
ਟੈਸਟ ਕ੍ਰਿਕਟ ਦੇ ਇਤਿਹਾਸ ਵਿਚ ਹੁਣ ਤੱਕ ਸਿਰਫ 32 ਵਾਰ ਤੀਹਰੇ ਸੈਂਕੜੇ ਬਣੇ
ਸਪੋਰਟਸ ਪਰਲਜ, 12 ਮਈ 2025 : Triple centuries ਭਾਵ ਤੀਹਰੇ ਸੈਂਕੜੇ, ਟੈਸਟ ਕ੍ਰਿਕਟ ਦੇ ਡੇਢ ਸਦੀ ਦੇ ਇਤਿਹਾਸ ਵਿਚ ਹੁਣ ਤੱਕ ਸਿਰਫ 32 ਵਾਰ ਹੀ ਵੱਖ ਵੱਖ ਮੁਲਕਾਂ ਦੇ ਖਿਡਾਰੀ ਤੀਹਰਾ ਸੈਂਕੜਾ ਬਣਾਉਣ ਵਿਚ ਕਾਮਯਾਬ ਹੋਏ ਹਨ। ਇਨ੍ਹਾਂ ਵਿਚੋਂ ਆਸਟ੍ਰੇਲੀਆ ਦੇ ਮਹਾਨਤਮ ਖਿਡਾਰੀ ਡੋਨਲਡ ਬਰੈਡਮੈਨ, ਵੈਸਟ ਇੰਡੀਜ ਦੇ ਬਰਾਇਨ ਲਾਰਾ ਤੇ ਕ੍ਰਿਸ ਗੇਲ ਅਤੇ ਭਾਰਤ ਦਾ ਵਰਿੰਦਰ ਸਹਿਬਾਗ 3 ਅਜਿਹੇ ਖਿਡਾਰੀ ਹਨ ਜਿਨ੍ਹਾਂ ਨੇ 2-2 ਵਾਰ ਤੀਹਰਾ ਸੈਂਕੜਾ ਬਣਾਉਣ ਦਾ ਮਾਣ ਹਾਸਲ ਕੀਤਾ ਹੈ।
ਸਭ ਤੋਂ ਵੱਧ 8 ਵਾਰ ਤੀਹਰੇ ਸੈਂਕੜੇ ਬਣਾਉਣ ਦਾ ਰਿਕਾਰਡ ਆਸਟ੍ਰੇਲੀਆ ਦੇ ਖਿਡਾਰੀਆਂ ਦੇ ਨਾਂਅ ਹੈ। ਵੈਸਟ ਇੰਡੀਜ ਦੇ ਖਿਡਾਰੀਆਂ ਨੇ 6 ਵਾਰ ਤੀਹਰੇ ਸੈਂਕੜੇ ਬਣਾਏ, ਇੰਗਲੈਂਡ ਦੇ ਖਿਡਾਰੀਆਂ ਨੇ ਕੁੱਲ 5 ਵਾਰ, ਪਾਕਿਸਤਾਨੀ ਖਿਡਾਰੀਆਂ ਨੇ 4 ਵਾਰ, ਸ੍ਰੀ ਲੰਕਾ ਅਤੇ ਭਾਰਤੀ ਖਿਡਾਰੀਆਂ ਨੇ 3-3 ਵਾਰ, ਜਦਕਿ ਦੱਖਣੀ ਅਫਰੀਕਾ ਅਤੇ ਨਿਊਜ਼ੀਲੈਂਡ ਦੇ ਖਿਡਾਰੀਆਂ ਨੇ 1-1 ਵਾਰ ਤੀਹਰਾ ਸੈਂਕੜਾ ਬਣਾਇਆ ਹੈ।
3 ਅਪ੍ਰੈਲ 1930 ਨੂੰ ਇੰਗਲੈਂਡ ਦੇ ਐਂਡੀ ਸੰਧਮ ਨੇ ਬਣਾਇਆ ਸੀ ਪਹਿਲਾ ਤੀਹਰਾ ਸੈਂਕੜਾ
ਸਭ ਤੋਂ ਪਹਿਲਾਂ ਤੀਹਰਾ ਸੈਂਕੜਾ ਇੰਗਲੈਂਡ ਦੇ ਖਿਡਾਰੀ ਐਂਡੀ ਸੰਧਮ ਨੇ ਵੈਸਟ ਇੰਡੀਜ ਦੇ ਵਿਰੁੱਧ ਖੇਡੀ ਗਈ ਟੈਸਟ ਲੜੀ ਦੇ ਚੌਥੇ ਟੈਸਟ ਮੈਚ ਦੀ ਪਹਿਲੀ ਪਾਰੀ ਵਿਚ 3 ਅਪ੍ਰੈਲ 1930 ਨੂੰ ਬਣਾਇਆ ਸੀ। ਕੁੱਝ ਮਹੀਨੇ ਬਾਅਦ ਹੀ ਆਸਟ਼੍ਰੇਲੀਆ ਦੇ ਡੋਨਲਡ ਬਰੈਡਮੈਨ ਨੇ ਇੰਗਲੈਂਡ ਵਿਰੁੱਧ ਟੈਸਟ ਲੜੀ ਦੇ ਤੀਜੇ ਟੈਸਟ ਮੈਚ ਦੀ ਪਹਿਲੀ ਪਾਰੀ ਵਿਚ 11 ਜੁਲਾਈ 1930 ਨੂੰ 334 ਦੌੜਾਂ ਬਣਾ ਕੇ ਨਾ ਸਿਰਫ ਤੀਹਰੇ ਸੈਂਕੜੇ ਦੀ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾ ਲਿਆ ਬਲਕਿ ਐਂਡੀ ਦਾ ਰਿਕਾਰਡ ਵੀ 9 ਦੌੜਾਂ ਦੇ ਫਰਕ ਨਾਲ਼ ਤੋੜ ਦਿੱਤਾ। ਇਹ ਟੈਸਟ ਕ੍ਰਿਕਟ ਦਾ ਸ਼ੁਰੂਆਤੀ ਦੌਰ ਹੀ ਸੀ। ਤੀਜਾ ਤੀਹਰਾ ਸੈਂਕੜਾ ਤਿੰਨ ਸਾਲ ਦੇ ਵਕਫ਼ੇ ਬਾਅਦ ਬਣਿਆ ਜਦੋਂ ਇੰਗਲੈਂਡ ਦੇ ਵੈਲੀ ਹੈਮੰਡ ਨੇ ਨਿਊਜ਼ੀਲੈਂਡ ਵਿਰੁੱਧ ਟੈਸਟ ਲੜੀ ਦੇ ਦੂਜੇ ਮੈਚ ਵਿਚ ਆਕਲੈਂਡ ਦੇ ਈਡਨ ਪਾਰਕ ਮੈਦਾਨ ਵਿਚ ਖੇਡਦਿਆਂ 31 ਮਾਰਚ 1933 ਨੂੰ 336 ਦੌੜਾਂ ਬਣਾ ਕੇ ਨਵਾਂ ਰਿਕਾਰਡ ਸਥਾਪਿਤ ਕਰ ਦਿੱਤਾ।
20ਵੀਂ ਸਦੀ ਦੇ 70 ਸਾਲਾਂ ਵਿਚ 15, ਪਰ 21ਵੀਂ ਸਦੀ ਦੇ ਪਹਿਲੇ 20 ਸਾਲਾਂ ਵਿਚ ਹੀ ਬਣ ਗਏ 16 ਤੀਹਰੇ ਸੈਂਕੜੇ
1930 ਤੋਂ ਸ਼ੁਰੂ ਹੋਈ ਤੀਹਰੇ ਸੈਂਕੜਿਆਂ ਦੀ ਸੂਚੀ ਪਿਛਲੀ ਸਦੀ ਵਿਚ ਬਹੁਤ ਹੌਲ਼ੀ ਰਫਤਾਰ ਨਾਲ਼ ਵਧੀ ਅਤੇ 70 ਸਾਲਾਂ ਵਿਚ ਸਿਰਫ 15 ਵਾਰ ਹੀ ਤੀਹਰੇ ਸੈਂਕੜੇ ਬਣ ਸਕੇ। ਇਸ ਦੌਰਾਨ 1938 ਤੋਂ 1958 ਦੌਰਾਨ 20 ਸਾਲਾਂ ਵਿਚ ਕੋਈ ਵੀ ਖਿਡਾਰੀ ਤੀਹਰਾ ਸੈਂਕੜਾ ਨਾ ਬਣਾ ਸਕਿਆ। ਇਸ ਦਾ ਵੱਡਾ ਕਾਰਨ ਭਾਵੇਂ 1939 ਤੋਂ 1945 ਤੱਕ ਚੱਲੀ ਦੂਜੀ ਸੰਸਾਰ ਜੰਗ ਦੌਰਾਨ ਸਾਰੀਆਂ ਖੇਡ ਸਰਗਰਮੀਆਂ ਦਾ ਠੱਪ ਹੋਣਾ ਵੀ ਸੀ। ਪਰ 1947 ਤੋਂ ਮੁੜ ਕੌਮਾਂਤਰੀ ਕ੍ਰਿਕਟ ਮੈਚ ਸ਼ੁਰੂ ਹੋਣ ਦੇ ਬਾਵਜੂਦ 11 ਸਾਲ ਤੀਹਰੇ ਸੈਂਕੜਿਆਂ ਦਾ ਸੋਕਾ ਬਰਕਰਾਰ ਰਿਹਾ। 17 ਜਨਵਰੀ 1958 ਨੂੰ ਪਾਕਿਸਤਾਨ ਦੇ ਹਨੀਫ਼ ਮੁਹੰਮਦ ਨੇ ਵੈਸਟ ਇੰਡੀਜ ਵਿਰੁੱਧ ਪਹਿਲੇ ਟੈਸਟ ਮੈਚ ਦੀ ਦੂਜੀ ਪਾਰੀ ਵਿਚ 337 ਦੌੜਾਂ ਬਣਾ ਕੇ ਇਹ ਸੋਕਾ ਤੋੜਿਆ। ਇਸ ਤੋਂ ਕੁੱਝ ਦਿਨ ਬਾਅਦ ਹੀ ਇਸੇ ਲੜੀ ਦੇ ਤੀਜੇ ਮੈਚ ਵਿਚ ਵੈਸਟ ਇੰਡੀਜ ਦੇ ਮਹਾਨ ਖਿਡਾਰੀ ਗਾਰਫੀਲਡ ਸੋਬਰਸ ਨੇ 26 ਫਰਵਰੀ 1958 ਨੂੰ 365 ਦੌੜਾਂ ਨਾਲ਼ ਨਵਾਂ ਵਿਸ਼ਵ ਰਿਕਾਰਡ ਸਥਾਪਿਤ ਕਰਦਿਆਂ ਪਾਕਿਸਤਾਨ ਟੀਮ ਨੂੰ ਕਰਾਰਾ ਜਵਾਬ ਦਿੱਤਾ। ਸੋਬਰਸ ਦਾ ਇਹ ਰਿਕਾਰਡ 36 ਸਾਲ ਬਾਅਦ ਵੈਸਟ ਇੰਡੀਜ ਦੇ ਹੀ ਧੜੱਲੇਦਾਰ ਬੱਲੇਬਾਜ ਬ੍ਰਾਇਨ ਲਾਰਾ ਨੇ 16 ਅਪ੍ਰੈਲ 1994 ਨੂੰ ਇੰਗਲੈਂਡ ਵਿਰੁੱਧ ਟੈਸਟ ਲੜੀ ਦੇ 5ਵੇਂ ਮੈਚ ਵਿਚ 375 ਦੌੜਾਂ ਬਣਾ ਕੇ ਤੋੜਿਆ। ਆਸਟ੍ਰੇਲੀਆ ਦੇ ਐਮ. ਐਲ. ਹੇਡਨ ਨੇ 380 ਦੌੜਾਂ ਬਣਾ ਕੇ ਲਾਰਾ ਦਾ ਰਿਕਾਰਡ ਵੀ ਜਲਦੀ ਹੀ ਤੋੜ ਦਿੱਤਾ। ਬਾਅਦ ਵਿਚ ਬ੍ਰਾਇਨ ਲਾਰਾ ਨੇ ਹੀ ਹੇਡਨ ਦਾ ਰਿਕਾਰਡ ਤੋੜਦਿਆਂ 400 ਦੌੜਾਂ ਬਣਾ ਕੇ ਨਵਾਂ ਵਿਸ਼ਵ ਰਿਕਾਰਡ ਸਥਾਪਿਤ ਕੀਤਾ ਜੋ ਹਾਲੇ ਤੱਕ ਬਰਕਰਾਰ ਹੈ।
ਸਚਿਨ ਤੇਂਦੂਲਕਰ, ਵਿਰਾਟ ਕੋਹਲੀ ਤੇ ਰਿੱਕੀ ਪੌਂਟਿੰਗ ਨਾ ਬਣਾ ਸਕੇ ਤੀਹਰਾ ਸੈਂਕੜਾ
ਸਚਿਨ ਤੇਂਦੂਲਕਰ, ਵਿਰਾਟ ਕੋਹਲੀ ਅਤੇ ਰਿੱਕੀ ਪੌਂਟਿੰਗ ਤਿੰਨ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੇ ਕੌਮਾਂਤਰੀ ਕ੍ਰਿਕਟ ਵਿਚ ਟੈਸਟ ਮੈਚਾਂ, ਇੱਕ ਦਿਨਾ ਮੈਚਾਂ ਅਤੇ ਟੀ-20 ਮੈਚਾਂ ਵਿਚ ਸੈਂਕੜਿਆਂ ਦੇ ਅੰਬਾਰ ਲਾ ਦਿੱਤੇ ਹਨ। ਪਰ ਇਹ ਤਿੰਨੇ ਖਿਡਾਰੀ ਟੈਸਟ ਕ੍ਰਿਕਟ ਵਿਚ ਇੱਕ ਵਾਰ ਵੀ ਤੀਹਰਾ ਸੈਂਕੜਾ ਨਾ ਬਣਾ ਸਕੇ। ਦੱਸਣਯੋਗ ਹੈ ਕਿ ਸਚਿਨ ਨੇ ਕੌਮਾਂਤਰੀ ਕ੍ਰਿਕਟ ਵਿਚ 100 ਸੈਂਕੜੇ ਬਣਾਏ ਹਨ ਜਦਕਿ ਵਿਰਾਟ ਕੋਹਲੀ ਹੁਣ ਤੱਕ 82 ਸੈਂਕੜੇ ਬਣਾ ਚੁੱਕਾ ਹੈ ਤੇ ਹਾਲੇ ਵੀ ਖੇਡ ਰਿਹਾ ਹੈ। ਆਸਟ੍ਰੇਲੀਆ ਦਾ ਰਿੱਕੀ ਪੌਂਟਿੰਗ 71 ਸੈਂਕੜੇ ਬਣਾ ਕੇ ਰਿਟਾਇਰ ਹੋ ਚੁੱਕਾ ਹੈ।
ਤੀਹਰੇ ਸੈਂਕੜੇ ਬਣਾਉਣ ਵਾਲ਼ੇ ਖਿਡਾਰੀਆਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ:-
ਨਿਊਜ਼ੀਲੈਂਡ ਦਾ ਬੀਬੀ ਮੈਕਕੁੱਲਮ 302
ਪਾਕਿਸਤਾਨ ਦਾ ਅਜ਼ਹਰ ਅਲੀ 302
ਵੈਸਟ ਇੰਡੀਜ ਦਾ ਲਾਰੈਂਸ ਰੌਵ 302
ਭਾਰਤ ਦਾ ਕਰੁਨ ਨਈਅਰ 303
ਆਸਟ੍ਰੇਲੀਆ ਦਾ ਡਾਨ ਬ੍ਰੈਡਮੈਨ 304
ਆਸਟ੍ਰੇਲੀਆ ਦਾ ਬੌਬ ਕੌਪਰ 307
ਭਾਰਤ ਦਾ ਵਰਿੰਦਰ ਸਹਿਬਾਗ 309
ਇੰਗਲੈਂਡ ਦਾ ਜੌਹਨ ਐਡਰਿਕ 310
ਆਸਟ੍ਰੇਲੀਆ ਦਾ ਬੌਬ ਸਿੰਪਸਨ 311
ਦੱਖਣੀ ਅਫਰੀਕਾ ਐਚ. ਐਮ. ਆਮਲਾ 311
ਪਾਕਿਸਤਾਨ ਦਾ ਯੂਨਸ ਖਾਨ 313
ਇੰਗਲੈਂਡ ਦਾ ਹੈਰੀ ਬਰੁੱਕ 317
ਵੈਸਟ ਇੰਡੀਜ ਦਾ ਕ੍ਰਿਸ ਗੇਲ 317
ਭਾਰਤ ਦਾ ਵਰਿੰਦਰ ਸਹਿਬਾਗ 319
ਸ੍ਰੀਲੰਕਾ ਦਾ ਕੁਮਾਰ ਸੰਗਾਕਾਰਾ 319
ਇੰਗਲੈਂਡ ਦਾ ਐਂਡੀ ਸੰਧਮ 325
ਪਾਕਿਸਤਾਨ ਦਾ ਇੰਜਮਾਮ ਉਲ ਹੱਕ 329
ਆਸਟ੍ਰੇਲੀਆ ਦਾ ਐਮ. ਜੇ. ਕਲਾਰਕ 329
ਇੰਗਲੈਂਡ ਦਾ ਗ੍ਰਾਹਮ ਗੂਚ 333
ਵੈਸਟ ਇੰਡੀਜ ਸੀਐਚ ਗਾਇਲੇ 333
ਆਸਟ੍ਰੇਲੀਆ ਦਾ ਐਮ. ਏ. ਟੇਲਰ 334
ਆਸਟ੍ਰੇਲੀਆ ਡਾਨ ਬ੍ਰੈਡਮੈਨ 334
ਆਸਟ੍ਰੇਲੀਆ ਦਾ ਡੀਏ ਵਾਰਨਰ 335
ਇੰਗਲੈਂਡ ਦਾ ਆਰ. ਹੇਮੰਡ 336
ਪਾਕਿਸਤਾਨ ਦਾ ਹਨੀਫ ਮੁਹੰਮਦ 337
ਸ੍ਰੀਲੰਕਾ ਸਨਥ ਜੈਸੂਰਿਆ 340
ਇੰਗਲੈਂਡ ਦਾ ਐਲ. ਹੁੱਟਨ 364
ਵੈਸਟ ਇੰਡੀਜ ਦਾ ਗਾਰਫੀਲਡ ਸੋਬਰਜ 365
ਸ੍ਰੀਲੰਕਾ ਮਹਿਲਾ ਜੈਵਰਧਨੇ 374
ਵੈਸਟ ਇੰਡੀਜ ਦਾ ਬ੍ਰਾਇਨ ਲਾਰਾ 375
ਆਸਟ੍ਰੇਲੀਆ ਐਮ. ਐਲ. ਹੇਡਨ 380
ਵੈਸਟ ਇੰਡੀਜ ਦਾ ਬ੍ਰਾਇਨ ਲਾਰਾ 400
ਟੈਸਟ ਕ੍ਰਿਕਟ ਦੇ ਇਤਿਹਾਸ ਦੀਆਂ ਸਭ ਤੋਂ ਵੱਡੇ ਫਰਕ ਦੀਆਂ ਜਿੱਤਾਂ/ਹਾਰਾਂ
ਲਗਪਗ ਡੇਢ ਸਦੀ ਪਹਿਲਾਂ ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲ਼ੇ ਸ਼ੁਰੂ ਹੋਏ ਕ੍ਰਿਕਟ ਦੇ ਟੈਸਟ ਮੈਚਾਂ ਤੋਂ ਅਜੋਕੇ ਟੀ-20 ਅਤੇ ਆਈਪੀਐਲ ਵਰਗੇ ਦੇ ਦੌਰ ਤੱਕ ਆਉਂਦਿਆਂ ਕ੍ਰਿਕਟ ਦੀ ਖੇਡ ਵਿਚ ਬਹੁਤ ਕੁੱਝ ਬਦਲ ਗਿਆ ਹੈ। ਹਾਲਾਂਕਿ ਟੈਸਟ ਕ੍ਰਿਕਟ ਨੂੰ ਹਾਲੇ ਵੀ ਉਚਾ ਰੁਤਬਾ ਹਾਸਲ ਹੈ ਅਤੇ ਟੈਸਟ ਕ੍ਰਿਕਟ ਦੇ ਕਈ ਵਿਲੱਖਣ ਰਿਕਾਰਡ ਪਿਛਲੀ ਲਗਪਗ ਇੱਕ ਸਦੀ ਤੋਂ ਕਾਇਮ ਹਨ। ਸਭ ਤੋਂ ਵੱਡੇ ਫਰਕ ਦੀਆਂ ਜਿੱਤਾਂ ਦਾ ਰਿਕਾਰਡ ਇੰਗਲੈਂਡ ਦੇ ਨਾਂਅ ਦਰਜ ਹੈ। 1938 ਵਿਚ ਲੰਡਨ ਦੇ ਮਸ਼ਹੂਰ ਓਵਲ ਮੈਦਾਨ ‘ਤੇ ਹੋਏ ਟੈਸਟ ਮੈਚ ਦੌਰਾਨ ਮੇਜ਼ਬਾਨ ਇੰਗਲੈਂਡ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 7 ਵਿਕਟਾਂ ‘ਤੇ 903 ਦੌੜਾਂ ਦਾ ਵਿਸ਼ਾਲ ਸਕੋਰ ਬਣਾ ਕੇ ਪਾਰੀ ਸਮਾਪਤ ਕਰਨ ਦਾ ਐਲਾਨ ਕੀਤਾ। ਇਸ ਦੇ ਜਵਾਬ ਵਿਚ ਆਸਟ੍ਰੇਲੀਆ ਦੀ ਸਾਰੀ ਟੀਮ ਆਪਣੀ ਪਹਿਲੀ ਪਾਰੀ ਵਿਚ 201 ਦੌੜਾਂ ਹੀ ਬਣਾ ਸਕੀ ਜਿਸ ਕਾਰਨ ‘ਫਾਲੋਆਨ’ ਤਹਿਤ ਉਨ੍ਹਾਂ ਨੂੰ ਦੂਜੀ ਪਾਰੀ ਵੀ ਸ਼ੁਰੂ ਕਰਨੀ ਪਈ। ਪਰ ਦੂਜੀ ਪਾਰਟੀ ਵਿਚ ਆਸਟ੍ਰੇਲੀਆ ਦੇ ਸਾਰੇ ਖਿਡਾਰੀ ਸਿਰਫ 123 ਦੌੜਾਂ ਬਣਾ ਕੇ ਹੀ ਮੈਦਾਨ ਤੋਂ ਬਾਹਰ ਹੋ ਗਏ। ਇਸ ਤਰਾਂ ਇੰਗਲੈਂਡ ਨੇ ਇਹ ਮੈਚ ਇੱਕ ਪਾਰੀ ਅਤੇ 579 ਦੌੜਾਂ ਦੇ ਫਰਕ ਨਾਲ਼ ਜਿੱਤ ਕੇ ਰਿਕਾਰਡ ਸਥਾਪਿਤਾ ਕੀਤਾ ਜਿਹੜਾ 87 ਸਾਲਾਂ ਬਾਅਦ ਹਾਲੇ ਵੀ ਬਰਕਰਾਰ ਹੈ। ਇਸ ਤੋਂ ਪਹਿਲਾਂ ਇੰਗਲੈਂਡ ਨੇ ਬ੍ਰਿਸਬੇਨ ਵਿਚ 1928-29 ਦੌਰਾਨ ਖੇਡੇ ਗਏ ਇਕ ਟੈਸਟ ਮੈਚ ਵਿਚ ਵੀ ਆਸਟ੍ਰੇਲੀਆ ਨੂੰ 675 ਦੌੜਾਂ ਦੇ ਪੱਡੇ ਫਰਕ ਨਾਲ਼ ਮਾਤ ਦਿੱਤੀ ਸੀ। ਇਹ ਰਿਕਾਰਡ ਵੀ ਹਾਲੇ ਤੱਕ ਇੰਗਲੈਂਡ ਦੇ ਨਾਂਅ ਬਰਕਰਾਰ ਹੈ।