
ਪਰਮੇਸ਼ਰ ਸਿੰਘ ਬੇਰਕਲਾਂ
ਸਪੋਰਟਸ ਪਰਲਜ਼, 14 ਮਈ 2025: ਉਲੰਪਿਕ ਚੈਂਪੀਅਨ ਨਿਸ਼ਾਨੇਬਾਜ਼ ਅਮਰੀਕਾ ਦੇ ਦੋ ਸਕੇ ਭਰਾਵਾਂ ਜੌਹਨ ਪੇਨੇ ਅਤੇ ਸੁਮਨਰ ਪੇਨੇ ਦਾ ਕਿੱਸਾ ਬੇਹੱਦ ਦਿਲਚਸਪ ਹੈ। ਦੋਵਾਂ ਭਰਾਵਾਂ ਨੇ ਆਪਸੀ ਸਮਝੌਤੇ ਤਹਿਤ 1896 ਦੀਆਂ ਪਹਿਲੀਆਂ ਏਥਨਜ਼ ਉਲੰਪਿਕ ਵਿਚ 1-1 ਸੋਨ ਤਮਗ਼ਾ ਜਿੱਤਿਆ ਸੀ। ਹੈਰਾਨੀ ਦੀ ਗੱਲ ਹੈ ਕਿ ਉਲੰਪਿਕ ਚੈਂਪੀਅਨ ਨਿਸ਼ਾਨੇਬਾਜ਼ ਸੁਮਨਰ ਪੇਨੇ ਨੇ ਬਾਅਦ ਵਿਚ ਆਪਣੀ ਪਤਨੀ ਦੇ ਪ੍ਰੇਮੀ ‘ਤੇ 4 ਗੋਲ਼ੀਆਂ ਦਾਗੀਆਂ ਪਰ ਚਾਰਾਂ ਵਿਚੋਂ ਇੱਕ ਵੀ ਉਸਨੂੰ ਨਾ ਲੱਗੀ। ਜੌਹਨ ਪੇਨੇ ਅਮਰੀਕੀ ਫੌਜ ਵਿਚ ਲੈਫਟੀਨੈਂਟ ਸੀ ਜਦਕਿ ਸੁਮਨਰ ਨੇ ਡਾਕਟਰੀ ਦੀ ਪੜ੍ਹਾਈ ਕੀਤੀ ਸੀ।
ਡਾਕਟਰੀ ਵਿਚ ਐਮ. ਡੀ. ਦੀ ਉਚੀ ਡਿਗਰੀ ਲੈਣ ਤੋਂ ਬਾਅਦ ਸੁਮਨਰ ਬਣਿਆ ਹਥਿਆਰ ਕਾਰੀਗਰ
ਸੁਮਨਰ ਪੇਨੇ ਨੇ ਹਾਲਾਂਕਿ ਕੋਲੋਰਾਡੋ ਯੂਨੀਵਰਸਿਟੀ ਮੈਡੀਕਲ ਸਕੂਲ ਤੋਂ ਐਮ. ਡੀ. ਦੀ ਡਿਗਰੀ ਹਾਸਲ ਕੀਤੀ ਸੀ ਪਰ ਉਸ ਨੇ ਕਦੇ ਵੀ ਬਤੌਰ ਡਾਕਟਰ ਪ੍ਰੈਕਟਿਸ ਨਾ ਕੀਤੀ। ਆਪਣੇ ਹਥਿਆਰਾਂ ਦੇ ਸ਼ੌਕ ਕਾਰਨ ਉਹ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਹਥਿਆਰਾਂ ਦੀ ਮੁਰੰਮਤ ਦਾ ਕੰਮ ਕਰ ਰਿਹਾ ਸੀ। ਬਾਅਦ ਵਿਚ ਮੀਡੀਆ ਨਾਲ਼ ਗੱਲਬਾਤ ਦੌਰਾਨ ਇਕ ਵਾਰ ਸੁਮਨਰ ਨੇ ਦੱਸਿਆ ਸੀ ਕਿ ਏਥਨਜ਼ ਉਲੰਪਿਕ ਸ਼ੁਰੂ ਹੋਣ ਤੋਂ ਸਿਰਫ਼ ਕੁੱਝ ਦਿਨ ਪਹਿਲਾਂ ਹਾਵਰਡ ਯੂਨੀਵਰਸਿਟੀ ਦਾ ਗ੍ਰੈਜੂਏਟ ਉਸਦਾ ਭਰਾ ਲੈਫਟੀਨੈਂਟ ਜੌਹਨ ਪੇਨੇ ਅਚਾਨਕ ਉਸ ਦੇ ਪੈਰਿਸ ਵਾਲ਼ੇ ਦਫ਼ਤਰ ਪਹੁੰਚ ਗਿਆ। ਮਿਲਦੇ ਸਾਰ ਜੌਹਨ ਨੇ ਉਸ ਤੋਂ ਏਥਨਜ਼ ਵੱਲ ਜਾਣ ਵਾਲ਼ੀ ਰੇਲ ਗੱਡੀ ਦੇ ਰਵਾਨਾ ਹੋਣ ਦੇ ਸਮੇਂ ਬਾਰੇ ਪੁੱਛਿਆ। ਪਰ ਸੁਮਨਰ ਨੇ ਇਸ ਬਾਰੇ ਜਾਣਕਾਰੀ ਹੋਣ ਤੋਂ ਨਾਂਹ ਕਰ ਦਿੱਤੀ। ਜੌਹਨ ਨੇ ਤੁਰੰਤ ਰੇਲ ਗੱਡੀ ਦਾ ਸਮਾਂ ਪਤਾ ਕਰਨ ਅਤੇ ਆਪਣੇ ਸਾਰੇ ਰਿਵਾਲਵਰ ਕਾਰਤੂਸਾਂ ਸਮੇਤ ਪੈਕ ਕਰਨ ਲਈ ਆਖਿਆ। ਇਸ ਸਭ ਤਿਆਰੀ ਦਾ ਕਾਰਨ ਪੁੱਛਣ ਤੇ ਜਦੋਂ ਜੌਹਨ ਨੇ ਦੱਸਿਆ ਕਿ ਆਪਾਂ ਦੋਵੇਂ ਏਥਨਜ਼ ਵਿਚ ਹੋਣ ਵਾਲ਼ੀਆਂ ਪਹਿਲੀਆਂ ਉਲੰਪਿਕ ਖੇਡਾਂ ਦੇ ਨਿਸ਼ਾਨੇਬਾਜ਼ੀ ਦੇ ਮੁਕਾਬਲੇ ਵਿਚ ਹਿੱਸਾ ਲੈਣ ਜਾ ਰਹੇ ਹਾਂ ਤਾਂ ਉਸ ਦੀ ਹੈਰਾਨੀ ਦੀ ਹੱਦ ਨਾ ਰਹੀ।

ਸੁਮਨਰ ਦੀ ਗੈਰਮੌਜੂਦਗੀ ਵਿਚ ਹੀ ਏਥਨਜ਼ ਲਈ ਅਮਰੀਕੀ ਟੀਮ ਵਿਚ ਹੋਈ ਚੋਣ:
ਦਿਲਚਸਪ ਤੱਥ ਏਹ ਸੀ ਕਿ ਸੁਮਨਰ ਨੂੰ ਉਸ ਦੀ ਗੈਰ ਮੌਜੂਦਗੀ ਵਿਚ ਹੀ ਏਥਨਜ਼ ਜਾਣ ਵਾਲ਼ੀ ਅਮਰੀਕੀ ਐਥਲੈਟਿਕ ਟੀਮ ਲਈ ਚੁਣ ਲਿਆ ਗਿਆ ਸੀ ਇਸੇ ਕਰਕੇ ਜੌਹਨ ਆਪਣੇ ਭਰਾ ਨੂੰ ਲੈਣ ਪੈਰਿਸ ਪਹੁੰਚਿਆ ਸੀ। ਦਰਅਸਲ ਦੋਵੇਂ ਭਰਾ ਬੋਸਟਨ ਐਥਲੈਟਿਕਸ ਐਸੋਸੀਏਸ਼ਨ ਦੇ ਮੈਂਬਰ ਸਨ ਤੇ ਦੋਵੇਂ ਮਾਹਿਰ ਨਿਸ਼ਾਨੇਬਾਜ਼ ਵਜੋਂ ਕਈ ਸਥਾਨਕ ਮੁਕਾਬਲੇ ਜਿੱਤ ਚੁੱਕੇ ਸਨ। ਇਸੇ ਕਰਕੇ ਐਸੋਸੀਏਸ਼ਨ ਨੇ ਏਥਨਜ਼ ਭੇਜੀ ਜਾ ਰਹੀ ਅਮਰੀਕੀ ਟੀਮ ਵਿਚ ਦੋਵਾਂ ਨੂੰ ਨਿਸ਼ਾਨੇਬਾਜ਼ੀ ਮੁਕਾਬਲੇ ਲਈ ਚੁਣ ਲਿਆ ਸੀ। ਸੁਮਨਰ ਤੇ ਜੌਹਨ ਕੋਲ਼ ਉਸ ਵੇਲ਼ੇ ਦੋ ਕੋਲਟ ਰਿਵਾਲਵਰ, ਦੋ ਸਮਿਥ ਐਂਡ ਵੈਸਨ ਰਿਵਾਲਵਰ, ਇਕ .22 ਕੈਲੀਬਰ ਦਾ ਸਟੀਵਨ ਪਿਸਤੌਲ ਅਤੇ ਦੋ ਹੋਰ ਛੋਟੇ ਆਕਾਰ ਦੇ ਰਿਵਾਲਵਰਾਂ ਤੋਂ ਇਲਾਵਾ ਵੱਖ-ਵੱਖ ਬੋਰ ਦੀਆਂ ਕਰੀਬ 3500 ਗੋਲ਼ੀਆਂ ਮੌਜੂਦ ਸਨ। ਸਾਰਾ ਅਸਲਾ ਪੈਕ ਕਰਕੇ ਦੋਵੇਂ ਭਰਾ ਤੁਰੰਤ ਏਥਨਜ਼ ਵੱਲ ਰਵਾਨਾ ਹੋਏ ਤੇ ਨਿਸ਼ਾਨੇਬਾਜ਼ੀ ਮੁਕਾਬਲਿਆਂ ਤੋਂ ਮਸੀਂ ਇਕ ਦਿਨ ਪਹਿਲਾਂ ਏਥਨਜ਼ ਪਹੁੰਚੇ। ਅਗਲੇ ਦਿਨ ਹੋਏ ਨਿਸ਼ਾਨੇਬਾਜ਼ੀ ਮੁਕਾਬਲੇ ਵਿਚ ਜੌਹਨ ਨੇ 442 ਅਤੇ ਸੁਮਨਰ ਨੇ 380 ਅੰਕਾਂ ਨਾਲ਼ ਸੋਨੇ ਤੇ ਚਾਂਦੀ ਦੇ ਤਮਗ਼ੇ ਫੁੰਡ ਲਏ। ਹੈਰਾਨੀ ਦੀ ਗੱਲ ਹੈ ਕਿ ਤੀਜੇ ਸਥਾਨ ’ਤੇ ਰਹੇ ਨਿਸ਼ਾਨੇਬਾਜ਼ ਦਾ ਸਕੋਰ ਮਹਿਜ 205 ਸੀ, ਭਾਵ ਦੋਵਾਂ ਭਰਾਵਾਂ ਦੇ ਮੁਕਾਬਲੇ ਉਹ ਬਿਲਕੁਲ ਅਨਾੜੀ ਨਿਸ਼ਾਨੇਬਾਜ਼ ਸੀ।
ਦੋਵਾਂ ਭਰਾਵਾਂ ਵਿਚਾਲ਼ੇ ਸੋਨ ਤਮਗ਼ੇ ਜਿੱਤਣ ਲਈ ਹੋਇਆ ਸੀ ਦਿਲਚਸਪ ਸਮਝੌਤਾ:
ਅਗਲੇ ਦਿਨ ਇਕ ਹੋਰ ਮੁਕਾਬਲੇ ਵਿਚ ਸੁਮਨਰ ਨੇ ਵੀ ਆਪਣੇ ਭਰਾ ਜਿੰਨਾ ਹੀ 442 ਸਕੋਰ ਕਰਕੇ ਇਕ ਹੋਰ ਸੋਨ ਤਮਗ਼ਾ ਫੁੰਡਿਆ। ਦਿਲਚਸਪ ਤੱਥ ਇਹ ਕਿ ਮੁਕਾਬਲੇ ਵਿਚ ਹਿੱਸਾ ਲੈਣ ਤੋਂ ਪਹਿਲਾਂ ਹੀ ਦੋਵੇਂ ਭਰਾਵਾਂ ਵਿਚ ਜ਼ੁਬਾਨੀ ਸਹਿਮਤੀ ਬਣੀ ਸੀ ਕਿ ਜਿਹੜਾ ਪਹਿਲੇ ਦਿਨ ਸੋਨ ਤਮਗ਼ਾ ਜਿੱਤੇਗਾ, ਉਹ ਅਗਲੇ ਦਿਨ ਮੁਕਾਬਲੇ ਵਿਚ ਹਿੱਸ ਨਹੀਂ ਲਵੇਗਾ ਤੇ ਦੂਜੇ ਭਰਾ ਨੂੰ ਸੋਨ ਤਮਗ਼ਾ ਜਿੱਤਣ ਦਾ ਮੌਕਾ ਦੇਵੇਗਾ। ਦੋਵੇਂ ਭਰਾ ਭਾਵੇਂ ਨਿਸ਼ਾਨੇ ਲਾਉਣ ਲਈ 3500 ਕਾਰਤੂਸਾਂ ਦਾ ਵੱਡਾ ਭੰਡਾਰ ਲੈ ਕੇ ਪਹੁੰਚੇ ਸਨ ਪਰ ਉਨ੍ਹਾਂ ਨੂੰ ਤਿੰਨ ਤਮਗ਼ੇ ਜਿੱਤਣ ਲਈ ਸਿਰਫ਼ 96 ਕਾਰਤੂਸ ਹੀ ਚਲਾਉਣੇ ਪਏ।
ਪਤਨੀ ਦੇ ਪ੍ਰੇਮੀ ’ਤੇ ਚਲਾਈਆਂ 4 ਗੋਲ਼ੀਆਂ ਪਰ ਕੋਈ ਨਿਸ਼ਾਨੇ ’ਤੇ ਨਾ ਵੱਜੀ:
ਇਹ ਹੋਰ ਵੀ ਦਿਲਚਸਪ ਤੇ ਹੈਰਾਨੀ ਵਾਲ਼ਾ ਕਿੱਸਾ ਸੀ ਕਿ ਪੰਜ ਸਾਲ ਪਹਿਲਾਂ ਹੀ ਉਲੰਪਿਕ ਵਿਚੋਂ ਨਿਸ਼ਾਨੇਬਾਜ਼ੀ ਦਾ ਸੋਨ ਤਮਗ਼ਾ ਜਿੱਤਣ ਵਾਲ਼ੇ ਸੁਮਨਰ ਨੇ ਜਦੋਂ ਆਪਣੀ ਪਤਨੀ ਦੇ ਪ੍ਰੇਮੀ ’ਤੇ ਚਾਰ ਗੋਲ਼ੀਆਂ ਚਲਾਈਆਂ ਤਾਂ ਇਕ ਵੀ ਉਸ ਨੂੰ ਨਾ ਲੱਗੀ। ਦਰਅਸਲ ਉਸ ਨੇ ਆਪਣੀ ਪਤਨੀ ਨੂੰ ਆਪਣੀ ਬੇਟੀ ਦੇ ਸੰਗੀਤ ਅਧਿਆਪਕ ਨਾਲ਼ ਇਤਰਾਜ਼ਯੋਗ ਹਾਲਤ ਵਿਚ ਵੇਖ ਲਿਆ ਸੀ ਤੇ ਤੈਸ਼ ਵਿਚ ਆ ਕੇ ਆਪਣੇ ਰਿਵਾਲਵਰ ਨਾਲ਼ ਉਸ ’ਤੇ 4 ਗੋਲ਼ੀਆਂ ਚਲਾਈਆਂ ਸਨ। ਹਾਲਾਂਕਿ ਬਾਅਦ ਵਿਚ ਪੁਲਿਸ ਨੇ ਇਸੇ ਅਧਾਰ ’ਤੇ ਉਸ ਨੂੰ ਰਿਹਾਅ ਕਰ ਦਿੱਤਾ ਕਿ ਉਲੰਪਿਕ ਚੈਂਪੀਅਨ ਨਿਸ਼ਾਨੇਬਾਜ਼ ਦਾ ਨਿਸ਼ਾਨਾ ਲਗਾਤਾਰ ਚਾਰ ਵਾਰ ਨਹੀਂ ਖੁੰਝ ਸਕਦਾ ਤੇ ਅਜਿਹਾ ਸਿਰਫ਼ ਇਸ ਕਰਕੇ ਹੋਇਆ ਸੀ ਕਿ ਸੁਮਨਰ ਉਸ ਬੰਦੇ ਨੂੰ ਮਾਰਨਾ ਹੀ ਨਹੀਂ ਸੀ ਚਾਹੁੰਦਾ। ਕੁੱਝ ਸਾਲ ਬਾਅਦ ਹੀ 35 ਸਾਲ ਦੀ ਭਰ ਜੁਆਨ ਉਮਰ ਵਿਚ ਨਮੂਨੀਏ ਨਾਲ਼ ਉਸ ਦੀ ਮੌਤ ਹੋ ਗਈ।

ਇਸ ਤਰਾਂ ਏਥਨਜ਼ ਉਲੰਪਿਕ ਵਿਚੋਂ ਸੋਨ ਤਮਗ਼ਾ ਜਿੱਤਣ ਵਾਲ਼ਾ ਇਹ ਪਹਿਲਾ ਐਥਲੀਟ ਸੀ ਜਿਹੜਾ ਜੁਆਨੀ ਵਿਚ ਹੀ ਗੈਰ ਕੁਰਦਤੀ ਮੌਤ ਦਾ ਸ਼ਿਕਾਰ ਹੋਇਆ। ਇਸ ਤੋਂ ਕੁੱਝ ਵਰ੍ਹੇ ਬਾਅਦ ਹੀ ਜਰਮਨ ਦਾ ਸਰਬੋਤਮ ਜਿਮਨਾਸਟ ਹਰਮੈਨ ਵਾਇੰਗਾਰਟਨਰ ਵੀ ਉਸ ਵੇਲ਼ੇ ਡੁੱਬ ਕੇ ਮਰ ਗਿਆ ਸੀ ਜਦੋਂ ਉਹ ਕਿਸੇ ਡੁੱਬ ਰਹੇ ਬੰਦੇ ਦੀ ਜਾਨ ਬਚਾ ਰਿਹਾ ਸੀ। ਦੱਸਣਯੋਗ ਹੈ ਕਿ ਹਰਮੈਨ ਨੇ ਏਥਨਜ਼ ਵਿਚ ਤਿੰਨ ਸੋਨ ਤਮਗ਼ਿਆਂ ਸਮੇਤ ਕੁੱਲ 6 ਤਮਗ਼ੇ ਜਿੱਤ ਕੇ ਸਰਬੋਤਮ ਐਥਲੀਟ ਦਾ ਖਿਤਾਬ ਪ੍ਰਾਪਤ ਕੀਤਾ ਸੀ।
