
* ਯੂਨਾਨ ਦੀ ਰਾਜਧਾਨੀ ਏਥਨਜ ਵਿਚ ਅਪ੍ਰੈਲ ਮਹੀਨੇ ਹੋਈਆਂ ਸਨ ਪਹਿਲੀਆਂ ਆਧੁਨਿਕ ਉਲੰਪਿਕ ਖੇਡਾਂ
ਪਰਮੇਸ਼ਰ ਸਿੰਘ ਬੇਰ ਕਲਾਂ
ਲੁਧਿਆਣਾ, 08 ਅਪ੍ਰੈਲ : ਉਲੰਪਿਕ ਖੇਡਾਂ ਦਾ ਇਤਿਹਾਸ ਲਗਪਗ 3 ਹਜ਼ਾਰ ਵਰ੍ਹੇ ਪੁਰਾਣਾ ਹੈ ਅਤੇ ਇਨ੍ਹਾਂ ਦਾ ਨਾਂਅ ਯੂਨਾਨ ਦੇ ਪੁਰਾਤਨ ਵਿਰਾਸਤੀ ਸ਼ਹਿਰ ਉਲੰਪੀਆ ਦੇ ਨਾਂਅ ’ਤੇ ਰੱਖਿਆ ਸੀ। ਇਸੇ ਸ਼ਹਿਰ ਵਿਚ ਈਸਾ ਪੂਰਬ ਸਾਲ 776 ਵਿਚ ਭਾਵ ਅੱਜ ਤੋਂ 2800 ਸਾਲ ਪਹਿਲਾਂ ਖੇਡਾਂ ਦਾ ਇਹ ਵੱਡਾ ਮੇਲਾ ਪਹਿਲੀ ਵਾਰ ਕਰਵਾਏ ਜਾਣ ਦੇ ਹਵਾਲੇ ਯੂਨਾਨ ਦੇ ਇਤਿਹਾਸਕ ਦਸਤਾਵੇਜਾਂ ਵਿਚ ਮਿਲਦੇ ਹਨ। ਉਸ ਸਮੇਂ ਇਹ ਖੇਡ ਮੁਕਾਬਲੇ ਹਰ ਚਾਰ ਸਾਲ ਬਾਅਦ ਕੌਮੀ ਪੱਧਰ ‘ਤੇ ਕਰਵਾਏ ਜਾਂਦੇ ਸਨ, ਭਾਵ ਯੂਨਾਨ ਦੇ ਵੱਖ-ਵੱਖ ਇਲਾਕਿਆਂ ਤੋਂ ਯੋਧੇ ਅਤੇ ਖਿਡਾਰੀ ਇਨ੍ਹਾਂ ਵਿਚ ਆਪਣੇ ਦਮ-ਖਮ ਦਾ ਮੁਜ਼ਾਹਰਾ ਕਰਦੇ ਸਨ। ਹਾਲਾਂਕਿ ਪਹਿਲੇ 50 ਸਾਲ ਇਨ੍ਹਾਂ ਖੇਡਾਂ ਦੇ ਨਾਂਅ ‘ਤੇ ਸਿਰਫ ਇਕ ਦੌੜ ਹੀ ਕਰਵਾਈ ਜਾਂਦੀ ਸੀ ਪਰ ਬਾਅਦ ਵਿਚ ਹੋਰ ਖੇਡਾਂ ਵੀ ਸ਼ਾਮਿਲ ਕੀਤੀਆਂ ਗਈਆਂ।
ਯੂਨਾਨ ਦੇ ਦੇਵਤਾ ਦੀ ਯਾਦ ‘ਚ ਲਗਦੇ ਵੱਡੇ ਮੇਲੇ ਦਾ ਹਿੱਸਾ ਹੁੰਦੀਆਂ ਸਨ ਉਲੰਪਿਕ ਖੇਡਾਂ
ਇਤਿਹਾਸਕ ਹਵਾਲਿਆਂ ਮੁਤਾਬਕ ਇਹ ਖੇਡਾਂ ਯੂਨਾਨ ਦੇ ਬੇਹੱਦ ਸਤਿਕਾਰੇ ਜਾਂਦੇ ਦੇਵਤਾ ਜੀਊਸ ਦੀ ਪੂਜਾ ਲਈ ਉਲੰਪੀਆ ਨਾਂਅ ਦੇ ਸ਼ਹਿਰ ਵਿਚ ਕਰਵਾਏ ਜਾਂਦੇ ਵੱਡੇ ਧਾਰਮਿਕ ਮੇਲੇ ਦਾ ਹੀ ਹਿੱਸਾ ਹੁੰਦੀਆਂ ਸਨ ਅਤੇ ਖਿੱਚ ਦਾ ਮੁੱਖ ਕੇਂਦਰ ਬਣਦੀਆਂ ਸਨ। ਹਾਲਾਂਕਿ ਯੂਨਾਨ ਦੇ ਤਿੰਨ ਹੋਰ ਸ਼ਹਿਰਾਂ ਵਿਚ ਵੀ ਵੱਡੇ ਖੇਡ ਮੁਕਾਬਲੇ ਹੁੰਦੇ ਸਨ ਜਿਨ੍ਹਾਂ ਵਿਚੋਂ ਡੈਲਫੀ ਵਿਚ ਪਿਥੀਅਨ ਖੇਡਾਂ, ਨੇਮੀਆ ਸ਼ਹਿਰ ਵਿਚ ਨੇਮੀਅਨ ਖੇਡਾਂ ਅਤੇ ਕੋਰਿੰਥ ਇਲਾਕੇ ਵਿਚ ਇਸਮੀਅਨ ਖੇਡ ਮੁਕਾਬਲੇ ਸ਼ਾਮਿਲ ਹਨ। ਪਰ ਸਭ ਤੋਂ ਚਰਚਿਤ ਉਲੰਪੀਆ ਦੀਆਂ ਖੇਡਾਂ ਹੀ ਸਨ ਜੋ ਹਰ ਚੌਥੇ ਸਾਲ ਕਰਵਾਈਆਂ ਜਾਂਦੀਆਂ ਸਨ। ਜਿਓਂ-ਜਿਓਂ ਇਨ੍ਹਾਂ ਖੇਡਾਂ ਦੀ ਹਰਮਨਪਿਆਰਤਾ ਵਧੀ ਤਾਂ ਯੂਨਾਨ ਤੋਂ ਇਲਾਵਾ ਹੋਰ ਗੁਆਂਢੀ ਮੁਲਕਾਂ ਦੇ 150 ਸ਼ਹਿਰਾਂ ਵਿਚ ਵੀ ਏਸੇ ਤਰਾਂ ਦੇ ਖੇਡ ਮੁਕਾਬਲੇ ਹੋਣ ਲੱਗੇ। ਉਸ ਦੌਰ ਵਿਚ ਅੱਜ ਵਾਂਗ ਫੁੱਟਬਾਲ, ਹਾਕੀ, ਬਾਸਕਟਬਾਲ ਵਰਗੇ ਮੁਕਾਬਲਿਆਂ ਦੀ ਬਜਾਏ ਕੇਵਲ ਤੀਰ ਅੰਦਾਜੀ, ਤਲਵਾਰਬਾਜ਼ੀ, ਨੇਜਾਬਾਜ਼ੀ, ਮੁੱਕੇਬਾਜ਼ੀ ਅਤੇ ਕੁਸ਼ਤੀਆਂ ਤੋਂ ਇਲਾਵਾ ਘੋੜ ਦੌੜ ਅਤੇ ਛੋਟੀ ਤੋਂ ਦਰਮਿਆਨੀ ਦੂਰੀ ਦੀਆਂ ਦੌੜਾਂ ਵਰਗੇ ਰਵਾਇਤੀ ਮੁਕਾਬਲੇ ਹੀ ਹੁੰਦੇ ਸਨ। ਦਰਅਸਲ ਇਨ੍ਹਾਂ ਮੁਕਾਬਿਲਆਂ ਦਾ ਸਿੱਧਾ ਸਬੰਧ ਯੁੱਧ-ਕਲਾ ਨਾਲ਼ ਹੁੰਦਾ ਸੀ ਅਤੇ ਇਨ੍ਹਾਂ ਦੇ ਬਹੁਤੇ ਜੇਤੂ ਖਿਡਾਰੀ ਵੀ ਆਮ ਤੌਰ ’ਤੇ ਕਿਸੇ ਨਾ ਕਿਸੇ ਰਾਜ ਦੀ ਫੌਜ ਵਿਚ ਸੇਵਾਵਾਂ ਨਿਭਾਉਣ ਵਾਲ਼ੇ ਯੋਧੇ ਹੀ ਹੁੰਦੇ ਸਨ। ਪਿਛਲੀ ਸਦੀ ਦੇ ਮਹਾਨ ਫੁੱਟਬਾਲ ਖਿਡਾਰੀ ਮਰਹੂਮ ਪੇਲੇ ਵਾਂਗ ਪੁਰਾਤਨ ਸਮੇਂ ਵੀ ਇਨ੍ਹਾਂ ਯੋਧੇ/ਖਿਡਾਰੀਆਂ ਵਿਚੋਂ ਕੁੱਝ ਖਾਸ ਨਾਂਅ ਬੇਹੱਦ ਚਰਚਾ ਵਿਚ ਰਹੇ ਹਨ।

ਪੁਰਾਤਨ ਉਲੰਪਿਕ ਖੇਡਾਂ ਵਿਚ ਔਰਤਾਂ ਨੂੰ ਹਿੱਸਾ ਲੈਣ ਦੀ ਮਨਾਹੀ ਸੀ
ਪੁਰਾਤਨ ਉਲੰਪਿਕ ਖੇਡਾਂ ਵੇਲ਼ੇ ਔਰਤਾਂ ਨੂੰ ਅਜਿਹੇ ਕਿਸੇ ਵੀ ਖੇਡ ਮੁਕਾਬਲੇ ਵਿਚ ਹਿੱਸਾ ਲੈਣ ਦੀ ਇਜਾਜਤ ਨਹੀਂ ਸੀ ਹੁੰਦੀ। ਇਸ ਦਾ ਮੁੱਖ ਕਾਰਨ ਤਾਂ ਸ਼ਾਇਦ ਮੁੱਢ-ਕਦੀਮ ਤੋਂ ਹੀ ਮਰਦਾਂ ਵੱਲੋਂ ਔਰਤਾਂ ਨੂੰ ਆਪਣੇ ਦਾਬੇ ਹੇਠ ਰੱਖਣਾ ਹੋਵੇਗਾ ਪਰ ਦੂਜਾ ਕਾਰਨ ਏਹ ਵੀ ਸੀ ਕਿ ਜੰਗ-ਯੁੱਧ ਵਿਚ ਕੇਵਲ ਮਰਦ ਸਿਪਾਹੀ ਹੀ ਲੜਾਈ ਦੇ ਮੈਦਾਨ ਵਿਚ ਦੁਸ਼ਮਣ ਫੌਜਾਂ ਨਾਲ਼ ਜੂਝਦੇ ਸਨ ਅਤੇ ਉਪਰ ਦੱਸੇ ਰਵਾਇਤੀ ਮੁਕਾਬਲਿਆਂ ਵਿਚ ਵੀ ਓਹੀ ਯੋਧੇ ਹਿੱਸਾ ਲੈਂਦੇ ਸਨ। ਸ਼ਾਇਦ ਏਹੀ ਵਜ੍ਹਾ ਸੀ ਕਿ ਮਾਡਰਨ ਉਲੰਪਿਕ ਵਜੋਂ ਜਾਣੀਆਂ ਜਾਂਦੀਆਂ ਇਹ ਖੇਡਾਂ ਜਦੋਂ 1500 ਸਾਲ ਦੇ ਵੱਡੇ ਵਕਫ਼ੇ ਬਾਅਦ ਮੁੜ ਤੋਂ ਸ਼ੁਰੂ ਹੋਈਆਂ ਤਾਂ ਸਾਲ 1896 ’ਚ 6 ਤੋਂ 15 ਅਪ੍ਰੈਲ ਤੱਕ ਏਥਨਜ ਵਿਖੇ ਹੋਈਆਂ ਪਹਿਲੀਆਂ ਉਲੰਪਿਕ ਖੇਡਾਂ ਵਿਚ ਸ਼ਾਮਿਲ ਹੋਏ 13 ਮੁਲਕਾਂ ਦੇ 280 ਦੇ ਕਰੀਬ ਖਿਡਾਰੀਆਂ ਵਿਚ ਇਕ ਵੀ ਔਰਤ ਸ਼ਾਮਿਲ ਨਹੀਂ ਸੀ। ਇਸ ਤੋਂ ਬਾਅਦ ਵੀ ਔਰਤਾਂ ਨੂੰ ਮੈਰਾਥਨ, ਤਲਵਾਰਬਾਜ਼ੀ ਅਤੇ ਘੋੜਸਵਾਰੀ ਵਰਗੇ ਅਨੇਕਾਂ ਮੁਕਾਬਲਿਆਂ ਲੰਮਾਂ ਸਮਾਂ ਹਿੱਸਾ ਲੈਣ ਤੋਂ ਰੋਕਿਆ ਗਿਆ। ਮੈਰਾਥਨ ਦੀ ਦੌੜ ਵਿਚ ਸ਼ਾਮਿਲ ਹੋਣ ਲਈ ਤਾਂ ਔਰਤਾਂ ਨੂੰ ਲਗਪਗ ਪੂਰੀ ਸਦੀ ਹੀ ਉਡੀਕ ਕਰਨੀ ਪਈ ਸੀ। ਇਸ ਬਾਰੇ ਵਿਸਥਾਰ ਵੱਖਰੇ ਲੇਖ ‘ਮੈਰਾਥਨ ਦੌੜਾਂ‘ ਵਿਚ ਪੜ੍ਹ ਸਕਦੇ ਹੋ।
ਸਿਰਫ ਦੌੜਾਂ ਦੇ ਮੁਕਾਬਲੇ ਨਾਲ਼ ਹੋਈ ਸੀ ਪੁਰਾਤਨ ਉਲੰਪਿਕ ਖੇਡਾਂ ਦੀ ਸ਼ੁਰੂਆਤ
ਮੁੱਢਲੀਆਂ ਉਲੰਪਿਕ ਖੇਡਾਂ ਸਿਰਫ 192 ਮੀਟਰ (210 ਗਜ) ਦੀ ਦੌੜ ਨਾਲ਼ ਸ਼ੁਰੂ ਹੋਣ ਦੀ ਜਾਣਕਾਰੀ ਮਿਲਦੀ ਹੈ। ਯੂਨਾਨ ਦੀਆਂ ਪੁਰਾਤਨ ਇਤਿਹਾਸਕ ਲਿਖਤਾਂ ਮੁਤਾਬਕ ਈਸਾ ਪੂਰਬ 776 ਤੋਂ ਲੈ ਕੇ ਲਗਪਗ ਅੱਧੀ ਸਦੀ ਸਿਰਫ ਇਹੋ ਇਕ ਦੌੜ ਕਰਵਾਈ ਜਾਂਦੀ ਰਹੀ। ਈਸਾ ਪੂਰਬ 724 ਵਿਚ 400 ਮੀਟਰ ਦੂਰੀ ਦੀ ਦੂਜੀ ਦੌੜ ਸ਼ੁਰੂ ਹੋਈ ਜਦਕਿ ਇਸ ਤੋਂ ਚਾਰ ਸਾਲ ਬਾਅਦ ਹੀ ਇਕ ਤੀਜੀ ਦੌੜ ਵੀ ਸ਼ੁਰੂ ਕਰਵਾ ਦਿੱਤੀ ਗਈ ਜਿਸ ਦੀ ਦੂਰੀ 1500 ਮੀਟਰ ਜਾਂ ਇਸ ਤੋਂ ਥੋੜ੍ਹੀ ਵੱਧ ਸੀ। ਈਸਾ ਪੂਰਬ 708 ਵਿਚ ਇਨ੍ਹਾਂ ਦੌੜਾਂ ਦੇ ਨਾਲ਼ ਕੁਸ਼ਤੀਆਂ ਨੂੰ ਵੀ ਖੇਡਾਂ ਦਾ ਹਿੱਸਾ ਬਣਾਇਆ ਗਿਆ। ਬਾਅਦ ਵਿਚ ਕੁਸ਼ਤੀਆਂ, ਨੇਜਾ ਸੁੱਟਣ, ਡਿਸਕਸ ਸੁੱਟਣ, ਲੰਬੀ ਛਾਲ਼ ਅਤੇ ਦੌੜ ਇਨ੍ਹਾਂ ਪੰਜ ਖੇਡਾਂ ਦਾ ਇਕ ਸਾਂਝਾ ਮੁਕਾਬਲਾ ਸ਼ੁਰੂ ਕੀਤਾ ਗਿਆ। ਈਸਾ ਪੂਰਬ 688 ਵਿਚ ਮੁੱਕੇਬਾਜ਼ੀ ਅਤੇ 648 ਵਿਚ ਰਥ ਦੌੜ ਮੁਕਾਬਲੇ ਪੁਤਰਾਨ ਉਲੰਪਿਕ ਦਾ ਹਿੱਸਾ ਬਣੇ।
ਯੂਰਪੀ ਖਿੱਤੇ ਵਿਚ 8 ਸਦੀਆਂ ਚੱਲੇ ਭਿਆਨਕ ਯੁੱਧਾਂ ਕਾਰਨ ਕਈ ਸਦੀਆਂ ਬੰਦ ਰਹੇ ਉਲੰਪਿਕ ਖੇਡ ਮੁਕਾਬਲੇ
ਯੂਰਪੀਨ ਖਿੱਤੇ ਦੇ ਬਹੁਤੇ ਮੁਲਕ ਲਗਪਗ 800 ਸਾਲ ਦਾ ਲੰਮਾਂ ਸਮਾਂ ਇਕ ਦੂਜੇ ਨਾਲ਼ ਜੰਗਾਂ ਯੁੱਧਾਂ ਵਿਚ ਬੁਰੀ ਤਰਾਂ ਉਲਝੇ ਰਹੇ ਸਨ। ਇਨ੍ਹਾਂ ਅੱਠ ਸਦੀਆਂ ਦੌਰਾਨ ਯੂਰਪੀ ਇਲਾਕੇ ਵਿਚ ਕਈ ਸਾਮਰਾਜ ਬਣੇ ਅਤੇ ਕਈ ਖਤਮ ਹੋਏ। ਇਨ੍ਹਾਂ ਵਿਚੋਂ ਇਟਲੀ ਦੇ ਰੋਮਨ ਸਾਮਰਾਜ ਦੇ ਸ਼ਾਸ਼ਕਾਂ ਨੂੰ ਸਭ ਤੋਂ ਵੱਧ ਤਾਕਤਵਰ ਅਤੇ ਖੂੰਖਾਰ ਮੰਨਿਆ ਜਾਂਦਾ ਹੈ। ਖੇਡ ਪ੍ਰੇਮੀਆਂ ਵਿਚ ਪ੍ਰਚੱਲਤ ਦੰਦ ਕਥਾਵਾਂ ਅਤੇ ਕੁੱਝ ਇਤਿਹਾਸਕ ਹਵਾਲਿਆਂ ਮੁਤਾਬਕ ਜਦੋਂ ਰੋਮਨ ਸਾਮਰਾਜ ਨੇ ਯੂਨਾਨ ’ਤੇ ਕਬਜ਼ਾ ਕਰ ਲਿਆ ਤਾਂ ਰੋਮਨ ਸਮਰਾਟ ਥੀਓਡੋਸੀਅਸ ਪਹਿਲੇ ਨੇ ਯੂਨਾਨ ਦੀਆਂ ਇਨ੍ਹਾਂ ਖੇਡਾਂ ਉਤੇ ਇਹ ਸੋਚ ਕੇ ਪਾਬੰਦੀ ਲਾ ਦਿੱਤੀ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲ਼ੇ ਖਿਡਾਰੀ ਜੰਗ-ਯੁੱਧ ਲਈ ਸੂਰਬੀਰ ਯੋਧਿਆਂ ਦੀ ਮਜ਼ਬੂਤ ਫੌਜ ਬਣਾਉਣ ਦਾ ਸਬੱਬ ਬਣ ਸਕਦੇ ਹਨ ਜੋ ਕਿ ਭਵਿੱਖ ਵਿਚ ਰੋਮਨ ਸਾਮਰਾਜ ਲਈ ਸਿਰਦਰਦੀ ਦਾ ਕਾਰਨ ਬਣ ਸਕਦੀ ਸੀ।
ਸਖਤ ਸਾਮਰਾਜੀ ਪਾਬੰਦੀਆਂ ਕਾਰਨ ਰੋਮਨ ਸਾਮਰਾਜ ਦੇ ਪਤਨ ਤੋਂ ਬਾਅਦ ਵੀ ਲੰਮਾਂ ਸਮਾਂ ਇਹ ਖੇਡਾਂ ਨਾ ਹੋਈਆਂ ਅਤੇ ਉਨ੍ਹੀਵੀਂ ਸਦੀ ਦੇ ਅੱਧ ਤੋਂ ਬਾਅਦ 1865-66 ਵਿਚ ਕੁੱਝ ਖੇਡ ਪ੍ਰੇਮੀਆਂ ਵੱਲੋਂ ਇਨ੍ਹਾਂ ਖੇਡਾਂ ਨੂੰ ਮੁੜ ਸੁਰਜੀਤ ਕਰਨ ਲਈ ਯਤਨ ਸ਼ੁਰੂ ਹੋਏ। ਇਨ੍ਹਾਂ ਯਤਨਾਂ ਤਹਿਤ ਹੀ ਕਈ ਸਦੀਆਂ ਤੋਂ ਵੀਰਾਨ ਪਏ ਤੇ ਖੰਡਰ ਬਣ ਚੁੱਕੇ ਇਤਿਹਾਸਕ ਸਟੇਡੀਅਮ ਦੀ ਮੁੜ ਉਸਾਰੀ ਦੇ ਯਤਨ ਵੀ 1870 ਵਿਚ ਸ਼ੁਰੂ ਕੀਤੇ ਗਏ ਪਰ ਵੱਡੇ ਖਰਚੇ ਅਤੇ ਸਮੇਂ ਦੇ ਹਾਕਮਾਂ ਦੀ ਖੇਡਾਂ ਪ੍ਰਤੀ ਰੁਚੀ ਨਾ ਹੋਣ ਕਾਰਨ ਖੇਡ ਪ੍ਰੇਮੀਆਂ ਦੇ ਇਨ੍ਹਾਂ ਯਤਨਾਂ ਨੂੰ ਕਈ ਦਹਾਕੇ ਬੂਰ ਨਾ ਪਿਆ।
ਆਧੁਨਿਕ ਉਲਪਿੰਕ ਖੇਡਾਂ ਦੀ ਸ਼ੁਰੂਆਤ ਦਾ ਸਿਹਰਾ ਫਰਾਂਸ ਦੇ ਉਤਸ਼ਾਹੀ ਨੌਜਵਾਨ ਪੀਅਰੇ ਕੂਬੇਰਟਨ ਨੂੰ ਜਾਂਦਾ ਹੈ
ਮਾਡਰਨ ਓਲੰਪਿਕ ਵਜੋਂ ਜਾਣੀਆਂ ਜਾਂਦੀਆ ਅਜੋਕੇ ਦੌਰ ਦੀਆਂ ਓਲੰਪਿਕ ਖੇਡਾਂ ਦੀ ਸ਼ੁਰੂਆਤ ਦਾ ਸਿਹਰਾ ਫਰਾਂਸ ਦੇ ਜੰਮਪਲ ਧਨਾਢ ਅਤੇ ਰਾਜਸੀ ਖੇਤਰ ਵਿਚ ਪ੍ਰਭਾਵਸ਼ਾਲੀ ਹਸਤੀ ਰੱਖਣ ਵਾਲ਼ੇ ਨੌਜਵਾਨ ਪੀਅਰੇ ਕੂਬੇਰਟਨ ਨੂੰ ਜਾਂਦਾ ਹੈ। 1963 ਵਿਚ ਜਨਮੇ ਕੂਬੇਰਟਨ ਨੇ 29 ਸਾਲਾਂ ਦੀ ਭਰ ਜੁਆਨੀ ਦੀ ਉਮਰ ਵਿਚ 1892 ‘ਚ ਪੁਰਾਤਨ ਯੂਨਾਨੀ ਰਵਾਇਤ ਮੁਤਾਬਕ ਹਰ ਚਾਰ ਸਾਲ ਬਾਅਦ ਕੌਮਾਂਤਰੀ ਪੱਧਰ ਦੇ ਖੇਡ ਮੁਕਾਬਲੇ ਕਰਵਾਏ ਜਾਣ ਲਈ ਆਵਾਜ ਬੁਲੰਦ ਕੀਤੀ। ਦੋ ਸਾਲ ਦੇ ਕਰੀਬ ਇਹ ਚਰਚਾ ਵੱਖ ਵੱਖ ਥਾਵਾਂ ਉਤੇ ਚਲਦੀ ਰਹੀ ਅਤੇ ਆਖਰ 1894 ਵਿਚ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਹੋਈ ਇਕ ਕੌਮਾਂਤਰੀ ਪੱਧਰ ਦੀ ਕਾਨਫਰੰਸ ਦੌਰਾਨ ਪੀਅਰੇ ਕੂਬੇਰਟਨ ਨੇ ਮੁੜ ਉਲੰਪਿਕ ਖੇਡਾਂ ਨੂੰ ਸੁਰਜੀਤ ਕਰਨ ਦਾ ਆਪਣਾ ਮਤਾ ਪੇਸ਼ ਕੀਤਾ। ਪਰ ਐਤਕੀਂ 9 ਮੁਲਕਾਂ ਤੋਂ ਪਹੁੰਚੇ 79 ਨੁਮਾਇੰਦਿਆਂ ਵੱਲੋਂ ਪੀਅਰੇ ਦੇ ਇਸ ਮਤੇ ਨੂੰ ਸਰਬਸੰਮਤੀ ਨਾਲ਼ ਪ੍ਰਵਾਨ ਕਰ ਲਿਆ ਗਿਆ ਤੇ ਖੇਡਾਂ ਦੀ ਦੇਖ-ਰੇਖ, ਨਿਯਮ ਤਿਆਰ ਕਰਨ ਤੇ ਹੋਰ ਮੁੱਦਿਆਂ ਵਾਸਤੇ ਕੌਮਾਂਤਰੀ ਉਲੰਪਿਕ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ।
ਯੂਨਾਨ ਦੀ ਰਾਜਧਾਨੀ ਏਥਨਜ ਵਿਚ ਅਪ੍ਰੈਲ ਮਹੀਨੇ ਹੋਈਆਂ ਸਨ ਪਹਿਲੀਆਂ ਆਧੁਨਿਕ ਉਲੰਪਿਕ ਖੇਡਾਂ
ਨਵੀਂ ਬਣੀ ਕੌਮਾਂਤਰੀ ਉਲੰਪਿਕ ਕਮੇਟੀ ਨੇ ਆਪਣੀ ਅਗਲੀ ਮੀਟਿੰਗ ਵਿਚ ਸਰਬਸੰਮਤੀ ਨਾਲ਼ ਇਹ ਫੈਸਲਾ ਕੀਤਾ ਕਿ ਇਨ੍ਹਾਂ ਖੇਡਾਂ ਦਾ ਪਿਛੋਕੜ ਯੂਨਾਨ ਨਾਲ਼ ਜੁੜਿਆ ਹੋਣ ਕਰਕੇ ਪਹਿਲੀਆਂ ਖੇਡਾਂ ਯੂਨਾਨ ਦੀ ਰਾਜਧਾਨੀ ਏਥਨਜ਼ ਵਿਚ ਹੀ ਕਰਵਾਈਆਂ ਜਾਣ। ਲਗਪਗ ਦੋ ਸਾਲ ਦੀਆਂ ਤਿਆਰੀਆਂ ਉਪਰੰਤ ਆਖਰ 6 ਤੋਂ 15 ਅਪ੍ਰੈਲ 1896 ਨੂੰ ਏਥਨਜ਼ ਵਿਖੇ ਇਹ ਖੇਡਾਂ ਕਰਵਾਈਆਂ ਗਈਆਂ ਜਿਨ੍ਹਾਂ ਵਿਚ 13 ਮੁਲਕਾਂ ਦੇ 280 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ। ਹਾਲਾਂਕਿ ਕੁੱਝ ਖੇਡ ਲਿਖਾਰੀਆਂ ਮੁਤਾਬਕ ਪਹਿਲੀਆਂ ਖੇਡਾਂ ਵਿਚ 12 ਮੁਲਕਾਂ ਦੇ 250 ਦੇ ਕਰੀਬ ਖਿਡਾਰੀਆਂ ਨੇ ਹੀ ਹਿੱਸਾ ਲਿਆ ਸੀ। ਬਾਅਦ ਵਿਚ ਇਨ੍ਹਾਂ ਖੇਡਾਂ ਨੂੰ ਕਰਾਉਣ ਦੇ ਸਮੇਂ ਵਿਚ ਤਬਦੀਲੀ ਸਮੇਤ ਕਈ ਹੋਰ ਅਹਿਮ ਤਬਦੀਲੀਆਂ ਹੁੰਦੀਆਂ ਰਹੀਆਂ ਜਿਨ੍ਹਾਂ ਬਾਰੇ ਆਉਣ ਵਾਲ਼ੇ ਦਿਨਾਂ ‘ਚ ਲੇਖਾਂ ਦੀ ਲੜੀ ਰਾਹੀਂ ਚਰਚਾ ਕਰਾਂਗੇ।
1896 ਦੀਆਂ ਪਹਿਲੀਆਂ ਆਧੁਨਿਕ ਉਲੰਪਿਕ ਖੇਡਾਂ ਦੌਰਾਨ ਹੀ ਸਭ ਤੋਂ ਵੱਧ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਲ ਕਰਕੇ ਅਮਰੀਕੀ ਖਿਡਾਰੀਆਂ ਨੇ ਆਪਣੀ ਖੇਡ ਸਮਰੱਥਾ ਦਾ ਲੋਹਾ ਮਨਵਾ ਲਿਆ ਸੀ। ਅਮਰੀਕਾ ਦੀ ਇਹ ਸਰਦਾਰੀ ਸਾਲ 2008 ਨੂੰ ਛੱਡ ਕੇ ਪਿਛਲੇ ਤਕਰੀਬਨ 125 ਸਾਲਾਂ ਤੋਂ ਅਜੇ ਵੀ ਬਰਕਰਾਰ ਹੈ।
