
Pele | ਪੇਲੇ
ਪਰਮੇਸ਼ਰ ਸਿੰਘ ਬੇਰਕਲਾਂ
ਲੁਧਿਆਣਾ, 23 ਅਕਤੂਬਰ: Pele/ਪੇਲੇ ਮਤਲਬ ਫੁੱਟਬਾਲ/Football ਤੇ ਫੁੱਟਬਾਲ ਮਤਲਬ Pele/ਪੇਲੇ। ਇਹ ਦੋਵੇਂ ਲਫਜ ਇਕ ਦੂਜੇ ਨਾਲ਼ ਏਨੇ ਇੱਕ-ਮਿੱਕ ਹੋ ਗਏ ਹਨ ਕਿ ਦੋਵਾਂ ਵਿਚ ਨਿਖੇੜਾ ਕਰਨਾ ਮੁਸ਼ਕਿਲ ਹੀ ਨਹੀਂ ਬਲਕਿ ਅਸੰਭਵ ਹੈ। ਪੇਲੇ ਕੇਵਲ ਫੁੱਟਬਾਲ ਦਾ ਹੀ ਨਹੀਂ ਬਲਕਿ ਸਮੁੱਚੇ ਖੇਡ ਜਗਤ ਦਾ ਉਹ ਮਹਾਂਨਾਇਕ (The Legend of sports world) ਹੈ, ਜਿਸ ਬਾਰੇ ਦੁਨੀਆਂ ਦੇ ਉਹ ਲੋਕ ਵੀ ਜਾਣੂੰ ਹਨ, ਜਿਨ੍ਹਾਂ ਦਾ ਫੁੱਟਬਾਲ ਤਾਂ ਕੀ ਕਿਸੇ ਹੋਰ ਖੇਡ ਨਾਲ਼ ਵੀ ਬਹੁਤਾ ਲਗਾਓ ਜਾਂ ਵਾਹ-ਵਾਸਤਾ ਨਹੀਂ ਹੈ। 82 ਸਾਲ ਦੀ ਉਮਰ ਵਿਚ 30 ਦਸੰਬਰ 2022 ਨੂੰ ਇਸ ਦੁਨੀਆਂ ਤੋਂ ਰੁਖਸਤ ਹੋਏ ਪੇਲੇ ਨੇ ਫੁੱਟਬਾਲ ਵਿਚ ਅਨੇਕਾਂ ਕੀਰਤੀਮਾਨ ਸਥਾਪਿਤ ਕੀਤੇ ਜਿਨ੍ਹਾਂ ਵਿਚੋਂ ਕੁੱਝ ਹਾਲੇ ਵੀ ਉਸ ਦੇ ਨਾਂਅ ਕਾਇਮ ਹਨ। ਪੇਲੇ ਦੁਨੀਆਂ ਦਾ ਇਕੋ ਇਕ ਖਿਡਾਰੀ ਸੀ ਜਿਸ ਨੇ 18 ਸਾਲ ਤੋਂ ਘੱਟ ਉਮਰ ਵਿਚ ਹੀ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਵਿਚ ਗੋਲ਼ ਹੀ ਨਹੀਂ ਕੀਤੇ ਬਲਕਿ ਸੈਮੀਫਾਈਨਲ ਮੁਕਾਬਲੇ ਦੌਰਾਨ ਫਰਾਂਸ ਵਿਰੁੱਧ ਹੈਟ੍ਰਿਕ ਵੀ ਲਗਾਈ ਸੀ। ਪੇਲੇ ਦੁਨੀਆਂ ਦਾ ਵਾਹਦ ਖਿਡਾਰੀ ਹੈ ਜਿਸ ਨੂੰ ਬ੍ਰਾਜੀਲ ਸਰਕਾਰ ਨੇ ਆਪਣੇ ਮੁਲਕ ਦਾ ”ਕੌਮੀ ਖਜ਼ਾਨਾ” ਐਲਾਨਿਆ ਸੀ।
Pele/ਪੇਲੇ ਦਾ ਪੂਰਾ ਨਾਂਅ ਬਹੁਤੇ ਖੇਡ ਪ੍ਰੇਮੀ ਨਹੀਂ ਜਾਣਦੇ
Pele/ਪੇਲੇ ਦਾ ਪੂਰਾ ਨਾਂਅ ਐਡਸਨ ਐਰਾਂਟਸ ਡੂ ਨੇਸੀਮੈਂਟੋ (Edson Arantes do Nascimento) ਹੈ। ਬ੍ਰਾਜੀਲ ਦੀ ਨਾਮਕਰਨ ਰਵਾਇਤ ਮੁਤਾਬਕ ਇਸ ਪੂਰੇ ਨਾਂਅ ਵਿਚ ‘ਐਡਸਨ’ ਉਸ ਦਾ ਨਿੱਜੀ ਪਛਾਣ ਲਫਜ ਹੈ ਜਦਕਿ ਐਰਾਂਟਸ ਲਫਜ ਉਸ ਦੇ ਨਾਨਕੇ ਅਤੇ ਨੇਸੀਮੈਂਟੋ ਉਸ ਦੇ ਦਾਦਕੇ ਪਰਿਵਾਰ ਦੇ ਪਿਛੋਕੜ ਨੂੰ ਦਰਸਾਉਂਦਾ ਹੈ। ਪੇਲੇ ਦਾ ਜਨਮ 23 ਅਕਤੂਬਰ 1940 ਨੂੰ ਬ੍ਰਾਜੀਲ ਦੇ ਇਕ ਛੋਟੇ ਜਿਹੇ ਕਸਬੇ ਟ੍ਰੇਸ ਕੋਰਾਸੇਓਸ (Tres Coraceos) ਵਿਚ ਰਹਿੰਦੇ ਬੇਹੱਦ ਗਰੀਬ ਟੱਬਰ ਵਿਚ ਹੋਇਆ। ਡੋਨਡੀਨ੍ਹੋ ਦੇ ਨਾਂਅ ਨਾਲ਼ ਜਾਣਿਆਂ ਜਾਂਦਾ ਉਸ ਦਾ ਪਿਤਾ ਉਸ ਸਮੇਂ ਆਪਣੇ ਇਲਾਕੇ ਦਾ ਨਾਮਵਰ ਤੇ ਹੁਨਰਮੰਦ ਫੁੱਟਬਾਲ ਖਿਡਾਰੀ ਸੀ ਤੇ ਮਾਂ ਕਲੈਸਟੋ ਇਕ ਘਰੇਲੂ ਸੁਆਣੀ। ਪੇਲੇ ਦੇ ਮਾਪਿਆਂ ਨੇ ਆਪਣੇ ਪਲੇਠੇ ਪੁੱਤ ਦਾ ਨਾਂਅ ਉਸ ਸਮੇਂ ਦੇ ਮਸ਼ਹੂਰ ਵਿਗਿਆਨੀ ਥੌਮਸ ਅਲਵਾ ਐਡੀਸਨ ਤੋਂ ਪ੍ਰਭਾਵਿਤ ਹੋ ਕੇ ਰੱਖਿਆ ਸੀ। ਪਰ ਐਡੀਸਨ ਤੋਂ ਕੁੱਝ ਵਖਰੇਵਾਂ ਦਰਸਾਉਣ ਲਈ ਉਨ੍ਹਾਂ ਇਸ ਵਿਚੋਂ ‘ਆਈ’ ਕੱਢ ਕੇ ਐਡਸਨ ਬਣਾ ਲਿਆ। ਹਾਲਾਂਕਿ ਬਾਅਦ ਵਿਚ ਉਸ ਦੇ ਬਹੁਤੇ ਦਸਤਾਵੇਜਾਂ ਵਿਚ ਐਡਸਨ ਦੀ ਥਾਂ ਐਡੀਸਨ ਹੀ ਦਰਜ ਹੋ ਗਿਆ। ਮਾਪਿਆਂ ਵੱਲੋਂ ਉਸ ਦਾ ਛੋਟਾ ਘਰੇਲੂ ਨਾਂਅ ‘ਡੀਕੋ’ ਰੱਖਿਆ ਗਿਆ ਸੀ ਤੇ ਸਾਰਾ ਟੱਬਰ ਉਸ ਨੂੰ ਏਸੇ ਨਾਂਅ ਨਾਲ਼ ਬੁਲਾਉਂਦਾ ਸੀ।
ਖੁਦ Pele/ਪੇਲੇ ਵੀ ਨਹੀਂ ਸੀ ਜਾਣਦਾ ਕਿ ਉਸਦਾ ਇਹ ਨਾਂਅ ਕਿਵੇਂ ਪ੍ਰਚੱਲਤ ਹੋਇਆ
‘Pele/ਪੇਲੇ’ ਨਾਂਅ ਕਦੋਂ ਤੇ ਕਿਵੇਂ ਪ੍ਰਚੱਲਤ ਹੋ ਗਿਆ ਇਸ ਬਾਰੇ ਖੁਦ ਪੇਲੇ ਵੀ ਨਹੀਂ ਜਾਣਦਾ। ਦਰਅਸਲ ਇਹ ਨਾਂਅ ਉਦੋਂ ਪ੍ਰਚੱਲਤ ਹੋਇਆ ਜਦੋਂ ਉਹ 8 ਸਾਲ ਦੀ ਉਮਰ ਵਿਚ ਸਕੂਲ ਜਾਣ ਲੱਗਿਆ। ਕੁੱਝ ਲੋਕਾਂ ਦਾ ਮੰਨਣਾ ਹੈ ਕਿ ਉਸ ਵੇਲ਼ੇ ਦੇ ਇਕ ਚਰਚਿਤ ਖਿਡਾਰੀ ‘ਬੇਲੇ’ ਦਾ ਨਾਂਅ ਬੋਲਣ ਸਮੇਂ ਉਹ ਗਲਤੀ ਨਾਲ਼ ‘ਪੇਲੇ’ ਕਹਿ ਦਿੰਦਾ ਸੀ ਇਸ ਕਰਕੇ ਉਸ ਦੇ ਕੁੱਝ ਜਮਾਤੀਆਂ ਨੇ ਸ਼ਰਾਰਤ ਵਜੋਂ ਉਸ ਨੂੰ ‘ਪੇਲੇ’ ਕਹਿਣਾ ਸ਼ੁਰੂ ਕਰ ਦਿੱਤਾ। ਜਦਕਿ ਕੁੱਝ ਹੋਰ ਦਾ ਮੰਨਣਾ ਹੈ ਕਿ ਉਸ ਇਲਾਕੇ ਵਿਚ ਰਹਿੰਦੇ ਕੁੱਝ ਤੁਰਕੀ ਲੋਕਾਂ ਦੀ ਵਜ੍ਹਾ ਕਰਕੇ ਇਹ ਨਾਂਅ ਪ੍ਰਚੱਲਿਤ ਹੋਇਆ, ਜੋ ਕਿ ਖੇਡ ਦੌਰਾਨ ਉਸ ਦਾ ਹੱਥ ਗੇਂਦ ਨੂੰ ਲੱਗਣ ’ਤੇ ਉਚੀ ਆਵਾਜ ਵਿਚ ਫਬਤੀ ਕਸਦੇ ਹੋਏ ‘ਪੇ ਲੇ’ ਕਹਿੰਦੇ ਸਨ। ਜਿਸ ਦਾ ਭਾਵ ਸੀ ਕਿ ਹੱਥ ਨਹੀਂ ਪੈਰ ਤੋਂ ਕੰਮ ਲੈ। ਹਾਲਾਂਕਿ ਹਵਾਈਅਨ ਧਰਮ ਵਿੱਚ, ਪੇਲੇ ਜਵਾਲਾਮੁਖੀ ਅਤੇ ਅੱਗ ਦੀ ਦੇਵੀ ਨੂੰ ਕਿਹਾ ਜਾਂਦਾ ਹੈ ਜੋ ਕਿ ਉਥੇ ਰਹਿਣ ਵਾਲ਼ੇ ਲੋਕਾਂ ਦੀ ਆਸਥਾ ਮੁਤਾਬਕ ਹਵਾਈ ਟਾਪੂਆਂ ਦੀ ਸਿਰਜਣਹਾਰ ਹੈ। ਪਰ ਪੇਲੇ ਦੀ ਮਾਂ ਬੋਲੀ ਤੇ ਬ੍ਰਾਜੀਲ ਦੀ ਪ੍ਰਮੁੱਖ ਭਾਸ਼ਾ ਪੁਰਤਗਾਲੀ ’ਚ ਪੇਲੇ ਲਫਜ ਦਾ ਕੋਈ ਵੀ ਮਤਲਬ ਨਹੀਂ ਹੈ। ਸ਼ਾਇਦ ਏਸੇ ਕਰਕੇ ਸਕੂਲ ਦੇ ਦਿਨਾਂ ਦੌਰਾਨ ਇਸ ਨਾਂਅ ਰਾਹੀਂ ਸੰਬੋਧਨ ਨੂੰ ਲੈ ਕੇ ਉਸ ਦੀ ਆਪਣੇ ਜਮਾਤੀਆਂ ਨਾਲ਼ ਅਕਸਰ ਲੜਾਈ ਹੋ ਜਾਂਦੀ ਸੀ। ਪਰ ਉਸ ਦੇ ਨਾ ਚਾਹੁਣ ਅਤੇ ਸਖਤ ਵਿਰੋਧ ਦੇ ਬਾਵਜੂਦ ਘਰੇਲੂ ਨਾਂਅ ‘ਡੀਕੋ’ ਦੀ ਬਜਾਏ ਹੌਲ਼ੀ-ਹੌਲ਼ੀ ਉਸ ਦਾ ਨਾਂਅ ‘ਪੇਲੇ’ ਹੀ ਪੂਰੇ ਇਲਾਕੇ ਵਿਚ ਪ੍ਰਚੱਲਤ ਹੋ ਗਿਆ ਤੇ ਉਸ ਨੇ ਵੀ ਆਖਰ ਇਸੇ ਨੂੰ ਪ੍ਰਵਾਨ ਕਰ ਲਿਆ। ਹਾਲਾਂਕਿ ਇਸ ਨਾਂਅ ਨਾਲ਼ ਹੀ ਪ੍ਰਸਿੱਧੀ ਦੇ ਸਿਖਰ ’ਤੇ ਪਹੁੰਚਣ ਦੇ ਬਾਅਦ ਵੀ ਉਸ ਦੇ ਮਾਂ-ਬਾਪ ਸਾਰੀ ਉਮਰ ਉਸ ਨੂੰ ਪੇਲੇ ਦੀ ਥਾਂ ‘ਡੀਕੋ’ ਕਹਿ ਕੇ ਹੀ ਬੁਲਾਉਂਦੇ ਰਹੇ।

Pele/ਪੇਲੇ ਨੂੰ ਬਚਪਨ ‘ਚ ਫੁੱਟਬਾਲ ਖੇਡਣ ਬਦਲੇ ਮਾਂ ਤੋਂ ਪੈਂਦੀ ਸੀ ਕੁੱਟ
ਦੁਨੀਆਂ ਦਾ ਮਹਾਨਤਮ ਫੁੱਟਬਾਲਰ Pele/ਪੇਲੇ ਹਾਲਾਂਕਿ 16 ਸਾਲ ਦੀ ਅੱਲ੍ਹੜ ਉਮਰ ‘ਚ ਹੀ ਬ੍ਰਾਜੀਲ ਦੀ ਕੌਮੀ ਫੁੱਟਬਾਲ ਟੀਮ ਦਾ ਮੈਂਬਰ ਬਣ ਗਿਆ ਸੀ। ਪਰ ਉਸ ਨੂੰ ਇਸ ਮੁਕਾਮ ਤੱਕ ਪਹੁੰਚਣ ਤੋਂ ਸਿਰਫ ਕੁੱਝ ਸਾਲ ਪਹਿਲਾਂ ਤੱਕ ਫੁੱਟਬਾਲ ਖੇਡਣ ਬਦਲੇ ਆਪਣੀ ਮਾਂ ਤੋਂ ਲਗਪਗ ਰੋਜ਼ਾਨਾ ਕੁੱਟ ਖਾਣੀ ਪੈਂਦੀ ਸੀ। ਪੇਲੇ ਮੁਤਾਬਕ ‘‘ਉਸ ਦੀ ਮਾਂ ਕਲੈਸਟ ਐਰਾਂਟਸ, ਜੋ ਕਿ ਆਪਣੇ ਬੱਚਿਆਂ ਦੇ ਭਵਿੱਖ ਦਾ ਫਿਕਰ ਕਰਨ ਵਾਲ਼ੀ ਇਕ ਆਮ ਰਵਾਇਤੀ ਘਰੇਲੂ ਔਰਤ ਸੀ, ਫੁੱਟਬਾਲ ਖੇਡਣ ਨੂੰ ਬੈਂਕ ਡਕੈਤੀ ਵਰਗਾ ਜ਼ੁਰਮ ਜਾਂ ਸੱਤ ਘਾਤਕ ਪਾਪਾਂ ਵਰਗਾ ਗੁਨਾਹ ਸਮਝਦੀ ਸੀ।’’ ਕਾਰਨ ਸ਼ਾਇਦ ਇਹ ਸੀ ਕਿ ਪੇਲੇ ਦੇ ਪਿਤਾ ਜੁਆਓ ਰਾਮੋਸ ਡੂ ਨੈਸੀਮੈਂਟੋ ਉਰਫ ਡੋਨਡੀਨ੍ਹੋ ਫੁੱਟਬਾਲ ਦੀ ਖੇਡ ਵਿਚੋਂ ਓਨਾ ਪੈਸਾ ਨਹੀਂ ਸੀ ਕਮਾ ਪਾਉਂਦੇ, ਜਿੰਨੇ ਪੈਸੇ ਦੀ ਤਿੰਨ ਬੱਚਿਆਂ ਵਾਲ਼ੇ 5 ਜੀਆਂ ਦੇ ਟੱਬਰ ਦੇ ਸੌਖੇ ਗੁਜਾਰੇ ਲਈ ਲੋੜ ਹੁੰਦੀ ਸੀ। 7-8 ਸਾਲ ਦੀ ਉਮਰ ਵਿਚ ਪੇਲੇ ਨੂੰ ਉਸ ਦੀ ਮਾਂ ਵੱਲੋਂ ਘਰ ਦੇ ਸਾਹਮਣੇ ਸਥਿਤ ਮੈਦਾਨ ਵਿਚ ਵੀ ਸਿਰਫ ਇਸ ਸ਼ਰਤ ’ਤੇ ਫੁੱਟਬਾਲ ਖੇਡਣ ਜਾਣ ਦੀ ਇਜਾਜਤ ਮਿਲਦੀ ਸੀ ਕਿ ਖੇਡਣ ਦੇ ਸਮੇਂ ਦੌਰਾਨ ਮੈਂ ਆਪਣੇ ਛੋਟੇ ਭਰਾ ਜ਼ਾਈਰ ਉਰਫ ਜੌਕਾ ਨੂੰ ਨਾਲ਼ ਲਿਜਾ ਕੇ ਉਸ ਦਾ ਵੀ ਖਿਆਲ ਰੱਖਾਂਗਾ। ਪਰ ਜੌਕਾ ਛੋਟਾ ਬੱਚਾ ਸੀ ਤੇ ਉਤਸੁਕਤਾ ਨਾਲ਼ ਅਕਸਰ ਹੀ ਖੇਡ ਮੈਦਾਨ ਵਿਚ ਜਾ ਪਹੁੰਚਦਾ ਸੀ, ਜਿਸ ਦੌਰਾਨ ਕੋਈ ਨਾ ਕੋਈ ਖਿਡਾਰੀ ਬੇਧਿਆਨੀ ਵਿਚ ਰੋਜ਼ਾਨਾ ਹੀ ਉਸ ਨਾਲ਼ ਟਕਰਾ ਕੇ ਡਿਗ ਪੈਂਦਾ ਸੀ। ਇਸ ਟੱਕਰ ਤੋਂ ਬਾਅਦ ਜੌਕਾ ਤੁਰੰਤ ਰੋਂਦਾ-ਰੋਂਦਾ ਘਰ ਵੱਲ ਦੌੜ ਪੈਂਦਾ ਤੇ ਜਦੋਂ ਉਸ ਦੇ ਪਿਛੇ ਪੇਲੇ ਘਰ ਪਹੁੰਚਦਾ ਤਾਂ ਜਾਂਦਿਆਂ ਹੀ ਉਸ ਦੀ ਮਾਂ ਵੱਲੋਂ ਇਕ ਕੜਾਕੇਦਾਰ ਥੱਪੜ ਉਸ ਦੇ ਕੰਨ ’ਤੇ ਪੈਂਦਾ। ਇਹ ਸਿਲਸਿਲਾ ਬਿਨਾ ਨਾਗਾ ਲਗਪਗ ਰੋਜ਼ਾਨਾ ਹੀ ਚਲਦਾ ਰਹਿੰਦਾ ਸੀ।
Pele/ਪੇਲੇ ਮੁਤਾਬਕ ‘‘ਉਸਦੀ ਮਾਂ ਦਾ ਅਨੁਸਾਸ਼ਨ ਕਠੋਰ ਸੀ। ਅਰਾਂਟੇਸ ਡੂ ਨੈਸੀਮੈਂਟੋ ਪਰਿਵਾਰ ਹਾਲਾਂਕਿ ਗਰੀਬ ਸੀ, ਪਰ ਹਮੇਸ਼ਾ ਚੰਗਾ ਵਿਵਹਾਰ ਕਰਦਾ ਸੀ, ਅਸੀਂ ਭੀਖ ਨਹੀਂ ਮੰਗੀ, ਅਸੀਂ ਝੂਠ ਨਹੀਂ ਬੋਲਿਆ, ਅਸੀਂ ਕਿਸੇ ਨੂੰ ਧੋਖਾ ਨਹੀਂ ਦਿੱਤਾ, ਅਸੀਂ ਉਕਸਾਉਣ ਦੇ ਬਾਵਜੂਦ ਕਦੇ ਸ਼ਬਦਾਂ ਦੀ ਸਹੁੰ ਨਹੀਂ ਖਾਧੀ, ਅਸੀਂ ਪ੍ਰਮਾਤਮਾ ਵਿੱਚ ਵਿਸ਼ਵਾਸ ਕੀਤਾ ਅਤੇ ਪ੍ਰਾਰਥਨਾ ਕੀਤੀ ਨਿਯਮਿਤ ਤੌਰ ‘ਤੇ, ਹਾਲਾਂਕਿ ਅਸੀਂ ਉਮੀਦ ਨਹੀਂ ਕੀਤੀ ਸੀ ਕਿ ਉਹ ਸਾਡੇ ਲਈ ਸਾਡੀਆਂ ਸਮੱਸਿਆਵਾਂ ਨੂੰ ਹੱਲ ਕਰੇਗਾ, ਅਸੀਂ ਆਪਣੇ ਤੋਂ ਵੱਡੇ ਲੋਕਾਂ ਨਾਲ ਆਦਰ ਨਾਲ ਪੇਸ਼ ਆਉਂਦੇ ਹਾਂ; ਅਤੇ ਸਭ ਤੋਂ ਵੱਧ, ਅਸੀਂ ਆਪਣੇ ਮਾਤਾ-ਪਿਤਾ ਦਾ ਕਹਿਣਾ ਮੰਨਿਆ।’’
Pele/ਪੇਲੇ ਦੀਆਂ ਬੇਮਿਸਾਲ ਪ੍ਰਾਪਤੀਆਂ ਅਤੇ ਸਥਾਪਿਤ ਰਿਕਾਰਡਾਂ ਦੇ ਨੇੜੇ ਪਹੁੰਚਣਾ ਵੀ ਲਗਪਗ ਅਸੰਭਵ
Pele/ਪੇਲੇ ਨੇ ਆਪਣੇ ਢਾਈ ਦਹਾਕੇ ਦੇ ਕੌਮਾਂਤਰੀ ਖੇਡ ਕੈਰੀਅਰ ਦੌਰਾਨ ਬੇਹੱਦ ਵਿਲੱਖਣ, ਮਾਣਯੋਗ ਤੇ ਬੇਮਿਸਾਲ ਪ੍ਰਾਪਤੀਆਂ ਕੀਤੀਆਂ। ਸਿਰਫ਼ 17 ਸਾਲ ਦੀ ਅੱਲ੍ਹੜ ਉਮਰ ’ਚ 1958 ਦੇ ਵਿਸ਼ਵ ਕੱਪ ਦੀ ਜੇਤੂ ਟੀਮ ’ਚ ਪਹਿਲੀ ਵਾਰ ਖੇਡਣ ਤੋਂ ਲੈ ਕੇ 1977 ਵਿਚ ਕੌਮਾਂਤਰੀ ਫੁੱਟਬਾਲ ਨੂੰ ਅਲਵਿਦਾ ਆਖਣ ਤੱਕ ਪੇਲੇ ਨੇ ਏਨੇ ਰਿਕਾਰਡ ਸਥਾਪਿਤ ਕੀਤੇ ਹਨ ਕਿ ਉਨ੍ਹਾਂ ਨੂੰ ਤੋੜਨਾ ਤਾਂ ਦੂਰ ਬਲਕਿ ਉਨ੍ਹਾਂ ਦੇ ਨੇੜੇ-ਤੇੜੇ ਪਹੁੰਚਣਾ ਵੀ ਵੱਡੇ ਤੋਂ ਵੱਡੇ ਫੁੱਟਬਾਲ ਸਿਤਾਰੇ ਦੇ ਵਸ ਦੀ ਗੱਲ ਨਹੀਂ ਜਾਪਦੀ। ਪੇਲੇ ਮੈਦਾਨ ‘ਤੇ ਆਪਣੇ ਵਿਰੋਧੀਆਂ ਦੀ ਹਰਕਤ ਦਾ ਅੰਦਾਜ਼ਾ ਲਗਾਉਣ ਦੇ ਨਾਲ-ਨਾਲ ਗੇਂਦ ਨੂੰ ਸੱਜੇ ਜਾਂ ਖੱਬੇ ਵਿਚੋਂ ਕਿਸੇ ਵੀ ਪੈਰ ਨਾਲ ਕਿੱਕ ਮਾਰਨ ਵਿਚ ਮਾਹਰ ਸੀ।
ਸਿਰਫ਼ 15 ਸਾਲ ਦੀ ਉਮਰ ਵਿਚ ਸੈਂਟੋਸ ਫੁੱਟਬਾਲ ਕਲੱਬ (Santos) ਦੀ ਟੀਮ ਵਿਚ ਸ਼ਾਮਲ ਹੋਏ Pele/ਪੇਲੇ ਨੇ ਆਪਣੇ ਪਹਿਲੇ ਹੀ ਪੇਸ਼ੇਵਰ ਮੈਚ ਵਿਚ ਉਸ ਵੇਲ਼ੇ ਦੇ ਚਰਚਿਤ ਕਲੱਬ ‘ਕੋਰਿੰਥੀਅਨਜ਼’ ਦੀ ਟੀਮ ਖਿਲਾਫ਼ 4 ਗੋਲ਼ ਕਰਕੇ ਧਮਾਕੇਦਾਰ ਸ਼ੁਰੂਆਤ ਕੀਤੀ। 22 ਸਾਲ ਦੇ ਆਪਣੇ ਸਮੁੱਚੇ ਖੇਡ ਕੈਰੀਅਰ ਦੌਰਾਨ ਪੇਲੇ ਨੇ ਪੇਸ਼ੇਵਰ ਅਤੇ ਕੌਮਾਂਤਰੀ ਫੁੱਟਬਾਲ ਵਿਚ ਲਗਪਗ 1300 ਗੋਲ਼ ਕੀਤੇ। ਪੇਲੇ ਤੋਂ ਬਾਅਦ ਚਰਚਾ ਵਿਚ ਰਹੇ ਦੁਨੀਆਂ ਦੇ ਚੋਟੀ ਦੇ ਫੁੱਟਬਾਲ ਖਿਡਾਰੀ ਮਾਰਾਡੋਨਾ, ਡੇਵਿਡ ਬੈਕਹਮ, ਮੈਸੀ, ਰੋਨਾਲਡੀਨੋ, ਰੋਨਾਲਡੋ ਆਦਿ ਇਸ ਅੰਕੜੇ ਦੇ ਅੱਧ ਤੱਕ ਹੀ ਮਸਾਂ ਪਹੁੰਚ ਸਕੇ ਹਨ। ਪੇਲੇ ਦੁਨੀਆਂ ਦਾ ਇਕੋ ਇਕ ਖਿਡਾਰੀ ਹੈ ਜੋ 37 ਸਾਲ ਦੀ ਉਮਰ ਵਿਚ ਆਪਣੇ ਖੇਡ ਕੈਰੀਅਰ ਤੋਂ ਸੰਨਿਆਸ ਲੈਣ ਤੱਕ ਹੀ ਦੁਨੀਆਂ ਦੇ 88 ਮੁਲਕਾਂ ਦਾ ਦੌਰਾ ਕਰ ਚੁੱਕਾ ਸੀ। ਇਨ੍ਹਾਂ ਵਿਸ਼ੇਸ਼ ਫੇਰੀਆਂ ਦੌਰਾਨ ਪੇਲੇ ਦੁਨੀਆਂ ਦੇ 10 ਪ੍ਰਮੁੱਖ ਰਾਜਿਆਂ, 5 ਸਮਰਾਟਾਂ, 70 ਰਾਸ਼ਟਰਪਤੀਆਂ ਅਤੇ 40 ਪ੍ਰਧਾਨ ਮੰਤਰੀਆਂ ਜਾਂ ਹੋਰ ਰਾਜ ਮੁਖੀਆਂ ਤੋਂ ਇਲਾਵਾ ਦੋ ਪੋਪਾਂ ਨੂੰ ਵੀ ਮਿਲਿਆ। ਦੁਨੀਆਂ ਦੇ ਦਰਜਨਾਂ ਮੁਲਕਾਂ ਦੀਆਂ ਸਰਕਾਰਾਂ ਅਤੇ ਪ੍ਰਮੁੱਖ ਸ਼ਹਿਰਾਂ ਦੇ ਮੇਅਰਾਂ ਵੱਲੋਂ ਪੇਲੇ ਨੂੰ ਮਾਣ ਵਜੋਂ ‘ਆਨਰੇਰੀ ਨਾਗਰਿਕਤਾ’ ਦਾ ਸਨਮਾਨ ਦੇ ਕੇ ਨਿਵਾਜਿਆ ਗਿਆ ਹੈ। ਫੁੱਟਬਾਲ ਦੇ ਜਨਮਦਾਤਾ ਇੰਗਲੈਂਡ ਨੇ ਉਸ ਨੂੰ ਆਨਰੇਰੀ ਬ੍ਰਿਟਿਸ਼ ਨਾਈਟਹੁੱਡ ਦਾ ਖਿਤਾਬ ਦਿੱਤਾ।

ਬ੍ਰਾਜੀਲ ਸਰਕਾਰ ਨੇ ਐਲਾਨਿਆ ਸੀ Pele/ਪੇਲੇ ਨੂੰ ਬ੍ਰਾਜੀਲ ਦਾ ‘ਕੌਮੀ ਖਜ਼ਾਨਾ’
ਪੇਲੇ ਦੁਨੀਆਂ ਦਾ ਇਕੋ-ਇਕ ਖਿਡਾਰੀ ਹੈ ਜਿਸ ਨੂੰ ਬ੍ਰਾਜੀਲ ਦੀ ਸਰਕਾਰ ਨੇ ਆਪਣੇ ਮੁਲਕ ਦਾ ਕੌਮੀ ਸਰਮਾਇਆ ਐਲਾਨਿਆ ਹੋਇਆ ਹੈ। ਹਾਲਾਂਕਿ ਬ੍ਰਾਜੀਲ ਸਰਕਾਰ ਵੱਲੋਂ ਕੀਤਾ ਇਹ ਐਲਾਨ ਪੇਲੇ ਨੂੰ ਵਿਦੇਸ਼ੀ (ਖਾਸ ਕਰਕੇ ਯੂਰਪੀਨ) ਮੁਲਕਾਂ ਦੇ ਫੁੱਟਬਾਲ ਕਲੱਬਾਂ ਦੇ ਹੱਥ ਜਾਣ ਤੋਂ ਰੋਕਣ ਲਈ ਕੀਤਾ ਫੈਸਲਾ ਮੰਨਿਆ ਜਾਂਦਾ ਹੈ ਪਰ ਦੁਨੀਆ ਦੇ ਕਿਸੇ ਵੀ ਹੋਰ ਮੁਲਕ ਦੀ ਸਰਕਾਰ ਨੇ ਕਦੇ ਆਪਣੇ ਵੱਡੇ ਤੋਂ ਵੱਡੇ ਖਿਡਾਰੀ ਲਈ ਅਜਿਹਾ ਐਲਾਨ ਨਹੀਂ ਕੀਤਾ। ਦਰਅਸਲ ਸਵੀਡਨ ’ਚ ਹੋਏ 1958 ਵਿਸ਼ਵ ਕੱਪ ਮੁਕਾਬਲੇ ਵਿਚ ਬ੍ਰਾਜੀਲ ਦੀ ਸ਼ਾਨਦਾਰ ਜਿੱਤ ਦੌਰਾਨ ਪੇਲੇ ਦੇ ਖੇਡ ਹੁਨਰ ਨੂੰ ਵੇਖਦਿਆਂ ਦੁਨੀਆਂ ਦੇ ਚੋਟੀ ਦੇ ਫੁੱਟਬਾਲ ਕਲੱਬਾਂ ‘ਰੀਅਲ ਮੈਡਰਿਡ’, ‘ਜੁਵੈਂਟਿਸ’ ਅਤੇ ‘ਮਾਨਚੈਸਟਰ ਯੂਨਾਈਟਿਡ’ ਆਦਿ ਦੇ ਪ੍ਰਬੰਧਕਾਂ ਵੱਲੋਂ ਪੇਲੇ ਨੂੰ ਆਪੋ-ਆਪਣੇ ਕਲੱਬਾਂ ਨਾਲ਼ ਜੋੜਨ ਲਈ ਵੱਡੀਆਂ ਰਕਮਾਂ ਦੀ ਪੇਸ਼ਕਸ਼ ਕਰ ਦਿੱਤੀ ਗਈ ਸੀ। ਇਸ ਦੌਰਾਨ ਇਟਲੀ ਦੇ ਮਸ਼ਹੂਰ ਕਲੱਬ ‘ਇੰਟਰ ਮਿਲਾਨ’ ਦੇ ਪ੍ਰਬੰਧਕ ਤਾਂ ਪੇਲੇ ਨਾਲ਼ ਇਕ ਲਿਖਤੀ ਇਕਰਾਰਨਾਮਾ ਕਰਨ ਵਿਚ ਸਫਲ ਵੀ ਹੋ ਗਏ ਸਨ। ਪਰ ਜਦੋਂ ਇਸ ਗੱਲ ਦੀ ਜਾਣਕਾਰੀ ਬ੍ਰਾਜੀਲ ਦੇ ਫੁੱਟਬਾਲ ਪ੍ਰੇਮੀਆਂ ਅਤੇ ਪੇਲੇ ਦੇ ਆਪਣੇ ਕਲੱਬ ‘ਸੈਂਟੋਸ’ ਦੇ ਪ੍ਰਸੰਸਕਾਂ ਨੂੰ ਮਿਲੀ ਤਾਂ ਪੂਰੇ ਬ੍ਰਾਜੀਲ ਵਿਚ ਰੋਸ ਦੀ ਲਹਿਰ ਫੈਲ ਗਈ। ਸੈਂਟੋਸ ਫੁੱਟਬਾਲ ਕਲੱਬ ਦੇ ਚੇਅਰਮੈਨ ਨੇ ਇਸ ਬਾਰੇ ‘ਇੰਟਰ ਮਿਲਾਨ’ ਕਲੱਬ ਦੇ ਮਾਲਕ ਤੇ ਇਟਲੀ ਦੇ ਵੱਡੇ ਤੇਲ ਕਾਰੋਬਾਰੀ ਐਂਜਲੋ ਮੋਰਾਟੀ ਨੂੰ ਬੇਨਤੀ ਕਰਕੇ ਉਹ ਇਕਰਾਰਨਾਮਾ ਪਾੜਨ ਲਈ ਰਾਜੀ ਕਰ ਲਿਆ। ਇਸ ਦੌਰਾਨ 31 ਜਨਵਰੀ 1961 ਨੂੰ ਜਾਨੀਓ ਡੀ-ਸਲਵਾ ਕੁਆਡਰੋਜ਼ ਬ੍ਰਾਜੀਲ ਦਾ ਰਾਸ਼ਟਰਪਤੀ ਬਣ ਗਿਆ ਜੋ ਕਿ ਪਹਿਲਾਂ ਪੇਲੇ ਦੀ ਕਰਮ ਭੋਇੰ ਸਾਓ ਪਾਓਲੋ ਦਾ ਮੇਅਰ ਅਤੇ ਗਵਰਨਰ ਵੀ ਰਹਿ ਚੁੱਕਾ ਸੀ। ਸਾਰੀ ਸਥਿਤੀ ਨੂੰ ਵੇਖਦਿਆਂ ਜਾਨੀਓ ਡੀ-ਸਲਵਾ, ਜੋ ਕਿ ਕਾਨੂੰਨ ਦਾ ਮਾਹਰ ਵਕੀਲ ਵੀ ਸੀ, ਨੇ ਆਪਣੀ ਸਰਕਾਰ ਵੱਲੋਂ ਪੇਲੇ ਨੂੰ ‘ਬ੍ਰਾਜੀਲ ਦਾ ਕੌਮੀ ਸਰਮਾਇਆ’ ਐਲਾਨ ਦਿੱਤਾ। ਇਸ ਫੈਸਲੇ ਪਿੱਛੇ ਮਨਸ਼ਾ ਇਹ ਸੀ ਕਿ ਕਿਸੇ ਵੀ ਮੁਲਕ ਦਾ ਕੌਮੀ ਸਰਮਾਇਆ ਕਿਸੇ ਵੀ ਹਾਲਤ ਵਿਚ ਉਸ ਮੁਲਕ ਤੋਂ ਬਾਹਰ ਲਿਜਾਣਾ ਉਸ ਮੁਲਕ ਅਤੇ ਕੌਮਾਂਤਰੀ ਕਾਨੂੰਨਾਂ ਦੀ ਨਜ਼ਰ ਵਿਚ ਜ਼ੁਰਮ ਹੁੰਦਾ ਹੈ।
ਸਾਡਾ ਫੇਸਬੁੱਕ ਪੰਨਾ ਵੇਖਣ ਵਾਸਤੇ ਇਥੇ ਕਲਿਕ ਕਰੋ
Pele/ਪੇਲੇ ਨੂੰ ਮਿਲ਼ੇ ਹੋਰ ਅਹਿਮ ਮਾਣ-ਸਨਮਾਨ ਤੇ ਵੱਡੇ ਇਨਾਮ
ਫੀਫਾ ਦੇ ਨਾਂਅ ਨਾਲ਼ ਜਾਣੀ ਜਾਂਦੀ ਫੁੱਟਬਾਲ ਦੀ ਕੌਮਾਂਤਰੀ ਸੰਸਥਾ ਫੈਡਰੇਸ਼ਨ ਇੰਟਰਨੈਸ਼ਨਲ ਡੀ ਫੁੱਟਬਾਲ ਐਸੋਸੀਏਸ਼ਨਜ਼ (FIFA) ਨੇ ਪੇਲੇ ਨੂੰ ‘20ਵੀਂ ਸਦੀ ਦਾ ਖਿਡਾਰੀ’ (Fifa Player of 20th Century) ਦੇ ਖਿਤਾਬ ਨਾਲ਼ ਨਿਵਾਜਿਆ। ਇਸੇ ਤਰਾਂ ਫੁੱਟਬਾਲ ਦੀ ਖੇਡ ਸਬੰਧੀ ਇਤਿਹਾਸਕ ਘਟਨਾਵਾਂ ਅਤੇ ਅੰਕੜਿਆਂ ਦਾ ਰਿਕਾਰਡ ਰੱਖਣ ਵਾਲ਼ੀ ਸੰਸਥਾ ਇੰਟਰਨੈਸ਼ਨਲ ਫੈਡਰੇਸ਼ਨ ਆਫ ਫੁੱਟਬਾਲ ਹਿਸਟਰੀ ਐਂਡ ਸਟੈਟਿਸਟਿਕਸ (IFFHS) ਵੱਲੋਂ ਵੀ ਪੇਲੇ ਨੂੰ ‘20ਵੀਂ ਸਦੀ ਦਾ ਖਿਡਾਰੀ’ ਦੇ ਖਿਤਾਬ ਨਾਲ਼ ਨਿਵਾਜਿਆ ਗਿਆ। ਦੱਖਣੀ ਅਮਰੀਕੀ ਮੁਲਕਾਂ ਵਿਚ ਫੁੱਟਬਾਲ ਦੇ ਸਭ ਤੋਂ ਵੱਡੇ ਕੌਮਾਂਤਰੀ ਮੁਕਾਬਲੇ (Copa Libertadores) ਦਾ ਪੇਲੇ ਨੂੰ ਅੰਬੈਸਡਰ ਨਿਯੁਕਤ ਕੀਤਾ ਅਤੇ ਅਮਰੀਕਾ ਦੇ ਨਿਊਯਾਰਕ ਸਥਿਤ ਨਾਮਵਰ ਫੁੱਟਬਾਲ ਕਲੱਬ ਨਿਊਯਾਰਕ ਕੋਸਮੋਸ (NewYork Cosmos) ਨੇ ਪੇਲੇ ਨੂੰ ਆਪਣਾ ਕਾਰਜਕਾਰੀ ਮੁਖੀ ਨਾਮਜਦ ਕੀਤਾ।
ਦੁਨੀਆਂ ਭਰ ਵਿਚ ਪੜ੍ਹੇ ਜਾਣ ਵਾਲ਼ੇ ਤੇ ਚਰਚਾ ਵਿਚ ਰਹਿੰਦੇ ਰਸਾਲੇ ‘ਟਾਈਮ’ (Time) ਵੱਲੋਂ ਪੇਲੇ ਨੂੰ 20ਵੀਂ ਸਦੀ ਦੀਆਂ 100 ਸਭ ਤੋਂ ਮਹੱਤਵਪੂਰਨ ਹਸਤੀਆਂ ਵਿਚ ਸ਼ਾਮਿਲ ਕੀਤਾ ਗਿਆ। ਇਸ ਤੋਂ ਇਲਾਵਾ ਦੁਨੀਆਂ ਦੇ ਕਰੀਬ 100 ਮੁਲਕਾਂ ਦੀਆਂ ਸਰਕਾਰਾਂ, ਚੋਟੀ ਦੀਆਂ ਖੇਡ ਸੰਸਥਾਵਾਂ ਅਤੇ ਹੋਰ ਕੌਮਾਂਤਰੀ ਸੰਸਥਾਵਾਂ ਵੱਲੋਂ ਉਸ ਦਾ ਹਜ਼ਾਰਾਂ ਵਾਰ ਉਚੇਚਾ ਮਾਣ-ਸਨਮਾਨ ਕੀਤਾ ਗਿਆ।
ਵਿਸ਼ਵ ਕੱਪ ਦੇ ਸ਼ੁਰੂਆਤੀ ਮੈਚਾਂ ’ਚ Pele/ਪੇਲੇ ਨੂੰ ਬੈਠਣਾ ਪਿਆ ਸੀ ਬਾਹਰ ਬੈਂਚ ’ਤੇ
ਹਾਲਾਂਕਿ ਚੋਣਕਾਰਾਂ ਨੇ ਕਈ ਚਰਚਿਤ, ਹੁਨਰਮੰਦ ਅਤੇ ਚੋਟੀ ਦੇ ਖਿਡਾਰੀਆਂ ਦੀ ਥਾਂ ਮੁਕਾਬਲਤਨ ਬੇਪਛਾਣ ਤੇ ਨਾਬਾਲਗ ਨੌਜਵਾਨ ਖਿਡਾਰੀ ਪੇਲੇ ਨੂੰ 1958 ਦੇ ਵਿਸ਼ਵ ਕੱਪ ਲਈ ਬ੍ਰਾਜੀਲ ਦੀ ਕੌਮੀ ਫੁੱਟਬਾਲ ਟੀਮ ਵਿਚ ਚੁਣ ਲਿਆ ਸੀ, ਪਰ ਵਿਸ਼ਵ ਕੱਪ ਦੇ ਸ਼ੁਰੂਆਤੀ ਮੈਚਾਂ ਅਤੇ ਉਸ ਤੋਂ ਪਹਿਲਾਂ ਹੋਏ ਕੁੱਝ ਦੋਸਤਾਨਾ ਮੈਚਾਂ ਵਿਚ ਪੇਲੇ ਨੂੰ ਮੈਦਾਨ ਤੋਂ ਬਾਹਰ ਬੈਂਚ ’ਤੇ ਹੀ ਬੈਠਣਾ ਪਿਆ। ਕਾਰਨ ਸੀ ਉਸ ਦੇ ਗੋਡੇ ਦੀ ਸੱਟ। ਪੇਲੇ ਦੇ ਪਿਤਾ ਡੋਨਡੀਨੋ ਵਾਂਗ ਹੀ ਇਕ ਮੈਚ ਦੌਰਾਨ ਲੱਗੀ ਸੱਟ ਨਾਲ਼ ਪੇਲੇ ਦੇ ਗੋਡੇ ਵਿਚ ਵੀ ਨੁਕਸ ਪੈ ਗਿਆ ਸੀ। ਬ੍ਰਾਜੀਲ ਟੀਮ ਨੇ ਸਵੀਡਨ ਪਹੁੰਚਣ ਤੋਂ ਪਹਿਲਾਂ ਇਟਲੀ ਵਿਚ ਦੋ ਦੋਸਤਾਨਾ ਮੈਚ ਖੇਡੇ। ਹਾਲਾਂਕਿ ਦੋਵੇਂ ਮੈਚ ਬ੍ਰਾਜੀਲ ਟੀਮ ਜਿੱਤ ਗਈ ਪਰ ਪੇਲੇ ਸੱਟ ਕਾਰਨ ਬਾਹਰ ਬੈਂਚ ’ਤੇ ਬੈਠਣ ਕਰਕੇ ਨਿਰਾਸ਼ ਸੀ। ਜਦੋਂ ਕਈ ਦਿਨ ਗੋਡੇ ਨੂੰ ਆਰਾਮ ਨਾ ਆਇਆ ਤਾਂ ਨਿਰਾਸ਼ ਹੋ ਕੇ ਪੇਲੇ ਨੇ ਬ੍ਰਾਜੀਲ ਟੀਮ ਦੇ ਮੁੱਖ ਪ੍ਰਬੰਧਕ ਡਾ: ਪਾਊਲੋ ਮਚਾਡੋ ਡੀ ਕਾਰਵਾਹਲੋ ਨੂੰ ਇਥੋਂ ਤੱਕ ਆਖ ਦਿੱਤਾ ਕਿ ਉਹ ਨਹੀਂ ਚਾਹੁੰਦਾ ਕਿ ਬ੍ਰਾਜੀਲ ਦੀ ਟੀਮ ਵਿਸ਼ਵ ਕੱਪ ਵਿਚ ਇਕ ਖਿਡਾਰੀ ਦੀ ਘਾਟ ਮਹਿਸੂਸ ਕਰੇ। ਇਸ ਕਰਕੇ ਉਸ ਨੂੰ ਵਾਪਸ ਭੇਜ ਕੇ ਕੋਈ ਹੋਰ ਚੰਗਾ ਖਿਡਾਰੀ ਤੁਰੰਤ ਲਿਆਂਦਾ ਜਾਵੇ। ਪਰ ਡਾ: ਪਾਊਲੋ ਨੇ ਪੇਲੇ ਨੂੰ ਕਿਹਾ ਕਿ ਇਹ ਫੈਸਲਾ ਨਾ ਤਾਂ ਤੂੰ ਕਰ ਸਕਦੈਂ ਅਤੇ ਨਾ ਹੀ ਮੈਂ। ਇਹ ਕਹਿੰਦਿਆਂ ਡਾ: ਪਾਊਲੋ ਪੇਲੇ ਨੂੰ ਟੀਮ ਦੇ ਫਿਜੀਓਥੈਰੇਪਿਸਟ ਡਾਕਟਰ ਗੋਸਲਿੰਗ ਫਰਾਊਂਡ ਕੋਲ਼ ਲੈ ਗਏ ਜਿਨ੍ਹਾਂ ਨੇ ਪੇਲੇ ਨੂੰ ਇਹ ਕਹਿ ਕੇ ਨਿਰਉਤਰ ਕਰ ਦਿੱਤਾ ਕਿ ਭਾਵੇਂ ਉਸ ਦੀ ਉਮੀਦ ਮੁਤਾਬਕ ਸੱਟ ਸਮੇਂ ਸਿਰ ਠੀਕ ਨਹੀਂ ਹੋ ਰਹੀ, ਪਰ ਜੇਕਰ ਉਸ ਵਿਚ ਹਿੰਮਤ ਹੈ ਤਾਂ ਉਹ ਇਸ ਹਾਲਤ ਵਿਚ ਵੀ ਦੁਨੀਆਂ ਦੀ ਸਰਵੋਤਮ ਟੀਮ ਬ੍ਰਾਜੀਲ ਲਈ ਖੇਡ ਕੇ ਕੁੱਝ ਕਰਕੇ ਵਿਖਾ ਸਕਦਾ ਹੈ ਜਾਂ ਨਹੀਂ ?
ਪੇਲੇ ਦੇ ਆਪਣੇ ਲਫਜਾਂ ਵਿਚ ‘‘ਵਿਸ਼ਵ ਕੱਪ ਦੇ ਮੈਚ ਸ਼ੁਰੂ ਹੋਏ ਤਾਂ ਵੀ ਮੇਰਾ ਨਾਂਅ ਮੈਦਾਨ ਵਿਚ ਖੇਡਣ ਵਾਲ਼ੇ ਖਿਡਾਰੀਆਂ ਦੀ ਸੂਚੀ ਵਿਚ ਨਹੀਂ ਸੀ। ਆਸਟ੍ਰੀਆ ਵਿਰੁੱਧ ਪਹਿਲੇ ਅਤੇ ਇੰਗਲੈਂਡ ਵਿਰੁੱਧ ਹੋਏ ਦੂਜੇ ਮੈਚ ਦੌਰਾਨ ਮੈਂ ਹਾਲੇ ਵੀ ਬਾਹਰ ਬੈਂਚ ’ਤੇ ਬੈਠਾ ਸੀ। ਮੈਨੂੰ ਵਾਰ-ਵਾਰ ਆਪਣੇ ਪਿਤਾ ਦੇ ਗੋਡੇ ਦੀ ਸੱਟ ਯਾਦ ਆ ਰਹੀ ਸੀ ਜੋ ਸੱਟ ਲੱਗਣ ਦੇ ਬਾਵਜੂਦ ਟੱਬਰ ਲਈ ਰੋਟੀ ਪਾਣੀ ਦਾ ਜੁਗਾੜ ਕਰਨ ਖਾਤਰ ਆਪਣੇ ਕਲੱਬ ਵੱਲੋਂ ਮੈਚ ਖੇਡਦਾ ਰਹਿੰਦਾ ਸੀ। ਪਰ ਦੂਜੇ ਪਾਸੇ ਜੀਟੋ, ਗਰਿੰਚਾ ਅਤੇ ਡੀਜ਼ੈਲਮਾ ਸੈਂਟੋਸ ਵਰਗੇ ਸਟਾਰ ਖਿਡਾਰੀ ਵੀ ਮੇਰੇ ਨਾਲ਼ ਹੀ ਮੈਦਾਨ ਤੋਂ ਬਾਹਰ ਬੈਂਚ ’ਤੇ ਬੈਠੇ ਸਨ। ਹਾਲਾਂਕਿ ਸਚਾਈ ਇਹ ਸੀ ਕਿ ਮੇਰੇ ਵਾਂਗ ਉਨ੍ਹਾਂ ਦੇ ਕੋਈ ਸੱਟ ਵੀ ਨਹੀਂ ਸੀ ਲੱਗੀ। ਉਨ੍ਹਾਂ ਵੱਲ ਵੇਖ ਕੇ ਮੇਰੇ ਮਨ ਨੂੰ ਕੁੱਝ ਤਸੱਲੀ ਹੁੰਦੀ ਸੀ, ਪਰ ਮੇਰੇ ਦਿਮਾਗ ਵਿਚ ਵਿਸ਼ਵ ਕੱਪ ਮੈਚ ਨਾ ਖੇਡ ਸਕਣ ਦੀ ਨਿਰਾਸ਼ਾ ਕਾਰਨ ਭਾਰੀ ਉਥਲ-ਪੁਥਲ ਚਲਦੀ ਰਹਿੰਦੀ ਸੀ।’’
ਟੀਮ ਦੇ ਮਨੋਚਕਿਤਸਕ ਦੀ ਰਾਏ ਦੇ ਉਲਟ ਕੋਚ ਨੇ Pele/ਪੇਲੇ ਨੂੰ ਮੈਦਾਨ ’ਚ ਉਤਾਰਿਆ
ਆਖਰ ਜਦੋਂ ਕਈ ਦਿਨਾਂ ਦੇ ਸਖਤ ਤੇ ਪੀੜਾਦਾਇਕ ਇਲਾਜ ਤੋਂ ਬਾਅਦ ਗੋਡਾ ਕਾਫੀ ਹੱਦ ਤੱਕ ਠੀਕ ਹੋਇਆ ਤਾਂ ਟੀਮ ਦੇ ਫਿਜੀਓਥੈਰੇਪਿਸਟ ਡਾ: ਗੋਸ਼ਲਿੰਗ ਨੇ ਮੁਆਇਨਾ ਕਰਨ ਤੋਂ ਬਾਅਦ ਪੇਲੇ ਨੂੰ ਅਗਲੇ ਮੈਚ ਵਿਚ ਖੇਡਣ ਲਈ ਹਰੀ ਝੰਡੀ ਦੇ ਦਿੱਤੀ। ਪਰ ਮੁਸੀਬਤ ਹਾਲੇ ਬਾਕੀ ਸੀ। ਉਨ੍ਹਾਂ ਪਲਾਂ ਨੂੰ ਯਾਦ ਕਰਦਿਆਂ ਆਪਣੀ ਸਵੈਜੀਵਨੀ ’ਚ ਪੇਲੇ ਲਿਖਦੇ ਹਨ ‘‘ਜਦੋਂ ਡਾ: ਗੋਸ਼ਲਿੰਗ ਨੇ ਕਿਹਾ ਕਿ ਤੂੰ ਹੁਣ ਖੇਡ ਸਕਦੈਂ ਤਾਂ ਟੀਮ ਦੇ ਮਨੋਚਕਿਤਸਕ ਪ੍ਰੋ: ਜੋਆਓ ਕਾਰਵਾਲਿਅਸ ਨੂੰ ਆਪਣੀ ਰਾਏ ਦੇਣ ਲਈ ਬੁਲਾਇਆ ਗਿਆ। ਪ੍ਰੋ: ਜੁਆਓ ਦੇ ਆਪਣੇ ਵੱਖਰੇ ਹੀ ਵਿਲੱਖਣ ਸਿਧਾਂਤ ਹੁੰਦੇ ਸਨ। ਖਿਡਾਰੀਆਂ ਨਾਲ਼ ਗੱਲਬਾਤ ਤੋਂ ਬਾਅਦ ਪ੍ਰੋ: ਜੋਆਓ ਨੇ ਟੀਮ ਦੇ ਕੋਚ ਫੀਓਲਾ ਨੂੰ ਰਾਏ ਦਿੱਤੀ ਕਿ ਗਰਿੰਚਾ ਨੂੰ ਖੇਡ ਮੈਦਾਨ ਵਿਚ ਉਤਾਰਨਾ ਸਰਾਸਰ ਗਲਤੀ ਹੋਵੇਗੀ। ਪੇਲੇ ਹਾਲੇ ਬਚਪਨੇ ’ਚ ਹੈ, ਉਸ ਵਿਚ ਉਹ ਸਵੈ-ਭਰੋਸਾ ਨਜ਼ਰ ਨਹੀਂ ਆਉਂਦਾ ਜੋ ਕਿ ਟੀਮ ਲਈ ਖੇਡਣ ਸਮੇਂ ਹਮਲਾਵਰ ਪੰਕਤੀ ਦੇ ਖਿਡਾਰੀ ਵਿਚ ਹੋਣਾ ਚਾਹੀਦੈ। ਇਸ ਕਰਕੇ ਪੇਲੇ ਨਹੀਂ ਖੇਡ ਸਕਦਾ।
ਪਰ ਖੁਸ਼ਕਿਸਮਤੀ ਨਾਲ਼ ਕੋਚ ਵੀਸੈਂਟੇ ਫਿਓਲਾ ਵੀ ਬਾਕੀ ਬ੍ਰਾਜੀਲੀਅਨਾਂ ਵਾਂਗ ਇਹੋ ਰਾਏ ਰਖਦਾ ਸੀ ਕਿ ਤੁਸੀਂ ਕਿਸੇ ’ਤੇ ਹਰ ਵਿਸ਼ੇ ਬਾਰੇ ਭਰੋਸਾ ਨਹੀਂ ਕਰ ਸਕਦੇ। ਇਸ ਕਰਕੇ ਉਸ ਨੇ ਮਨੋਚਕਿਤਸਕ ਪ੍ਰੋ: ਜੁਆਓ ਨੂੰ ਕਿਹਾ ‘‘ਤੁਸੀਂ ਬਿਲਕੁਲ ਸਹੀ ਹੋ ਸਕਦੇ ਹੋ, ਪਰ ਗੱਲ ਇਹ ਹੈ ਕਿ ਤੁਹਾਨੂੰ ਫੁੱਟਬਾਲ ਬਾਰੇ ਕੁਝ ਵੀ ਨਹੀਂ ਪਤਾ। ਜਦੋਂ ਪੇਲੇ ਦਾ ਗੋਡਾ ਠੀਕ ਹੈ ਤਾਂ ਪੇਲੇ ਜਰੂਰ ਖੇਡੇਗਾ।’’
Pele/ਪੇਲੇ ਦਾ ਮੈਚ ਵੇਖਣ ਲਈ ਅਫਰੀਕੀ ਮੁਲਕਾਂ ‘ਚ ਦੋ ਦਿਨ ਵਾਸਤੇ ਹੋਈ ਸੀ ਜੰਗਬੰਦੀ
ਪੇਲੇ ਦੀ ਹਰਮਨਪਿਆਰਤਾ ਦਾ ਅੰਦਾਜਾ ਏਥੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ ਕਿ ਨਾਈਜ਼ੀਰੀਆ ਵਿਚ ਲੰਮਾਂ ਸਮਾਂ ਚੱਲੀ ਘਰੇਲੂ ਖਾਨਾਜੰਗੀ ਦੌਰਾਨ ਓਥੇ ਹੋਏ ਇਕ ਮੈਚ ਮੌਕੇ ਸਿਰਫ ਪੇਲੇ ਨੂੰ ਖੇਡਦਿਆਂ ਵੇਖਣ ਲਈ ਦੋ ਆਪਸੀ ਵਿਰੋਧੀ ਹਥਿਆਰਬੰਦ ਧੜਿਆਂ ਨੇ ਦੋ ਦਿਨ ਲਈ ਵਿਸ਼ੇਸ਼ ਜੰਗਬੰਦੀ ਦਾ ਐਲਾਨ ਕੀਤਾ। ਇਕ ਵਾਰ ਪੇਲੇ ਦੇ ਹਾਂਗਕਾਂਗ ਪਹੁੰਚਣ ਦੀ ਖਬਰ ਸੁਣਦਿਆਂ ਹੀ ਚੀਨ ਦੀ ਮਸ਼ਹੂਰ ‘ਲਾਲ ਸੈਨਾ’ ਦੇ ਫਰੰਟੀਅਰ ਗਾਰਡਜ ਆਪਣੀਆਂ ਸਰਹੱਦੀ ਚੌਕੀਆਂ ਸੁੰਨੀਆਂ ਛੱਡ ਕੇ ਪੇਲੇ ਨੂੰ ਵੇਖਣ ਲਈ ਹਾਂਗਕਾਂਗ ਆ ਪਹੁੰਚੇ। ਇਰਾਨ ਦਾ ‘ਸ਼ਾਹ’ ਇਕ ਵਾਰ ਹਵਾਈ ਅੱਡੇ ’ਤੇ ਲਗਾਤਾਰ 3 ਘੰਟੇ ਪੇਲੇ ਦੀ ਉਡੀਕ ਵਿਚ ਖੜ੍ਹਾ ਰਿਹਾ। ਕੋਲੰਬੀਆ ਵਿਚ ਇਕ ਵਾਰ ਹਜ਼ਾਰਾਂ ਦਰਸ਼ਕਾਂ ਦਾ ਹਜ਼ੂਮ ਉਸ ਵੇਲ਼ੇ ਸਟੇਡੀਅਮ ਦਾ ਸੁਰੱਖਿਆ ਘੇਰਾ ਤੋੜ ਕੇ ਖੇਡ ਮੈਦਾਨ ’ਚ ਪਹੁੰਚ ਗਿਆ ਜਦੋਂ ਇਕ ਰੈਫਰੀ ਨੇ ਆਪਣੇ ਕਿਸੇ ਫੈਸਲੇ ਵਿਰੁੱਧ ਬਹਿਸ ਕਰਨ ਦੇ ਦੋਸ਼ ਵਿਚ ਲਾਲ ਕਾਰਡ ਵਿਖਾ ਕੇ ਪੇਲੇ ਨੂੰ ਖੇਡ ਮੈਦਾਨ ’ਚੋਂ ਬਾਹਰ ਕੱਢ ਦਿੱਤਾ। ਸੁਰੱਖਿਆ ਕਰਮੀਆਂ ਨੇ ਬੜੀ ਮੁਸ਼ੱਕਤ ਨਾਲ਼ ਉਸ ਰੈਫਰੀ ਨੂੰ ਦਰਸ਼ਕਾਂ ਦੇ ਹਜ਼ੂਮ ਤੋਂ ਬਚਾ ਕੇ ਬਾਹਰ ਕੱਢਿਆ ਤੇ ਇਕ ‘ਲਾਈਨਮੈਨ’ ਨੂੰ ਆਰਜੀ ਤੌਰ ’ਤੇ ਰੈਫਰੀ ਬਣਾ ਕੇ ਮੈਚ ਸ਼ੁਰੂ ਕਰਨ ਦਾ ਯਤਨ ਕੀਤਾ ਗਿਆ। ਪਰ ਦਰਸ਼ਕ ਟੱਸ ਤੋਂ ਮੱਸ ਨਾ ਹੋਏ ਤੇ ਪੇਲੇ ਨੂੰ ਵਾਪਸ ਬੁਲਾਉਣ ’ਤੇ ਅੜੇ ਰਹੇ। ਆਖਰ ਪੇਲੇ ਨੂੰ ਵਾਪਸ ਬੁਲਾ ਕੇ ਹੀ ਮੈਚ ਦੁਬਾਰਾ ਸ਼ੁਰੂ ਹੋ ਸਕਿਆ।
ਸਾਥੀ ਖਿਡਾਰੀਆਂ ਦੀ ਨਜ਼ਰ ਵਿਚ Pele/ਪੇਲੇ ਦੀ ਸਖਸ਼ੀਅਤ
1977 ਵਿਚ ਛਪੀ Pele/ਪੇਲੇ ਦੀ ਜੀਵਨੀ (Autobiography) ਦੇ ਮੁੱਖਬੰਦ ਵਿਚ ਉਸ ਦਾ ਇਕ ਸਾਥੀ ਖਿਡਾਰੀ ਸ਼ੇਪ ਮੈਸਿੰਗ ਪੇਲੇ ਦੀ ਸਖਸ਼ੀਅਤ ਬਾਰੇ ਲਿਖਦਾ ਹੈ ‘‘ਇੱਕ ਟੀਮ ਦੇ ਸਾਥੀ ਵਜੋਂ ਅਤੇ ਮੈਦਾਨ ਵਿੱਚ, ਉਹ ਇੱਕ ਨਿਡਰ ਯੋਧਾ ਸੀ। ਜੀ ਹਾਂ, ਉਹ ਖੁਸ਼ੀ ਦੀ ਭਾਵਨਾ, ਸ਼ਰਾਰਤੀ ਮੁਸਕਰਾਹਟ ਅਤੇ ਮੁਸਕਰਾਉਂਦੇ ਹੋਏ ਗੋਲ ਦਾ ਜਸ਼ਨ ਮਨਾਉਂਦਾ ਖੇਡਿਆ, ਪਰ ਮੈਦਾਨ ‘ਤੇ, ਖੇਡ ਵਿੱਚ, ਉਹ ਮੇਖਾਂ ਵਾਂਗ ਸਖ਼ਤ ਸੀ। ਉਹ ਅਤੀਉਤਮ ਟੀਮ ਸਾਥੀ ਸੀ, ਸਾਨੂੰ ਜਿੱਤਣ ਲਈ ਜੋ ਵੀ ਕਰਨਾ ਪਵੇ, ਉਹ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਸੀ। ਹਾਲਾਂਕਿ ਦੇਖਣ ਵਾਲੀ ਦੁਨੀਆਂ ਲਈ, ਖੇਡ ’ਚ ਸਭ ਕੁੱਝ ਪੇਲੇ ਬਾਰੇ ਹੀ ਸੀ, ਪਰ ਪੇਲੇ ਲਈ, ਇਹ ਉਸ ਬਾਰੇ ਕਦੇ ਵੀ ਨਹੀਂ ਸੀ। ਬਲਕਿ ਇਹ ਸਾਡੇ ਵਿੱਚੋਂ ਹਰੇਕ ਟੀਮ ਸਾਥੀ ਅਤੇ ਟੀਮ ਬਾਰੇ ਸੀ।
ਇੱਕ ਦੋਸਤ ਵਜੋਂ, ਪੇਲੇ ਤੋਂ ਵਧੀਆ ਕੋਈ ਨਹੀਂ ਹੈ। ਉਹ ਹਮੇਸ਼ਾ ਕਿਰਪਾ, ਨਿਮਰਤਾ ਅਤੇ ਮਾਣ ਆਪਣੇ ਨਾਲ ਲੈ ਕੇ ਚਲਦਾ ਹੈ, ਜੋ ਬੇਮਿਸਾਲ ਹੈ। ਉਹ ਨਿਰਸਵਾਰਥ ਅਤੇ ਨਿਰਲੇਪ ਹੈ, ਬਿਨਾਂ ਕਿਸੇ ਅਧਿਕਾਰ ਦੀ ਭਾਵਨਾ ਤੋਂ ਮਾਣ ਨਾਲ਼ ਭਰਪੂਰ ਹੈ। ਇੰਗਲੈਂਡ ਦੀ ਵਿਸ਼ਵ ਕੱਪ ਜਿੱਤਣ ਵਾਲ਼ੀ ਟੀਮ ਦੇ ਕਪਤਾਨ ਬੌਬੀ ਮੂਰ ਦੀ ਨਜ਼ਰ ਵਿਚ ਪੇਲੇ ਦੁਨੀਆਂ ਦਾ ਸਰਬੋਤਮ ਤੇ ਮੁਕੰਮਲ ਖਿਡਾਰੀ ਹੈ।
ਭਾਰਤੀ ਖਿਡਾਰੀਆਂ ਦੀ ਖੇਡ ਕਲਾ ਤੋਂ ਪ੍ਰਭਾਵਿਤ ਹੋਇਆ ਸੀ ਪੇਲੇ
ਆਪਣੇ ਖੇਡ ਕੈਰੀਅਰ ਦੇ ਆਖਰੀ ਸਾਲ 1977 ਵਿਚ ਜਦੋਂ ਪੇਲੇ ਨਿਊਯਾਰਕ ਦੇ ਕੌਸਮੌਸ ਕਲੱਬ ਲਈ ਖੇਡਦਾ ਸੀ ਤਾਂ ਮੋਹਨ ਬਗਾਨ ਦੇ ਸੱਦੇ ‘ਤੇ ਪੇਲੇ ਦੀ ਟੀਮ ਮੈਚ ਖੇਡਣ ਲਈ ਭਾਰਤ ਆਈ ਸੀ। 24 ਸਤੰਬਰ 1977 ਨੂੰ ਕੋਲਕਾਤਾ ਵਿਚ ਹੋਏ ਇਸ ਮੈਚ ਦੌਰਾਨ ਪੇਲੇ ਨੂੰ ਖੇਡਦਿਆਂ ਵੇਖਣ ਲਈ ਦਰਸ਼ਕਾਂ ਵਿਚ ਏਨਾ ਉਤਸ਼ਾਹ ਸੀ ਕਿ ਮਸ਼ਹੂਰ ਈਡਨ ਗਾਰਡਨ ਸਟੇਡੀਅਮ ਨੱਕੋ ਨੱਕ ਭਰ ਗਿਆ ਸੀ। ਮੈਚ ਦੌਰਾਨ ਮੋਹਨ ਬਾਗਾਨ ਦੀ ਟੀਮ ਨੇ ਪੇਲੇ ਦੀ ਟੀਮ ਨੂੰ 2-2 ਦੀ ਬਰਾਬਰੀ ‘ਤੇ ਡੱਕ ਲਿਆ ਤਾਂ ਮੈਚ ਖਤਮ ਹੋਣ ਤੋਂ ਬਾਅਦ ਪੇਲੇ ਨੇ ਭਾਰਤੀ ਖਿਡਾਰੀਆਂ ਦੀ ਖੇਡ ਕਲਾ ਦੀ ਖੂਬ ਪ੍ਰਸੰਸਾ ਕੀਤੀ। ਪੇਲੇ ਨੇ ਇਹ ਵੀ ਕਿਹਾ ਕਿ ਅਜਿਹੇ ਹੋਣਹਾਰ ਖਿਡਾਰੀਆਂ ਨੂੰ ਤਾਂ ਯੌਰਪ ਦੇ ਕਿਸੇ ਕਲੱਬ ਵਿਚ ਹੋਣਾ ਚਾਹੀਦਾ ਹੈ।

ਪੇਲੇ ਕਿਸ ਗੱਲ ਲਈ ਵਿਸ਼ਵ ਪ੍ਰਸਿੱਧ ਹੈ ?

ਪੇਲੇ ਦੁਨੀਆਂ ਦਾ ਮਹਾਨਤਮ ਫੁੱਟਬਾਲ ਖਿਡਾਰੀ ਹੈ। 23 ਅਕਤੂਬਰ 1940 ਨੂੰ ਬ੍ਰਾਜੀਲ ਦੇ ਛੋਟੇ ਜਿਹੇ ਕਸਬੇ ਟ੍ਰੇਸ ਕੋਰਾਸੀਓਸ ਵਿਚ ਜਨਮੇ ਪੇਲੇ ਨੂੰ 20ਵੀਂ ਸਦੀ ਦਾ ਮਹਾਨਤਮ ਖਿਡਾਰੀ ਐਲਾਨਿਆ ਗਿਆ ਹੈ। ਪੇਲੇ ਨੇ ਆਪਣੇ ਖੇਡ ਕੈਰੀਅਰ ਦੌਰਾਨ 1300 ਦੇ ਕਰੀਬ ਗੋਲ਼ ਕੀਤੇ।
ਪੇਲੇ ਨੂੰ ਬਚਪਨ ਵਿਚ ਮਾਂ ਤੋਂ ਕਿਉਂ ਕੁੱਟ ਪੈਂਦੀ ਸੀ?

ਬਚਪਨ ‘ਚ ਫੁੱਟਬਾਲ ਖੇਡਣ ਕਾਰਨ ਪੇਲੇ ਨੂੰ ਆਪਣੀ ਮਾਂ ਤੋਂ ਲਗਪਗ ਰੋਜ਼ਾਨਾ ਕੁੱਟ ਪੈਂਦੀ ਸੀ। ਕਾਰਨ ਸ਼ਾਇਦ ਇਹ ਸੀ ਕਿ ਪੇਲੇ ਦਾ ਪਿਤਾ ਡੋਨਡੀਨ੍ਹੋ ਆਪਣੀ ਫੁੱਟਬਾਲ ਖੇਡ ਵਿਚੋਂ ਟੱਬਰ ਦੇ ਗੁਜਾਰੇ ਜੋਗੇ ਪੈਸੇ ਨਹੀਂ ਸੀ ਕਮਾ ਪਾਉਂਦਾ। ਇਸ ਕਰਕੇ ਪੇਲੇ ਦੀ ਮਾਂ ਕਲੈਸਟੋ ਐਰਾਂਟਸ ਫੁੱਟਬਾਲ ਨੂੰ ਇਕ ਤਰਾਂ ਨਫਰਤ ਕਰਦੀ ਸੀ।
ਪੇਲੇ ਕਿੰਨੀ ਉਮਰ ‘ਚ ਬ੍ਰਾਜੀਲ ਦੀ ਕੌਮੀ ਟੀਮ ਵਿਚ ਚੁਣਿਆ ਗਿਆ ਸੀ?
ਪੇਲੇ ਸਿਰਫ਼ ਸਾਢੇ ਕੁ 16 ਸਾਲ ਦੀ ਅੱਲ੍ਹੜ ਉਮਰ ਵਿਚ ਹੀ ਬ੍ਰਾਜੀਲ ਦੀ ਕੌਮੀ ਟੀਮ ਲਈ ਚੁਣਿਆ ਗਿਆ ਸੀ। 17 ਸਾਲ ਦੀ ਉਮਰ ਵਿਚ ਉਸ ਨੂੰ ਪਹਿਲੀ ਵਾਰ ਫੀਫਾ ਵਿਸ਼ਵ ਕੱਪ 1958 ‘ਚ ਖੇਡਣ ਦਾ ਮੌਕਾ ਮਿਲ਼ਿਆ। ਦੁਨੀਆਂ ਚੋਟੀ ਦੀ ਟੀਮ ਬ੍ਰਾਜੀਲ ਨੇ ਮੇਜ਼ਬਾਨ ਸਵੀਡਨ ਨੂੰ ਹਰਾ ਕੇ ਇਹ ਵਿਸ਼ਵ ਕੱਪ ਜਿੱਤਿਆ ਤਾਂ ਪੇਲੇ ਫੁੱਟਬਾਲ ਇਤਿਹਾਸ ਦਾ ਸਭ ਤੋਂ ਛੋਟੀ ਉਮਰ ਦਾ ਵਿਸ਼ਵ ਜੇਤੂ ਖਿਡਾਰੀ ਬਣਿਆ।
ਪੇਲੇ ਦਾ ਅਸਲ ਤੇ ਪੂਰਾ ਨਾਂਅ ਕੀ ਹੈ?
ਪੇਲੇ ਦਾ ਅਸਲ ਤੇ ਪੂਰਾ ਨਾਂਅ ਐਡਸਨ ਐਰਾਂਟਸ ਡੂ ਨੈਸੀਮੈਂਟੋ ਹੈ। ਬ੍ਰਾਜੀਲ ਦੀ ਨਾਮਕਰਨ ਰਵਾਇਤ ਮੁਤਾਬਕ ਇਸ ਵਿਚ ਐਡਸਨ ਲਫਜ ਪੇਲੇ ਦੀ ਨਿੱਜੀ ਪਛਾਣ, ਐਰਾਂਟਸ ਉਸ ਦੇ ਨਾਨਕੇ ਜਦਕਿ ਨੈਸੀਮੈਂਟੋ ਉਸ ਦੇ ਦਾਦਕੇ ਟੱਬਰ ਦੇ ਪਿਛੋਕੜ ਨੂੰ ਦਰਸਾਉਂਦੇ ਹਨ। ਪਰ ਉਸ ਦਾ ਨਾਂਅ ਪੇਲੇ ਕਿਵੇਂ ਪ੍ਰਚੱਲਤ ਹੋਇਆ ਇਹ ਖੁਦ ਪੇਲੇ ਵੀ ਨਹੀਂ ਜਾਣਦਾ।
1 thought on “Pele/ਪੇਲੇ: The Legend of sports world”