
Sachin Tendulkar
ਸਪੋਰਟਸ ਪਰਲਜ, 24 ਅਪ੍ਰੈਲ 2025: Sachin Tendulkar ਸਚਿਨ ਤੇਂਦੂਲਕਰ ਕ੍ਰਿਕਟ ਇਤਿਹਾਸ ਦਾ ਉਹ ਮਹਾਨ ਖਿਡਾਰੀ ਹੈ ਜਿਸ ਨੇ ਕੌਮਾਂਤਰੀ ਕ੍ਰਿਕਟ ਮੈਚਾਂ ਵਿਚ ਸੈਂਕੜੇ ਲਾਉਣ ਦਾ ਵੀ ਸੈਂਕੜਾ ਪੂਰਾ ਕਰ ਦਿੱਤਾ। ਸਚਿਨ ਸਭ ਤੋਂ ਛੋਟੀ ਉਮਰ ਵਿਚ ਕੌਮਾਂਤਰੀ ਟੈਸਟ ਮੈਚ ਖੇਡਣ ਵਾਲ਼ਾ ਭਾਰਤ ਦਾ ਪਹਿਲਾ ਅਤੇ ਕ੍ਰਿਕਟ ਇਤਿਹਾਸ ਦਾ 5ਵਾਂ ਖਿਡਾਰੀ ਹੈ। ਟੈਸਟ ਕ੍ਰਿਕਟ ਵਿਚ 51 ਅਤੇ ਇੱਕ ਦਿਨਾ ਮੈਚਾਂ ਵਿਚ 49 ਸੈਂਕੜੇ ਬਣਾਉਣ ਵਾਲ਼ੇ ਸਚਿਨ ਦੇ ਨਾਂਅ ਕੌਮਾਂਤਰੀ ਕ੍ਰਿਕਟ ਵਿਚ ਵੱਖ ਵੱਖ ਰਿਕਾਰਡਾਂ ਦੀ ਲੰਮੀ ਸੂਚੀ ਹੈ।
ਬਚਪਨ ਵਿਚ ਦੂਜੇ ਬੱਚਿਆਂ ਨਾਲ਼ ਅਕਸਰ ਲੜਾਈ ਝਗੜੇ ਕਰਦਾ ਸੀ ਸਚਿਨ ਤੇਂਦੂਲਕਰ
ਸਚਿਨ ਤੇਂਦੂਲਕਰ ਦਾ ਜਨਮ 24 ਅਪ੍ਰੈਲ 1973 ਨੂੰ ਮੁੰਬਈ ਵਿਖੇ ਮਰਾਠੀ ਕਵੀ ਤੇ ਨਾਵਲਕਾਰ ਰਮੇਸ਼ ਤੇਂਦੂਲਕਰ ਦੇ ਘਰ ਹੋਇਆ ਸੀ।ਉਸਦੀ ਮਾਂ ਰਜਨੀ ਬੀਮਾ ਖੇਤਰ ਵਿਚ ਕੰਮ ਕਰਦੀ ਸੀ ਅਤੇ ਰਮੇਸ਼ ਤੇਂਦੂਲਕਰ ਦੀ ਦੂਜੀ ਪਤਨੀ ਸੀ। ਪਹਿਲੀ ਪਤਨੀ ਤੋਂ ਵੀ ਉਸ ਦੇ ਤਿੰਨ ਬੱਚੇ ਸਨ ਜਿਨ੍ਹਾਂ ਵਿਚੋਂ ਅਜੀਤ ਤੇਂਦੂਲਕਰ ਵੀ ਸਥਾਨਕ ਪੱਧਰ ਦਾ ਕ੍ਰਿਕਟ ਖਿਡਾਰੀ ਸੀ। ਬਚਪਨ ਵਿਚ ਸਚਿਨ ਅਕਸਰ ਆਪਣੇ ਆਂਢ-ਗੁਆਂਢ ਅਤੇ ਸਕੂਲ ਦੇ ਬੱਚਿਆਂ ਨਾਲ਼ ਲੜਾਈ ਝਗੜੇ ਕਰਦਾ ਰਹਿੰਦਾ ਸੀ। ਇਸ ਮਾੜੀ ਆਦਤ ਤੋਂ ਧਿਆਨ ਹਟਾਉਣ ਖਾਤਰ ਹੀ ਅਜੀਤ ਤੇਂਦੂਲਕਰ ਨੇ ਸਚਿਨ ਨੂੰ ਕ੍ਰਿਕਟ ਦੀ ਖੇਡ ਨਾਲ਼ ਜੋੜਨ ਦਾ ਫੈਸਲਾ ਕੀਤਾ। ਅਜੀਤ ਸਚਿਨ ਨੂੰ ਬੁੰਬਈ ਦੇ ਉਸ ਵੇਲ਼ੇ ਦੇ ਮਸ਼ਹੂਰ ਕ੍ਰਿਕਟ ਕੋਚ ਰਮਾਂਕਾਂਤ ਅਚਰੇਕਰ ਕੋਲ਼ ਲੈ ਕੇ ਗਿਆ ਜੋ ਉਨ੍ਹਾਂ ਦਿਨਾਂ ਵਿਚ ਸ਼ਿਵਾਜੀ ਪਾਰਕ ਵਿਖੇ ਬੱਚਿਆਂ ਨੂੰ ਕ੍ਰਿਕਟ ਦੀ ਸਿਖਲਾਈ ਦਿਆ ਕਰਦਾ ਸੀ। ਜਦੋਂ ਅਚਰੇਕਰ ਨੇ ਸਚਿਨ ਨੂੰ ਖੇਡ ਕੇ ਵਿਖਾਉਣ ਲਈ ਕਿਹਾ ਤਾਂ ਉਹ ਕੁੱਝ ਖਾਸ ਨਾ ਖੇਡ ਸਕਿਆ ਜਿਸ ਕਰਕੇ ਅਚਰੇਕਰ ਨੇ ਨਾਂਹ ਕਰ ਦਿੱਤੀ। ਪਰ ਅਜੀਤ ਤੇਂਦੂਲਕਰ ਨੇ ਕੋਚ ਨੂੰ ਕਿਹਾ ਕਿ ਸਚਿਨ ਇਸ ਕਰਕੇ ਵਧੀਆ ਨਹੀਂ ਖੇਡ ਸਕਿਆ ਕਿ ਉਸ ਦੇ ਦਿਮਾਗ਼ ‘ਤੇ ਇਸ ਗੱਲ ਦਾ ਦਬਾਅ ਸੀ ਕਿ ਕੋਚ ਉਸ ਨੂੰ ਵੇਖ ਰਿਹਾ ਹੈ। ਅਜੀਤ ਦੇ ਜ਼ੋਰ ਪਾਉਣ ‘ਤੇ ਅਚਰੇਕਰ ਸਚਿਨ ਨੂੰ ਇੱਕ ਹੋਰ ਮੌਕਾ ਦੇਣ ਅਤੇ ਲੁਕ ਕੇ ਉਸ ਦੀ ਖੇਡ ਵੇਖਣ ਲਈ ਮੰਨ ਗਿਆ। ਇਸ ਵਾਰ ਸਚਿਨ ਸਹਿਜਤਾ ਨਾਲ਼ ਵਧੀਆ ਖੇਡਿਆ ਤੇ ਅਚਰੇਕਰ ਨੇ ਉਸ ਨੂੰ ਸਿਖਲਾਈ ਦੇਣਾ ਕਬੂਲ ਕਰ ਲਿਆ। ਕੁੱਝ ਦਿਨਾਂ ਵਿਚ ਹੀ ਅਚਰੇਕਰ ਨੇ ਸਚਿਨ ਦਾ ਖੇਡ ਹੁਨਰ ਪਛਾਣ ਕੇ ਉਸ ਨੂੰ ਆਪਣਾ ਸਕੂਲ ਬਦਲ ਕੇ ਸ਼ਰਦ-ਆਸ਼ਰਮ ਵਿਦਿਆਮੰਦਿਰ ਸਕੂਲ ਵਿਚ ਦਾਖਲਾ ਲੈਣ ਦੀ ਸਲਾਹ ਦਿੱਤੀ, ਜੋ ਸਚਿਨ ਦੇ ਟੱਬਰ ਨੇ ਮੰਨ ਲਈ। ਸ਼ਿਵਾਜੀ ਪਾਰਕ ਵਿਖੇ ਰੋਜ਼ਾਨਾ ਅਭਿਆਸ ਖਾਤਰ ਸਚਿਨ ਨੂੰ ਪਾਰਕ ਨੇੜੇ ਰਹਿੰਦੇ ਰਿਸ਼ਤੇਦਾਰਾਂ ਕੋਲ਼ ਭੇਜ ਦਿੱਤਾ ਗਿਆ।
ਕੋਚ ਅਚਰੇਕਰ ਸਚਿਨ ਨੂੰ ਆਊਟ ਕਰਨ ਵਾਲ਼ੇ ਨੂੰ ਦਿੰਦਾ ਸੀ ਇੱਕ (01) ਰੁਪਿਆ ਇਨਾਮ
ਸ਼ਿਵਾਜੀ ਪਾਰਕ ਵਿਖੇ ਕੋਚ ਰਮਾਂਕਾਂਤ ਅਚਰੇਕਰ ਬੱਚਿਆਂ ਨੂੰ ਰੋਜ਼ਾਨਾ ਸਵੇਰੇ-ਸ਼ਾਮ ਦੋ ਵੇਲ਼ੇ ਸਿਖਲਾਈ ਦਿੰਦਾ ਸੀ। ਇਥੇ ਸਚਿਨ ਵੀ ਰੋਜ਼ਾਨਾ ਘੰਟਿਆਂ ਬੱਧੀ ਅਭਿਆਸ ਕਰਦਾ ਸੀ। ਇਸ ਦੌਰਾਨ ਸਚਿਨ ਨੂੰ ਉਤਸ਼ਾਹਿਤ ਕਰਨ ਲਈ ਅਚਰੇਕਰ ਨੇ ਅਨੋਖਾ ਢੰਗ ਵਰਤਿਆ। ਉਹ ਵਿਕਟਾਂ ਉਤੇ ਇੱਕ ਰੁਪਏ ਦਾ ਸਿੱਕਾ ਰੱਖ ਦਿੰਦਾ ਸੀ ਅਤੇ ਗੇਂਦਬਾਜ਼ਾਂ ਨੂੰ ਕਹਿੰਦਾ ਸੀ ਕਿ ਜੋ ਵੀ ਸਚਿਨ ਨੂੰ ਆਊਟ ਕਰੇਗਾ ਉਸ ਨੂੰ ਇਹ ਸਿੱਕਾ ਇਨਾਮ ਮਿਲ਼ੇਗਾ, ਪਰ ਜੇਕਰ ਆਊਟ ਨਾ ਹੋਇਆ ਤਾਂ ਸਿੱਕਾ ਸਚਿਨ ਦਾ ਹੋਵੇਗਾ। ਸਚਿਨ ਨੇ ਬਾਅਦ ਵਿਚ ਇੱਕ ਵਾਰ ਕਿਸੇ ਐਵਾਰਡ ਸਮਾਰੋਹ ਮੌਕੇ ਗੱਲਬਾਤ ਦੌਰਾਨ ਕਿਹਾ ਸੀ ਕਿ ਉਨ੍ਹਾਂ ਦਿਨਾਂ ਵਿਚ ਉਸ ਨੇ 13 ਵਾਰ ਨਾਟ-ਆਊਟ ਰਹਿ ਕੇ ਇੱਕ ਰੁਪਏ ਦਾ ਸਿੱਕਾ ਜਿੱਤਿਆ ਸੀ ਤੇ ਉਹ 13 ਸਿੱਕੇ ਉਸ ਲਈ ਬਹੁਤ ਵੱਡੇ ਐਵਾਰਡ ਸਨ। ਦੱਸਣਯੋਗ ਹੈ ਕਿ ਉਨ੍ਹਾਂ ਸਮਿਆਂ ਵਿਚ ਸਿਰਫ ਸਰਦੇ ਪੁਜਦੇ ਸ਼ਹਿਰੀ ਮਾਪੇ ਹੀ ਆਪਣੇ ਬੱਚਿਆਂ ਨੂੰ ਜੇਬ ਖਰਚ ਵਜੋਂ ਰੋਜ਼ਾਨਾ ਇੱਕ ਰੁਪਿਆ ਦਿੰਦੇ ਸਨ।
CLICK To BUY
ਕ੍ਰਿਕਟ ਅਪਣਾਉਣ ਤੋਂ ਪਹਿਲਾਂ ਸਚਿਨ ਟੈਨਿਸ ਦਾ ਵੀ ਦੀਵਾਨਾ ਸੀ
ਦਿਲਚਸਪ ਤੱਥ ਇਹ ਵੀ ਹੈ ਕਿ ਦੁਨੀਆਂ ਦੇ ਕਈ ਹੋਰ ਨਾਮਵਰ ਖਿਡਾਰੀਆਂ ਵਾਂਗ ਸਚਿਨ ਵੀ ਪੂਰਾ ਸਮਾਂ ਕ੍ਰਿਕਟ ਵੱਲ ਆਉਣ ਤੋਂ ਪਹਿਲਾਂ ਕ੍ਰਿਕਟ ਦੇ ਨਾਲ਼ ਨਾਲ਼ ਟੈਨਿਸ ਦਾ ਵੀ ਦੀਵਾਨਾ ਸੀ। 7-8 ਸਾਲ ਦੀ ਉਮਰ ਵਿਚ ਸਚਿਨ ਅਮਰੀਕਾ ਦੇ ਮਸ਼ਹੂਰ ਟੈਨਿਸ ਖਿਡਾਰੀ ਜੌਹਨ ਮੈਨਰੋ ਜੂਨੀਅਰ ਨੂੰ ਆਪਣਾ ਆਦਰਸ਼ ਖਿਡਾਰੀ ਮੰਨਦਾ ਸੀ। ਇਨ੍ਹਾਂ ਦਿਨਾਂ ਵਿਚ ਸਚਿਨ ਅਕਸਰ ਘਰੋਂ ਬਾਹਰ ਜਾਂਦੇ ਸਮੇਂ ਆਪਣੇ ਨਾਲ਼ ਟੈਨਿਸ ਰੈਕੇਟ ਲੈ ਕੇ ਨਿੱਕਲਦਾ ਸੀ ਅਤੇ ਆਪਣੇ ਗੁੱਟ ‘ਤੇ ਮਸ਼ਹੂਰ ਟੈਨਿਸ ਖਿਡਾਰੀਆਂ ਵਾਂਗ ਟੈਨਿਸ wristband ਵੀ ਬਾਕਾਇਦਾ ਪਹਿਨਦਾ ਸੀ।
ਤੇਜ ਗੇਂਦਬਾਜ਼ੀ ਦੀ ਸਿਖਲਾਈ ਲੈਣ ਵੀ ਗਿਆ ਸੀ ਸਚਿਨ
ਸਕੂਲ ਦੀ ਟੀਮ ਵਿਚ ਬੱਲੇਬਾਜ਼ੀ ਦੇ ਜ਼ੌਹਰ ਵਿਖਾਉਣ ਤੋਂ ਬਾਅਦ ਇੱਕ ਵਾਰ ਸਚਿਨ ਤੇਜ ਗੇਂਦਬਾਜ਼ੀ ਦੀ ਸਿਖਲਾਈ ਲੈਣ ਵੀ ਗਿਆ ਸੀ। ਗੱਲ 1987 ਦੀ ਹੈ ਜਦੋਂ ਸਚਿਨ ਟਾਇਰ ਬਣਾਉਣ ਵਾਲ਼ੀ ਮਸ਼ਹੂਰ ਕੰਪਨੀ ਐਮਆਰਐਫ ਵੱਲੋਂ ਸਥਾਪਿਤ ਕੀਤੀ MRF pace foundation ਵਿਚ ਤੇਜ ਗੇਂਦਬਾਜ਼ੀ ਦੀ ਸਿਖਲਾਈ ਲੈਣ ਗਿਆ। ਫਾਊਂਡੇਸ਼ਨ ਵੱਲੋਂ ਉਸ ਸਮੇਂ ਦੇ ਮਸ਼ਹੂਰ ਤੇਜ ਗੇਂਦਬਾਜ਼ ਆਸਟ੍ਰੇਲੀਆ ਦੇ ਡੈਨਿਸ ਲਿੱਲੀ ਨੂੰ ਕੋਚ ਵਜੋਂ ਬੁਲਾਇਆ ਗਿਆ ਸੀ। ਲਿੱਲੀ ਨੂੰ ਸਚਿਨ ਦੀ ਗੇਂਦਬਾਜ਼ੀ ਕੁੱਝ ਖਾਸ ਨਹੀਂ ਜਚੀ ਅਤੇ ਉਸ ਨੇ ਸਲਾਹ ਦਿੱਤੀ ਕਿ ਸਚਿਨ ਨੂੰ ਗੇਂਦਬਾਜ਼ੀ ਦੀ ਬਜਾਏ ਬੱਲੇਬਾਜ਼ੀ ਉਤੇ ਹੀ ਧਿਆਨ ਕੇਂਦ੍ਰਿਤ ਰੱਖਣਾ ਚਾਹੀਦਾ ਹੈ। ਸਚਿਨ ਨੇ ਡੈਨਿਸ ਲਿੱਲੀ ਦੀ ਸਲਾਹ ਪੱਲੇ ਬੰਨ੍ਹ ਕੇ ਪੂਰਾ ਧਿਆਨ ਬੱਲੇਬਾਜ਼ੀ ‘ਤੇ ਹੀ ਲਗਾ ਦਿੱਤਾ। ਹਾਲਾਂਕਿ ਬੱਲੇਬਾਜ਼ ਵਜੋਂ ਸਥਾਪਿਤ ਹੋਣ ਤੋਂ ਬਾਅਦ ਸਚਿਨ ਨੇ ਤੇਜ ਗੇਂਦਬਾਜ਼ੀ ਦੀ ਬਜਾਏ ਸਪਿਨ ਗੇਂਦਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਵਿਚ ਉਸ ਨੂੰ ਸਫਲਤਾ ਵੀ ਮਿਲ਼ੀ। ਸਚਿਨ ਨੂੰ ਅਕਸਰ ਉਸ ਵੇਲ਼ੇ ਗੇਂਦਬਾਜ਼ੀ ਦੀ ਜਿੰਮੇਵਾਰੀ ਦਿੱਤੀ ਜਾਂਦੀ ਸੀ ਜਦੋਂ ਵਿਰੋਧੀ ਟੀਮ ਦੇ ਬੱਲੇਬਾਜ਼ਾਂ ਦੀ ਕੋਈ ਜੋੜੀ ਦੂਜੇ ਭਾਰਤੀ ਗੇਂਦਬਾਜ਼ਾਂ ਸਾਹਮਣੇ ਟਿਕ ਕੇ ਵੱਡੀ ਚੁਣੌਤੀ ਬਣ ਜਾਂਦੀ ਸੀ। ਅਜਿਹੇ ਮੌਕਿਆਂ ‘ਤੇ ਅਕਸਰ ਸਚਿਨ ਸਫਲ ਗੇਂਦਬਾਜ਼ ਸਾਬਿਤ ਹੁੰਦਾ ਸੀ ਤੇ ਕੌਮਾਂਤਰੀ ਕ੍ਰਿਕਟ ਵਿਚ ਉਹ 201 ਵਿਕਟਾਂ ਹਾਸਲ ਕਰ ਚੁੱਕਾ ਹੈ।
ਖੇਡ ਕੈਰੀਅਰ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਨਜ਼ਰ ਆ ਰਿਹਾ ਸੀ ਸਚਿਨ ਦਾ ਖੇਡ ਹੁਨਰ
11 ਸਾਲ ਦੀ ਉਮਰ ਵਿਚ ਸਚਿਨ ਨੇ ਸ਼ਰਦ-ਆਸ਼ਰਮ ਵਿਦਿਆ ਮੰਦਿਰ ਸਕੂਲ ਦੀ ਟੀਮ ਵਿਚ ਕ੍ਰਿਕਟ ਖੇਡਣੀ ਸ਼ੁਰੂ ਕੀਤੀ। 14 ਸਾਲ ਦੀ ਉਮਰ ਵਿਚ ਹੀ ਆਪਣੇ ਸਕੂਲ ਦੀ ਟੀਮ ਲਈ ਖੇਡਦਿਆਂ ਸਚਿਨ ਨੇ 329 ਦੌੜਾਂ ਦੀ ਬੇਮਿਸਾਲ ਪਾਰੀ ਖੇਡ ਕੇ ਕ੍ਰਿਕਟ ਵਿਚ ਆਪਣੇ ਸ਼ਾਨਦਾਰ ਭਵਿੱਖ ਦੀ ਨੀਂਹ ਰੱਖ ਦਿੱਤੀ ਸੀ। ਇਸ ਪਾਰੀ ਵਿਚ ਸਚਿਨ ਨੇ ਆਪਣੇ ਬਚਪਨ ਦੇ ਸਾਥੀ ਵਿਨੋਦ ਕਾਂਬਲੀ ਨਾਲ਼ ਕੁੱਲ 664 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਇਹ ਉਸ ਸਮੇਂ ਕ੍ਰਿਕਟ ਇਤਿਹਾਸ ਦਾ ਨਵਾਂ ਵਿਸ਼ਵ ਰਿਕਾਰਡ ਸੀ ਜੋ ਲਗਪਗ ਦੋ ਦਹਾਕੇ ਕਾਇਮ ਰਿਹਾ। ਇਸ ਤੋਂ ਇੱਕ ਸਾਲ ਬਾਅਦ ਹੀ ਬੰਬਈ ਦੀ ਟੀਮ ਵੱਲੋਂ ਰਣਜੀ ਟ੍ਰਾਫੀ ਵਿਚ ਆਪਣਾ ਪਹਿਲਾ ਮੈਚ ਖੇਡਦਿਆਂ ਸਚਿਨ ਨੇ ਸੈਂਕੜਾ ਬਣਾ ਕੇ ਪਹਿਲੇ ਹੀ ਮੈਚ ਵਿਚ ਸੈਂਕੜਾ ਬਣਾਉਣ ਵਾਲ਼ਾ ਪਹਿਲਾ ਭਾਰਤੀ ਖਿਡਾਰੀ ਹੋਣ ਦਾ ਮਾਣ ਹਾਸਲ ਕੀਤਾ। ਰਣਜੀ ਟ੍ਰਾਫੀ ਟੂਰਨਾਮੈਂਟ ਵਿਚ ਸਚਿਨ ਬੰਬਈ ਵੱਲੋਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲ਼ਾ ਖਿਡਾਰੀ ਰਿਹਾ। ਸਚਿਨ ਏਥੇ ਹੀ ਨਹੀਂ ਰੁਕਿਆ ਬਲਕਿ ਇਸ ਤੋਂ ਬਾਅਦ ਦੁਲੀਪ ਟ੍ਰਾਫੀ ਟੂਰਨਾਮੈਂਟ ਅਤੇ ਦਿਓਧਰ ਟ੍ਰਾਫੀ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚਾਂ ਵਿਚ ਵੀ ਉਸ ਨੇ ਸੈਂਕੜੇ ਬਣਾਏ। ਇਨ੍ਹਾਂ ਸ਼ੁਰੂਆਤੀ ਧੂੰਆਂਧਾਰ ਪਾਰੀਆਂ ਨੇ ਹੀ ਭਵਿੱਖ ਵਿਚ ਸਚਿਨ ਦੇ ਭਾਰਤੀ ਕ੍ਰਿਕਟ ਟੀਮ ਵਿਚ ਸ਼ਾਮਿਲ ਹੋਣਾ ਯਕੀਨੀ ਕਰ ਦਿੱਤਾ ਸੀ। ਇਨ੍ਹਾਂ ਪਾਰੀਆਂ ਨੇ ਹੀ ਭਾਰਤੀ ਕ੍ਰਿਕਟ ਟੀਮ ਦੇ ਚੋਣਕਾਰਾਂ ਦਾ ਧਿਆਨ ਖਿਚਿਆ ਤੇ ਅਗਲੇ ਸਾਲ ਹੀ ਉਸ ਨੂੰ ਭਾਰਤੀ ਟੀਮ ਦਾ ਸਭ ਤੋਂ ਛੋਟੀ ਉਮਰ ਦਾ ਮੈਂਬਰ ਬਣਾ ਦਿੱਤਾ ਗਿਆ। 15 ਨਵੰਬਰ 1989 ਨੂੰ 16 ਸਾਲ ਤੇ 205 ਦਿਨ ਦੀ ਉਮਰ ਵਿਚ ਕਰਾਚੀ ਵਿਖੇ ਪਾਕਿਸਤਾਨ ਵਿਰੁੱਧ ਸਚਿਨ ਨੇ ਆਪਣਾ ਪਹਿਲਾ ਕੌਮਾਂਤਰੀ ਟੈਸਟ ਮੈਚ ਖੇਡਿਆ। ਹਾਲਾਂਕਿ ਉਸ ਨੂੰ ਇਸ ਤੋਂ ਪਹਿਲਾਂ ਵੈਸਟ ਇੰਡੀਜ ਦੌਰੇ ਲਈ ਵੀ ਭਾਰਤੀ ਟੀਮ ਵਿਚ ਸ਼ਾਮਿਲ ਕਰਨ ਦਾ ਫੈਸਲਾ ਲਗਪਗ ਹੋ ਹੀ ਗਿਆ ਸੀ ਪਰ ਐਨ ਆਖਰੀ ਸਮੇਂ ਕੁੱਝ ਖੇਡ ਮਾਹਿਰਾਂ ਦੀ ਰਾਏ ‘ਤੇ ਸਚਿਨ ਨੂੰ ਟੀਮ ਵਿਚ ਨਾ ਲਿਆ ਗਿਆ। ਖੇਡ ਮਾਹਿਰਾਂ ਦੀ ਰਾਏ ਸੀ ਕਿ ਏਨੀ ਛੋਟੀ ਉਮਰ ਵਿਚ ਵੈਸਟ ਇੰਡੀਜ ਦੇ ਤੇਜ ਗੇਂਦਬਾਜ਼ਾਂ ਦਾ ਸਾਮਹਣਾ ਕਰਨਾ ਸਚਿਨ ਲਈ ਸੌਖਾ ਨਹੀਂ ਹੋਵੇਗਾ ਅਤੇ ਇਸ ਤਰਾਂ ਦਾ ਦਬਾਅ ਉਸ ਦੇ ਭਵਿੱਖ ‘ਤੇ ਵੀ ਬੁਰਾ ਅਸਰ ਪਾ ਸਕਦਾ ਹੈ।
ਟੈਸਟ ਦੇ ਮੁਕਾਬਲੇ ਸਚਿਨ ਨੂੰ ਇੱਕ ਦਿਨਾ ਮੈਚਾਂ ਵਿਚ ਦੇਰ ਨਾਲ਼ ਮਿਲ਼ੀ ਸੀ ਸਫਲਤਾ
ਟੈਸਟ ਮੈਚਾਂ ਦੇ ਮੁਕਾਬਲੇ ਸਚਿਨ ਨੂੰ ਇੱਕ ਰੋਜ਼ਾ ਮੈਚਾਂ ਵਿਚ ਸਫਲਤਾ ਬਹੁਤ ਦੇਰ ਨਾਲ਼ ਮਿਲ਼ੀ ਸੀ। ਕੌਮਾਂਤਰੀ ਕ੍ਰਿਕਟ ਵਿਚ ਸ਼ੁਰੂਆਤ ਦੇ ਦੂਜੇ ਹੀ ਸਾਲ ਮਾਨਚੈਸਟਰ ਦੇ ਓਲਡ ਟ੍ਰੈਫੋਰਡ ਮੈਦਾਨ ਵਿਚ ਇੰਗਲੈਂਡ ਵਿਰੁਧ ਟੈਸਟ ਮੈਚ ਦੌਰਾਨ ਆਪਣਾ ਪਹਿਲਾ ਸੈਂਕੜਾ ਬਣਾ ਕੇ ਸਚਿਨ ਅਜਿਹਾ ਕਰਨ ਵਾਲ਼ਾ ਦੁਨੀਆਂ ਦਾ ਦੂਜਾ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਬਣ ਗਿਆ ਸੀ। ਇਸ ਦੇ ਅਗਲੇ ਹੀ ਸਾਲ ਆਸਟ੍ਰੇਲੀਆ ਦੌਰੇ ਦੌਰਾਨ ਸਚਿਨ ਨੇ ਸਿਡਨੀ ਅਤੇ ਪਰਥ ਵਿਖੇ ਹੋਏ ਟੈਸਟ ਮੈਚਾਂ ਵਿਚ 2 ਸੈਂਕੜੇ ਬਣਾ ਕੇ ਆਸਟ੍ਰੇਲੀਆ ਵਿਚ ਵੀ ਸਭ ਤੋਂ ਛੋਟੀ ਉਮਰ ਦੇ ਖਿਡਾਰੀ ਵੱਲੋਂ ਸੈਂਕੜਾ ਬਣਾਉਣ ਦਾ ਮਾਣ ਹਾਸਲ ਕੀਤਾ। ਪਰ ਇੱਕ ਦਿਨਾ ਮੈਚਾਂ ਵਿਚ ਆਪਣਾ ਪਹਿਲਾ ਸੈਂਕੜਾ ਬਣਾਉਣ ਲਈ ਸਚਿਨ ਨੂੰ 5 ਸਾਲ ਉਡੀਕ ਕਰਨੀ ਪਈ। 1989 ਤੋਂ 1994 ਤੱਕ 5 ਸਾਲਾਂ ਦੌਰਾਨ ਖੇਡੇ 78 ਇੱਕ ਦਿਨਾ ਮੈਚਾਂ ਵਿਚ ਸਚਿਨ ਕੋਈ ਵੀ ਸੈਂਕੜਾ ਨਾ ਬਣਾ ਸਕਿਆ। ਅਖੀਰ 9 ਸਤੰਬਰ 1994 ਨੂੰ ਕੋਲੰਬੋ ਵਿਖੇ ਖੇਡੇ ਇੱਕ ਦਿਨਾ ਮੈਚ ਦੌਰਾਨ ਆਸਟ੍ਰੇਲੀਆ ਵਿਰੁੱਧ ਖੇਡਦਿਆਂ ਸਚਿਨ ਨੇ ਆਪਣਾ ਪਹਿਲਾ ਇੱਕ ਦਿਨਾ ਸੈਂਕੜਾ ਬਣਾਇਆ। ਦੱਸਣਯੋਗ ਹੈ ਕਿ ਟੈਸਟ ਕ੍ਰਿਕਟ ਵਿਚ ਸਚਿਨ ਨੇ 51 ਅਤੇ ਇੱਕ ਦਿਨਾ ਮੈਚਾਂ ਵਿਚ 49 ਸੈਂਕੜੇ ਬਣਾਏ ਹਨ। ਹਾਲਾਂਕਿ ਬਾਅਦ ਵਿਚ ਇੱਕ ਦਿਨਾ ਮੈਚਾਂ ਵਿਚ ਵੀ ਉਸ ਨੇ ਕਈ ਵਿਸ਼ਵ ਰਿਕਾਰਡ ਕਾਇਮ ਕੀਤੇ। ਇੱਕ ਦਿਨਾ ਮੈਚਾਂ ਵਿਚ ਦੂਹਰਾ ਸੈਂਕੜਾ ਬਣਾਉਣ ਵਾਲ਼ਾ ਸਚਿਨ ਦੁਨੀਆਂ ਦਾ ਪਹਿਲਾ ਬੱਲੇਬਾਜ਼ ਹੈ।
ਸਚਿਨ ਦੇ ਨਾਂਅ ਦਰਜ ਹੈ ਰਿਕਾਰਡਾਂ ਦੀ ਲੰਮੀ ਸੂਚੀ
ਹੁਣ ਤੱਕ ਦੇ ਕ੍ਰਿਕਟ ਇਤਿਹਾਸ ਵਿਚ ਸਭ ਤੋਂ ਵੱਧ ਰਿਕਾਰਡ ਸਚਿਨ ਤੇਂਦੂਲਕਰ ਦੇ ਹੀ ਨਾਂਅ ‘ਤੇ ਦਰਜ ਹਨ। ਇਨ੍ਹਾਂ ਵਿਚੋਂ ਸਭ ਤੋਂ ਮੁੱਖ ਹੈ ਕੌਮਾਂਤਰੀ ਕ੍ਰਿਕਟ ਵਿਚ 100 ਵਾਰ ਸੈਂਕੜੇ ਬਣਾਉਣਾ। ਦਿਲਚਸਪ ਤੱਥ ਇਹ ਵੀ ਹੈ ਕਿ ਸਚਿਨ ਏਨੀ ਜਿਆਦਾ ਵਾਰ 90 ਤੋਂ 99 ਦੌੜਾਂ ਦੇ ਸਕੋਰ ‘ਤੇ ਆਊਟ ਹੋਇਆ ਕਿ ਕਮੈਂਟੇਟਰ ਤੇ ਖੇਡ ਟਿੱਪਣੀਕਾਰ ਇਸ ਨੂੰ ‘ਨਰਵਸ 90’ ਨਾਂਅ ਨਾ਼ਲ ਚਰਚਾ ਕਰਦੇ ਰਹੇ ਹਨ। ਜੇਕਰ ਇਨ੍ਹਾਂ ਮੌਕਿਆਂ ‘ਤੇ ਸਚਿਨ ਸੈਂਕੜਾ ਬਣਾਉਣ ਤੋਂ ਨਾ ਖੁੰਝਦਾ ਤਾਂ ਯਕੀਨਨ ਉਸਦੇ ਸੈਂਕੜਿਆਂ ਦੀ ਗਿਣਤੀ 150 ਤੋਂ ਟੱਪ ਜਾਣੀ ਸੀ। ਸਚਿਨ ਨੇ ਆਪਣੇ 24 ਸਾਲ ਦੇ ਖੇਡ ਕੈਰੀਅਰ ਦੌਰਾਨ ਕੌਮਾਂਤਰੀ ਕ੍ਰਿਕਟ ਵਿਚ ਕੁੱਲ 664 ਮੈਚ ਖੇਡੇ ਹਨ ਜਿਨ੍ਹਾਂ ਵਿਚੋਂ 76 ਵਾਰ ਉਸਨੂੰ ਪਲੇਅਰ ਆਫ ਦਾ ਮੈਚ ਦੇ ਖਿਤਾਬ ਮਿਲ਼ੇ। ਇਨ੍ਹਾਂ ਵਿਚੋਂ ਟੈਸਟ ਮੈਚਾਂ ਵਿਚ 14 ਅਤੇ ਇੱਕ ਦਿਨਾਂ ਮੈਚਾਂ ਵਿਚ 62 ਖਿਤਾਬ ਸ਼ਾਮਿਲ ਹਨ। ਸਚਿਨ ਦੁਨੀਆਂ ਵਿਚ ਸਭ ਤੋਂ ਵੱਧ 200 ਟੈਸਟ ਮੈਚ ਖੇਡਣ ਵਾਲ਼ਾ ਇੱਕੋ ਇੱਕ ਖਿਡਾਰੀ ਹੈ। ਸੌਰਵ ਗਾਂਗੁਲੀ ਨਾਲ਼ ਮਿਲ਼ ਕੇ ਸਲਾਮੀ ਬੱਲੇਵਾਜ਼ ਜੋੜੀ ਵਜੋਂ 176 ਮੈਚਾਂ ਵਿਚ 8227 ਦੌੜਾਂ ਬਣਾਉਣ ਦੇ ਨਾਲ਼ ਨਾਲ਼ ਇਸ ਸਾਂਝੇਦਾਰੀ ਦੌਰਾਨ 20 ਸੈਂਕੜੇ ਬਣਾਉਣ ਦਾ ਰਿਕਾਰਡ ਵੀ ਸਚਿਨ ਦੇ ਨਾਂਅ ਹੈ। ਆਸਟ੍ਰੇਲੀਆ ਵਿਰੁੱਧ 11 ਟੈਸਟ ਸੈਂਕੜੇ ਬਣਾ ਕੇ ਸਚਿਨ ਨੇ 70 ਸਾਲ ਪੁਰਾਣੇ ਜੈਕ ਹੌਬਸ ਦੇ ਰਿਕਾਰਡ ਦੀ ਬਰਾਬਰੀ ਕੀਤੀ। ਆਪਣੇ 100 ਵਿਚੋਂ 49 ਸੈਂਕੜੇ ਸਚਿਨ ਨੇ ਦੁਨੀਆਂ ਦੀਆਂ ਚੋਟੀ ਦੀਆਂ ਟੀਮਾਂ ਆਸਟ੍ਰੇਲੀਆ, ਸ੍ਰੀਲੰਕਾ ਅਤੇ ਦੱਖਣੀ ਅਫਰੀਕਾ ਵਿਰੁੱਧ ਬਣਾਏ ਹਨ।
1998 ਵਿਚ ਇੱਕ ਸਾਲ ਦੌਰਾਨ ਸਚਿਨ ਨੇ 34 ਇੱਕ ਦਿਨਾ ਮੈਚਾਂ ਵਿਚ 1894 ਦੌੜਾਂ ਬਣਾ ਕੇ ਵਿਸ਼ਵ ਰਿਕਾਰਡ ਕਾਇਮ ਕੀਤਾ ਜੋ ਕਿ ਆਪਣੇ ਕੈਰੀਅਰ ਦੇ ਬਾਕੀ 15 ਸਾਲਾਂ ਦੌਰਾਨ ਉਹ ਖੁਦ ਵੀ ਤੋੜ ਨਹੀਂ ਸਕਿਆ। ਇੱਕ ਦਿਨਾ ਮੈਚਾਂ ਵਿਚ ਇੱਕ ਸਾਲ ਦੌਰਾਨ 5 ਵਾਰ 1000 ਤੋਂ ਵੱਧ ਦੌੜਾਂ ਬਣਾਉਣ ਦਾ ਕਾਰਨਾਮਾ ਵੀ ਸਚਿਨ ਨੇ ਹੀ ਕੀਤਾ। ਕੌਮਾਂਤਰੀ ਕ੍ਰਿਕਟ ਵਿਚ 2016 ਚੌਕੇ ਮਾਰਨ ਵਾਲ਼ਾ ਵੀ ਸਚਿਨ ਦੁਨੀਆਂ ਦਾ ਇੱਕੋ ਇੱਕ ਖਿਡਾਰੀ ਹੈ। ਸਚਿਨ ਦਾ ਇਹ ਰਿਕਾਰਡ ਵੀ ਨੇੜ ਭਵਿੱਖ ਵਿਚ ਟੁੱਟਣ ਦੀ ਕੋਈ ਸੰਭਾਵਨਾ ਨਹੀਂ ਕਿਉਂਕਿ ਮੌਜੂਦਾ ਖਿਡਾਰੀਆਂ ਵਿਚੋਂ ਵਿਰਾਟ ਕੋਹਲੀ ਦੇ ਚੌਕਿਆਂ ਦੀ ਗਿਣਤੀ ਹਾਲੇ 1400 ਤੋਂ ਵੀ ਬਹੁਤ ਹੇਠਾਂ ਹੈ।
2013 ਵਿਚ ਕੌਮਾਂਤਰੀ ਕ੍ਰਿਕਟ ਤੋਂ ਰਿਟਾਇਰਮੈਂਟ ਸਮੇਂ ਸਚਿਨ ਭਾਰਤ ਦਾ ਇੱਕੋ ਇੱਕ ਖਿਡਾਰੀ ਸੀ ਜਿਸ ਨੇ 5 ਵਾਰ ਇੱਕ ਸਾਲ ‘ਚ 2000 ਤੋਂ ਵੱਧ ਦੌੜਾਂ ਬਣਾਈਆਂ। ਹਾਲਾਂਕਿ ਸਚਿਨ ਦਾ ਇਹ ਰਿਕਾਰਡ ਜਲਦੀ ਹੀ ਭਾਰਤ ਦੀ ਦੌੜ ਮਸ਼ੀਨ ਵਜੋਂ ਜਾਣੇ ਜਾਂਦੇ ਵਿਰਾਟ ਕੋਹਲੀ ਨੇ 7 ਵਾਰ ਅਜਿਹਾ ਕਰਕੇ ਤੋੜ ਦਿੱਤਾ। ਹਾਲਾਂਕਿ ਏਨੀ ਸ਼ਾਨਦਾਰ ਖੇਡ ਦੇ ਬਾਵਜੂਦ ਵੀ ਸਚਿਨ ਕ੍ਰਿਕਟ ਇਤਿਹਾਸ ਦੇ ਮਹਾਨਤਮ ਖਿਡਾਰੀ ਡਾਨ ਬਰੈਡਮੈਨ ਦੇ ਬਹੁਤੇ ਰਿਕਾਰਡਾਂ ਦੀ ਬਰਾਬਰੀ ਨਹੀਂ ਕਰ ਸਕਿਆ।
ਖਰਾਬ ਕਾਰਗੁਜਾਰੀ ਤੇ ਨੁਕਤਾਚੀਨੀ ਤੋਂ ਨਿਰਾਸ਼ ਹੋ ਕੇ ਰਿਟਾਇਰਮੈਂਟ ਦਾ ਇਰਾਦਾ ਕਰ ਲਿਆ ਸੀ ਸਚਿਨ ਨੇ
ਕੌਮਾਂਤਰੀ ਕ੍ਰਿਕਟ ਵਿਚ ਸ਼ਾਨਦਾਰ ਖੇਡ ਰਾਹੀਂ ਰਿਕਾਰਡਾਂ ਦੇ ਢੇਰ ਲਾਉਣ ਵਾਲ਼ੇ ਸਚਿਨ ਨੇ 2005 ਵਿਚ ਸ੍ਰੀਲੰਕਾ ਵਿਰੁੱਧ ਖੇਡਦਿਆਂ 35ਵਾਂ ਟੈਸਟ ਸੈਂਕੜਾ ਬਣਾਇਆ। ਪਰ ਇਸ ਤੋਂ ਅਗਲੇ 2 ਸਾਲ ਲਗਾਤਾਰ ਉਸ ਦੀ ਕਾਰਗੁਜਾਰੀ ਖਰਾਬ ਰਹੀ। 2007 ਵਿਚ ਜਦੋਂ ਭਾਰਤੀ ਟੀਮ ਵਿਸ਼ਵ ਕ੍ਰਿਕਟ ਕੱਪ ਟੂਰਨਾਮੈਂਟ ਦੇ ਮੁੱਢਲੇ ਦੌਰ ਵਿਚੋਂ ਹੀ ਬਾਹਰ ਹੋ ਗਈ ਤਾਂ ਨਿਰਾਸ਼ ਹੋ ਕੇ ਸਚਿਨ ਨੇ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਇਰਾਦਾ ਕਰ ਲਿਆ ਸੀ। ਇਹ ਉਹ ਸਮਾਂ ਸੀ ਜਦੋਂ ਸਚਿਨ ਦੇ ਲਗਾਤਾਰ ਹੇਠਾਂ ਵੱਲ ਜਾ ਰਹੇ ਗ੍ਰਾਫ਼ ਕਾਰਨ ਮੀਡੀਆ ਵਿਚ ਅਕਸਰ ਉਸ ਦੀ ਮਾੜੀ ਕਾਰਗੁਜਾਰੀ ਉਤੇ ਸਵਾਲ ਚੁੱਕਦਿਆਂ ਉਸ ਨੂੰ 18 ਸਾਲ ਦਾ ਆਪਣਾ ਖੇਡ ਕੈਰੀਅਰ ਸਮਾਪਤ ਕਰਨ ਦੀਆਂ ਸਲਾਹਾਂ ਦਿੱਤੀਆਂ ਜਾਂਦੀਆਂ ਸਨ। ਚਾਰ ਚੁਫੇਰਿਓਂ ਹੋ ਰਹੀ ਨੁਕਤਾਚੀਨੀ ਤੋਂ ਨਿਰਾਸ਼ ਹੋ ਕੇ ਸਚਿਨ ਨੇ ਵੀ ਰਿਟਾਇਰਮੈਂਟ ਦਾ ਮਨ ਬਣਾ ਲਿਆ ਸੀ। ਪਰ ਉਸ ਵੱਲੋਂ ਐਲਾਨ ਕਰਨ ਤੋਂ ਪਹਿਲਾਂ ਹੀ ਦੁਨੀਆਂ ਦੇ ਚੋਟੀ ਦੇ ਬੱਲੇਬਾਜ ਵਿਵ ਰਿਚਰਡਜ ਨੂੰ ਇਸ ਦੀ ਭਿਣਕ ਪੈ ਗਈ ਅਤੇ ਉਸ ਨੇ ਸਚਿਨ ਨਾਲ਼ ਗੱਲਬਾਤ ਕਰਕੇ ਉਸ ਖੇਡ ਜਾਰੀ ਰੱਖਣ ਲਈ ਮਨਾ ਲਿਆ। ਇਸ ਤੋਂ ਬਾਅਦ ਸਚਿਨ ਨੇ ਸ਼ਾਨਦਾਰ ਵਾਪਸੀ ਕਰਦਿਆਂ ਸੈਂਕੜਿਆਂ ਅਤੇ ਨਵੇਂ ਰਿਕਾਰਡਾਂ ਦੀ ਝੜੀ ਲਾ ਦਿੱਤੀ। ਪਹਿਲਾਂ ਜਿੱਥੇ 18 ਸਾਲਾਂ ਵਿਚ ਉਸ ਨੇ 35 ਟੈਸਟ ਸੈਂਕੜੇ ਬਣਾਏ ਸਨ, ਓਥੇ ਕੈਰੀਅਰ ਦੇ ਆਖਰੀ 4 ਸਾਲਾਂ ਵਿਚ 16 ਸੈਂਕੜੇ ਬਣਾ ਕੇ ਟੈਸਟ ਸੈਂਕੜਿਆਂ ਦੀ ਗਿਣਤੀ 51 ਕਰ ਦਿੱਤੀ।
ਸਚਿਨ ਦੀ ਪਤਨੀ, ਬੱਚੇ ਅਤੇ ਨੈਟਵਰਥ
ਛੋਟੀ ਉਮਰ ਵਿਚ ਕੌਮਾਂਤਰੀ ਕ੍ਰਿਕਟ ਵਿਚ ਪੈਰ ਧਰਨ ਵਾਲ਼ੇ ਸਚਿਨ ਨੇ ਵਿਆਹ ਵੀ ਜਲਦੀ ਹੀ ਕਰਵਾ ਲਿਆ ਸੀ। 1995 ਵਿਚ 22 ਸਾਲ ਦੀ ਉਮਰ ਵਿਚ ਹੀ ਉਸ ਨੇ ਦਿਲ ਦੇ ਰੋਗਾਂ ਦੀ ਡਾਕਟਰ ਅੰਜਲੀ ਨੂੰ ਆਪਣੀ ਜੀਵਨ ਸਾਥਣ ਬਣਾ ਲਿਆ ਤੇ ਦੋਵਾਂ ਦੇ 2 ਬੱਚੇ ਹਨ। ਬੇਟਾ ਅਰਜਨ ਤੇਂਦੂਲਕਰ ਅਤੇ ਬੇਟੀ ਸਾਰਾ ਤੇਂਦੂਲਕਰ। ਡਾਕਟਰ ਅੰਜਲੀ ਗੁਜਰਾਤੀ ਹੈ ਤੇ ਉਸ ਨੇ ਸਚਿਨ ਨਾਲ਼ ਵਿਆਹ ਤੋਂ ਬਾਅਦ ਆਪਣਾ ਡਾਕਟਰੀ ਦਾ ਪੇਸ਼ਾ ਤਿਆਗ ਦਿੱਤਾ ਸੀ। ਸਚਿਨ ਦੀ ਕੁੱਲ ਨੈਟਵਰਥ ਇਸ ਵੇਲ਼ੇ 170 ਮਿਲੀਅਨ ਅਮਰੀਕੀ ਡਾਲਰ ਅਥਵਾ 1250 ਕਰੋੜ ਰੁਪਏ ਦੱਸੀ ਗਈ ਹੈ।
200 ਲੋੜਵੰਦ ਬੱਚਿਆਂ ਨੂੰ ਹਰ ਸਾਲ ਸਿੱਖਿਆ ਦਿਵਾਉਂਦਾ ਹੈ ਸਚਿਨ
2011 ਵਿਚ ਕੋਕਾ ਕੋਲਾ ਕੰਪਨੀ ਨਾਲ਼ ਮਿਲ ਕੇ ਸਚਿਨ ਨੇ ਮੁਲਕ ਦੇ ਸਰਕਾਰੀ ਸਕੂਲਾਂ ਵਿਚ ਪਖਾਨੇ ਬਣਾਉਣ ਵਾਸਤੇ 7 ਕਰੋੜ ਰੁਪਏ ਦਾ ਫੰਡ ਇਕੱਠਾ ਕਰਕੇ ਦਿੱਤਾ। ਇਸ ਦੇ ਨਾਲ਼ ਹੀ ਸਚਿਨ ਨੇ ਐਲਾਨ ਕੀਤਾ ਕਿ ਉਹ ਹਰ ਸਾਲ 200 ਲੋੜਵੰਦ ਬੱਚਿਆਂ ਨੂੰ ਸਿੱਖਿਆ ਵਾਸਤੇ ਵਿੱਤੀ ਮੱਦਦ ਦਿਆ ਕਰੇਗਾ। 2011 ਤੋਂ ਉਹ ਮੁੰਬਈ ਦੀ ਇਕ ਸਮਾਜ ਸੇਵੀ ਸੰਸਥਾ ‘ਅਪਨਾਲਿਆ’ ਨਾਲ਼ ਮਿਲ ਕੇ ਹਰ ਸਾਲ 200 ਲੋੜਵੰਦ ਬੱਚਿਆਂ ਨੂੰ ਵਿੱਤੀ ਸਹਾਇਤਾ ਦਿੰਦਾ ਆ ਰਿਹਾ ਹੈ। ਇਸ ਤੋਂ ਇਲਾਵਾ ਕੁਦਰਤੀ ਆਫਤਾਂ ਸਮੇਂ ਵੀ ਉਹ ਖੁੱਲ੍ਹੇ ਦਿਲ ਨਾਲ਼ ਪ੍ਰਧਾਨ ਮੰਤਰੀ ਰਾਹਤ ਫੰਡ ਵਿਚ ਦਾਨ ਦਿੰਦਾ ਹੈ। ਜਦੋਂ ਭਾਰਤ ਸਰਕਾਰ ਨੇ ਉਸ ਨੂੰ ਰਾਜ ਸਭਾ ਲਈ ਨਾਮਜਦ ਕੀਤਾ ਸੀ ਤਾਂ 6 ਸਾਲ ਦੇ ਸਮੇਂ ਦੀ ਸਾਰੀ ਤਨਖਾਹਾਂ ਦੀ ਰਕਮ ਵੀ ਸਚਿਨ ਨੇ ਪ੍ਰਧਾਨ ਮੰਤਰੀ ਰਾਹਤ ਫੰਡ ਵਿਚ ਦਾਨ ਕਰ ਦਿੱਤੀ ਸੀ।
ਸਚਿਨ ਨੂੰ ਮਿਲੇ਼ ਮਾਨ ਸਨਮਾਨਾਂ ਦੀ ਸੂਚੀ ਵੀ ਉਸ ਦੇ ਰਿਕਾਰਡਾਂ ਵਾਂਗ ਹੀ ਲੰਮੀ ਹੈ
ਖੇਡ ਪ੍ਰਾਪਤੀਆਂ ਸਦਕਾ ਸਚਿਨ ਨੂੰ ਮਿਲੇ ਮਾਨ ਸਨਮਾਨਾਂ ਦੀ ਸੂਚੀ ਵੀ ਉਸ ਦੇ ਖੇਡ ਰਿਕਾਰਡਾਂ ਵਾਂਗ ਹੀ ਲੰਮੀ ਹੈ। ਭਾਰਤੀ ਹਵਾਈ ਸੈਨਾ ਵੱਲੋਂ ਸਚਿਨ ਨੂੰ ਆਨਰੇਰੀ ਗਰੁੱਪ ਕੈਪਟਨ ਦਾ ਰੁਤਬਾ ਦੇ ਕੇ ਨਿਵਾਜਿਆ ਗਿਆ। ਅਰਜਨ ਐਵਾਰਡ, ਪਦਮਸ਼੍ਰੀ, ਪਦਮ ਵਿਭੂਸ਼ਨ, ਖੇਲ ਰਤਨ ਐਵਾਰਡ, ਭਾਰਤ ਦਾ ਸਭ ਤੋਂ ਵੱਡਾ ਸਿਵਲ ਐਵਾਰਡ ‘ਭਾਰਤ ਰਤਨ’ ਆਦਿ ਨਾਲ਼ ਸਚਿਨ ਦਾ ਸਨਮਾਨ ਕੀਤਾ ਗਿਆ। ਸਚਿਨ ਭਾਰਤ ਦਾ ਇੱਕੋ ਇੱਕ ਖਿਡਾਰੀ ਹੈ ਜਿਸ ਨੂੰ ਭਾਰਤ ਰਤਨ ਤੇ 2 ਪਦਮ ਐਵਾਰਡ ਦਿੱਤੇ ਗਏ ਹਨ। ਆਸਟ੍ਰੇਲੀਆ ਸਰਕਾਰ ਵੱਲੋਂ ਸਚਿਨ ਨੂੰ ਉਥੋਂ ਦਾ ਵੱਡਾ ਸਨਮਾਨ ‘ਆਰਡਰ ਆਫ ਆਸਟ੍ਰੇਲੀਆ’ ਭੇਂਟ ਕੀਤਾ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ‘ਜਿੰਦਗੀ ਭਰ ਦੀਆਂ ਪ੍ਰਾਪਤੀਆਂ ਲਈ ਸੀ. ਕੇ. ਨਾਇਡੂ ਟ੍ਰਾਫੀ’, ਕ੍ਰਿਕਟ ਅੰਕੜਿਆਂ ਦਾ ਰਿਕਾਰਡ ਰੱਖਣ ਵਾਲ਼ੀ ਕੌਮਾਂਤਰੀ ਸੰਸਥਾ ‘ਵਿਸ਼ਡਨ’ (Wisden) ਵੱਲੋਂ ਉਸ ਨੂੰ ਵਿਸ਼ਵ ਦਾ ਮੋਹਰੀ ਖਿਡਾਰੀ ਅਤੇ ਕੌਮਾਂਤਰੀ ਕ੍ਰਿਕਟ ਕੌਂਸਲ ਵੱਲੋਂ ‘ਸਰ ਗਾਰਫੀਲਡ ਸੋਬਰਸ ਟ੍ਰਾਫੀ’ ਤੋਂ ਇਲਾਵਾ ਆਈ ਸੀ ਸੀ ਕ੍ਰਿਕਟ ਹਾਲ ਆਫ ਫੇਮ’ ਸਮੇਤ ਅਨੇਕਾਂ ਹੋਰ ਮਾਣ ਸਨਮਾਨ ਦਿੱਤੇ ਗਏ ਹਨ। ਸ਼ਾਰਜਾਹ ਕ੍ਰਿਕਟ ਸਟੇਡੀਅਮ ਦੇ ਪੱਛਮੀ ਸਟੈਂਡ ਨੂੰ ‘ਸਚਿਨ ਤੇਂਦੂਲਕਰ ਸਟੈਂਡ’ ਦਾ ਨਾਂਅ ਦਿੱਤਾ ਗਿਆ ਹੈ। ਸਿਡਨੀ ਕ੍ਰਿਕਟ ਮੈਦਾਨ ਵਿਚ ਬਰਿਆਨ ਲਾਰਾ ਦੇ ਨਾਲ਼ ਸਚਿਨ ਦੇ ਨਾਂਅ ਦਾ ਗੇਟ ਬਣਾਇਆ ਗਿਆ ਹੈ।