
Junior Hockey Asia Cup
ਜੂਨੀਅਰ ਹਾਕੀ ਵਿਸ਼ਵ ਕੱਪ ਤੋਂ ਪਹਿਲਾਂ ਖਿਤਾਬੀ ਜਿੱਤ ਭਾਰਤੀ ਟੀਮ ਲਈ ਮਹੱਤਵਪੂਰਨ
ਪਰਮੇਸ਼ਰ ਸਿੰਘ ਬੇਰ ਕਲਾਂ
ਲੁਧਿਆਣਾ, 2 ਜੂਨ 2023: ਜੂਨੀਅਰ ਹਾਕੀ ਏਸ਼ੀਆ ਕੱਪ-2023 ਦੇ ਫਾਈਨਲ ਵਿਚ ਭਾਰਤੀ ਹਾਕੀ ਟੀਮ ਪਾਕਿਸਤਾਨ ਨੂੰ 2-1 ਨਾਲ ਹਰਾ ਕੇ ਇਕ ਵਾਰ ਮੁੜ ਏਸ਼ੀਆਈ ਜੂਨੀਅਰ ਹਾਕੀ ਚੈਂਪੀਅਨ ਬਣ ਗਈ ਹੈ। ਕੋਰੀਆ ਨੇ ਮਲੇਸ਼ੀਆ ਨੂੰ 2-1 ਦੇ ਫਰਕ ਨਾਲ ਹਰਾ ਕੇ ਕਾਂਸੀ ਤਮਗਾ ਜਿੱਤਿਆ। ਇਹ ਜੂਨੀਅਰ ਹਾਕੀ ਏਸ਼ੀਆ ਕੱਪ ਦਾ ਨੌਵਾਂ ਸੀਜ਼ਨ ਸੀ ਅਤੇ ਭਾਰਤ ਨੇ ਚੌਥੀ ਵਾਰ ਇਹ ਖਿਤਾਬ ਜਿੱਤਿਆ ਹੈ। ਭਾਰਤੀ ਟੀਮ ਛੇਵੀਂ ਵਾਰ ਟੂਰਨਾਮੈਂਟ ਦਾ ਫਾਈਨਲ ਖੇਡ ਰਹੀ ਸੀ।
ਏਸ਼ੀਆ ਦੀਆਂ 10 ਚੋਟੀ ਦੀਆਂ ਟੀਮਾਂ ਨੇ ਕੀਤੀ ਸ਼ਿਰਕਤ
ਜੂਨੀਅਰ ਹਾਕੀ ਏਸ਼ੀਆ ਕੱਪ-2023 ਓਮਾਨ ਦੇ ਸਲਾਲਾਹ ਸ਼ਹਿਰ ਵਿੱਚ 23 ਮਈ ਤੋਂ 1 ਜੂਨ ਤੱਕ ਖੇਡਿਆ ਗਿਆ। ਇਸ ਟੂਰਨਾਮੈਂਟ ਵਿਚ 10 ਏਸ਼ੀਆਈ ਮੁਲਕਾਂ ਦੀਆਂ ਨੌਜਵਾਨ ਪੁਰਸ਼ ਹਾਕੀ ਟੀਮਾਂ ਆਹਮੋ-ਸਾਹਮਣੇ ਹੋਈਆਂ। ਇਨ੍ਹਾਂ ਟੀਮਾਂ ਨੇ ਜਿੱਥੇ ਸੋਨ ਤਗਮੇ ਲਈ ਜ਼ੋਰ ਅਜਮਾਈ ਕੀਤੀ ਉਥੇ ਇਨ੍ਹਾਂ ਵਿਚੋਂ ਚੋਟੀ ਦੀਆਂ ਤਿੰਨ ਟੀਮਾਂ ਨੇ ਆਗਾਮੀ FIH ਜੂਨੀਅਰ ਹਾਕੀ ਵਿਸ਼ਵ ਕੱਪ (ਪੁਰਸ਼ਾਂ) ਵਿੱਚ ਖੇਡਣ ਦਾ ਹੱਕ ਵੀ ਹਾਸਲ ਕੀਤਾ ਹੈ। ਜੂਨੀਅਰ ਹਾਕੀ ਵਿਸ਼ਵ ਕੱਪ (ਮਰਦ) ਟੂਰਨਾਮੈਂਟ 2023, ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਵਿਚ ਖੇਡਿਆ ਜਾਣਾ ਹੈ ਅਤੇ ਮਲੇਸ਼ੀਆ ਟੀਮ ਨੂੰ ਬਤੌਰ ਮੇਜ਼ਬਾਨ ਇਸ ਆਲਮੀ ਟੂਰਨਾਮੈਂਟ ਵਿਚ ਖੇਡਣ ਦਾ ਹੱਕ ਹਾਸਲ ਹੈ।

ਭਾਰਤੀ ਟੀਮ ਨੇ ਟੂਰਨਾਮੈਂਟ ਵਿੱਚ ਕੀਤੇ ਕੁੱਲ 50 ਗੋਲ
ਜੂਨੀਅਰ ਹਾਕੀ ਏਸ਼ੀਆ ਕੱਪ-2023 ਦੇ ਖ਼ਿਤਾਬੀ ਮੈਚ ਵਿੱਚ ਭਾਰਤ ਨੇ ਸ਼ੁਰੂ ਤੋਂ ਹੀ ਹਮਲਾਵਰ ਖੇਡ ਦਿਖਾਈ । ਭਾਰਤ ਲਈ ਅੰਗਦਬੀਰ ਸਿੰਘ ਅਤੇ ਅਰਿਜੀਤ ਸਿੰਘ ਹੁੰਦਲ ਨੇ 1-1 ਗੋਲ ਕੀਤਾ। ਭਾਰਤੀ ਟੀਮ ਨੂੰ ਅੱਧੇ ਸਮੇਂ ਤੱਕ 2-0 ਦੀ ਬੜ੍ਹਤ ਮਿਲ ਗਈ ਸੀ। ਹਾਲਾਂਕਿ ਦੂਜੇ ਅੱਧ ਦੀ ਖੇਡ ਸ਼ੁਰੂ ਹੁੰਦਿਆਂ ਹੀ ਪਾਕਿਸਤਾਨ ਦੇ ਬਸ਼ਰਤ ਅਲੀ ਨੇ ਮੈਚ ਦੇ 38ਵੇਂ ਮਿੰਟ ਵਿੱਚ ਗੋਲ ਕਰਕੇ ਭਾਰਤੀ ਟੀਮ ਉਤੇ ਦਬਾਅ ਬਣਾਇਆ ਪਰ ਇਸ ਤੋਂ ਬਾਅਦ ਦੋਵੇਂ ਟੀਮਾਂ ਕੋਈ ਗੋਲ ਨਹੀਂ ਕਰ ਸਕੀਆਂ। ਭਾਰਤੀ ਟੀਮ ਨੇ ਟੂਰਨਾਮੈਂਟ ਵਿੱਚ ਕੁੱਲ 50 ਗੋਲ ਕੀਤੇ ਅਤੇ ਟੂਰਨਾਮੈਂਟ ਦੀ ਸਭ ਤੋਂ ਸਫਲ ਟੀਮ ਸਾਬਤ ਹੋਈ। ਨਿੱਜੀ ਤੌਰ ‘ਤੇ ਪਾਕਿਸਤਾਨ ਦੇ ਰਹਿਮਾਨ ਅਬਦੁਲ ਅਤੇ ਜਾਪਾਨ ਦੇ ਕੁੰਪੇਈ ਯਾਸੂਦਾ ਨੇ 9-9 ਗੋਲ ਕਰਕੇ ਟੂਰਨਾਮੈਂਟ ਦੇ ਚੋਟੀ ਦੇ ਗੋਲ ਕਰਨ ਵਾਲੇ ਖਿਡਾਰੀਆਂ ਵਜੋਂ ਮਾਣ ਹਾਸਲ ਕੀਤਾ।
ਮਲੇਸ਼ੀਆ ਦੀ ਟੀਮ ਪੂਲ ਗੇੜ ਵਿਚ ਅਜੇਤੂ ਰਹੀ ਇਕੋ ਇਕ ਟੀਮ
ਵਿਸ਼ਵ ਹਾਕੀ ਵਿਚ ਰਵਾਇਤੀ ਵਿਰੋਧੀਆਂ ਵਜੋਂ ਜਾਣੇ ਜਾਂਦੇ ਭਾਰਤ ਅਤੇ ਪਾਕਿਸਤਾਨ ਦੋਵੇਂ ਪੂਲ ਏ ਵਿਚ ਸ਼ਾਮਿਲ ਸਨ। ਪੂਲ ਮੈਚਾਂ ਦੌਰਾਨ ਭਾਰਤ ਅਤੇ ਪਾਕਿਸਤਾਨ ਦੋਵਾਂ ਨੇ ਵਿਰੋਧੀ ਟੀਮਾਂ ਤੋਂ 3-3 ਮੈਚ ਜਿੱਤੇ ਅਤੇ ਆਪਸ ਵਿਚ ਇੱਕ ਬੇਹੱਦ ਮਨੋਰੰਜਕ ਡਰਾਅ ਖੇਡਿਆ ਸੀ। ਬਿਹਤਰ ਗੋਲ਼ ਔਸਤ ਦੀ ਬਦੌਲਤ ਭਾਰਤ ਗਰੁੱਪ ਏ ਵਿਚ ਸਿਖਰ ‘ਤੇ ਰਿਹਾ ਸੀ ਅਤੇ ਦੋਵਾਂ ਟੀਮਾਂ ਨੇ ਸੈਮੀ-ਫਾਈਨਲ ਲਈ ਕੁਆਲੀਫਾਈ ਕੀਤਾ ਸੀ। ਪੂਲ ਬੀ ਵਿੱਚ, ਮਲੇਸ਼ੀਆ ਸਿਖਰ ‘ਤੇ ਸੀ, ਜਿਸ ਨੇ ਆਪਣੇ ਸਾਰੇ ਪੂਲ ਮੈਚ ਜਿੱਤੇ ਸਨ ਜਦਕਿ ਕੋਰੀਆ 3 ਜਿੱਤਾਂ ਅਤੇ ਇੱਕ ਹਾਰ ਨਾਲ ਦੂਜੇ ਸਥਾਨ ‘ਤੇ ਰਿਹਾ, ਜੋ ਮਲੇਸ਼ੀਆ ਹੱਥੋਂ ਮਿਲ਼ੀ ਸੀ।
ਦੋਵੇਂ ਸੈਮੀ-ਫਾਈਨਲ ਮੈਚ ਲਗਪਗ ਇਕ-ਪਾਸੜ ਰਹੇ
ਜੂਨੀਅਰ ਹਾਕੀ ਏਸ਼ੀਆ ਕੱਪ-2023 ਦੇ ਦੋਵੇਂ ਸੈਮੀ-ਫਾਈਨਲ ਮੈਚ ਲਗਪਗ ਇਕ-ਪਾਸੜ ਹੀ ਰਹੇ ਕਿਉਂਕਿ ਭਾਰਤ ਅਤੇ ਪਾਕਿਸਤਾਨ ਪੂਲ ਬੀ ਦੇ ਆਪਣੇ ਵਿਰੋਧੀਆਂ ‘ਤੇ ਭਾਰੂ ਸਨ। ਬੌਬੀ ਸਿੰਘ ਧਾਮੀ ਦੀ ਹੈਟ੍ਰਿਕ ਸਮੇਤ 7 ਵੱਖ-ਵੱਖ ਖਿਡਾਰੀਆਂ ਦੇ ਗੋਲ਼ਾਂ ਨਾਲ ਭਾਰਤ ਨੇ ਕੋਰੀਆ ‘ਤੇ 9-1 ਦੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ। ਦੂਜੇ ਸੈਮੀ-ਫਾਈਨਲ ‘ਚ ਪਾਕਿਸਤਾਨ ਨੇ ਮਲੇਸ਼ੀਆ ਨੂੰ 6-2 ਨਾਲ ਹਰਾ ਕੇ ਫਾਈਨਲ ਵਿਚ ਥਾਂ ਹਾਸਲ ਕੀਤੀ। ਰਹਿਮਾਨ ਅਬਦੁਲ ਨੇ ਤਿੰਨ ਵਾਰ ਗੋਲ ਕਰਕੇ ਪਾਕਿਸਤਾਨ ਨੂੰ ਫਾਈਨਲ ਵਿੱਚ ਪਹੁੰਚਾਉਣ ਦੇ ਨਾਲ਼-ਨਾਲ਼ ਆਪਣੇ ਆਪ ਨੂੰ ਸਕੋਰਿੰਗ ਚਾਰਟ ਵਿੱਚ ਸਿਖਰ ’ਤੇ ਪਹੁੰਚਾਇਆ।
ਹਾਕੀ ਇੰਡੀਆ ਵੱਲੋਂ ਖਿਡਾਰੀਆਂ ਅਤੇ ਅਧਿਕਾਰੀਆਂ ਲਈ ਨਕਦ ਇਨਾਮਾਂ ਦਾ ਐਲਾਨ
ਭਾਰਤੀ ਟੀਮ ਦੇ ਕੋਚ ਸੀ ਆਰ ਕੁਮਾਰ ਨੇ ਆਪਣੀ ਟੀਮ ਦੀ ਜੂਨੀਅਰ ਹਾਕੀ ਏਸ਼ੀਆ ਕੱਪ-2023 ਵਿਚ ਸਫਲਤਾ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ “ਕੁੱਲ ਮਿਲਾ ਕੇ ਸਾਡਾ ਬਹੁਤ ਵਧੀਆ ਟੂਰਨਾਮੈਂਟ ਰਿਹਾ। ਭਾਰਤ ਵਿੱਚ ਲੋਕਾਂ ਲਈ ਸੋਨ ਤਮਗ਼ਾ ਜਿੱਤ ਕੇ ਲਿਜਾਣਾ ਸਾਡੇ ਮੁੰਡਿਆਂ ਲਈ ਇੱਕ ਬਹੁਤ ਹੀ ਮਾਣ ਵਾਲੀ ਪ੍ਰਾਪਤੀ ਹੈ। ਅਸੀਂ ਪਿਛਲੇ ਸਾਲ ਸੁਲਤਾਨ ਜੋਹੋਰ ਕੱਪ ਦੇ ਨਾਲ ਏਸ਼ੀਆ ਕੱਪ ਲਈ ਚੰਗੀ ਤਿਆਰੀ ਕੀਤੀ ਸੀ। ਯੂਰਪੀਅਨ ਟੀਮਾਂ ਦੇ ਖਿਲਾਫ ਵੀ ਚੰਗਾ ਅਭਿਆਸ ਕਰਨਾ ਮਹੱਤਵਪੂਰਨ ਹੈ। ਹੁਣ ਅਸੀਂ ਵਿਸ਼ਵ ਕੱਪ ਦੀ ਤਿਆਰੀ ਵਿੱਚ ਸਪੇਨ ਅਤੇ ਜਰਮਨੀ ਦੇ ਖਿਲਾਫ ਅਭਿਆਸ ਮੈਚਾਂ ਦੀ ਉਡੀਕ ਕਰ ਰਹੇ ਹਾਂ।
ਹਾਕੀ ਇੰਡੀਆ ਦੇ ਕਾਰਜਕਾਰੀ ਬੋਰਡ ਨੇ ਜੇਤੂ ਖਿਡਾਰੀਆਂ ਲਈ 2 ਲੱਖ ਅਤੇ ਟੀਮ ਦੇ ਸਹਾਇਕ ਸਟਾਫ ਲਈ 1 ਲੱਖ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ। ਹਾਕੀ ਇੰਡੀਆ ਦੇ ਪ੍ਰਧਾਨ ਪਦਮ ਸ਼੍ਰੀ ਦਿਲੀਪ ਟਿਰਕੀ ਨੇ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ”ਭਾਰਤੀ ਜੂਨੀਅਰ ਪੁਰਸ਼ ਟੀਮ ਨੇ ਜੂਨੀਅਰ ਹਾਕੀ ਏਸ਼ੀਆ ਕੱਪ ‘ਚ ਆਪਣੇ ਜੇਤੂ ਪ੍ਰਦਰਸ਼ਨ ਨਾਲ ਸਾਨੂੰ ਸਾਰਿਆਂ ਨੂੰ ਬਹੁਤ ਮਾਣ ਮਹਿਸੂਸ ਕਰਵਾਇਆ ਹੈ। ਸੁਲਤਾਨ ਜੋਹੋਰ ਕੱਪ ‘ਚ ਇਤਿਹਾਸਕ ਜਿੱਤ ਤੋਂ ਬਾਅਦ ਇਸ ਵੱਡੀ ਜਿੱਤ ਨਾਲ ਭਾਰਤੀ ਟੀਮ ਦਾ ਏਸ਼ੀਆ ਹਾਕੀ ਵਿਚ ਦਬਦਬਾ ਮੁੜ ਕਾਇਮ ਹੋ ਗਿਆ ਹੈ ਅਤੇ ਮੈਨੂੰ ਯਕੀਨ ਹੈ ਕਿ ਇਸ ਸਾਲ ਦੇ ਅੰਤ ਵਿੱਚ ਜੂਨੀਅਰ ਹਾਕੀ ਵਿਸ਼ਵ ਕੱਪ ਵਿਚ ਵੀ ਭਾਰਤੀ ਟੀਮ ਆਪਣੀ ਇਹ ਜੇਤੂ ਲੈਅ ਬਰਕਰਾਰ ਰੱਖੇਗੀ।
ਜੂਨੀਅਰ ਹਾਕੀ ਮਹਿਲਾ ਏਸ਼ੀਆ ਕੱਪ-2023
ਜੂਨੀਅਰ ਹਾਕੀ ਮਹਿਲਾ ਏਸ਼ੀਆ ਕੱਪ-2023 ਜਾਪਾਨ ਦੇ ਸ਼ਹਿਰ ਕਾਕਾਮਿਗਾਹਾਰਾ ਵਿੱਚ 2 ਤੋਂ 11 ਜੂਨ ਤੱਕ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ਵਿਚ ਏਸ਼ੀਆ ਦੀਆਂ 10 ਸਰਵੋਤਮ ਮਹਿਲਾ ਜੂਨੀਅਰ ਹਾਕੀ ਟੀਮਾਂ ਹਿੱਸਾ ਲੈਣਗੀਆਂ। ਇਸ ਟੂਰਨਾਮੈਂਟ ਵਿਚ ਚੋਟੀ ‘ਤੇ ਰਹਿਣ ਵਾਲ਼ੀਆਂ ਤਿੰਨ ਟੀਮਾਂ ਨੂੰ ਇਸੇ ਸਾਲ ਦੇ ਅਖੀਰ ਵਿਚ ਚਿੱਲੀ ਵਿਖੇ ਹੋਣ ਵਾਲ਼ੇ FIH ਜੂਨੀਅਰ ਮਹਿਲਾ ਵਿਸ਼ਵ ਹਾਕੀ ਕੱਪ 2023 ਵਿੱਚ ਖੇਡਣ ਦਾ ਹੱਕ ਹਾਸਲ ਹੋਵੇਗਾ।
ਜੂਨੀਅਰ ਹਾਕੀ ਮਹਿਲਾ ਏਸ਼ੀਆ ਕੱਪ-2023 ਲਈ 18 ਮੈਂਬਰੀ ਭਾਰਤੀ ਟੀਮ ਦਾ ਐਲਾਨ
ਟੂਰਨਾਮੈਂਟ ਲਈ 18 ਮੈਂਬਰੀ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ ਹੈ। ਜੂਨੀਅਰ ਹਾਕੀ ਮਹਿਲਾ ਏਸ਼ੀਆ ਕੱਪ-2023 ਭਾਰਤ ਲਈ ਮਹੱਤਵਪੂਰਨ ਟੂਰਨਾਮੈਂਟ ਹੈ ਕਿਉਂਕਿ ਇਸ ਵਿੱਚ ਸਿਖਰਲੇ 3 ਸਥਾਨਾਂ ’ਤੇ ਰਹਿਣ ਵਾਲੀਆਂ ਟੀਮਾਂ ਇਸ ਸਾਲ ਤੇ ਅਖੀਰ ਵਿਚ ਹੋਣ ਵਾਲੇ ਐੱਫ ਆਈ ਐੱਚ ਜੂਨੀਅਰ ਹਾਕੀ ਵਿਸ਼ਵ ਕੱਪ ਲਈ ਕੁਆਲੀਫਾਈ ਕਰਨਗੀਆਂ। ਏਸ਼ੀਆ ਕੱਪ ਲਈ ਪ੍ਰੀਤੀ ਭਾਰਤੀ ਟੀਮ ਦੀ ਕਮਾਨ ਸੰਭਾਲੇਗੀ, ਜਦਕਿ ਦੀਪਿਕਾ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਇਸੇ ਤਰ੍ਹਾਂ ਗੋਲਕੀਪਰ ਵਜੋਂ ਮਾਧੁਰੀ ਕਿੰਡੋ ਅਤੇ ਆਦਿੱਤੀ ਮਹੇਸ਼ਵਰੀ, ਜਦਕਿ ਡਿਫੈਂਡਰ ਟੀਮ ਵਿੱਚ ਮਹਿਮਾ ਟੇਟੇ, ਪ੍ਰੀਤੀ, ਨੀਲਮ, ਰੋਪਨੀ ਕੁਮਾਰੀ ਅਤੇ ਅੰਜਲੀ ਬਰਵਾ, ਮਿੱਡਫੀਲਡਰ ਰੁਤਾਜਾ ਦਾਦਾਸੋ ਪਿਸਲ, ਮੰਜੂ ਚੌਰਸੀਆ, ਜਯੋਤੀ ਛਤਰੀ, ਵੈਸ਼ਨਵੀ ਵਿੱਠਲ ਫਾਲਕੇ, ਸੁਜਾਤਾ ਕੁਜੂਰ ਅਤੇ ਮਨਸ੍ਰੀ ਨਰੇਂਦਰ ਸ਼ੇਂਡਗੇ ਹੋਣਗੀਆਂ, ਜਦਕਿ ਫਾਰਵਾਰਡ ’ਤੇ ਮੁਮਤਾਜ਼ ਖ਼ਾਨ, ਦੀਪਿਕਾ, ਦੀਪਿਕਾ ਸੋਰੇਂਗ, ਅਨੂ ਅਤੇ ਸੁਨੇਲਿਤਾ ਟੋਪੋ ਖੇਡਣਗੀਆਂ।
ਏ ਅਤੇ ਬੀ ਪੂਲਾਂ ਵਿਚ ਹੋਣਗੀਆਂ 5-5 ਟੀਮਾਂ
ਜੂਨੀਅਰ ਹਾਕੀ ਏਸ਼ੀਆ ਕੱਪ ਲਈ ਕੌਮਾਂਤਰੀ ਹਾਕੀ ਫੈਡਰੇਸ਼ਨ ਵੱਲੋਂ ਜਾਰੀ ਕੀਤੇ ਪ੍ਰੋਗਰਾਮ ਮੁਤਾਬਕ ਚੀਨੀ ਤਾਈਪੇ, ਭਾਰਤ, ਕੋਰੀਆ, ਮਲੇਸ਼ੀਆ ਅਤੇ ਉਜ਼ਬੇਕਿਸਤਾਨ ਨੂੰ ਪੂਲ ਏ ਵਿੱਚ ਰੱਖਿਆ ਗਿਆ ਹੈ। ਪੂਲ ਬੀ ਵਿੱਚ ਚੀਨ, ਇੰਡੋਨੇਸ਼ੀਆ, ਹਾਂਗਕਾਂਗ, ਜਾਪਾਨ ਅਤੇ ਕਜ਼ਾਕਿਸਤਾਨ ਸ਼ਾਮਿਲ ਹਨ। ਪੂਲ ਮੈਚਾਂ ਦੀ ਕਾਰਗੁਜਾਰੀ ਦੇ ਅਧਾਰ ‘ਤੇ ਹਰੇਕ ਪੂਲ ਵਿਚੋਂ ਚੋਟੀ ਦੀਆਂ 2-2 ਟੀਮਾਂ ਸੈਮੀਫਾਈਨਲ ਵਿੱਚ ਥਾਂ ਬਣਾਉਣਗੀਆਂ। ਸੈਮੀ ਫਾਈਨਲ ਮੈਚਾਂ ਵਿਚ ਹਾਰਨ ਵਾਲੀਆਂ ਟੀਮਾਂ ਕਾਂਸੀ ਦਾ ਤਮਗ਼ਾ ਹਾਸਲ ਕਰਨ ਲਈ ਖੇਡਣਗੀਆਂ ਜਦਕਿ ਜੇਤੂ ਟੀਮਾਂ ਵਿਚਾਲ਼ੇ ਖਿਤਾਬੀ ਟੱਕਰ ਹੋਵੇਗੀ।
ਜੂਨੀਅਰ ਹਾਕੀ ਮਹਿਲਾ ਵਿਸ਼ਵ ਕੱਪ 2023: ਹੁਣ ਤੱਕ 13 ਟੀਮਾਂ ਕਰ ਚੁੱਕੀਆਂ ਕੁਆਲੀਫਾਈ
ਜੂਨੀਅਰ ਹਾਕੀ ਮਹਿਲਾ ਵਿਸ਼ਵ ਕੱਪ 2023 ਸੈਂਟੀਆਗੋ, ਚਿਲੀ ਵਿੱਚ 29 ਨਵੰਬਰ ਤੋਂ 10 ਦਸੰਬਰ 2023 ਤੱਕ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ਲਈ ਹੁਣ ਤੱਕ 13 ਟੀਮਾਂ ਖੇਡਣ ਦਾ ਹੱਕ ਹਾਸਲ ਕਰ ਚੁੱਕੀਆਂ ਹਨ। ਇਨ੍ਹਾਂ ਵਿਚੋਂ ਚਿੱਲੀ ਨੂੰ ਮੇਜ਼ਬਾਨ ਵਜੋਂ ਇਸ ਟੂਰਨਾਮੈਂਟ ਵਿਚ ਖੇਡਣ ਦਾ ਹੱਕ ਹੈ। ਯੂਰਪ ਵਿੱਚੋਂ ਬੈਲਜੀਅਮ, ਇੰਗਲੈਂਡ, ਜਰਮਨੀ, ਨੀਦਰਲੈਂਡ ਅਤੇ ਸਪੇਨ ਨੇ ਕੁਆਲੀਫਾਈ ਕੀਤਾ ਹੈ। ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਓਸ਼ੇਨੀਆ ਤੋਂ ਜਦਕਿ ਦੱਖਣੀ ਅਫਰੀਕਾ ਅਤੇ ਜ਼ਿੰਬਾਬਵੇ ਅਫਰੀਕਾ ਤੋਂ ਕੁਆਲੀਫਾਇਰ ਹਨ। ਅਮਰੀਕਾ, ਅਰਜਨਟੀਨਾ ਅਤੇ ਕੈਨੇਡਾ ਨੇ ਪੈਨ ਅਮਰੀਕਾ ਤੋਂ ਕੁਆਲੀਫਾਈ ਕੀਤਾ ਹੈ। ਜੂਨੀਅਰ ਹਾਕੀ ਵਿਸ਼ਵ ਕੱਪ ਲਈ 16 ਟੀਮਾਂ ਦੀ ਗਿਣਤੀ ਨੂੰ ਪੂਰਾ ਕਰਨ ਲਈ ਆਖਰੀ 3 ਟੀਮਾਂ ਜੂਨੀਅਰ ਹਾਕੀ ਏਸ਼ੀਆ ਕੱਪ ਵਿਚੋਂ ਕੁਆਲੀਫਾਈ ਕਰਨਗੀਆਂ।

1 thought on “ਜੂਨੀਅਰ ਹਾਕੀ ਏਸ਼ੀਆ ਕੱਪ-2023: ਭਾਰਤੀ ਟੀਮ ਚੌਥੀ ਵਾਰ ਏਸ਼ੀਆ ਜੇਤੂ ਬਣੀ”