
ਸਪੋਰਟਸ ਪਰਲਜ਼, 28 ਅਪ੍ਰੈਲ 2025: Centuries ਭਾਵ ਇੱਕ ਪਾਰੀ ਵਿਚ 100 ਜਾਂ ਵੱਧ ਦੌੜਾਂ ਬਣਾਉਣ ਦੀ ਜਦੋਂ ਗੱਲ ਚਲਦੀ ਹੈ ਤਾਂ ਕ੍ਰਿਕਟ ਇਤਿਹਾਸ ਵਿਚ ਹੁਣ ਤੱਕ ਸਿਰਫ 129 ਖਿਡਾਰੀ ਅਜਿਹੇ ਹਨ ਜਿਨ੍ਹਾਂ ਨੇ ਕੌਮਾਂਤਰੀ ਕ੍ਰਿਕਟ ਮੈਚਾਂ ਵਿਚ 15 ਜਾਂ ਇਸ ਤੋਂ ਵੱਧ ਸੈਂਕੜੇ ਬਣਾਏ ਹਨ। ਸਭ ਤੋਂ ਵੱਧ 100 ਸੈਂਕੜੇ ਬਣਾਉਣ ਵਾਲ਼ਾ ਸਚਿਨ ਤੇਂਦੂਲਕਰ ਇਸ ਸੂਚੀ ਵਿਚ ਪਹਿਲੇ ਸਥਾਨ ‘ਤੇ ਹੈ ਅਤੇ ਦੂਜੇ ਸਥਾਨ ‘ਤੇ ਵੀ ਭਾਰਤ ਦਾ ਹੀ ਵਿਰਾਟ ਕੋਹਲੀ ਹੈ ਜਿਸ ਨੇ ਹੁਣ ਤੱਕ 82 ਸੈਂਕੜੇ ਬਣਾਏ ਹਨ। ਤੀਜੇ ਸਥਾਨ ‘ਤੇ ਆਸਟ੍ਰੇਲੀਆ ਦਾ ਰਿੱਕੀ ਪੌਂਟਿੰਗ ਹੈ ਜਿਸ ਦੇ ਨਾਂਅ 71 ਸੈਂਕੜੇ ਦਰਜ ਹਨ। ਇਹ ਗਿਣਤੀ ਇਨ੍ਹਾਂ ਖਿਡਾਰੀਆਂ ਵੱਲੋਂ ਟੈਸਟ ਮੈਚ, ਇੱਕ ਦਿਨਾ ਮੈਚ ਅਤੇ ਟੀ-20 ਮੈਚਾਂ ਵਿਚ ਕੁੱਨ ਮਿਲਾ ਕੇ ਬਣਾਏ ਗਏ ਸੈਂਕੜਿਆਂ ਦੀ ਜੋੜ ਹੈ। ਵੱਖ-ਵੱਖ ਸ਼੍ਰੇਣੀਆਂ ਦਾ ਵੇਰਵਾ ਲੇਖ ਵਿਚ ਅੱਗੇ ਜਾ ਕੇ ਦਿੱਤਾ ਗਿਆ ਹੈ। ਸਚਿਨ ਨੇ ਉਮੀਦ ਪ੍ਰਗਟਾਈ ਹੈ ਕਿ ਕੁੱਝ ਸਾਲਾਂ ਵਿਚ ਵਿਰਾਟ ਕੋਹਲੀ ਉਸ ਦਾ ਰਿਕਾਰਡ ਤੋੜ ਸਕਦਾ ਹੈ।
ਖਿਡਾਰੀਆਂ ਦੀ ਗਿਣਤੀ ਪੱਖੋਂ ਇੰਗਲੈਂਡ ਮੋਹਰੀ ਤੇ ਆਸਟ੍ਰੇਲੀਆ ਦੂਜੇ ਸਥਾਨ ‘ਤੇ
15 ਤੋਂ ਵੱਧ ਸੈਂਕੜੇ ਬਣਾਉਣ ਵਾਲ਼ੇ ਖਿਡਾਰੀਆਂ ਦੀ ਇਸ ਸੂਚੀ ਵਿਚ ਬਿਨਾ ਸ਼ੱਕ ਸਭ ਤੋਂ ਵੱਧ ਖਿਡਾਰੀ ਇੰਗਲੈਂਡ ਦੇ ਹੀ ਹਨ ਜਿਸ ਨੂੰ ਕ੍ਰਿਕਟ ਦਾ ਜਨਮਦਾਤਾ ਮੰਨਿਆ ਜਾਂਦਾ ਹੈ। ਇੰਗਲੈਂਡ ਦੇ 27 ਖਿਡਾਰੀ ਹੁਣ ਤੱਕ ਇਸ ਸੂਚੀ ਵਿਚ ਸ਼ਾਮਿਲ ਹੋ ਚੁੱਕੇ ਹਨ। ਖਿਡਾਰੀਆਂ ਦੀ ਗਿਣਤੀ ਪੱਖੋਂ ਆਸਟ੍ਰੇਲੀਆ ਦਾ ਦੂਜਾ ਸਥਾਨ ਹੈ ਜਿਸ ਦੇ 21 ਖਿਡਾਰੀ ਇਸ ਸੂਚੀ ਵਿਚ ਸ਼ਾਮਿਲ ਹਨ। ਭਾਰਤ ਦੇ ਖਿਡਾਰੀਆਂ ਦੀ ਗਿਣਤੀ 18 ਹੈ। ਵੈਸਟ ਇੰਡੀਜ 15, ਸ੍ਰੀਲੰਕਾ ਦੇ 12, ਪਾਕਿਸਤਾਨ ਦੇ 10, ਦੱਖਣੀ ਅਫਰੀਕਾ ਦੇ 9, ਨਿਊਜ਼ੀਲੈਂਡ ਦੇ 7, ਬੰਗਲਾਦੇਸ਼, ਆਇਰਲੈਂਡ ਅਤੇ ਜਿੰਬਾਬਵੇ ਦੇ 2-2 ਖਿਡਾਰੀ ਇਸ ਸੂਚੀ ਵਿਚ ਸ਼ਾਮਿਲ ਹਨ।
ਕੌਮਾਂਤਰੀ ਟੈਸਟ ਮੈਚਾਂ ਵਿਚ ਸਭ ਤੋਂ ਵੱਧ 51 ਸੈਂਕੜੇ ਬਣਾ ਕੇ ਸਚਿਨ ਤੇਂਦੂਲਕਰ ਪਹਿਲੇ ਸਥਾਨ ‘ਤੇ ਹੈ। ਦੱਖਣੀ ਅਫਰੀਕਾ ਦਾ ਜੈਕਸ ਕੈਲਿਸ 45 ਸੈਂਕੜਿਆਂ ਨਾਲ਼ ਦੂਜੇ ਅਤੇ ਆਸਟ੍ਰੇਲੀਆ ਦਾ ਰਿੱਕੀ ਪੌਂਟਿੰਗ 41 ਟੈਸਟ ਸੈਂਕੜਿਆਂ ਨਾਲ਼ ਤੀਜੇ ਸਥਾਨ ‘ਤੇ ਹੈ। ਸ੍ਰੀ ਲੰਕਾ ਦੇ ਕੁਮਾਰ ਸੰਗਾਕਾਰਾ ਨੇ 38 ਟੈਸਟ ਸੈਂਕੜੇ ਜਦਕਿ ਇੰਗਲੈਂਡ ਦੇ ਜੌਏ ਰੂਟਸ, ਆਸਟ੍ਰੇਲੀਆ ਦੇ ਸਟੀਵ ਸਮਿਥ ਅਤੇ ਭਾਰਤ ਦੇ ਰਾਹੁਲ ਦ੍ਰਵਿੜ ਨੇ 36-36 ਟੈਸਟ ਸੈਂਕੜੇ ਬਣਾਏ ਹਨ। ਭਾਰਤ ਦੇ ਸੁਨੀਲ ਗਾਵਸਕਰ, ਸ੍ਰੀਲੰਕਾ ਦੇ ਮਹਿਲਾ ਜੈਵਰਧਨੇ, ਵੈਸਟ ਇੰਡੀਜ ਦੇ ਬਰਿਯਾਨ ਲਾਰਾ ਅਤੇ ਪਾਕਿਸਤਾਨ ਦੇ ਯੂਨਸ ਖਾਨ ਦੇ ਨਾਂਅ 34-34 ਟੈਸਟ ਸੈਂਕੜੇ ਬਣਾਉਣ ਦਾ ਰਿਕਾਰਡ ਹੈ। ਸਾਂਝੀ ਸੂਚੀ ਵਿਚ 82 ਸੈਂਕੜਿਆਂ ਨਾਲ਼ ਦੂਜੇ ਥਾਂ ਰਹਿਣ ਵਾਲ਼ਾ ਵਿਰਾਟ ਕੋਹਲੀ ਟੈਸਟ ਸੈਂਕੜਿਆਂ ਦੇ ਮਾਮਲੇ ਵਿਚ ਦੁਨੀਆਂ ਦੇ ਇਨ੍ਹਾਂ ਚੋਟੀ ਦੇ ਖਿਡਾਰੀਆਂ ਤੋਂ ਹਾਲੇ ਕਾਫੀ ਪਿੱਛੇ ਹੈ ਤੇ ਕੋਹਲੀ ਦੇ ਨਾਂਅ ਹਾਲੇ 31 ਸੈਂਕੜੇ ਹੀ ਦਰਜ ਹਨ।
BUY NOW
ਕੌਮਾਂਤਰੀ ਇੱਕ ਦਿਨਾ ਮੈਚਾਂ ਵਿਚ ਸੈਂਕੜੇ ਬਣਾਉਣ ਵਾਲ਼ੇ ਚੋਟੀ ਦੇ 10 ਖਿਡਾਰੀ
ਕੌਮਾਂਤਰੀ ਇੱਕ ਦਿਨਾ ਮੈਚਾਂ ਵਿਚ ਸਭ ਤੋਂ 51 ਸੈਂਕੜੇ ਭਾਰਤ ਦੇ ਵਿਰਾਟ ਕੋਹਲੀ ਨੇ ਬਣਾਏ ਹਨ। ਸਚਿਨ ਤੇਂਦੂਲਕਰ 49 ਸੈਂਕੜਿਆਂ ਨਾਲ਼ ਦੂਜੇ ਅਤੇ ਰੋਹਿਤ ਸ਼ਰਮਾ 32 ਸੈਂਕੜਿਆਂ ਨਾਲ਼ ਤੀਜੇ ਸਥਾਨ ‘ਤੇ ਹੈ। ਆਸਟ੍ਰੇਲੀਆ ਦੇ ਰਿੱਕੀ ਪੌਂਟਿੰਗ ਨੇ 30 ਸੈਂਕੜੇ, ਸ੍ਰੀ ਲੰਕਾ ਦੇ ਸਨਥ ਜੈਸੂਰਿਆ ਦੇ ਨਾਂਅ 28 ਸੈਂਕੜੇ ਜਦਕਿ ਦੱਖਣੀ ਅਫਰੀਕਾ ਦੇ ਹਾਸਿਮ ਆਮਲਾ ਦੇ 27 ਸੈਂਕੜੇ ਕੌਮਾਂਤਰੀ ਇੱਕ ਦਿਨਾ ਮੈਚਾਂ ਵਿਚ ਦਰਜ ਹਨ। ਸ੍ਰੀਲੰਕਾ ਦੇ ਕੁਮਾਰ ਸੰਗਾਕਾਰਾ, ਦੱਖਣੀ ਅਫਰੀਕਾ ਦਾ ਏਬੀ ਡੀਬਿਲੀਅਰ ਅਤੇ ਵੈਸਟ ਇੰਡੀਜ ਦੇ ਕ੍ਰਿਸ ਗੇਲ ਦੇ ਨਾਂਅ 25-25 ਸੈਂਕੜੇ ਬਣਾਉਣ ਦਾ ਰਿਕਾਰਡ ਹੈ। ਇਸ ਤੋਂ ਇਲਾਵਾ ਭਾਰਤ ਦੇ ਸੌਰਵ ਗਾਂਗੁਲੀ, ਸ੍ਰੀਲੰਕਾ ਦੇ ਤਿਲਕ ਰਤਨੇ ਦਿਲਸ਼ਾਨ, ਆਸਟ੍ਰੇਲੀਆ ਦੇ ਡੇਵਿਡ ਵਾਰਨਰ ਨੇ 22-22 ਸੈਂਕੜੇ ਬਣਾਏ ਹਨ।
ਇੱਕ ਦਿਨਾ ਵਿਚ ਇੱਕ ਵੀ ਸੈਂਕੜਾ ਨਾ ਬਣਾਉਣ ਵਾਲ਼ੇ ਖਿਡਾਰੀ
ਸਚਿਨ ਤੇਂਦੂਲਕਰ ਸਮੇਤ ਬਹੁਤ ਸਾਰੇ ਖਿਡਾਰੀਆਂ ਨੇ ਟੈਸਟ ਦੇ ਨਾਲ਼ ਨਾਲ਼ ਇੱਕ ਦਿਨਾਂ ਮੈਚਾਂ ਵਿਚ ਵੀ ਵੱਡੀ ਗਿਣਤੀ ਸੈਂਕੜੇ ਬਣਾਏ ਹਨ। ਪਰ ਕੁੱਝ ਅਜਿਹੇ ਖਿਡਾਰੀ ਵੀ ਹਨ ਜਿਨ੍ਹਾਂ ਨੇ ਸਿਰਫ ਟੈਸਟ ਮੈਚਾਂ ਵਿਚ ਹੀ ਸੈਂਕੜੇ ਬਣਾਏ ਤੇ ਇੱਕ ਦਿਨਾ ਮੈਚਾਂ ਵਿਚ ਉਹ ਕੋਈ ਵੀ ਸੈਂਕੜਾ ਨਹੀਂ ਬਣਾ ਸਕੇ। ਅਜਿਹੇ ਖਿਡਾਰੀਆਂ ਵਿਚ ਆਸਟ੍ਰੇਲੀਆ ਦਾ ਜਸਟਿਨ ਲੈਂਗਰ ਸਭ ਤੋਂ ਉਪਰ ਹੈ ਜਿਸ ਨੇ ਟੈਸਟ ਮੈਚਾਂ ਵਿਚ ਤਾਂ 23 ਸੈਂਕੜੇ ਬਣਾ ਦਿੱਤੇ ਪਰ ਇੱਕ ਦਿਨਾ ਮੈਚਾਂ ਵਿਚ ਉਸ ਦਾ ਇੱਕ ਵੀ ਸੈਂਕੜਾ ਦਰਜ ਨਹੀਂ। ਭਾਰਤ ਦਾ ਚਤੇਸ਼ਵਰ ਪੁਜਾਰਾ ਵੀ ਟੈਸਟ ਮੈਚਾਂ ਵਿਚ 19 ਸੈਂਕੜੇ ਬਣਾਉਣ ਦੇ ਬਾਵਜੂਦ ਇੱਕ ਦਿਨਾ ਮੈਚਾਂ ਵਿਚ ਕੋਈ ਸੈਂਕੜਾ ਨਹੀਂ ਬਣਾ ਸਕਿਆ। ਇਸੇ ਤਰਾਂ ਇੰਗਲੈਂਡ ਦੇ ਮਾਈਕਲ ਵੌਗਨ 18 ਅਤੇ ਗ੍ਰਾਹਮ ਥੌਰਪੇ 16 ਟੈਸਟ ਸੈਂਕੜੇ ਬਣਾ ਕੇ ਵੀ ਇੱਕ ਦਿਨਾ ਮੈਚਾਂ ਵਿਚ ਸੈਂਕੜਾ ਬਣਾਉਣ ਤੋਂ ਵਾਂਝੇ ਰਹੇ।
ਇੱਕ ਦਿਨਾ ਮੈਚਾਂ ਵਿਚ ਸਿਰਫ 1-1 ਸੈਂਕੜਾ ਬਣਾਉਣ ਵਾਲ਼ੇ ਖਿਡਾਰੀ
ਦਿਲਚਸਪ ਤੱਥ ਇਹ ਵੀ ਹੈ ਕਿ ਭਾਰਤ ਦਾ ਵਿਸ਼ਵ ਪ੍ਰਸਿੱਧ ਖਿਡਾਰੀ ਸੁਨੀਲ ਗਾਵਸਕਰ ਟੈਸਟ ਮੈਚਾਂ ਵਿਚ ਤਾਂ 34 ਸੈਂਕੜੇ ਬਣਾਉਣ ਵਿਚ ਸਫਲ ਰਿਹਾ ਪਰ ਇੱਕ ਦਿਨਾ ਮੈਚਾਂ ਵਿਚ ਉਸ ਦੇ ਨਾਂਅ ਸਿਰਫ ਇੱਕ ਹੀ ਸੈਂਕੜਾ ਦਰਜ ਹੋ ਸਕਿਆ। ਇੰਗਲੈਂਡ ਦੇ ਜੈਫ਼ਰੀ ਬਾਇਕਾਟ ਨੇ ਟੈਸਟ ਮੈਚਾਂ ਵਿਚ 22 ਜਦਕਿ ਇੱਕ ਦਿਨਾ ਮੈਚਾਂ ਵਿਚ ਸਿਰਫ ਇੱਕ ਸੈਂਕੜਾ ਬਣਾਇਆ। ਇਸੇ ਤਰਾਂ ਦੇ ਹੋਰ ਖਿਡਾਰੀਆਂ ਵਿਚ ਵੈਸਟ ਇੰਡੀਜ ਦਾ ਕਲਾਈਵ ਲੌਇਡ 19 ਸੈਂਕੜੇ, ਆਸਟ੍ਰੇਲੀਆ ਦਾ ਮਾਰਕ ਟੇਲਰ 19 ਸੈਂਕੜੇ, ਭਾਰਤ ਦੇ ਦਲੀਪ ਵੈਂਗਸਰਕਰ ਨੇ 17 ਸੈਂਕੜੇ, ਸ੍ਰੀਲੰਕਾ ਦੇ ਡੀਮੁਥ ਕਰੁਨਾਰਤਨੇ ਨੇ 16 ਸੈਂਕੜੇ, ਇੰਗਲੈਂਡ ਦੇ ਨਾਸਰ ਹੁਸੈਨ ਨੇ 14 ਸੈਂਕੜੇ ਟੈਸਟ ਮੈਚਾਂ ਵਿਚ ਬਣਾਏ ਪਰ ਇੱਕ ਦਿਨਾ ਮੈਚਾਂ ਵਿਚ ਇਨ੍ਹਾਂ 5 ਖਿਡਾਰੀਆਂ ਨੇ ਸਿਰਫ 1-1 ਸੈਂਕੜਾ ਹੀ ਬਣਾਇਆ।
ਟੈਸਟ ਮੈਚਾਂ ਵਿਚ ਨਾਮਾਤਰ ਜਦਕਿ ਇੱਕ ਦਿਨਾ ਮੈਚਾਂ ਵਿਚ ਦਰਜ਼ਨਾਂ ਸੈਂਕੜੇ ਲਾਉਣ ਵਾਲ਼ੇ ਖਿਡਾਰੀ
ਇਸ ਦੇ ਉਲਟ ਕੁੱਝ ਅਜਿਹੇ ਖਿਡਾਰੀ ਵੀ ਹਨ ਜਿਨ੍ਹਾਂ ਨੇ ਟੈਸਟ ਮੈਚਾਂ ਸਿਰਫ ਨਾਮਾਤਰ ਜਦਕਿ ਇੱਕ ਦਿਨਾ ਮੈਚਾਂ ਵਿਚ ਦਰਜਨਾਂ ਸੈਂਕੜੇ ਬਣਾਏ ਹਨ। ਇਨ੍ਹਾਂ ਵਿਚ ਆਇਰਲੈਂਡ ਦਾ ਪਾਲ ਸਟਰਲਿੰਗ ਪ੍ਰਮੁੱਖ ਹੈ ਜਿਸ ਨੇ ਟੈਸਟ ਮੈਚਾਂ ਵਿਚ ਸਿਰਫ ਇੱਕ ਸੈਂਕੜਾ ਬਣਾਇਆ ਪਰ ਇੱਕ ਦਿਨਾ ਮੈਚਾਂ ਵਿਚ ਉਸ ਦੇ ਸੈਂਕੜਿਆਂ ਦੀ ਗਿਣਤੀ 14 ਹੈ। ਵੈਸਟ ਇੰਡੀਜ ਦੇ ਸਾਈ ਹੋਪ ਨੇ ਟੈਸਟ ਮੈਚਾਂ ਵਿਚ 2 ਸੈਂਕੜੇ ਬਣਾਏ ਜਦਕਿ ਇੱਕ ਦਿਨਾ ਵਿਚ 17 ਸੈਂਕੜੇ ਉਸ ਦੇ ਨਾਂਅ ਦਰਜ ਹਨ। ਇਸੇ ਤਰਾਂ ਸ੍ਰੀਲੰਕਾ ਦੇ ਉਪਲ ਥਰੰਗਾ ਨੇ ਟੈਸਟ ਮੈਚਾਂ ਵਿਚ 3 ਜਦਕਿ ਇੱਕ ਦਿਨਾ ਮੈਚਾਂ ਵਿਚ 15 ਸੈਂਕੜੇ ਬਣਾਏ ਹਨ।
ਕੌਮਾਂਤਰੀ ਟੀ-20 ਮੈਚਾਂ ਵਿਚ ਹੁਣ ਤੱਕ ਸਿਰਫ 15 ਖਿਡਾਰੀਆਂ ਨੇ ਲਾਏ ਸੈਂਕੜੇ
ਕੌਮਾਂਤਰੀ ਟੀ-20 ਮੈਚਾਂ ਵਿਚ ਸਭ ਤੋਂ ਵੱਧ 5 ਸੈਂਕੜੇ ਭਾਰਤ ਦੇ ਰੋਹਿਤ ਸ਼ਰਮਾ ਨੇ ਬਣਾਏ ਹਨ। ਪਾਕਿਸਤਾਨ ਦਾ ਬਾਬਰ ਆਜਮ 3 ਸੈਂਕੜਿਆਂ ਨਾਲ਼ ਇਸ ਸੂਚੀ ਵਿਚ ਦੂਜੇ ਸਥਾਨ ‘ਤੇ ਹੈ। ਭਾਰਤ ਦੇ ਕੇ. ਐਲ. ਰਾਹੁਲ, ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ ਅਤੇ ਬਰੈਂਡਨ ਮੈਕਲਮ, ਆਸਟ੍ਰੇਲੀਆ ਦੇ ਐਰੋਨ ਫਿੰਚ ਅਤੇ ਵੈਸਟ ਇੰਡੀਜ ਦੇ ਕ੍ਰਿਸ ਗੇਲ ਨੇ 2-2 ਸੈਂਕੜੇ ਬਣਾਏ ਹਨ। ਇੱਕ ਦਿਨਾ ਅਤੇ ਟੈਸਟ ਮੈਚਾਂ ਵਿਚ ਸੈਂਕੜਿਆਂ ਦਾ ਅੰਬਾਰ ਲਾਉਣ ਵਾਲ਼ਾ ਭਾਰਤ ਦਾ ਤੇਜ ਤਰਾਰ ਖਿਡਾਰੀ ਵਿਰਾਟ ਕੋਹਲੀ ਕੌਮਾਂਤਰੀ ਟੀ-20 ਮੈਚਾਂ ਵਿਚ ਸਿਰਫ 01 ਸੈਂਕੜਾ ਹੀ ਬਣਾ ਸਕਿਆ ਹੈ।
ਇਸ ਤੋਂ ਇਲਾਵਾ ਸ੍ਰੀਲੰਕਾ ਦੇ ਮਹਿਲਾ ਜੈਵਰਧਨੇ ਅਤੇ ਤਿਲਕਰਤਨੇ ਦਿਲਸ਼ਾਨ, ਆਸਟ੍ਰੇਲੀਆ ਦੇ ਡੇਵਿਡ ਵਾਰਨਰ, ਦੱਖਣੀ ਅਫਰੀਕਾ ਦੇ ਕੁਆਂਟਨ ਡੀਕੌਕ ਅਤੇ ਫੈਫ ਡੂ ਪਲੈਸਸ, ਬੰਗਲਾਦੇਸ਼ ਦੇ ਤਾਮੀਮ ਇਕਬਾਲ ਅਤੇ ਆਇਰਲੈਂਡ ਦੇ ਪਾਲ ਸਟਰਲਿੰਗ ਨੇ ਕੌਮਾਂਤਰੀ ਟੀ-20 ਮੈਚਾਂ ਵਿਚ 1-1 ਸੈਂਕੜਾ ਦਰਜ ਕੀਤਾ ਹੈ।