
ਸਪੋਰਟਸ ਪਰਲਜ, 30 ਅਪ੍ਰੈਲ 2025 : IPL ਦੇ ਪਿਛਲੇ 17 ਟੂਰਨਾਮੈਂਟਾਂ ਵਿਚ ਕੁੱਲ 95 ਸੈਂਕੜੇ ਬਣਾਏ ਗਏ ਹਨ। ਇਨ੍ਹਾਂ ਵਿਚ ਇੱਕ ਟੂਰਨਾਮੈਂਟ ਦੌਰਾਨ ਸਭ ਤੋਂ ਵੱਧ 4-4 ਸੈਂਕੜੇ ਬਣਾਉਣ ਦਾ ਰਿਕਾਰਡ ਭਾਰਤ ਦੇ ਵਿਰਾਟ ਕੋਹਲੀ ਅਤੇ ਜੌਸ ਬਟਲਰ ਦੇ ਨਾਂਅ ਹੈ। ਕੋਹਲੀ ਨੇ ਆਈਪੀਐਲ-2016 ਜਦਕਿ ਬਟਲਰ ਨੇ 2022 ਦੌਰਾਨ 4-4 ਸੈਂਕੜੇ ਬਣਾਏ ਸਨ। 2009 ਦੇ ਦੂਜੇ ਟੂਰਨਾਮੈਂਟ ਦੌਰਾਨ ਸਿਰਫ ਮਨੀਸ਼ ਪਾਂਡੇ ਹੀ ਇੱਕੋ ਇੱਕ ਸੈਂਕੜਾ ਬਣਾ ਸਕਿਆ ਸੀ।
2008 ਦੇ ਪਹਿਲੇ ਆਈਪੀਐਲ ਟੂਰਨਾਮੈਂਟ ਦੌਰਾਨ ਸੈਂਕੜੇ ਬਣਾਉਣ ਵਾਲ਼ੇ ਸਾਰੇ 6 ਖਿਡਾਰੀ ਵਿਦੇਸ਼ੀ ਸਨ। ਪੰਜਾਬ ਕਿੰਗਜ ਦੇ ਸਾਉਨ ਮਾਰਸ਼ ਨੇ 11 ਮੈਚਾਂ ਵਿਚ ਇੱਕ ਸੈਂਕੜਾ, 5 ਅਰਧ ਸੈਂਕੜੇ, 59 ਚੌਕੇ ਤੇ 26 ਛੱਕਿਆਂ ਦੀ ਮੱਦਦ ਨਾਲ਼ ਕੁੱਲਡ 616 ਦੌੜਾਂ ਬਣਾਈਆਂ। ਦੂਜੇ ਸਥਾਨ ‘ਤੇ ਮੁੰਬਈ ਇੰਡੀਅਨ ਦੀ ਟੀਮ ਲਈ ਖੇਡ ਰਿਹਾ ਸ੍ਰੀਲੰਕਾ ਦਾ ਜੈਸੂਰਿਆ ਸੀ ਜਿਸ ਨੇ 14 ਮੈਚਾਂ ਵਿਚ ਇੱਕ ਸੈਂਕੜਾ, 2 ਅਰਧ ਸੈਂਕੜੇ, 58 ਚੌਕੇ ਅਤੇ 31 ਛੱਕਿਆਂ ਦੀ ਮੱਦਦ ਨਾਲ਼ 518 ਦੌੜਾਂ ਬਣਾਈਆਂ। ਤੀਜੇ ਸਥਾਨ ਤੇ ਪੰਜਾਬ ਕਿੰਗਜ ਦਾ ਐਡਮ ਗਿਲਕ੍ਰਿਸਟ ਸੀ ਜਿਸ ਨੇ 14 ਮੈਚਾਂ ਦੌਰਾਨ 1 ਸੈਂਕੜਾ, 3 ਅਰਧ ਸੈਂਕੜੇ, 51 ਚੌਕੇ ਤੇ 19 ਛੱਕਿਆਂ ਦੀ ਮੱਦਦ ਨਾਲ਼ 436 ਦੌੜਾਂ ਬਣਾਈਆਂ। ਚੌਥਾ ਖਿਡਾਰੀ ਸੀ ਕੋਲਕਾਤਾ ਨਾਈਟ ਰਾਈਡਰ ਦਾ ਬਰੈਂਡਨ ਮੈਕਕੁਲਮ ਜਿਸ ਨੇ ਸਿਰਫ 4 ਮੈਚਾਂ ਵਿਚ 1 ਸੈਂਕੜਾ, 13 ਚੌਕੇ ਤੇ 15 ਛੱਕਿਆਂ ਨਾਲ਼ 188 ਦੌੜਾਂ ਬਣਾਈਆਂ। ਪੰਜਵਾਂ ਖਿਡਾਰੀ ਚੇਨਈ ਸੁਪਰਕਿੰਗਜ ਦਾ ਮਾਈਕਲ ਹੱਸੀ ਜਿਸ ਨੇ 2 ਮੈਚਾਂ ਵਿਚ ਇੱਕ ਸੈਂਕੜਾ, 12 ਚੌਕੇ ਤੇ 11 ਛੱਕਿਆਂ ਨਾਲ਼ 168 ਦੌੜਾਂ ਬਣਾਈਆਂ। ਛੇਵਾਂ ਖਿਡਾਰੀ ਦਿੱਲੀ ਟੀਮ ਦਾ ਐਂਡਰਿਊ ਸਾਈਮੰਡ ਜਿਸ ਨੇ 4 ਮੈਚਾਂ ਵਿਚ 1 ਸੈਂਕੜਾ, 15 ਚੌਕੇ ਤੇ 9 ਛੱਕਿਆਂ ਨਾਲ਼ 161 ਦੌੜਾਂ ਬਣਾਈਆਂ ਸਨ।
2009 ਦੇ ਦੂਜੇ IPL ਟੂਰਨਾਮੈਂਟ ਦੌਰਾਨ ਸਿਰਫ ਇੱਕ ਖਿਡਾਰੀ ਹੀ ਸੈਂਕੜਾ ਬਣਾ ਸਕਿਆ। ਇਹ ਖਿਡਾਰੀ ਸੀ ਰੌਇਲ ਚੈਂਲੇਂਜ ਬੈਂਗਲੌਰ ਦਾ ਮਨੀਸ਼ ਪਾਂਡੇ ਜਿਸ ਨੇ 5 ਮੈਚਾਂ ਦੌਰਾਨ ਇੱਕ ਵਿਚ ਅਜੇਤੂ 114 ਦੌੜਾਂ ਬਣਾਈਆਂ। ਸੁਰੇਸ਼ ਰੈਣਾ ਇਸ ਟੂਰਨਾਮੈਂਟ ਵਿਚ ਸਿਰਫ 2 ਦੌੜਾਂ ਦੇ ਫਰਕ ਨਾਲ਼ ਸੈਂਕੜਾ ਬਣਾਉਣ ਤੋਂ ਖੁੰਝ ਗਿਆ ਸੀ। ਪਰ ਧੋਨੀ, ਸਚਿਨ, ਰਾਹੁਲ ਦ੍ਰਾਵਿੜ, ਯੁਵਰਾਜ ਸਿੰਘ, ਰੋਹਿਤ ਸ਼ਰਮਾ, ਜੈਸੂਰਿਆ, ਸੰਗਾਕਾਰਾ, ਹੇਡਨ, ਗਿਲਕ੍ਰਿਸਟ ਵਰਗੇ ਧੁਰੰਦਰਾਂ ਸਮੇਤ ਬਾਕੀ 100 ਤੋਂ ਵੱਧ ਖਿਡਾਰੀਆਂ ਵਿਚੋਂ ਕੋਈ ਵੀ 90 ਦਾ ਅੰਕੜਾ ਵੀ ਨਹੀਂ ਛੂਹ ਸਕਿਆ ਸੀ।
2010 ਦੇ ਤੀਜੇ ਆਈਪੀਐਲ ਟੂਰਨਾਮੈਂਟ ਦੌਰਾਨ 4 ਖਿਡਾਰੀਆਂ ਨੇ ਸੈਂਕੜੇ ਬਣਾਏ। ਇਨ੍ਹਾਂ ਵਿਚ ਮੁਰਲੀ ਵਿਜੇ, ਮਹਿਲਾ ਜੈਵਰਧਨੇ, ਯੂਸਫ਼ ਪਠਾਨ ਅਤੇ ਡੇਵਿਡ ਵਾਰਨਰ ਸ਼ਾਮਿਲ ਸਨ।
2011 ਦੇ ਚੌਥੇ ਆਈਪੀਐਲ ਟੂਰਨਾਮੈਂਟ ਦੌਰਾਨ ਕ੍ਰਿਸ ਗੇਲ ਨੇ ਧੂੰਆਂਧਾਰ ਬੱਲੇਬਾਜੀ ਕਰਦਿਆਂ ਪਹਿਲੀ ਵਾਰ 2 ਸੈਂਕੜੇ ਬਣਾਏ। 12 ਮੈਚਾਂ ਵਿਚ 2 ਸੈਂਕੜੇ, 3 ਅਰਧ ਸੈਂਕੜੇ, 57 ਚੌਕੇ ਅਤੇ 44 ਛੱਕਿਆਂ ਦੀ ਮੱਦਦ ਨਾਲ਼ ਗੇਲ ਨੇ ਕੁੱਲ 608 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸਚਿਨ ਤੇਂਦੂਲਕਰ, ਪਾਲ ਵਲਥੈਟੀ, ਵਰਿੰਦਰ ਸਹਿਬਾਗ ਅਤੇ ਐਡਮ ਗਿਲਕ੍ਰਿਸਟ 1-1 ਸੈਂਕੜਾ ਲਾਉਣ ਵਾਲ਼ੇ ਖਿਡਾਰੀ ਸਨ।
2012 ਦੇ ਪੰਜਵੇਂ ਆਈਪੀਐਲ ਟੂਰਨਾਮੈਂਟ ਦੌਰਾਨ ਸੈਂਕੜੇ ਬਣਾਉਣ ਵਾਲ਼ੇ 6 ਖਿਡਾਰੀ ਸਨ। ਇਨ੍ਹਾਂ ਵਿਚ ਕ੍ਰਿਸ ਗੇਲ, ਅਜਿੰਕਿਆ ਰਹਾਣੇ, ਰੋਹਿਤ ਸ਼ਰਮਾ, ਮੁਰਲੀ ਵਿਜੇ, ਕੇਵਿਨ ਪੀਟਰਸਨ ਅਤੇ ਡੇਵਿਡ ਵਾਰਨਰ। ਇਨ੍ਹਾਂ ਵਿਚੋਂ ਕ੍ਰਿਸ ਗੇਲ ਨੇ 7 ਅਰਧ ਸੈਂਕੜੇ ਵੀ ਬਣਾਏ ਅਤੇ 733 ਦੌੜਾਂ ਬਣਾ ਕੇ ਪਹਿਲੀ ਵਾਰ ਟੂਰਨਾਮੈਂਟ ਵਿਚ 700 ਦਾ ਅੰਕੜਾ ਪਾਰ ਕੀਤਾ।
2013 ਦੇ ਛੇਵੇਂ ਆਈਪੀਐਲ ਟੂਰਨਾਮੈਂਟ ਦੌਰਾਨ ਵੀ ਕ੍ਰਿਸ ਗੇਲ 708 ਦੌੜਾਂ ਬਣਾ ਕੇ ਚੋਟੀ ‘ਤੇ ਰਿਹਾ। ਇਸ ਸਾਲ ਕ੍ਰਿਸ ਗੇਲ, ਸੁਰੇਸ਼ ਰੈਣਾ, ਸ਼ੇਨ ਵਾਟਸਨ ਅਤੇ ਡੇਵਿਡ ਮਿੱਲਰ ਨੇ ਸੈਂਕੜੇ ਬਣਾਏ।
2014 ਦੇ ਸੱਤਵੇਂ ਆਈਪੀਐਲ ਟੂਰਨਾਮੈਂਟ ਦੌਰਾਨ ਵਰਿੰਦਰ ਸਹਿਵਾਗ, ਲੈਂਡ ਸਿੰਮਨਸ ਅਤੇ ਵਰਿਧੀਮਨ ਸਾਹਾ ਨੇ ਸੈਂਕੜੇ ਬਣਾਏ। ਹਾਲਾਂਕਿ ਸੈਂਕੜੇ ਬਣਾਉਣ ਦੇ ਬਾਵਜੂਦ ਇਨ੍ਹਾਂ ਤਿੰਨਾਂ ਵਿਚੋਂ ਕੋਈ ਵੀ ਟੂਰਨਾਮੈਂਟ ਦਾ ਟੌਪ ਸਕੋਰਰ ਨਾ ਬਣ ਸਕਿਆ। ਰੌਬਿਨ ਉਥਪਾ 660 ਦੌੜਾਂ ਨਾਲ਼ ਟੂਰਨਾਮੈਂਟ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲ਼ਾ ਖਿਡਾਰੀ ਸੀ।
2015 ਦੇ 8ਵੇਂ ਆਈਪੀਐਲ ਟੂਰਨਾਮੈਂਟ ਦੌਰਾਨ ਏਬੀ ਡੀ-ਵਿਲੀਅਰਜ, ਕ੍ਰਿਸ ਗੇਲ, ਬਰੈਂਡਨ ਮੈਕਕਲਮ ਅਤੇ ਸ਼ੇਨ ਵਾਟਸਨ ਨੇ ਸੈਂਕੜੇ ਬਣਾਏ। ਇਸ ਸਾਲ ਵੀ ਸੈਂਕੜੇ ਬਣਾਉਣ ਵਾਲ਼ੇ ਖਿਡਾਰੀ ਸਭ ਤੋਂ ਵੱਧ ਦੌੜਾਂ ਬਣਾਉਣ ਵਾਲ਼ੇ ਡੇਵਿਡ ਵਾਰਨਰ ਤੋਂ ਬਹੁਤ ਪਿੱਛੇ ਰਹੇ। ਡੇਵਿਡ ਨੇ ਟੂਰਨਾਮੈਂਟ ਦੌਰਾਨ 7 ਅਰਧ ਸੈਂਕੜਿਆਂ ਨਾਲ਼ 562 ਦੌੜਾਂ ਬਣਾਈਆਂ।
2016 ਦਾ 9ਵਾਂ ਆਈਪੀਐਲ ਟੂਰਨਾਮੈਂਟ ਪੂਰੀ ਤਰਾਂ ਵਿਰਾਟ ਕੋਹਲੀ ਦੇ ਨਾਂਅ ਰਿਹਾ। ਕੋਹਲੀ ਨੇ ਇਸ ਟੂਰਨਾਮੈਂਟ ਵਿਚ ਉਪਰੋਥਲੀ 4 ਸੈਂਕੜੇ ਬਣਾ ਕੇ ਨਵਾਂ ਰਿਕਾਰਡ ਕਾਇਮ ਕਰ ਦਿੱਤਾ। ਇਹ ਹੁਣ ਤੱਕ ਦੇ ਆਈਪੀਐਲ ਟੂਰਨਾਮੈਂਟ ਇਤਿਹਾਸ ਵਿਚ ਸਭ ਤੋਂ ਵੱਧ ਸੈਂਕੜੇ ਹਨ। ਇਸ ਦੇ ਨਾਲ਼ ਹੀ 973 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕਰਕੇ ਕੋਹਲੀ ਨੇ ਇੱਕ ਹੋਰ ਰਿਕਾਰਡ ਸਥਾਪਿਤ ਕੀਤਾ। 848 ਦੌੜਾਂ ਨਾਲ਼ ਦੂਜੇ ਸਥਾਨ ‘ਤੇ ਰਹੇ ਡੇਵਿਡ ਵਾਰਨਰ ਨੇ ਟੂਰਨਾਮੈਂਟ ਵਿਚ 88 ਚੌਕੇ ਲਾ ਕੇ ਇੱਕ ਹੋਰ ਰਿਕਾਰਡ ਕਾਇਮ ਕੀਤਾ। ਕੋਹਲੀ ਤੋਂ ਇਲਾਵਾ ਏਬੀ ਡੀ-ਵਿਲੀਅਰਜ, ਕੁਐਂਟਨ ਡੀ ਕੌਕ ਅਤੇ ਸਟੀਵ ਸਮਿਥ ਨੇ 1-1 ਸੈਂਕੜਾ ਬਣਾਇਆ।
2017 ਦੇ 10ਵੇਂ ਆਈਪੀਐਲ ਟੂਰਨਾਮੈਂਟ ਵਿਚ ਹਾਸ਼ਿਮ ਆਮਲਾ ਨੇ 2 ਸੈਂਕੜੇ ਬਣਾਏ। ਇਸ ਤੋਂ ਇਲਾਵਾ ਡੇਵਿਡ ਵਾਰਨਰ, ਸੰਜੂ ਸੈਮਸਨ ਅਤੇ ਬੇਨ ਸਟੋਕਸ 1-1 ਸੈਂਕੜਾ ਬਣਾਉਣ ਵਿਚ ਸਫਲ ਰਹੇ।
2018 ਦੇ 11ਵੇਂ ਆਈਪੀਐਲ ਟੂਰਨਾਮੈਂਟ ਵਿਚ ਸ਼ੇਨ ਵਾਟਸਨ ਨੇ 2 ਸੈਂਕੜੇ ਬਣਾਏ। ਇਸ ਤੋਂ ਇਲਾਵਾ ਰਿਸ਼ਭ ਪੰਤ, ਅੰਬਾਤੀ ਰਾਇਡੂ ਅਤੇ ਕ੍ਰਿਸ ਗੇਲ ਨੇ 1-1 ਸੈਂਕੜਾ ਬਣਾਇਆ।
2019 ਦੇ 12ਵੇਂ ਆਈਪੀਐਲ ਟੂਰਨਾਮੈਂਟ ਵਿਚ ਡੇਵਿਡ ਵਾਰਨਰ, ਕੇ. ਐਲ. ਰਾਹੁਲ, ਵਿਰਾਟ ਕੋਹਲੀ, ਜੌਨੀ ਬੈਰਸਟੋ, ਅਜਿੰਕਿਆ ਰਹਾਣੇ ਅਤੇ ਸੰਜੂ ਸੈਮਸਨ ਨੇ 1-1 ਸੈਂਕੜਾ ਬਣਾਇਆ।
2020 ਦੇ 13ਵੇਂ ਆਈਪੀਐਲ ਟੂਰਨਾਮੈਂਟ ਵਿਚ ਸ਼ਿਖਰ ਧਵਨ ਨੇ 2 ਸੈਂਕੜੇ ਬਣਾਏ। ਇਸ ਤੋਂ ਇਲਾਵਾ ਕੇ. ਐਲ ਰਾਹੁਲ, ਮਯੰਕ ਅਗਰਵਾਲ ਅਤੇ ਬੇਨ ਸਟੋਕਸ ਨੇ 1-1 ਸੈਂਕੜਾ ਬਣਾਇਆ।
2021 ਦੇ 14ਵੇਂ ਆਈਪੀਐਲ ਟੂਰਨਾਮੈਂਟ ਵਿਚ ਰੁਤੂਰਾਜ ਗਾਇਕਵਾੜ, ਸੰਜੂ ਸੈਮਸਨ, ਦੇਵਦੱਤ ਪਾਡੀਕੱਲ ਅਤੇ ਜੌਸ ਬਟਲਰ ਨੇ 1-1 ਸੈਂਕੜਾ ਬਣਾਇਆ।
2022 ਦੇ 15ਵੇਂ ਆਈਪੀਐਲ ਟੂਰਨਾਮੈਂਟ ਵਿਚ ਜੌਸ ਬਟਲਰ ਨੇ 4 ਸੈਂਕੜੇ ਬਣਾ ਕੇ ਵਿਰਾਟ ਕੋਹਲੀ ਦੇ ਰਿਕਾਰਡ ਦੀ ਬਰਾਬਰੀ ਕੀਤੀ। ਹਾਲਾਂਕਿ ਉਹ ਕੋਹਲੀ ਦੇ 973 ਦੌੜਾਂ ਦੇ ਰਿਕਾਰਡ ਤੱਕ ਨਹੀਂ ਪਹੁੰਚ ਸਕਿਆ। ਇਸ ਤੋਂ ਇਲਾਵਾ ਕੇ. ਐਲ ਰਾਹੁਲ, ਰਜਤ ਪਾਟੀਦਾਰ ਅਤੇ ਕੁਅੰਟਨ ਡੀ ਕੌਕ ਨੇ 1-1 ਸੈਂਕੜਾ ਬਣਾਇਆ।
2023 ਦੇ 16ਵੇਂ ਆਈਪੀਐਲ ਟੂਰਨਾਮੈਂਟ ਵਿਚ ਪਹਿਲੀ ਵਾਰ 9 ਖਿਡਾਰੀਆਂ ਨੇ ਸੈਂਕੜੇ ਬਣਾਏ। ਇਨ੍ਹਾਂ ਵਿਚ ਉਭਰ ਰਿਹਾ ਪੰਜਾਬੀ ਬੱਲੇਬਾਜ ਸ਼ੁਭਮਨ ਗਿੱਲ 3 ਸੈਂਕੜੇ ਬਣਾ ਕੇ ਚੋਟੀ ‘ਤੇ ਰਿਹਾ। ਵਿਰਾਟ ਕੋਹਲੀ ਨੇ 2, ਜਦਕਿ ਹੀਨਰਿਕ ਕਲਾਸੇਨ, ਹੈਰੀ ਬਰੁੱਕ, ਯਸ਼ਸਵੀ ਜੈਸਵਾਲ, ਵੈਂਕਟੇਸ਼ ਅਈਯਰ, ਸਿਮਰਨ ਸਿੰਘ, ਸੂਰਿਆ ਕੁਮਾਰ ਯਾਦਵ ਅਤੇ ਕੈਮਰੋਨ ਗ੍ਰੀਨ ਨੇ 1-1 ਸੈਂਕੜਾ ਬਣਾਇਆ।
2024 ਦਾ 17ਵਾਂ ਆਈਪੀਐਲ ਟੂਰਨਾਮੈਂਟ ਸੈਂਕੜਿਆਂ ਦਾ ਟੂਰਨਾਮੈਂਟ ਬਣ ਗਿਆ ਜਦੋਂ ਡੇਢ ਦਹਾਕੇ ਦੇ ਆਈਪੀਐਲ ਇਤਿਹਾਸ ਵਿਚ ਪਹਿਲੀ ਵਾਰ 13 ਖਿਡਾਰੀਆਂ ਨੇ ਸੈਂਕੜੇ ਬਣਾ ਦਿੱਤੇ। ਇਨ੍ਹਾਂ ਵਿਚੋਂ ਜੌਸ ਬਟਲਰ ਨੇ 2 ਸੈਂਕੜੇ ਬਣਾਏ। ਬਾਕੀਆਂ ਵਿਚ 1-1 ਸੈਂਕੜਾ ਬਣਾਉਣ ਵਾਲ਼ੇ ਵਿਲ ਜੈਕਸ, ਸੂਰਿਆਕੁਮਾਰ ਯਾਦਵ, ਜੌਨੀ ਬੈਰਸਟੋ, ਸਾਈ ਸੁਦਰਸ਼ਨ, ਸ਼ੁਭਮਨ ਗਿੱਲ, ਰੁਤੂਰਾਜ ਗਾਇਕਵਾੜ, ਸੁਨੀਲ ਨਾਰੀਨੇ, ਰੋਹਿਤ ਸ਼ਰਮਾ, ਮਾਰਕੁਸ ਸਟੌਇਨਸ, ਵਿਰਾਟ ਕੋਹਲੀ, ਟ੍ਰੈਵਿਸ ਹੀਡ ਅਤੇ ਯਸ਼ਸਵੀ ਜੈਸਵਾਲ ਸ਼ਾਮਿਲ ਸਨ।
2008 ਤੋਂ ਸ਼ੁਰੂ ਹੋਏ ਆਈਪੀਐਲ ਟੂਰਨਾਮੈਂਟ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਵਿਰਾਟ ਕੋਹਲੀ ਦੇ ਨਾਂਅ ਦਰਜ ਹੈ। ਕੋਹਲੀ ਨੇ ਹੁਣ ਤੱਕ 262 ਮੈਚਾਂ ਦੀਆਂ 254 ਪਾਰੀਆਂ ਦੌਰਾਨ 8 ਸੈਂਕੜਿਆਂ, 61 ਅਰਧ ਸੈਂਕੜਿਆਂ, 744 ਚੌਕੇ, 285 ਛੱਕੇ ਲਗਾ ਕੇ ਕੁੱਲ 8447 ਦੌੜਾਂ ਬਣਾਈਆਂ ਹਨ। ਦੂਜੇ ਸਥਾਨ ‘ਤ਼ੇ ਰੋਹਿਤ ਸ਼ਰਮਾ ਹੈ ਜਿਸ ਨੇ 6868 ਦੌੜਾਂ, ਤੀਜੇ ਸਥਾਨ ‘ਤੇ ਸਿਖਰ ਧਵਨ 6769 ਦੌੜਾਂ ਸ਼ਾਮਿਲ ਹਨ।
ਇਸ ਤੋਂ ਇਲਾਵਾ ਡੇਵਿਡ ਵਾਰਨਰ 6565, ਸੁਰੇਸ਼ ਰੈਨਾ 5528, ਐਮ. ਐਸ. ਧੋਨੀ 5383, ਏਬੀ ਡੀ-ਵਿਲੀਅਰਜ 5162, ਕੇ. ਐਲ. ਰਾਹੁਲ 5047, ਕ੍ਰਿਸ ਗੇਲ 4965 ਅਤੇ ਰੌਬਿਨ ਉਥਪਾ 4952 ਦੌੜਾਂ ਨਾਲ਼ ਕ੍ਰਮਵਾਰ ਚੌਥੇ, ਪੰਜਵੇਂ, ਛੇਵੇਂ, ਸੱਤਵੇਂ, ਅੱਠਵੇਂ, ਨੌਵੇਂ ਅਤੇ ਦਸਵੇਂ ਸਥਾਨ ‘ਤੇ ਹਨ।