
ਫੀਫਾ ਅੰਡਰ-17 ਵਿਸ਼ਵ ਕੱਪ
ਲੁਧਿਆਣਾ, 9 ਅਕਤੂਬਰ- ਔਰਤਾਂ ਦਾ ਫੀਫਾ ਅੰਡਰ-17 ਵਿਸ਼ਵ ਕੱਪ 11 ਅਕਤੂਬਰ ਤੋਂ ਭਾਰਤ ਵਿਚ ਸ਼ੁਰੂ ਹੋਣ ਜਾ ਰਿਹਾ ਹੈ। ਭਾਰਤੀ ਫੁੱਟਬਾਲ ਫੈਡਰੇਸ਼ਨ (AIFF) ਦੀ ਲੰਮੀ ਖਿੱਚੋਤਾਣ ਅਤੇ ਬੇਭਰੋਸਗੀ ਦੇ ਮਾਹੌਲ ਤੋਂ ਬਾਅਦ ਹੋਣ ਵਾਲ਼ੇ ਇਸ ਟੂਰਨਾਮੈਂਟ ਵਿਚ ਭਾਰਤੀ ਟੀਮ ਨੂੰ ਮੇਜ਼ਬਾਨ ਹੋਣ ਦੇ ਨਾਤੇ ਪਹਿਲੀ ਵਾਰ ਹਿੱਸਾ ਲੈਣ ਦਾ ਮੌਕਾ ਮਿਲ਼ਿਆ ਹੈ। ਭੁਬਨੇਸ਼ਬਰ ਦੇ ਕਲਿੰਗਾ ਸਟੇਡੀਅਮ ’ਚ ਉਦਘਾਟਨੀ ਸਮਾਗਮ ਤੋਂ ਬਾਅਦ ਭਾਰਤ ਦਾ ਪਹਿਲਾ ਮੈਚ ਅਮਰੀਕਾ ਨਾਲ ਹੋਵੇਗਾ।
ਦੇਸ਼ ਦੇ ਤਿੰਨ ਸ਼ਹਿਰਾਂ ‘ਚ ਖੇਡੇ ਜਾਣਗੇ ਫੀਫਾ ਅੰਡਰ-17 ਵਿਸ਼ਵ ਕੱਪ ਦੇ ਮੈਚ
ਦੇਸ਼ ਦੇ ਤਿੰਨ ਸ਼ਹਿਰਾਂ ਭੁਵਨੇਸ਼ਵਰ, ਮੁੰਬਈ ਅਤੇ ਗੋਆ ਵਿੱਚ 11 ਤੋਂ 30 ਅਕਤੂਬਰ ਤੱਕ ਖੇਡੇ ਜਾਣ ਵਾਲ਼ੇ ਇਸ ਟੂਰਨਾਮੈਂਟ ਵਿਚ ਭਾਰਤ ਸਮੇਤ 16 ਦੇਸ਼ਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ਨੂੰ ਚਾਰ ਟੋਲੀਆਂ ਵਿਚ ਵੰਡਿਆ ਗਿਆ ਹੈ। ਏ ਟੋਲੀ (Group A) ’ਚ ਮੇਜ਼ਬਾਨ ਭਾਰਤ ਤੋਂ ਇਲਾਵਾ ਦੁਨੀਆਂ ਦੀ ਚੋਟੀ ਦੀ ਫੁੱਟਬਾਲ ਸ਼ਕਤੀ ਮੰਨੇ ਜਾਂਦੇ ਬ੍ਰਾਜ਼ੀਲ, ਮੋਰੋਕੋ ਅਤੇ ਅਮਰੀਕਾ ਸ਼ਾਮਿਲ ਹਨ। ਬੀ ਟੋਲੀ (Group B) ’ਚ ਚਿੱਲੀ, ਨਿਊਜ਼ੀਲੈਂਡ, ਜਰਮਨੀ ਅਤੇ ਨਾਈਜੀਰੀਆ ਅਤੇ ਸੀ-ਟੋਲੀ (Group C) ਵਿੱਚ ਚੀਨ, ਕੋਲੰਬੀਆ, ਮੈਕਸੀਕੋ ਅਤੇ ਸਪੇਨ ਦੀਆਂ ਟੀਮਾਂ ਸ਼ਾਮਲ ਹਨ। ਡੀ-ਟੋਲੀ (Group D) ਵਿਚ ਫਰਾਂਸ, ਜਾਪਾਨ, ਕੈਨੇਡਾ ਅਤੇ ਤਨਜ਼ਾਨੀਆ ਦੀਆਂ ਟੀਮਾਂ ਸ਼ਾਮਲ ਹਨ।
2008 ’ਚ ਹੋਈ ਸੀ ਔਰਤਾਂ ਦੇ ਫੀਫਾ ਅੰਡਰ-17 ਵਿਸ਼ਵ ਕੱਪ ਦੀ ਸ਼ੁਰੂਆਤ
ਕੌਮਾਂਤਰੀ ਫੁੱਟਬਾਲ ਫੈਡਰੇਸ਼ਨ (FIFA) ਵੱਲੋਂ ਭਵਿੱਖ ਦੀਆਂ ਹੋਣਹਾਰ ਖਿਡਾਰਨਾਂ ਨੂੰ ਉਭਾਰਨ ਲਈ 2008 ਵਿਚ ਔਰਤਾਂ ਦਾ ਫੀਫਾ ਅੰਡਰ-17 ਵਿਸ਼ਵ ਕੱਪ ਸ਼ੁਰੂ ਕੀਤਾ ਗਿਆ ਸੀ ਅਤੇ ਇਹ ਟੂਰਨਾਮੈਂਟ ਹਰ ਦੋ ਸਾਲਾਂ ਬਾਅਦ ਕਰਵਾਇਆ ਜਾਂਦਾ ਹੈ। 6ਵਾਂ ਵਿਸ਼ਵ ਕੱਪ 13 ਨਵੰਬਰ ਤੋਂ 1 ਦਸੰਬਰ, 2018 ਤੱਕ ਉਰੂਗਵੇ ਵਿੱਚ ਖੇਡਿਆ ਗਿਆ ਸੀ ਪਰ 2020 ’ਚ ਭਾਰਤ ’ਚ ਹੋਣ ਵਾਲ਼ਾ ਟੂਰਨਾਮੈਂਟ ਕਰੋਨਾ ਮਹਾਂਮਾਰੀ ਕਾਰਨ ਰੱਦ ਕਰ ਦਿੱਤਾ ਗਿਆ ਸੀ। ਸਪੇਨ ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ ਦਾ ਮੌਜੂਦਾ ਚੈਂਪੀਅਨ ਹੈ।
ਭਾਰਤ ਫੀਫਾ ਅੰਡਰ-17 ਪੁਰਸ਼ ਵਿਸ਼ਵ ਕੱਪ ਦੀ ਵੀ ਕਰ ਚੁੱਕਾ ਹੈ ਮੇਜ਼ਬਾਨੀ
ਭਾਰਤ ਇਸ ਤੋਂ ਪਹਿਲਾਂ 6 ਤੋਂ 28 ਅਕਤੂਬਰ, 2017 ਤੱਕ ਫੀਫਾ ਅੰਡਰ-17 ਪੁਰਸ਼ ਵਿਸ਼ਵ ਕੱਪ ਦੀ ਸਫਲਤਾ ਪੂਰਬਕ ਮੇਜ਼ਬਾਨੀ ਕਰ ਚੁੱਕਾ ਹੈ। ਇਹ ਟੂਰਨਾਮੈਂਟ ਮੁਲਕ ਦੇ 6 ਵੱਖ-ਵੱਖ ਸ਼ਹਿਰਾਂ ਨਵੀਂ ਦਿੱਲੀ, ਗੁਹਾਟੀ, ਮੁੰਬਈ, ਗੋਆ, ਕੋਚੀ ਅਤੇ ਕੋਲਕਾਤਾ ਵਿੱਚ ਖੇਡਿਆ ਗਿਆ ਸੀ। ਇਸ ਟੂਰਨਾਮੈਂਟ ਦੇ ਪ੍ਰਬੰਧਾਂ ਤੋਂ ਸੰਤੁਸ਼ਟ ਹੋਣ ਕਰਕੇ ਹੀ ਕੌਮਾਂਤਰੀ ਫੁੱਟਬਾਲ ਫੈਡਰੇਸ਼ਨ ਨੇ ਔਰਤਾਂ ਦੇ ਅੰਡਰ-17 ਵਿਸ਼ਵ ਕੱਪ ਦੀ ਮੇਜ਼ਬਾਨੀ ਵੀ ਭਾਰਤ ਨੂੰ ਸੌਂਪੀ ਸੀ। ਪਰ ਪਿਛਲੇ ਦੋ ਸਾਲਾਂ ਦੌਰਾਨ ਪਹਿਲਾਂ ਕਰੋਨਾ ਮਹਾਂਮਾਰੀ ਅਤੇ ਹੁਣ ਫੈਡਰੇਸ਼ਨ ਦੀ ਖਿੱਚੋਤਾਣ ਕਾਰਨ ਬੇਭਰੋਸਗੀ ਵਾਲ਼ਾ ਮਾਹੌਲ ਬਣ ਗਿਆ ਸੀ।
ਭਾਰਤੀ ਫੁੱਟਬਾਲ ਫੈਡਰੇਸ਼ਨ ਦੀ ਖਿੱਚੋਤਾਣ ਬਣੀ ਫੀਫਾ ਵੱਲੋਂ ਮੁਅੱਤਲੀ ਦਾ ਕਾਰਨ:
ਦੱਸ ਦਈਏ ਕਿ ਭਾਰਤੀ ਫੁੱਟਬਾਲ ਫੈਡਰੇਸ਼ਨ ਦੀ ਚੋਣ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਦੌਰਾਨ ਸੁਪਰੀਮ ਕੋਰਟ ਵੱਲੋਂ ਕੁੱਝ ਮਹੀਨੇ ਪਹਿਲਾਂ ਫੈਡਰੇਸ਼ਨ ਦੀ ਪ੍ਰਬੰਧਕੀ ਕਾਰਜਕਾਰਨੀ ਨੂੰ ਭੰਗ ਕਰ ਦਿੱਤਾ ਗਿਆ ਸੀ। ਇਸ ਦੀ ਥਾਂ ’ਤੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਦੀ ਅਗਵਾਈ ਹੇਠ ਇਕ ਤਿੰਨ ਮੈਂਬਰੀ ਪ੍ਰਸਾਸ਼ਕੀ ਕਮੇਟੀ (Counsel of Administratives) ਬਣਾਉਣ ਦਾ ਫੈਸਲਾ ਕੀਤਾ ਗਿਆ ਸੀ। ਹਾਲਾਂਕਿ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿਚ ਫੈਡਰੇਸ਼ਨ ਦੇ ਅਹੁਦੇਦਾਰਾਂ ਦੀ ਚੋਣ ਤੁਰੰਤ ਕਰਾਉਣ ਦੀ ਹਿਦਾਇਤ ਵੀ ਕੀਤੀ ਸੀ ਪਰ ਕੌਮਾਂਤਰੀ ਫੁੱਟਬਾਲ ਫੈਡਰੇਸ਼ਨ (FIFA) ਵੱਲੋਂ ਇਸ ਸਾਰੀ ਖਿੱਚੋਤਾਣ ਨੂੰ ਭਾਰਤੀ ਫੈਡਰੇਸ਼ਨ ਦੇ ਕੰਮ ਕਾਜ ਵਿਚ ‘ਬਾਹਰੀ ਤੇ ਤੀਜੀ ਧਿਰ ਦੀ ਦਖਲ ਅੰਦਾਜੀ’ ਕਰਾਰ ਦਿੰਦਿਆਂ ਭਾਰਤੀ ਫੈਡਰੇਸ਼ਨ ਨੂੰ ਕੌਮਾਂਤਰੀ ਫੈਡਰੇਸ਼ਨ ਦੀ ਮੈਂਬਰਸ਼ਿਪ ਤੋਂ ਮੁਅੱਤਲ ਕਰਨ ਦਾ ਐਲਾਨ ਕਰ ਦਿੱਤਾ ਸੀ।
ਫੀਫਾ ਦੀ ਪਾਬੰਦੀ ਦਾ ਭਾਰਤੀ ਫੁੱਟਬਾਲ ਟੀਮਾਂ ’ਤੇ ਕੀ ਹੋਣਾ ਸੀ ਅਸਰ ?
ਕੌਮਾਂਤਰੀ ਫੁੱਟਬਾਲ ਫੈਡਰੇਸ਼ਨ (FIFA) ਵੱਲੋਂ ਭਾਰਤੀ ਫੁੱਟਬਾਲ ਫੈਡਰੇਸ਼ਨ ਨੂੰ ਮੁਅੱਤਲ ਕਰਨ ਦੇ ਫੈਸਲੇ ਦੇ ਮੱਦੇਨਜ਼ਰ ਭਾਰਤ ਦੀਆਂ ਕੌਮੀ ਟੀਮਾਂ ਫੀਫਾ (FIFA) ਜਾਂ ਏਸ਼ੀਆ ਫੁੱਟਬਾਲ ਕੌਂਸਲ (AFC) ਦੁਆਰਾ ਮਾਨਤਾ ਪ੍ਰਾਪਤ ਕਿਸੇ ਵੀ ਟੂਰਨਾਮੈਂਟ ਵਿਚ ਉਦੋਂ ਤੱਕ ਨਹੀਂ ਖੇਡ ਸਕਦੀਆਂ ਸਨ ਜਦੋਂ ਤੱਕ ਪਾਬੰਦੀ ਨਹੀਂ ਹਟਾਈ ਜਾਂਦੀ। ਇਸ ਤੋਂ ਇਲਾਵਾ, ਭਾਰਤੀ ਫੁੱਟਬਾਲ ਕਲੱਬ ਵੀ ਪਾਬੰਦੀ ਦੌਰਾਨ ਮਹਾਂਦੀਪੀ ਟੂਰਨਾਮੈਂਟਾਂ ਵਿੱਚ ਦੇਸ਼ ਦੀ ਪ੍ਰਤੀਨਿਧਤਾ ਨਹੀਂ ਕਰ ਸਕਦੇ ਸਨ। ਕੌਮਾਂਤਰੀ ਫੈਡਰੇਸ਼ਨ ਦੇ ਇਸ ਫੈਸਲੇ ਨਾਲ਼ ਭਾਰਤ ਹੱਥੋਂ ਟੂਰਨਾਮੈਂਟ ਦੀ ਮੇਜ਼ਬਾਨੀ ਖੁੱਸਣਾ ਵੀ ਯਕੀਨੀ ਸੀ। ਅਜਿਹੇ ਬੇਯਕੀਨੀ ਤੇ ਬੇਭਰੋਸਗੀ ਵਾਲ਼ੇ ਮਾਹੌਲ ਵਿਚ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕੌਮਾਂਤਰੀ ਭਾਈਚਾਰੇ ਵਿਚ ਮੁਲਕ ਦੀ ਸ਼ਾਖ ਨੂੰ ਲੱਗ ਰਹੇ ਧੱਬੇ ਤੋਂ ਬਚਾਉਣ ਲਈ ਦਿਨ ਰਾਤ ਇਕ ਕਰਦਿਆਂ ਫੀਫਾ ਅੰਡਰ-17 ਵਿਸ਼ਵ ਕੱਪ ਦੀ ਮੇਜ਼ਬਾਨੀ ਖੁੱਸਣ ਤੋਂ ਬਚਾਅ ਲਈ।
ਫੀਫਾ ਅੰਡਰ-17 ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਕੇਂਦਰ ਸਰਕਾਰ ਨੂੰ ਦੇਣੀ ਪਈ ਗਾਰੰਟੀ
ਖੇਡ ਮੰਤਰੀ ਅਨੁਰਾਗ ਠਾਕੁਰ ਦੀ ਪਹਿਲਕਦਮੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ’ਚ ਭਾਰਤ ਵਿਚ ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ 2022 ਦੀ ਮੇਜ਼ਬਾਨੀ ਕਰਨ ਦੀ ਗਾਰੰਟੀ ’ਤੇ ਹਸਤਾਖਰ ਕਰਨ ਨੂੰ ਮਨਜ਼ੂਰੀ ਦਿੱਤੀ ਗਈ। ਸ੍ਰੀ ਠਾਕੁਰ ਨੇ ਕਿਹਾ ਕਿ ਟੂਰਨਾਮੈਂਟ ਦੀ ਮੇਜ਼ਬਾਨੀ ਲਈ 60 ਕਰੋੜ ਰੁਪਏ ਖਰਚੇ ਜਾਣਗੇ, ਇਸ ਵਿਚ ਭਾਰਤ ਸਮੇਤ 16 ਟੀਮਾਂ ਹਿੱਸਾ ਲੈਣਗੀਆਂ ਅਤੇ ਟੂਰਨਾਮੈਂਟ ਨਾਲ਼ ਭਾਰਤ ਵਿਚ ਫੁੱਟਬਾਲ ਨੂੰ ਪ੍ਰਫੁੱਲਤ ਕਰਨ ਲਈ ਵੱਡਾ ਹੁਲਾਰਾ ਮਿਲੇਗਾ।
ਸਾਡਾ ਫੇਸਬੁੱਕ ਪੰਨਾ ਵੇਖਣ ਲਈ ਇਥੇ ਕਲਿਕ ਕਰੋ
ਚੀਨ ਦੀ ਟੀਮ ਨੂੰ ਮਿਲ਼ਿਆ ਫੀਫਾ ਅੰਡਰ-17 ਵਿਸ਼ਵ ਕੱਪ ਲਈ ਸੁਨਹਿਰੀ ਮੌਕਾ
ਫੀਫਾ ਅੰਡਰ-17 ਵਿਸ਼ਵ ਕੱਪ ’ਚ ਚੀਨ ਨੂੰ ਸ਼ਾਮਲ ਹੋਣ ਦਾ ਸੁਨਹਿਰੀ ਮੌਕਾ ਮਿਲ਼ ਗਿਆ ਹੈ। ਇਹ ਐਲਾਨ ਏਸ਼ਿਆਈ ਫੁੱਟਬਾਲ ਕਨਫੈਡਰੇਸ਼ਨ ਦੀ ਮਹਿਲਾ ਫੁੱਟਬਾਲ ਕਮੇਟੀ ਵੱਲੋਂ ਕੀਤਾ ਗਿਆ ਹੈ। ਹਾਲਾਂਕਿ ਚੀਨ ਦੀ ਟੀਮ 2019 ’ਚ ਥਾਈਲੈਂਡ ’ਚ ਖੇਡੇ ਗਏ ਏਐੱਫਸੀ ਅੰਡਰ-16 ਮਹਿਲਾ ਚੈਂਪੀਅਨਸ਼ਿਪ ਵਿਚ ਤੀਜੇ ਸਥਾਨ ’ਤੇ ਰਹੀ ਸੀ। ਨਿਯਮਾਂ ਮੁਤਾਬਕ ਚੋਟੀ ਦੀਆਂ ਦੋ ਟੀਮਾਂ ਹੀ ਵਿਸ਼ਵ ਕੱਪ ਵਿਚ ਹਿੱਸਾ ਲੈ ਸਕਦੀਆਂ ਹਨ, ਪਰ ਐਨ ਆਖਰੀ ਸਮੇਂ ਚੀਨ ਦੀਆਂ ਲੜਕੀਆਂ ਲਈ ਇਹ ਮੌਕਾ ਲਾਟਰੀ ਨਿੱਕਲਣ ਵਾਂਗ ਹੈ। ਦਰਅਸਲ ਪਿਛਲੇ ਸਾਲ 14 ਅਕਤੂਬਰ ਨੂੰ ਕਮੇਟੀ ਵੱਲੋਂ ਫ਼ੈਸਲਾ ਕੀਤਾ ਗਿਆ ਸੀ ਕਿ ਜੇਕਰ ਏਸ਼ੀਆ ਦੀ ਕੋਈ ਟੀਮ ਫੀਫਾ ਮੁਕਾਬਲਿਆਂ ਤੋਂ ਹਟਦੀ ਹੈ ਤਾਂ ਉਸ ਦੀ ਥਾਂ ਕੁਆਲੀਫਾਇੰਗ ਮੁਕਾਬਲੇ ’ਚ ਅਗਲੇ ਉਚ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ ਸ਼ਾਮਿਲ ਕੀਤਾ ਜਾਵੇਗਾ। ਹੁਣ ਜਦੋਂ ਉੱਤਰੀ ਕੋਰੀਆ ਵੱਲੋਂ ਭਾਰਤ ’ਚ ਹੋਣ ਵਾਲੇ ਇਸ ਟੂਰਨਾਮੈਂਟ ’ਚ ਆਪਣੀ ਟੀਮ ਨਾ ਭੇਜਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਕਮੇਟੀ ਨੇ ਚੀਨ ਨੂੰ ਸ਼ਾਮਿਲ ਕਰਨ ਦਾ ਐਲਾਨ ਕੀਤਾ ਹੈ।

Very informative
Very Good informative and well written.