
ਪਰਮੇਸ਼ਰ ਸਿੰਘ ਬੇਰਕਲਾਂ
ਲੁਧਿਆਣਾ, 16 ਅਕਤੂਬਰ: ਵੀਏਆਰ ਤਕਨੀਕ (VAR Technology) ਕੀ ਹੈ ? ਇਸ ਤਕਨੀਕ ਦੀ ਸ਼ੁਰੂਆਤ ਕਦੋਂ ਅਤੇ ਕਿਵੇਂ ਹੋਈ ? ਇਸ ਤਕਨੀਕ ਨੂੰ ਕਿਸ ਨੇ ਵਿਕਸਤ ਕੀਤਾ ? ਅਤੇ ਇਸ ਤਕਨੀਕ ਦਾ ਖੇਡਾਂ ਖਾਸਕਰ ਫੁੱਟਬਾਲ ’ਤੇ ਕੀ ਪ੍ਰਭਾਵ ਪੈ ਰਿਹਾ ਹੈ ? ਇਸ ਤਰਾਂ ਦੇ ਅਨੇਕਾਂ ਸਵਾਲ ਉਸ ਵੇਲ਼ੇ ਫੁੱਟਬਾਲ ਪ੍ਰੇਮੀਆਂ ਦੇ ਮਨ ਵਿਚ ਹਲਚਲ ਪੈਦਾ ਕਰਦੇ ਹਨ, ਜਦੋਂ ਫੈਡਰੇਸ਼ਨ ਇੰਟਰਨੈਸ਼ਨਲ ਡੀ ਫੁੱਟਬਾਲ ਐਸੋਸੀਏਸ਼ਨਜ (FIFA) ਵੱਲੋਂ ਇਹ ਐਲਾਨ ਕੀਤਾ ਜਾਵੇ ਕਿ ਫੁੱਟਬਾਲ ਦੇ ਪਿਛਲੇ ਇਕ ਸਦੀ ਦੇ ਇਤਿਹਾਸ ਦੌਰਾਨ ਪਹਿਲੀ ਵਾਰ ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ (FIFA U-17 Women world cup) 2022 ’ਚ ਵੀਏਆਰ (ਵੀਡੀਓ ਅਸਿਸਟੈਂਟ ਰੈਫਰੀ) ਤਕਨੀਕ ਵਰਤੀ ਜਾ ਰਹੀ ਹੈ।
ਵੀਏਆਰ ਤਕਨੀਕ (VAR Technology) ਕੀ ਹੈ ? ਕਿਹੜੀ ਖੇਡ ਵਿਚ ਵਰਤੀ ਜਾਂਦੀ ਹੈ ?
ਖੇਡ ਦੇ ਮੈਦਾਨ ਵਿਚ ਸੇਵਾਵਾਂ ਦੇ ਰਹੇ ਮੈਚ ਰੈਫਰੀ ਨੂੰ ਕਿਸੇ ਵੀ ਖੇਡ ਵਿਚ ਬੇਹੱਦ ਤੇਜ ਰਫਤਾਰ ਨਾਲ਼ ਹੋਈ ਖੇਡ ਸਰਗਰਮੀ ਦੌਰਾਨ ਸਹੀ ਫੈਸਲਾ ਲੈਣ ਲਈ ਸਹਾਇਤਾ ਕਰਨ ਵਾਸਤੇ ਵਰਤੀ ਜਾਂਦੀ ਵੀਡੀਓ ਤਕਨੀਕ ਨੂੰ ਵੀਏਆਰ ਤਕਨੀਕ (VAR Technology) ਵੀਡੀਓ-ਸਹਾਇਕ-ਰੈਫਰੀ ਤਕਨੀਕ ਕਿਹਾ ਜਾਂਦਾ ਹੈ। ਇਸ ਤਕਨੀਕ ਦੀ ਸਭ ਤੋਂ ਵੱਧ ਵਰਤੋਂ ਇਸ ਸਮੇਂ ਕ੍ਰਿਕਟ ਦੀ ਖੇਡ ਵਿਚ ਹੋ ਰਹੀ ਹੈ। ਅਸੀਂ ਅਕਸਰ ਵੇਖਦੇ ਹਾਂ ਕਿ ਮੈਦਾਨ ਵਿਚ ਸੇਵਾਵਾਂ ਦੇ ਰਹੇ ਰੈਫਰੀ ਅਕਸਰ ਆਪਣੇ ਦੋਵੇਂ ਹੱਥ ਉਪਰ ਕਰਕੇ ਚੌਰਸ ਡੱਬੇ ਦਾ ਨਿਸ਼ਾਨ ਜਿਹਾ ਬਣਾਉਂਦੇ ਨਜ਼ਰ ਆਉਂਦੇ ਹਨ। ਇਸ ਦਾ ਮਕਸਦ ਹੁੰਦਾ ਹੈ ਕਿ ਕੰਟਰੋਲ ਰੂਮ ਵਿਚ ਬੈਠਾ ਵੀਏਆਰ ਰੈਫਰੀ ਮੈਚ ਦੀ ਵੀਡੀਓ ਰਿਕਾਰਡਿੰਗ ਨੂੰ ਹੌਲ਼ੀ ਰਫਤਾਰ ਵਿਚ ਚਲਾ ਕੇ ਸਪਸ਼ਟ ਕਰੇ ਕਿ ਸਹੀ ਤੱਥ ਕੀ ਹਨ ?
ਕ੍ਰਿਕਟ ’ਚ ਵੀਏਆਰ ਤਕਨੀਕ (VAR Technology) ਆਮ ਤੌਰ ’ਤੇ ਕਿਸੇ ਖਿਡਾਰੀ ਵੱਲੋਂ ਕੈਚ ਫੜਦੇ ਸਮੇਂ ਡਿਗਣ ਕਰਕੇ ਗੇਂਦ ਮੈਦਾਨ ਵਿਚ ਲੱਗ ਜਾਣ, ਮੈਦਾਨ ਤੋਂ ਬਾਹਰ ਜਾ ਰਹੀ ਗੇਂਦ ਨੂੰ ਉਚੀ ਛਾਲ਼ ਮਾਰ ਕੇ ਕੈਚ ਕਰਦਿਆਂ ਖਿਡਾਰੀ ਦਾ ਪੈਰ ਮੈਦਾਨ ਦੀ ਸਰਹੱਦੀ ਰੇਖਾ ’ਤੇ ਸੂਹ ਜਾਣ, ਵਿਕਟਾਂ ਵਿਚ ਗੇਂਦ ਵੱਜਣ ਸਮੇਂ ਬੱਲੇਬਾਜ਼ ਦੇ ਮਿਥੀ ਰੇਖਾ ਤੱਕ ਪਹੁੰਚਣ ਵਿਚ ਕੁੱਝ ਪਲਾਂ ਜਾਂ ਸੈਂਟੀਮੀਟਰਾਂ ਦੀ ਦੇਰੀ ਅਤੇ ਐਲ ਬੀ ਡਬਲਿਊ ਆਊਟ ਦੀ ਅਪੀਲ ਸਮੇਂ ਗੇਂਦ ਦੇ ਬੱਲੇਬਾਜ ਦੀ ਲੱਤ ਉਪਰ ਸਹੀ ਥਾਂ ਉਪਰ ਲੱਗਣ ਜਾਂ ਨਾ ਲੱਗਣ ਆਦਿ ਵਰਗੀਆਂ ਘਟਨਾਵਾਂ ਨੂੰ ਬਾਰੀਕੀ ਨਾਲ਼ ਜਾਂਚਣ ਪ੍ਰਖਣ ਲਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਵਿਕਟਾਂ ਦੇ ਪਿੱਛੇ ਵਿਕਟ ਕੀਪਰ ਵੱਲੋਂ ਗੇਂਦ ਲਪਕੇ ਜਾਣ ਤੋਂ ਪਹਿਲਾਂ ਗੇਂਦ ਬੱਲੇ ਦੇ ਕਿਨਾਰੇ ਨਾਲ਼ ਮਾਮੂਲੀ ਜਿਹੀ ਛੋਹਣ ਜਾਂ ਨਾ ਛੋਹਣ ਦਾ ਪਤਾ ਲਾਉਣ ਲਈ ਮਿਡਲ ਸਟੰਪ ਕੈਮਰੇ ਨਾਲ਼ ਲੱਗੇ ਸ਼ਕਤੀਸਾਲੀ ਮਾਈਕ ਰਾਹੀਂ ਵੀਡੀਓ ਦੇ ਨਾਲ਼-ਨਾਲ਼ ਆਡੀਓ ਤਕਨੀਕ ਵੀ ਵਰਤੀ ਜਾਂਦੀ ਹੈ। ਗ੍ਰਾਫਿਕ ਤਕਨੀਕ ਨਾਲ਼ ਗੇਂਦ ਅਤੇ ਬੱਲੇ ਦੀ ਛੋਹ ਦੀ ਆਵਾਜ ਦੀਆਂ ਲਹਿਰਾਂ ਦੇ ਬਣਨ ਵਾਲ਼ੇ ਦ੍ਰਿਸ਼ ਨੂੰ ਤਸਵੀਰ ਦੇ ਰੂਪ ਵਿਚ ਕੰਪਿਊਟਰ ਸਕਰੀਨ ’ਤੇ ਪੇਸ਼ ਕੀਤਾ ਜਾਂਦਾ ਹੈ।
ਵੀਏਆਰ ਰੈਫਰੀ ਤੁਰੰਤ ਇਨ੍ਹਾਂ ਦ੍ਰਿਸ਼ਾਂ ਨੂੰ ਹੌਲ਼ੀ ਰਫਤਾਰ ਵਿਚ ਵੇਖ ਕੇ ਸਹੀ ਤੱਥ ਬਾਰੇ ਮੈਦਾਨ ਵਿਚ ਖੜ੍ਹੇ ਮੈਚ ਰੈਫਰੀ ਨੂੰ ਵਾਕੀ-ਟਾਕੀ ਸੈਟ ਰਾਹੀਂ ਸੂਚਨਾ ਦਿੰਦਾ ਹੈ। ਇਸ ਸੂਚਨਾ ਦੇ ਅਧਾਰ ’ਤੇ ਹੀ ਮੈਦਾਨ ਵਿਚ ਸੇਵਾਵਾਂ ਦੇ ਰਿਹਾ ਰੈਫਰੀ ਆਪਣਾ ਅੰਤਿਮ ਤੇ ਸਹੀ ਫੈਸਲਾ ਸੁਣਾਉਂਦਾ ਹੈ।
ਸਾਡਾ ਫੇਸਬੁੱਕ ਪੰਨਾ ਵੇਖਣ ਲਈ ਇਥੇ ਕਲਿਕ ਕਰੋ
ਫੁੱਟਬਾਲ ’ਚ ਕਦੋਂ ਸ਼ੁਰੂ ਹੋਈ ਵੀਏਆਰ ਤਕਨੀਕ (VAR Technology) ਦੀ ਵਰਤੋਂ ਅਤੇ ਕਿੰਨੇ ਕੈਮਰੇ ਵਰਤੇ ਜਾਂਦੇ ਹਨ ?
ਫੁੱਟਬਾਲ ਵਿਚ ਵੀਏਆਰ ਤਕਨੀਕ (VAR Technology) ਦੀ ਵਰਤੋਂ ਕੌਮਾਂਤਰੀ ਫੁੱਟਬਾਲ ਫੈਡਰੇਸ਼ਨ ਵੱਲੋਂ ਆਪਣੇ ਨਿਯਮਾਂ ਵਿਚ 3 ਮਾਰਚ 2018 ਨੂੰ ਕੀਤੇ ਗਏ ਬਦਲਾਅ ਤੋਂ ਬਾਅਦ ਸ਼ੁਰੂ ਹੋਈ ਹੈ। ਇਸ ਤਕਨੀਕ ਨੂੰ ਪ੍ਰਭਾਵਸ਼ਾਲੀ ਤੇ ਸਹੀ ਢੰਗ ਨਾਲ਼ ਵਰਤਣ ਲਈ ਫੁੱਟਬਾਲ ਮੈਦਾਨ ਦੇ ਦੁਆਲ਼ੇ 33 ਅਤਿਆਧੁਨਿਕ ਕੈਮਰੇ ਵਰਤੇ ਜਾਂਦੇ ਹਨ। ਇਨ੍ਹਾਂ ਵਿਚੋਂ 8 ਕੈਮਰੇ ਸੁਪਰ ਸਲੋਅ ਮੋਸ਼ਨ, 4 ਕੈਮਰੇ ਅਲਟ੍ਰਾ ਸਲੋਅ ਮੋਸ਼ਨ ਹੁੰਦੇ ਹਨ। ਦੋਵਾਂ ਪਾਸੇ ਦੇ ਗੋਲ਼ ਪੋਸਟਾਂ ਲਾਗੇ ਦੋ ਵਿਸ਼ੇਸ਼ ਆਫ ਸਾਈਡ ਕੈਮਰੇ ਹੁੰਦੇ ਹਨ ਜਿਨ੍ਹਾਂ ਦੀ ਵਰਤੋਂ ਕੇਵਲ ਵੀਏਆਰ ਮੈਚ ਰੈਫਰੀ ਹੀ ਕਰ ਸਕਦਾ ਹੈ। ਇਸ ਤੋਂ ਇਲਾਵਾ ਦੋਵੇਂ ਪਾਸੇ ਦੇ ਗੋਲ਼ ਪੋਸਟਾਂ ਦੇ ਪਿਛਲੇ ਪਾਸੇ 1-1 ਕੈਮਰਾ ਲਾਇਆ ਜਾਂਦਾ ਹੈ ਤਾਂ ਜੋ ਗੋਲ਼ ਹੋਣ ਸਮੇਂ ਗੇਂਦ ਦੇ ਗੋਲ਼ ਪੋਸਟ ਦੇ ਅੰਦਰ ਜਾਣ ਦਾ ਦ੍ਰਿਸ਼ ਫਿਲਮਾਇਆ ਜਾ ਸਕੇ। ਫੁੱਟਬਾਲ ਵਿਚ ਹਾਲੇ ਤੱਕ ਗੋਲ਼, ਪੈਨਲਟੀ ਦੇਣ, ਲਾਲ ਕਾਰਡ ਦੀ ਸਿੱਧੀ ਗਲਤੀ ਅਤੇ ਗੇਂਦ ਨੂੰ ਹੱਥ ਲੱਗਣ ਵਰਗੀਆਂ ਘਟਨਾਵਾਂ ਦੀ ਪਛਾਣ ਲਈ ਕੀਤੀ ਜਾਂਦੀ ਸੀ। ਪਰ ਕੁੱਝ ਸਮੇਂ ਤੋਂ ਆਫਸਾਈਡ ਬਾਰੇ ਵੀ ਇਸ ਦੀ ਵਰਤੋਂ ਹੋਣ ਲੱਗੀ ਹੈ।
ਫੀਫਾ ਦੀ ਫੁਟਬਾਲ ਤਕਨਾਲੋਜੀ ਅਤੇ ਨਵੀਨਤਾ ਇਕਾਈ ਦੇ ਨਿਰਦੇਸ਼ਕ ਜੋਹਾਨਸ ਹੋਲਜ਼ਮੁਲਰ ਨੇ ਦੱਸਿਆ ਕਿ ਫੀਫਾ ਨੇ ਇਸ ਤਕਨੀਕੀ ਯੁਗ ਵਿਚ ਹੁਣ ਆਫਸਾਈਡ ਬਾਰੇ ਵੀ ਨਵੀਂ ਵੀਏਆਰ ਤਕਨੀਕ (VAR Technology) ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਫੀਫਾ ਵੱਲੋਂ ਇਸ ਵੀਏਆਰ ਤਕਨੀਕ ਦੀ ਪਰਖ ਪਹਿਲਾਂ ਜਰਮਨੀ, ਇੰਗਲੈਂਡ ਅਤੇ ਸਪੇਨ ਵਿਚ ਕੀਤੀ ਸੀ। ਇਸ ਤਕਨੀਕ ਨੂੰ ਕਤਰ ਵਿਚ ਹੋਣ ਵਾਲ਼ੇ ਫੀਫਾ ਵਿਸ਼ਵ ਕੱਪ-2022 ਵਿਚ ਲਾਗੂ ਕਰਨ ਤੋਂ ਪਹਿਲਾਂ ਇਸ ਦੀ ਅੰਤਿਮ ਪਰਖ ਲੰਘੇ ਅਗਸਤ ਮਹੀਨੇ ਹੋਏ ਅਰਬ ਮੁਲਕਾਂ ਦੇ ਫੁੱਟਬਾਲ ਕੱਪ ਵਿਚ ਕੀਤੀ ਗਈ ਹੈ। ਇਸ ਤਕਨੀਕ ਦੀ ਵਰਤੋਂ ਲਈ ਸਟੇਡੀਅਮ ਦੀ ਛੱਤ ਹੇਠਾਂ ਦਰਜ਼ਨਾਂ ਅਤਿਆਧੁਨਿਕ ਕੈਮਰੇ ਸਥਾਪਿਤ ਕੀਤੇ ਜਾਂਦੇ ਹਨ। 10-12 ਕੈਮਰੇ ਹਰ ਖਿਡਾਰੀ ਦੀਆਂ ਲੱਤਾਂ ਬਾਹਾਂ ਦੀਆਂ ਹਰਕਤਾਂ ਸਮੇਤ ਵੱਖ-ਵੱਖ ਕੋਣਾਂ ਤੋਂ ਪ੍ਰਤੀ ਸੈਕੰਡ 29 ਨੁਕਤਿਆਂ ਨੂੰ ਪੇਸ਼ ਕਰਦੇ ਹਨ। ਇਨ੍ਹਾਂ ਰਿਕਾਰਡ ਕੀਤੇ ਜਾ ਰਹੇ ਦ੍ਰਿਸ਼ਾਂ ਨੂੰ ਵਿਸ਼ੇਸ਼ ਸਾਫਟਵੇਅਰ ਪ੍ਰੋਗਰਾਮ ਰਾਹੀਂ ਇਕੱਤਰ ਕੀਤਾ ਜਾਂਦਾ ਹੈ ਅਤੇ ਲੋੜ ਪੈਣ ’ਤੇ ਕੁੱਝ ਪਲਾਂ ਵਿਚ ਹੀ ਸਮੁੱਚਾ ਦ੍ਰਿਸ਼ ਵੀਏਆਰ ਤਕਨੀਕ ਲਈ ਨਿਯੁਕਤ ਮੈਚ ਰੈਫਰੀ ਸਾਹਮਣੇ ਮੁਲੰਕਣ ਲਈ ਪੇਸ਼ ਕਰ ਦਿੱਤਾ ਜਾਂਦਾ ਹੈ।
ਵੀਏਆਰ (VAR), ਬਾਜ਼ ਅੱਖ (Hawk-Eye) ਤਕਨੀਕਾਂ (Technology) ਅਤੇ ਯੰਤਰਾਂ (Gadgets) ਦਾ ਖੇਡਾਂ ’ਤੇ ਪ੍ਰਭਾਵ
ਇਸ ਆਧੁਨਿਕ ਯੁਗ ਵਿਚ ਕੰਪਿਊਟਰ, ਇੰਟਰਨੈਟ, ਤਕਨੀਕਾਂ ਅਤੇ ਤਕਨੀਕੀ ਯੰਤਰਾਂ ਨੇ ਸਾਡੇ ਰੋਜ਼ਾਨਾ ਜੀਵਨ ਜਿਉਣ ਦੇ ਤਰੀਕੇ ਵਿਚ ਵੱਡੀਆਂ ਤਬਦੀਲੀਆਂ ਲਿਆਂਦੀਆਂ ਹਨ। ਇਸ ਦੇ ਨਾਲ਼ ਹੀ ਆਧੁਨਿਕ ਤਕਨਾਲੋਜੀ ਅਤੇ ਯੰਤਰਾਂ ਦੀ ਖੇਡਾਂ ਦੇ ਵਿਕਾਸ ਵਿਚ ਵੀ ਵੱਡੀ ਭੂਮਿਕਾ ਬਣ ਰਹੀ ਹੈ। ਕ੍ਰਿਕਟ ਦੇ ਮੈਦਾਨ ਵਿਚ ਮਿਡਲ ਸਟੰਪ ਕੈਮਰਾ (Middle Stump Camera) ਤੋਂ ਲੈ ਕੇ ਹਾਕ-ਆਈ ਤਕਨਾਲੋਜੀ (Hawk Eye Technology) ਦੀ ਵਰਤੋਂ ਨੇ ਕ੍ਰਿਕਟ ਪ੍ਰੇਮੀਆਂ ਵਿਚ ਇਸ ਖੇਡ ਪ੍ਰਤੀ ਰੁਮਾਂਚ ਨੂੰ ਦੁੱਗਣਾ ਚੌਗੁਣਾ ਕੀਤਾ ਹੈ। ਇਸੇ ਤਰਾਂ ਹੁਣ ਫੁੱਟਬਾਲ ਮੈਚਾਂ ਵਿਚ ਵੀਏਆਰ ਤਕਨੀਕ (VAR Technology) ਵੀਡੀਓ-ਸਹਾਇਕ-ਰੈਫਰੀ ਤਕਨੀਕ ਦੇ ਨਾਲ਼ ਬਾਜ਼ ਅੱਖ ਨਾਲ਼ ਮਿਲਦੀ ਜੁਲਦੀ ਛੱਤ ਕੈਮਰਾ ਤਕਨੀਕ (Roof Camera Technique) ਤੇ ਹੋਰ ਯੰਤਰ ਕੌਮਾਂਤਰੀ ਫੁੱਟਬਾਲ ਮੁਕਾਬਲਿਆਂ ਦੇ ਨਤੀਜਿਆਂ ‘ਤੇ ਮਹੱਤਵਪੂਰਣ ਪ੍ਰਭਾਵ ਪਾਉਣ ਲੱਗੇ ਹਨ। ਹਾਲਾਂਕਿ ਪਿਛਲੇ ਸਮੇਂ ਦੌਰਾਨ ਕਈ ਮਹੱਤਵਪੂਰਨ ਮੈਚਾਂ ਵਿਚ ਇਨ੍ਹਾਂ ਤਕਨੀਕਾਂ ਦੀ ਵਰਤੋਂ ਤੇ ਸਹੀ ਨਤੀਜੇ ਬਾਰੇ ਬਹਿਸ ਛਿੜਦੀ ਰਹੀ ਹੈ, ਪਰ ਕੌਮਾਂਤਰੀ ਫੁੱਟਬਾਲ ਫੈਡਰੇਸ਼ਨ ਇਨ੍ਹਾਂ ਤਕਨੀਕਾਂ ਦੀ ਵਰਤੋਂ ਨੂੰ ਲਗਾਤਾਰ ਵਧਾ ਰਹੀ ਹੈ। ਹਾਲਾਂਕਿ ਕੌਮੀ ਪੱਧਰ ਦੇ ਜਾਂ ਖੇਤਰੀ ਮੁਕਾਬਲਿਆਂ ਵਿਚ ਵੀਏਆਰ ਤਕਨੀਕ ਦੀ ਵਰਤੋਂ ਕਰਨੀ ਬਹੁਤ ਮਹਿੰਗਾ ਸੌਦਾ ਹੈ ਪਰ ਫੁੱਟਬਾਲ ਫੈਡਰੇਸ਼ਨਾਂ ਵੱਲੋਂ ਇਸ ਬਾਰੇ ਵੱਖ ਵੱਖ ਫੁੱਟਬਾਲ ਕਲੱਬਾਂ ਨੂੰ ਬਣਦਾ ਯੋਗਦਾਨ ਪਾਉਣ ਲਈ ਕਿਹਾ ਗਿਆ ਹੈ।
ਅੰਡਰ-17 ਮਹਿਲਾ ਵਿਸ਼ਵ ਕੱਪ ’ਚ ਪਹਿਲੀ ਵਾਰ ਵੀਏਆਰ ਤਕਨੀਕ ਲਈ 16 ਮੈਚ ਅਧਿਕਾਰੀ ਤਾਇਨਾਤ
ਫੈਡਰੇਸ਼ਨ ਇੰਟਰਨੈਸ਼ਨਲ ਡੀ ਫੁੱਟਬਾਲ ਐਸੋਸੀਏਸ਼ਨਜ (FIFA) ਵੱਲੋਂ ਜਾਰੀ ਸੂਚਨਾ ਮੁਤਾਬਕ ਭਾਰਤ ਦੇ ਤਿੰਨ ਸ਼ਹਿਰਾਂ ਵਿਚ ਖੇਡੇ ਜਾ ਰਹੇ ਅੰਡਰ-17 ਮਹਿਲਾ ਵਿਸ਼ਵ ਕੱਪ ਵਿਚ ਸੇਵਾਵਾਂ ਦੇਣ ਲਈ 33 ਮੁਲਕਾਂ ਤੋਂ 61 ਖੇਡ ਅਧਿਕਾਰੀ ਭਾਰਤ ਪਹੁੰਚੇ ਹਨ। ਫੀਫਾ ਦੇ ਔਰਤਾਂ ਦੇ ਰੈਫਰੀ ਵਿਭਾਗ ਦੀ ਮੁਖੀ ਕਾਰੀ ਸੇਤਜ ਨੇ ਦੱਸਿਆ ਕਿ ਇਨ੍ਹਾਂ ਵਿਚ 14 ਮੁੱਖ ਰੈਫਰੀ, 3 ਸਹਿਯੋਗੀ ਰੈਫਰੀਆਂ ਤੋਂ ਇਲਾਵਾ 28 ਸਹਾਇਕ ਰੈਫਰੀ ਅਤੇ 16 ਵੀਡੀਓ ਮੈਚ ਅਧਿਕਾਰੀ ਇਸ ਕੌਮਾਂਤਰੀ ਟੂਰਨਾਮੈਂਟ ਦੇ ਮੈਚਾਂ ਵਿਚ ਵੀਏਆਰ ਤਕਨੀਕ (VAR Technology) ਲਈ ਸੇਵਾਵਾਂ ਦੇਣਗੇ। ਇਹ 16 ਵੀਡੀਓ ਮੈਚ ਅਧਿਕਾਰੀ ਖੇਡ ਮੈਦਾਨ ਤੋਂ ਬਾਹਰ ਪ੍ਰਬੰਧਕੀ ਇਮਾਰਤ ਵਿਚ ਬੈਠ ਕੇ ਵੀਡੀਓ ਕੈਮਰਿਆਂ ਰਾਹੀਂ ਖੇਡ ਦੇ ਪਲ-ਪਲ ਦੀ ਨਿਗਰਾਨੀ ਕਰਨਗੇ। ਲੋੜ ਪੈਣ ’ਤੇ ਇਹ ਉਸ ਵੀਡੀਓ ਰਿਕਾਰਡਿੰਗ ਨੂੰ ਦੁਬਾਰਾ ਘੱਟ ਰਫਤਾਰ (Slow motion) ’ਤੇ ਚਲਾ ਕੇ ਵੇਖਣ ਉਪਰੰਤ ਮੈਦਾਨ ਵਿਚ ਸੇਵਾਵਾਂ ਦੇ ਰਹੇ ਰੈਫਰੀਆਂ ਨੂੰ ਸਹੀ ਤੱਥ ਬਾਰੇ ਜਾਣਕਾਰੀ ਮੁਹਈਆ ਕਰਾਉਣਗੇ। ਇਨ੍ਹਾਂ ਵੱਲੋਂ ਦਿੱਤੀ ਰਾਏ ਮੁਤਾਬਕ ਹੀ ਮੈਦਾਨ ਵਿਚਲੇ ਰੈਫਰੀ ਕਿਸੇ ਫਾਊਲ ਜਾਂ ਗੋਲ਼ ਦੇ ਵਿਵਾਦ ਬਾਰੇ ਸਪਸ਼ਟ ਫੈਸਲਾ ਲੈਣਗੇ। ਕੌਮਾਂਤਰੀ ਫੁੱਟਬਾਲ ਫੈਡਰੇਸ਼ਨ ਵੱਲੋਂ ਜਾਰੀ ਸੂਚਨਾ ਮੁਤਾਬਕ ਇਸ ਕੌਮਾਂਤਰੀ ਟੂਰਨਾਮੈਂਟ ਵਿਚ ਇਸ ਤਕਨੀਕ ਦੀ ਸਫਲਤਾ ਦੇ ਅਧਾਰ ’ਤੇ ਹੀ ਇਸ ਨੂੰ ਅਗਲੇ ਵਰ੍ਹੇ ਹੋਣ ਵਾਲ਼ੇ ਫੀਫਾ ਵੂਮੈਨ ਵਿਸ਼ਵ ਕੱਪ-2023 ’ਚ ਵੀ ਵਰਤਿਆ ਜਾਵੇਗਾ।

FAQ related to VAR Technology | ਵੀਏਆਰ ਤਕਨੀਕ ਬਾਰੇ FAQ
ਵੀਏਆਰ ਤਕਨੀਕ (VAR Technology) ਕੀ ਹੈ ?
ਮੈਚ ਰੈਫਰੀ ਨੂੰ ਖੇਡ ਦੌਰਾਨ ਤੇਜ ਰਫਤਾਰ ਨਾਲ਼ ਵਾਪਰੇ ਘਟਨਾਕ੍ਰਮ ਸਬੰਧੀ ਢੁਕਵਾਂ ਤੇ ਸਹੀ ਫੈਸਲਾ ਲੈਣ ਲਈ ਜਿਸ ਵੀਡੀਓ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ। ਉਸ ਨੂੰ ਵੀਏਆਰ ਤਕਨੀਕ (VAR Technology) ਕਿਹਾ ਜਾਂਦਾ ਹੈ ?
ਫੁੱਟਬਾਲ ਵਿਚ ਵੀਏਆਰ ਤਕਨੀਕ (VAR Technology) ਦੀ ਵਰਤੋਂ ਕਦੋਂ ਸ਼ੁਰੂ ਹੋਈ ?
ਫੁੱਟਬਾਲ ਵਿਚ ਵੀਏਆਰ ਤਕਨੀਕ (VAR Technology) ਦੀ ਵਰਤੋਂ 2018 ਤੋਂ ਸ਼ੁਰੂ ਹੋਈ। ਜਦੋਂ ਕੌਮਾਂਤਰੀ ਫੁੱਟਬਾਲ ਫੈਡਰੇਸ਼ਨ ਨੇ ਆਪਣੇ ਨਿਯਮਾਂ ਵਿਚ ਤਬਦੀਲੀ ਕਰਕੇ ਇਸ ਤਕਨੀਕ ਦੀ ਵਰਤੋਂ ਦੇ ਨਿਯਮ ਲਾਗੂ ਕੀਤੇ।
ਵੀਏਆਰ ਤਕਨੀਕ (VAR Technology) ਦਾ ਫੁੱਟਬਾਲ ’ਤੇ ਕੀ ਪ੍ਰਭਾਵ ਪੈ ਰਿਹਾ ਹੈ ?
ਫੁੱਟਬਾਲ ਦੀ ਖੇਡ ਵਿਚ ਵੀਏਆਰ ਤਕਨੀਕ (VAR Technology) ਦੀ ਵਰਤੋਂ ਨੇ ਕਈ ਵਿਵਾਦਾਂ ਨੂੰ ਜਨਮ ਦਿੱਤਾ ਹੈ। ਫੁੱਟਬਾਲ ਪ੍ਰੇਮੀਆਂ ਅਤੇ ਖਿਡਾਰੀਆਂ ਦਾ ਇਸ ਤਕਨੀਕ ਬਾਰੇ ਸਭ ਤੋਂ ਵੱਡਾ ਇਤਰਾਜ ਆਫਸਾਈਡ ਫਾਊਲ ਨੂੰ ਲੈ ਕੇ ਹੈ।
ਫੀਫਾ ਵੱਲੋਂ ਹੁਣ ਆਫਸਾਈਡ ਬਾਰੇ ਕਿਹੜੀ ਤਕਨੀਕ ਦੀ ਵਰਤੋਂ ਸ਼ੁਰੂ ਕੀਤੀ ਗਈ ਹੈ ?
ਫੀਫਾ ਵੱਲੋਂ ਆਫਸਾਈਡ ਫਾਊਲ ਬਾਰੇ ਵੀ ਨਵੀਂ ਵੀਏਆਰ ਤਕਨੀਕ (VAR Technology) ਦੀ ਵਰਤੋਂ ਸ਼ੁਰੂ ਕੀਤੀ ਗਈ ਹੈ। ਇਸ ਤਕਨੀਕ ਲਈ ਸਟੇਡੀਅਮ ਦੀ ਛੱਤ ਵਿਚ ਦਰਜਨਾਂ ਕੈਮਰੇ ਲਾ ਕੇ ਖਿਡਾਰੀਆਂ ਦੀ ਹਿਲਜੁਲ ਦੀ ਨਿਗਰਾਨੀ ਕੀਤੀ ਜਾਂਦੀ ਹੈ।
ਵੀਏਆਰ ਤਕਨੀਕ (VAR Technology) ਕਿਹੜੇ ਕੌਮਾਂਤਰੀ ਟੂਰਨਾਮੈਂਟ ‘ਚ ਪਹਿਲੀ ਵਾਰ ਵਰਤੀ ਜਾਵੇਗੀ ?
ਫੀਫਾ ਵੱਲੋਂ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀ ਸਾਂਝੀ ਮੇਜ਼ਬਾਨੀ ਵਿਚ ਹੋਣ ਵਾਲ਼ੇ ਫੀਫਾ ਮਹਿਲਾ ਵਿਸ਼ਵ ਕੱਪ 2023 ਵਿਚ ਪਹਿਲੀ ਵਾਰ ਵੀਏਆਰ ਤਕਨੀਕ (VAR Technology) ਦੀ ਵਰਤੋਂ ਕੀਤੀ ਜਾਵੇਗੀ।
ਫੀਫਾ ਮਹਿਲਾ ਵਿਸ਼ਵ ਕੱਪ 2023 ਵਿਚ ਪਹਿਲੀ ਵਾਰ ਹੋਵੇਗੀ ਵੀਏਆਰ ਤਕਨੀਕ (VAR Technology) ਦੀ ਵਰਤੋਂ
Very well written and full of useful information