
ਫੀਫਾ ਵਿਸ਼ਵ ਦਰਜਾਬੰਦੀ-2025 ਵਿਚ ਰੂਸ ਅਤੇ ਚੀਨ ਦੀ ਸਥਿਤੀ ਗੁਆਂਢੀ ਮੁਲਕਾਂ ਤੋਂ ਮਾੜੀ
ਉਲੰਪਿਕ (Olympics) ਖੇਡਾਂ ਵਿਚ ਅਮਰੀਕਾ (United States), ਰੂਸ (Russia) ਅਤੇ ਚੀਨ (China) ਦੀ ਪਿਛਲੀ ਇਕ ਸਦੀ ਤੋਂ ਧਾਂਕ ਰਹੀ ਹੈ। ਪਰ ਫੁੱਟਬਾਲ (Football) ਦੇ ਮਾਮਲੇ ਵਿਚ ਇਨ੍ਹਾਂ ਮਹਾਂਸ਼ਕਤੀਆਂ ਦੇ ਮਰਦ ਆਪਣੇ ਗੁਆਂਢੀ ਅਤੇ ਮੁਕਾਬਲਤ ਬਹੁਤ ਛੋਟੇ ਤੇ ਗਰੀਬ ਮੁਲਕਾਂ ਤੋਂ ਕਾਫੀ ਪਿੱਛੇ ਹਨ। ਇਸ ਵੇਲ਼ੇ ਜੰਗ ਦੀ ਮਾਰ ਝੱਲ ਰਿਹਾ ਯੂਕ੍ਰੇਨ (Ukrain) ਫੀਫਾ ਵਿਸ਼ਵ ਦਰਜਾਬੰਦੀ-2025 ਦੀ ਸੂਚੀ ਵਿਚ 1559.81 ਅੰਕਾਂ ਨਾਲ਼ 25ਵੇਂ ਸਥਾਨ ਉਤੇ ਹੈ। ਜਦਕਿ ਉਸ ’ਤੇ ਹਮਲਾਵਰ ਦੁਨੀਆਂ ਦੀ ਚੋਟੀ ਦੀ ਫੌਜੀ ਤਾਕਤ ਰੂਸ 1516.27 ਅੰਕਾਂ ਨਾਲ਼ 35ਵੇਂ ਸਥਾਨ ’ਤੇ ਹੈ। ਇਸੇ ਤਰਾਂ ਫੌਜੀ ਅਤੇ ਆਰਥਿਕ ਸ਼ਕਤੀ ਪੱਖੋਂ ਦੁਨੀਆਂ ਦੀਆਂ ਚੋਟੀ ਦੀਆਂ 5 ਮਹਾਂਸ਼ਕਤੀਆਂ ਵਿਚ ਸ਼ੁਮਾਰ ਪੀਪਲ ਰਿਪਬਲਿਕ ਚੀਨ 1250.95 ਅੰਕਾਂ ਨਾਲ਼ 94ਵੇਂ ਸਥਾਨ ‘ਤੇ ਖਿਸਕ ਗਿਆ ਹੈ ਜੋ 2023 ਦੀ ਸੂਚੀ ਵਿਚ 81ਵੇਂ ਸਥਾਨ ’ਤੇ ਸੀ। ਪਰ ਉਸ ਦਾ ਗੁਆਂਢੀ ਛੋਟਾ ਜਿਹਾ ਮੁਲਕ ਕੋਰੀਆ1574.93 ਅੰਕਾਂ ਨਾਲ਼ 23ਵੇਂ ਸਥਾਨ ’ਤੇ ਹੈ। ਏਦਾਂ ਹੀ ਚੀਨ ਦੇ ਮੁਕਾਬਲੇ ‘ਆਟੇ ’ਚ ਲੂਣ’ ਬਰਾਬਰ ਮੰਨਿਆ ਜਾਣ ਵਾਲ਼ਾ ਅਫਰੀਕੀ ਮੁਲਕ ਬੁਰਕੀਨਾ ਫਾਸੋ 1385.06 ਅੰਕਾਂ ਨਾਲ਼ 64ਵੇਂ ਜਦਕਿ ਇਸੇ ਖਿੱਤੇ ਦਾ ਦੂਜਾ ਬੇਹੱਦ ਗਰੀਬ ਮੁਲਕ ਮਾਲੀ 1460.23 ਅੰਕਾਂ ਨਾਲ਼ 53ਵੇਂ ਸਥਾਨ ’ਤੇ ਹੈ।ਹੰਗਰੀ, ਰੋਮਾਨੀਆਂ ਅਤੇ ਕਤਰ ਦੀਆਂ ਟੀਮਾਂ ਨੂੰ ਵੱਡਾ ਝਟਕਾ, 7-7 ਸਥਾਨ ਹੇਠਾਂ ਖਿਸਕੇਤਾਜਾ ਦਰਜਾਬੰਦੀ ਸੂਚੀ-2025 ਮੁਤਾਬਕ ਹੰਗਰੀ, ਰੋਮਾਨੀਆਂ ਅਤੇ ਕਤਰ ਦੀਆਂ ਟੀਮਾਂ ਨੂੰ ਵੱਡਾ ਝਟਕਾ ਲੱਗਿਆ ਹੈ। ਇਹ ਤਿੰਨੇ ਟੀਮਾਂ ਪਿਛਲੇ ਸਾਲ ਨਾਲ਼ੋਂ 7-7 ਸਥਾਨ ਹੇਠਾਂ ਖਿਸਕ ਗਈਆਂ ਹਨ। ਹੰਗਰੀ ਦੀ ਟੀਮ ਜਿਹੜੀ ਪਿਛਲੇ ਸਾਲ 1517.57 ਅੰਕਾਂ ਨਾਲ਼ 30ਵੇਂ ਸਥਾਨ ‘ਤੇ ਸੀ ਉਹ ਐਤਕੀਂ 1503.34 ਅੰਕਾਂ ਨਾਲ਼ ਐਤਕੀਂ 37ਵੇਂ ਸਥਾਨ ‘ਤੇ ਪਹੁੰਚ ਗਈ ਹੈ। ਰੋਮਾਨੀਆ ਦੀ ਟੀਮਾਂ ਪਿਛਲੇ ਸਾਲ ਦੇ 1494.20 ਅੰਕਾਂ ਦੀ ਥਾਂ 1479.22 ਅੰਕਾਂ ਨਾਲ਼ 45ਵੇਂ ਜਦਕਿ ਕਤਰ 1474.6 ਦੀ ਥਾਂ 1456.58 ਅੰਕਾਂ ਨਾਲ਼ 55ਵੇਂ ਸਥਾਨ ‘ਤੇ ਖਿਸਕ ਗਈ ਹੈ। ਦੂਜੇ ਪਾਸੇ ਮਿਆਂਮਾਰ ਨੇ 7 ਜਦਕਿ ਨਾਰਵੇ, ਕੋਟ ਡਿਲਵੌਇਰ, ਪੈਰਾਗੂਏ, ਗੈਬੋਨ, ਵਿਅਤਨਾਮ, ਜਿੰਮਬਾਵੇ, ਸੀਅਰਾ ਲਿਓਨ, ਫਿਲੀਪੀਨਜ ਵਰਗੇ ਮੁਲਕਾਂ ਨੇ 5-5 ਸਥਾਨਾਂ ਦੀ ਛਾਲ਼ ਮਾਰ ਕੇ ਪਿਛਲੇ ਸਾਲ ਤੋਂ ਵਧੀਆ ਰੁਤਬੇ ਹਾਸਲ ਕੀਤੇ ਹਨ। ਮਿਆਂਮਾਰ 981.35 ਅੰਕਾਂ ਦੇ ਮੁਕਾਬਲੇ ਐਤਕੀਂ 995.21 ਅੰਕਾਂ ਨਾਲ਼ 162ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਪੈਰਾਗੂਏ ਦੀ ਟੀਮ ਵੀ ਪਿਛਲੇ ਸਾਲ ਦੇ 1458.26 ਅੰਕਾਂ ਦੀ ਥਾਂ ਐਤਕੀਂ 1475.93 ਨਾਲ਼ 48ਵੇਂ ਸਥਾਨ ‘ਤੇ ਆ ਗਿਆ ਹੈ।ਫੀਫਾ ਵਿਸ਼ਵ ਦਰਜਾਬੰਦੀ-2026: ਅਮਰੀਕਾ ਦੀ ਸਥਿਤੀ ਰੂਸ-ਚੀਨ ਤੋਂ ਬਿਹਤਰ, ਪਰ ਗੁਆਂਢੀ ਮੁਲਕਾਂ ਨਾਲ਼ੋਂ ਮਾੜੀ
ਚੋਟੀ ਦੀ ਮਹਾਂਸ਼ਕਤੀ ਕੁੱਲ ਦੁਨੀਆਂ ਦਾ ‘ਬੌਸ’ ਅਖਵਾਉਂਦੇ ਅਮਰੀਕਾ ਦੇ ਮਰਦਾਂ ਦੀ ਫੁੱਟਬਾਲ ਟੀਮ ਇਸ ਵੇਲ਼ੇ 1648.81 ਅੰਕਾਂ ਨਾਲ਼ 16ਵੇਂ ਸਥਾਨ ‘ਤੇ ਹੈ ਜਦਕਿ ਦੀਵਾਲ਼ੀਆ ਹੋਣ ਦੇ ਕੰਢੇ ਪਹੁੰਚਿਆ ਕੋਲੰਬੀਆ 1679.04 ਅੰਕਾਂ ਨਾਲ਼ 14ਵੇਂ ਅਤੇ ਬੇਹੱਦ ਪਛੜਿਆ ਹੋਇਆ ਮੋਰਾਕੋ 1694.24 ਅੰਕਾਂ ਨਾਲ਼ 12ਵੇਂ ਸਥਾਨ ‘ਤੇ ਆ ਗਿਆ ਹੈ। ਦੂਜੇ ਪਾਸੇ ਉਸਦਾ ਗੁਆਂਢੀ ਗਰੀਬ ਮੁਲਕ ਮੈਕਸੀਕੋ (Mexico) 1646.94 ਅੰਕਾਂ ਨਾਲ਼ 17ਵੇਂ ਸਥਾਨ ਉਤੇ ਉਸ ਦੇ ਬਰਾਬਰ ਮੌਜੂਦ ਹੈ। ਇਸੇ ਤਰਾਂ ਅਮਰੀਕੀ ਮਹਾਂਦੀਪ ਦੇ ਹੋਰ ਗਰੀਬ ਮੁਲਕਾਂ ਵਿਚੋਂ ਉਰੂਗੂਏ 1679.49 ਅੰਕਾਂ ਨਾਲ਼ 13ਵੇਂ ਸਥਾਨ ਉਤੇ ਹੈ। ਪੰਜਾਬੀ ਦੀ ਮਸ਼ਹੂਰ ਕਹਾਵਤ ‘ਤਿੰਨਾਂ ’ਚੋਂ ਨਾ ਤੇਰਾਂ’ ਮੁਤਾਬਿਕ ਅਮਰੀਕਾ ਦੇ ਮੁਕਾਬਲੇ ਕਿਸੇ ਵੀ ਗਿਣਤੀ ਵਿਚ ਨਾ ਆਉਣ ਵਾਲ਼ਾ ਸੈਨੇਗਲ (Senegal) ਵੀ 1630.32 ਅੰਕਾਂ ਨਾਲ਼ 19ਵੇਂ ਸਥਾਨ ’ਤੇ ਉਸ ਦੇ ਨੇੜੇ ਤੇੜੇ ਹੀ ਹੈ।
ਯੂਰਪੀ ਖਿੱਤੇ ਦੀ ਮਹਾਂਸ਼ਕਤੀ ਜਰਮਨੀ ਵੀ ਫੀਫਾ ਵਿਸ਼ਵ ਦਰਜਾਬੰਦੀ-2025 ‘ਚ ਗੁਆਂਢੀ ਮੁਲਕਾਂ ਤੋਂ ਪਛੜੀ
ਯੂਰਪੀ ਖਿੱਤੇ ਦੀ ਸਭ ਤੋਂ ਵੱਡੀ ਫੌਜੀ ਅਤੇ ਆਰਥਿਕ ਸ਼ਕਤੀ ਜਰਮਨੀ (Germany) ਦੀ ਟੀਮ ਭਾਵੇਂ 1716.98 ਅੰਕਾਂ ਨਾਲ਼ 10ਵੇਂ ਸਥਾਨ ਉਤੇ ਹੈ। ਪਰ ਪੂਰਾ ਇਕ ਦਹਾਕਾ ਖਾਨਾਜੰਗੀ ਦਾ ਸ਼ਿਕਾਰ ਰਿਹਾ ਨਿੱਕਾ ਜਿਹਾ ਯੂਰਪੀ ਮੁਲਕ ਕਰੋਏਸ਼ੀਆ (Croatia) 1698.66 ਅੰਕਾਂ ਨਾਲ਼ 11ਵੇਂ ਸਥਾਨ ’ਤੇ ਮੌਜੂਦ ਹੈ। ਇਸੇ ਤਰਾਂ ਫੌਜੀ ਅਤੇ ਆਰਥਿਕ ਸ਼ਕਤੀ ਦੇ ਮਾਮਲੇ ਵਿਚ ਜਰਮਨੀ ਦੇ ਮੁਕਾਬਲੇ ਕਾਫੀ ਕਮਜ਼ੋਰ ਯੂਰਪੀ ਮੁਲਕ ਇਟਲੀ (Italy), ਬੈਲਜੀਅਮ (Belgium) ਅਤੇ ਪੁਰਤਗਾਲ (Portugal) ਕ੍ਰਮਵਾਰ 9ਵੇਂ, 8ਵੇਂ ਅਤੇ 7ਵੇਂ ਸਥਾਨ ਉਤੇ ਹਨ।

ਵਿਸ਼ਵ ਗੁਰੂ ਹੋਣ ਦੀਆਂ ਡੀਂਗਾਂ ਮਾਰਨ ਵਾਲ਼ੇ ਭਾਰਤ ਦੀ ਹਾਲਤ ਖਸਤਾ
ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤੀ ਆਗੂ (Indian Politicians) ਅਕਸਰ ਪੁਰਾਣੇ ਗ੍ਰੰਥਾਂ ਅਤੇ ਮਿਥਿਹਾਸਕ ਕਹਾਣੀਆਂ ਦਾ ਹਵਾਲਾ ਦੇ ਕੇ ‘ਵਿਸ਼ਵ-ਗੁਰੂ’ ਹੋਣ ਦੀਆਂ ਡੀਂਗਾਂ ਮਾਰਦੇ ਰਹਿੰਦੇ ਹਨ। ਪਰ ਕੌਮਾਂਤਰੀ ਫੁੱਟਬਾਲ ਫੈਡਰੇਸ਼ਨ (FIFA) ਵੱਲੋਂ ਜਾਰੀ ਫੀਫਾ ਵਿਸ਼ਵ ਦਰਜਾਬੰਦੀ-2025 ਵਿਚ ਭਾਰਤ ਦੀ ਹਾਲਤ ‘ਭੁੱਖੇ ਨੰਗੇ’ ਆਖੇ ਜਾਂਦੇ ਅਫਰੀਕੀ ਮੁਲਕਾਂ ਅਤੇ ਪਿਛਲੇ ਦੋ ਦਹਾਕਿਆਂ ਦੌਰਾਨ ਜੰਗਾਂ ਨਾਲ਼ ਬੁਰੀ ਤਰਾਂ ਤਬਾਹ ਹੋਏ ਅਰਬ ਖਿੱਤੇ ਦੇ ਮੁਲਕਾਂ ਨਾਲ਼ੋਂ ਵੀ ਖਸਤਾ ਹੈ। ਕੌਮਾਂਤਰੀ ਫੁੱਟਬਾਲ ਫੈਡਰੇਸ਼ਨ (Fifa) ਵੱਲੋਂ ਜਾਰੀ ਕੀਤੀ ਤਾਜਾ ਦਰਜਾਬੰਦੀ ਸੂਚੀ ਮੁਤਾਬਕ 210 ਮੁਲਕਾਂ ਵਿਚੋਂ ਭਾਰਤ 1132.03 ਅੰਕਾਂ ਨਾਲ਼ 127ਵੇਂ ਸਥਾਨ ’ਤੇ ਹੈ। ਇਸ ਦੇ ਮੁਕਾਬਲੇ ਸੁਡਾਨ, ਨਾਮੀਬੀਆ, ਗੁਆਟੇਮਾਲਾ, ਕੀਨੀਆ, ਲੈਬਨਾਨ, ਮੈਡਗਾਸਕਰ, ਨਾਈਜੀਰੀਆ, ਕਾਂਗੋ, ਜਾਂਬੀਆ ਵਰਗੇ ਭੁੱਖ-ਨੰਗ ਨਾਲ਼ ਲੜਦੇ ਗਰੀਬ ਮੁਲਕਾਂ ਦੀਆਂ ਟੀਮਾਂ ਭਾਰਤ ਨਾਲ਼ੋਂ ਬਿਹਤਰ ਸਥਿਤੀ ਵਿਚ ਹਨ। ਅਫਰੀਕੀ ਮਹਾਂਦੀਪ (African continental) ਦੇ ਬੇਹੱਦ ਗਰੀਬ ਮੁਲਕਾਂ ਵਿਚੋਂ ਘਾਨਾ (Ghana) 1333.51 ਅੰਕਾਂ ਨਾਲ਼ 76ਵੇਂ, ਡੈਮੋਕ੍ਰੈਟਿਕ ਰਿਪਬਲਿਕ ਕਾਂਗੋ (Congo) 1406.59 ਅੰਕਾਂ ਨਾਲ਼ 61ਵੇਂ, ਜਾਂਬੀਆ 1276.34 ਅੰਕਾਂ ਨਾਲ਼ 88ਵੇਂ, ਯੂਗਾਂਡਾ (Uganda) 1273.73 ਅੰਕਾਂ ਨਾਲ਼ 89ਵੇਂ, ਅਮਰੀਕਾ ਵੱਲੋਂ ਰਸਾਇਣਕ ਹਥਿਆਰਾਂ (Chemical weapons) ਦੀ ਝੂਠੀ ਕਹਾਣੀ ਬਣਾ ਕੇ ਤਬਾਹ ਕੀਤਾ ਗਿਆ ਇਰਾਕ (Iraq) 1413.4 ਅੰਕਾਂ ਨਾਲ਼ 59ਵੇਂ, ਖਾਨਾਜੰਗੀ ਦਾ ਸ਼ਿਕਾਰ ਸੀਰੀਆ (Syria) 1253.81 ਅੰਕਾਂ ਨਾਲ਼ 93ਵੇਂ ਜਦਕਿ ਆਪਣੀ ਹੋਂਦ ਹਸਤੀ ਦੀ ਲੜਾਈ ਲੜ ਰਿਹਾ ਫਿਲਸਤੀਨ (Palestine) 1224.65 ਅੰਕਾਂ ਨਾਲ਼ 101ਵੇਂ ਸਥਾਨ ’ਤੇ ਹਨ। ਇਸੇ ਤਰਾਂ ਦੇ ਕਈ ਹੋਰ ਗਰੀਬੀ ਦੀ ਮਾਰ ਹੇਠ ਚੱਲ ਰਹੇ ਮੁਲਕ ਫੁੱਟਬਾਲ ਸਮੇਤ ਕਈ ਹੋਰ ਖੇਡਾਂ ਵਿਚ ਵੀ ਭਾਰਤ ਤੋਂ ਬਹੁਤ ਅੱਗੇ ਹਨ। ਭਾਰਤ ਲਈ ਹੋਰ ਵੀ ਨਮੋਸ਼ੀ ਵਾਲ਼ੀ ਗੱਲ ਇਹ ਹੈ ਕਿ ਉਸਦੀ ਟੀਮ 2 ਸਾਲ ਪਹਿਲਾਂ ਦੇ 101ਵੇਂ ਸਥਾਨ ਤੋਂ ਹੇਠਾਂ ਖਿਸਕ ਕੇ 127ਵੇਂ ਸਥਾਨ ‘ਤੇ ਪਹੁੰਚ ਗਈ ਹੈ। ਦੂਜੇ ਪਾਸੇ ਦੁਨੀਆਂ ਦੇ ਸਭ ਤੋਂ ਇਮਾਨਦਾਰ, ਸੋਹਣੇ ਅਤੇ ਰਹਿਣ ਲਈ ਦੁਨੀਆਂ ਭਰ ਦੇ ਲੋਕਾਂ ਦੇ ਪਸੰਦੀਦਾ ਮੁਲਕਾਂ ਵਿਚੋਂ ਚੋਟੀ ਦਾ ਮੁਲਕ ਨਿਊਜ਼ੀਲੈਂਡ ਜਿਹੜਾ ਇਸ ਸੂਚੀ ਵਿਚ 2 ਸਾਲ ਪਹਿਲਾਂ ਭਾਰਤ ਤੋਂ ਸਿਰਫ ਇਕੋ ਸਥਾਨ ਉਪਰ ਭਾਵ 100ਵੇਂ ਸਥਾਨ ’ਤੇ ਹੁੰਦਾ ਸੀ ਉਹ 2 ਸਾਲਾਂ ਵਿਚ ਵੱਡੀ ਛਾਲ਼ ਮਾਰ ਕੇ ਐਤਕੀਂ 1284.68 ਅੰਕਾਂ ਨਾਲ਼ 86ਵੇਂ ਸਥਾਨ ‘ਤੇ ਪਹੁੰਚ ਚੁੱਕਾ ਹੈ।

Good evening sir Baki countries da te Pta nhi but Sade Bharat vich 1-1 inch te bhrastachar,baimani hai . Indian players Hun apni country ya shaunk nhi sirf paise Lai khed rhe hn. Sports /games Hun money making machine hai.