ਮੈਰਾਥਨ ਤੇਜੀ ਨਾਲ਼ ਪਿਘਲ ਰਹੇ ਗਲੇਸ਼ੀਅਰਾਂ ਤੇ ਆਲਮੀ ਤਪਸ ਵੱਲ ਲੋਕਾਂ ਦਾ ਧਿਆਨ ਖਿੱਚਣ ਦੇ ਮਕਸਦ ਨਾਲ਼ ਕਰਵਾਈ ਜਾਂਦੀ ਹੈ। ਇਸੇ ਤਰਾਂ ਕੁੱਝ ਹੋਰ ਦੌੜਾਂ ਵੱਖੋ-ਵੱਖਰੇ ਮਕਸਦਾਂ ਨਾਲ਼ ਕਰਵਾਈਆਂ ਜਾਂਦੀਆਂ ਹਨ। ਇਸੇ ਕਾਰਨ ਹਰ ਮੈਰਾਥਨ ਵਿਚ ਹਿੱਸਾ ਲੈਣ ਵਾਲ਼ੇ ਦੌੜਾਕਾਂ ਪਾਸੋਂ ਇਕ ਫੀਸ ਵਸੂਲੀ ਜਾਂਦੀ ਹੈ। ਇਥੋਂ ਤੱਕ ਕਿ ਕੁੱਝ ਪ੍ਰਮੁੱਖ ਮੈਰਾਥਨ ਦੌੜਾਂ ਦੀ ਸ਼ੁਰੂਆਤ ਅਤੇ ਸਮਾਪਤੀ ਵਾਲ਼ੇ ਸਮਾਗਮਾਂ ਵਿਚ ਸ਼ਾਮਿਲ ਹੋਣ ਵਾਲ਼ੇ ਦਰਸ਼ਕਾਂ ਪਾਸੋਂ ਵੀ ਟਿਕਟਾਂ ਦੇ ਰੂਪ ਵਿਚ ਫੀਸ ਵਸੂਲੀ ਜਾਂਦੀ ਹੈ। ਬਹੁਗਿਣਤੀ ਮੈਰਾਥਨ ਦੌੜਾਂ ਲਈ ਇਹ ਫੀਸ 20 ਤੋਂ 50 ਡਾਲਰ, ਪੌਂਡ ਜਾਂ ਯੂਰੋ ਆਦਿ ਹੁੰਦੀ ਹੈ ਪਰ ਕੁੱਝ ਵਿਸ਼ੇਸ਼ ਦੌੜਾਂ ਲਈ ਇਹ ਫੀਸ 200 ਡਾਲਰ ਜਾਂ ਯੂਰੋ ਤੱਕ ਵੀ ਵਸੂਲੀ ਜਾਂਦੀ ਹੈ।
ਬੌਸਟਨ ਮੈਰਾਥਨ ਸਮੇਤ ਅਪ੍ਰੈਲ ਮਹੀਨੇ ਹੋਣਗੀਆਂ 170 ਮੈਰਾਥਨ ਦੌੜਾਂ
ਦੁਨੀਆਂ ਦੀ ਸਭ ਤੋਂ ਮਸ਼ਹੂਰ ਤੇ ਵੱਕਾਰੀ ਮੈਰਾਥਨ ਬੌਸਟਨ ਮੈਰਾਥਨ ਸਮੇਤ ਅਪ੍ਰੈਲ ਮਹੀਨੇ ਵੱਖ ਵੱਖ ਮੁਲਕਾਂ ਵਿਚ ਕੁੱਲ 170 ਮੈਰਾਥਨ ਦੌੜਾਂ ਹੋਣਗੀਆਂ। ਇਨ੍ਹਾਂ ਵਿਚੋਂ ਇਕੱਲੇ ਅਮਰੀਕਾ ਵਿਚ ਹੀ ਵੱਖ-ਵੱਖ ਸ਼ਹਿਰਾਂ ਵਿਖੇ 40 ਮੈਰਾਥਨ ਦੌੜਾਂ ਕਰਵਾਈਆਂ ਜਾਣੀਆਂ ਹਨ। ਯੂਰਪ ਦੇ ਹਾਲੈਂਡ, ਜਰਮਨੀ, ਇੰਗਲੈਂਡ, ਸਵੀਡਨ, ਫਿਨਲੈਂਡ ਆਦਿ ਮੁਲਕਾਂ ਵਿਚ ਵੀ ਕੁੱਲ ਮਿਲਾ ਕੇ 60 ਦੇ ਕਰੀਬ ਮੈਰਾਥਨ ਦੌੜਾਂ ਅਪ੍ਰੈਲ-2025 ਦੌਰਾਨ ਹੀ ਹੋਣਗੀਆਂ। ਇਸ ਤੋਂ ਇਲਾਵਾ ਆਸਟ੍ਰੇਲੀਆ ਵਿਚ 5 ਭਾਰਤ ਵਿਚ 2 ਮੈਰਾਥਨ ਦੌੜਾਂ ਸਮੇਤ ਦੁਨੀਆਂ ਦੇ ਹੋਰ ਮੁਲਕਾਂ ਵਿਚ ਵੀ ਇੱਕਾ-ਦੁੱਕਾ ਮੈਰਾਥਨ ਇਸ ਮਹੀਨੇ ਦੌਰਾਨ ਕਰਵਾਈਆਂ ਜਾਣਗੀਆਂ। ਬੌਸਟਨ ਵਿਖੇ ਮੈਰਾਥਨ ਦੌੜ 21 ਅਪ੍ਰੈਲ ਨੂੰ ਕਰਵਾਈ ਜਾਵੇਗੀ।
ਬਿਨਾ ਕਿਸੇ ਅਗੇਤੀ ਸਿਖਲਾਈ ਦੇ ਮੈਰਾਥਨ Marathon ਦੌੜ ਪੂਰੀ ਚੁੱਕੇ ਹਨ ਕਈ ਜਾਂਬਾਜ਼ ਦੌੜਾਕ
ਦੌੜਾਕਾਂ ਲਈ ਇਸ ਲੰਮੀ ਦੂਰੀ ਦੀ ਦੌੜ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਬਾਕਾਇਦਾ ਸਿਖਲਾਈ ਲੈ ਕੇ ਮੈਰਾਥਨ ਦੀ ਤਿਆਰੀ ਕਰਨਾ ਬਹੁਤ ਜ਼ਰੂਰੀ ਸਮਝਿਆ ਜਾਂਦਾ ਹੈ। ਪਰ 1952 ਦੀਆਂ ਓਲੰਪਿਕ ਖੇਡਾਂ ਵਿੱਚ ਚੈੱਕ ਗਣਰਾਜ ਦੇ ਏਮਿਲ ਜ਼ਤੋਪੇਕ ਨੇ ਬਿਨਾ ਕਿਸੇ ਅਗੇਤੀ ਸਿਖਲਾਈ ਦੇ 2 ਘੰਟੇ 23 ਮਿੰਟ 3.2 ਸਕਿੰਟ ਵਿਚ ਦੌੜ ਪੂਰੀ ਕਰਕੇ ਨਵਾਂ ਓਲੰਪਿਕ ਰਿਕਾਰਡ ਬਣਾਇਆ, ਹਾਲਾਂਕਿ ਉਸ ਨੇ ਪਹਿਲਾਂ ਕਦੇ ਏਨੀ ਲੰਮੀ ਦੂਰੀ ਦੀ ਦੌੜ ਨਹੀਂ ਲਾਈ ਸੀ। ਅਗਲੇ ਦਹਾਕਿਆਂ ਵਿੱਚ, ਹੋਰ ਦੌੜਾਕਾਂ ਨੇ ਵੀ ਪਹਿਲੀ ਵਾਰ ਮੈਰਾਥਨ ਵਿਚ ਸ਼ਮੂਲੀਅਤ ਕਰਕੇ ਕਈ ਵੱਖ ਵੱਖ ਸ਼ਹਿਰਾਂ ਦੀਆਂ ਦੌੜਾਂ ਜਿੱਤੀਆਂ ਅਤੇ ਸਮੇਂ ਦੇ ਨਵੇਂ ਰਿਕਾਰਡ ਵੀ ਬਣਾਏ।