
ਆਸਟ੍ਰੇਲੀਆ ਅਤੇ ਹਾਲੈਂਡ 3-3 ਜਦਕਿ ਜਰਮਨੀ ਨੇ 2 ਵਾਰ ਜਿੱਤਿਆ ਹਾਕੀ ਵਿਸ਼ਵ ਕੱਪ
ਪਰਮੇਸ਼ਰ ਸਿੰਘ ਬੇਰਕਲਾਂ
ਲੁਧਿਆਣਾ, 17 ਦਸੰਬਰ: ਵਿਸ਼ਵ ਕੱਪ ਹਾਕੀ (World Cup Hockey) ਟੂਰਨਾਮੈਂਟ 13 ਤੋਂ 29 ਜਨਵਰੀ 2023 ਨੂੰ ਭਾਰਤ ਦੇ ਸੂਬੇ ਓਡੀਸ਼ਾ (Odisha) ਦ ਦੋ ਸ਼ਹਿਰਾਂ ਭੁਬਨੇਸ਼ਵਰ (Bhubneshwar) ਅਤੇ ਰੁੜਕੇਲਾ (Rurkela) ਵਿਚ ਖੇਡਿਆ ਜਾਵੇਗਾ। ਹਾਕੀ ਵਿਸ਼ਵ ਕੱਪ ਦੇ ਅੱਧੀ ਸਦੀ ਦੇ ਇਤਿਹਾਸ (World cup hockey history) ਦੌਰਾਨ ਭਾਰਤ ਨੂੰ ਲਗਾਤਾਰ ਦੂਜੀ ਵਾਰ ਅਤੇ ਕੁੱਲ ਚੌਥੀ ਵਾਰ ਵਿਸ਼ਵ ਕੱਪ ਹਾਕੀ ਮੁਕਾਬਲੇ ਦੀ ਮੇਜ਼ਬਾਨੀ ਸੌਂਪੀ ਗਈ ਹੈ। ਦੱਸਣਯੋਗ ਹੈ ਕਿ ਭਾਰਤ ਇਸ ਤੋਂ ਪਹਿਲਾਂ 1981-82 (ਮੁੰਬਈ/Mumbai), 2010 (ਨਵੀਂ ਦਿੱਲੀ/New Delhi), 2018 (ਭੁਬਨੇਸ਼ਵਰ/ Bhubneshwar) ਵਿਚ ਵਿਸ਼ਵ ਕੱਪ ਹਾਕੀ ਦੀ ਮੇਜ਼ਬਾਨੀ ਕਰ ਚੁੱਕਾ ਹੈ। ਭਾਰਤ ਹੁਣ ਤੱਕ ਸਿਰਫ਼ ਇੱਕ ਵਾਰ ਹੀ 1975 ਵਿਚ ਵਿਸ਼ਵ ਕੱਪ ਜਿੱਤਣ ਵਿਚ ਸਫਲ ਹੋਇਆ ਹੈ ਜਦਕਿ ਗੁਆਂਢੀ ਮੁਲਕ ਪਾਕਿਸਤਾਨ 4 ਵਾਰ ਵਿਸ਼ਵ ਕੱਪ ਜੇਤੂ ਬਣ ਚੁੱਕਿਆ ਹੈ। ਹਾਲਾਂਕਿ ਪਿਛਲੇ ਕੁੱਝ ਸਾਲਾਂ ਦੀ ਮਾੜੀ ਕਾਰਗੁਜਾਰੀ ਕਾਰਨ ਐਤਕੀਂ ਪਾਕਿਸਤਾਨ ਨੂੰ ਵਿਸ਼ਵ ਕੱਪ ਖੇਡਣ ਦਾ ਮੌਕਾ ਨਹੀਂ ਮਿਲ ਸਕਿਆ।
World Cup Hockey-ਵਿਸ਼ਵ ਕੱਪ ਹਾਕੀ ਵਿਚ ਖੇਡਣਗੀਆਂ ਚੋਟੀ ਦੀਆਂ 16 ਟੀਮਾਂ
ਓਡੀਸ਼ਾ ਵਿਚ 13 ਜਨਵਰੀ ਤੋਂ 29 ਜਨਵਰੀ 2023 ਤੱਕ ਹੋਣ ਵਾਲ਼ੇ ਵਿਸ਼ਵ ਹਾਕੀ ਕੱਪ ਟੂਰਨਾਮੈਂਟ ਵਿਚ ਦੁਨੀਆਂ ਦੀਆਂ ਚੋਟੀ ਦੀਆਂ 16 ਟੀਮਾਂ ਹਿੱਸਾ ਲੈਣਗੀਆਂ। ਇਸ ਆਲਮੀ ਟੂਰਨਾਮੈਂਟ ਵਿਚ ਖੇਡਣ ਲਈ ਮੇਜ਼ਬਾਨ ਮੁਲਕ ਅਤੇ ਮੌਜੂਦਾ ਉਲੰਪਿਕ ਚੈਂਪੀਅਨ ਤੋਂ ਇਲਾਵਾ, ਏਸ਼ੀਆ, ਯੂਰਪ, ਦੱਖਣੀ ਅਫਰੀਕਾ, ਪੈਨ ਅਮੈਰਿਕਾ ਅਤੇ ਓਸ਼ੀਆਨਾ ਮਹਾਂਦੀਪਾਂ ਦੀਆਂ ਚੋਟੀ ਦੀਆਂ ਟੀਮਾਂ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਦੇ ਅਧਾਰ ’ਤੇ ਸ਼ਾਮਿਲ ਕੀਤਾ ਜਾਂਦਾ ਹੈ। ਕਰੋਨਾ ਮਹਾਂਮਾਰੀ ਕਰਕੇ ਉਲੰਪਿਕ ਖੇਡਾਂ ਮੁਲਤਵੀ ਹੋਣ ਕਾਰਨ ਐਤਕੀਂ ਯੂਰਪੀਨ ਖਿੱਤੇ ਵਿਚੋਂ ਕੁੱਲ 7 ਟੀਮਾਂ ਨੂੰ ਸ਼ਾਮਿਲ ਹੋਣ ਦਾ ਮੌਕਾ ਮਿਲਿਆ ਹੈ। ਇਨ੍ਹਾਂ ਵਿਚ ਮੌਜੂਦਾ ਵਿਸ਼ਵ ਚੈਂਪੀਅਨ ਬੈਲਜੀਅਮ (Belgium), ਹਾਲੈਂਡ (Netherlands), ਜਰਮਨੀ (Germany), ਇੰਗਲੈਂਡ (England), ਸਪੇਨ (Spain), ਫਰਾਂਸ (France) ਅਤੇ ਵੇਲਜ (Wales) ਸ਼ਾਮਿਲ ਹਨ। ਏਸ਼ੀਆ ਮਹਾਂਦੀਪ ਵਿਚੋਂ ਮੇਜ਼ਬਾਨ ਭਾਰਤ (India) ਤੋਂ ਇਲਾਵਾ ਜਾਪਾਨ (Japan), ਦੱਖਣੀ ਕੋਰੀਆ South Korea) ਅਤੇ ਮਲੇਸ਼ੀਆ (Malasya), ਓਸ਼ੀਆਨਾ ਖਿੱਤੇ ਵਿਚੋਂ ਆਸਟ੍ਰੇਲੀਆ (Australia) ਅਤੇ ਨਿਊਜ਼ੀਲੈਂਡ (Newzeeland), ਪੈਨ ਅਮੈਰਿਕਾ ਖਿੱਤੇ ਵਿਚੋਂ ਅਰਜਨਟੀਨਾ (Argentina) ਅਤੇ ਚਿੱਲੀ (Chilli) ਜਦਕਿ ਦੱਖਣੀ ਅਫਰੀਕਾ ਮਹਾਂਦੀਪ ਵਿਚੋਂ ਸਿਰਫ ਦੱਖਣੀ ਅਫਰੀਕਾ (South Africa) ਦੀ ਟੀਮ ਸ਼ਾਮਿਲ ਹੋਵੇਗੀ। ਇਨ੍ਹਾਂ 16 ਟੀਮਾਂ ਸਮੇਤ ਦੁਨੀਆਂ ਦੇ 95 ਮੁਲਕਾਂ ਦੀਆਂ ਹਾਕੀ ਟੀਮਾਂ ਦੀ ਤਾਜਾ ਦਰਜਾਬੰਦੀ (Ranking) ਜਾਣਨ ਵਾਸਤੇ ਤੁਸੀਂ ਸਾਡੀ ਇਹ ਵੀਡੀਓ ਵੇਖ ਸਕਦੇ ਹੋ।
ਵਿਸ਼ਵ ਕੱਪ ਹਾਕੀ ਲਈ 16 ਟੀਮਾਂ ਨੂੰ ਚਾਰ ਗਰੁੱਪਾਂ ਵਿਚ ਵੰਡਿਆ
ਇਨ੍ਹਾਂ 16 ਟੀਮਾਂ ਨੂੰ 4 ਗਰੁੱਪਾਂ ਵਿਚ ਵੰਡਿਆ ਗਿਆ। ਗਰੁੱਪ ਏ ਵਿਚ ਅਰਜਨਟੀਨਾ, ਆਸਟ੍ਰੇਲੀਆ, ਫਰਾਂਸ ਅਤੇ ਦੱਖਣੀ ਅਫਰੀਕਾ ਸ਼ਾਮਿਲ ਹਨ। ਗਰੁੱਪ ਬੀ ਵਿਚ ਮੌਜੂਦਾ ਚੈਂਪੀਅਨ ਬੈਲਜੀਅਮ, ਜਰਮਨੀ, ਜਾਪਾਨ ਅਤੇ ਦੱਖਣੀ ਕੋਰੀਆ ਦੀਆਂ ਟੀਮਾਂ ਹਨ। ਗਰੁੱਪ ਸੀ ਵਿਚ ਚਿੱਲੀ, ਮਲੇਸ਼ੀਆ, ਨੀਦਰਲੈਂਡ ਅਤੇ ਨਿਊਜ਼ੀਲੈਂਡ ਜਦਕਿ ਗਰੁੱਪ ਡੀ ਵਿਚ ਮੇਜ਼ਬਾਨ ਭਾਰਤ ਤੋਂ ਇਲਾਵਾ ਇੰਗਲੈਂਡ, ਸਪੇਨ ਅਤੇ ਵੇਲਜ਼ ਦੀਆਂ ਟੀਮਾਂ ਨੂੰ ਰੱਖਿਆ ਗਿਆ ਹੈ। ਹਰ ਗਰੁੱਪ ਵਿਚ ਸਭ ਤੋਂ ਵੱਧ ਅੰਕ ਹਾਸਲ ਕਰਕੇ ਚੋਟੀ ’ਤੇ ਰਹਿਣ ਵਾਲ਼ੀਆਂ ਚਾਰ ਟੀਮਾਂ ਸਿੱਧੇ (ਨਾਕ ਆਊਟ) ਕੁਆਰਟਰ ਫਾਈਨਲ ਵਿਚ ਜਾਣਗੀਆਂ ਜਦਕਿ ਬਾਕੀ 4 ਟੀਮਾਂ ਦੀ ਚੋਣ ਲਈ ਹਰ ਗਰੁੱਪ ਵਿਚ ਦੂਜੇ ਅਤੇ ਤੀਜੇ ਸਥਾਨ ਵਾਲ਼ੀਆਂ ਟੀਮਾਂ ਦਾ ਇਕ-ਇਕ ਮੈਚ ਹੋਰ ਗਰੁੱਪਾਂ ਦੀਆਂ ਦੂਜੇ ਤੇ ਤੀਜੇ ਸਥਾਨ ਵਾਲ਼ੀਆਂ ਟੀਮਾਂ ਨਾਲ਼ ਹੋਵੇਗਾ। ਇਨ੍ਹਾਂ ਵਿਚੋਂ ਜੇਤੂ ਰਹਿਣ ਵਾਲ਼ੀਆਂ 4 ਟੀਮਾਂ ਸੈਮੀਫਾਈਨਲ ਵਿਚ ਦਾਖਲੇ ਲਈ ਗਰੁੱਪਾਂ ਦੀਆਂ ਚੋਟੀ ਦੀਆਂ ਟੀਮਾਂ ਨਾਲ਼ ਭਿੜਨਗੀਆਂ।
ਉਲੰਪਿਕ ਖੇਡਾਂ ਵਿਚ ਹਾਕੀ ਦੀ ਸ਼ਮੂਲੀਅਤ ਤੋਂ 63 ਸਾਲ ਬਾਅਦ ਸ਼ੁਰੂ ਹੋਇਆ ਸੀ ਵਿਸ਼ਵ ਹਾਕੀ ਕੱਪ
ਜਿਥੋਂ ਤੱਕ ਕੌਮਾਂਤਰੀ ਪੱਧਰ ’ਤੇ ਹਾਕੀ ਖੇਡ ਮੁਕਾਬਲਿਆਂ ਦੀ ਗੱਲ ਹੈ ਤਾਂ 1908 ਵਿਚ ਲੰਡਨ ਵਿਖੇ ਹੋਈਆਂ ਚੌਥੀਆਂ ਉਲੰਪਿਕ ਖੇਡਾਂ ਵਿੱਚ ਪਹਿਲੀ ਵਾਰ ਆਲਮੀ ਪੱਧਰ ਦੇ ਹਾਕੀ ਮੁਕਾਬਲਿਆਂ ਦੀ ਸ਼ੁਰੂਆਤ ਹੋਈ ਸੀ। ਪਰ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਇਸ ਤੋਂ 63 ਸਾਲ ਬਾਅਦ 1971 ਵਿਚ ਪਹਿਲੀ ਵਾਰ ਕਰਵਾਇਆ ਗਿਆ। ਹਾਕੀ ਵਿਸ਼ਵ ਕੱਪ ਦਾ ਵਿਚਾਰ ਪਹਿਲੀ ਵਾਰ ਮਾਰਚ 1969 ਵਿਚ ਭਾਰਤ ਅਤੇ ਪਾਕਿਸਤਾਨ ਵੱਲੋਂ ਸਾਂਝੇ ਤੌਰ ‘ਤੇ ਕੌਮਾਂਤਰੀ ਹਾਕੀ ਫੈਡਰੇਸ਼ਨ (Fedration Of Internatoinal Hockey) ਦੀ ਇਕ ਮੀਟਿੰਗ ਵਿਚ ਪੇਸ਼ ਕੀਤਾ ਗਿਆ ਸੀ। ਕੌਮਾਂਤਰੀ ਹਾਕੀ ਫੈਡਰੇਸ਼ਨ ਨੇ ਇਹ ਪ੍ਰਸਤਾਵ ਪ੍ਰਵਾਨ ਕਰਕੇ ਉਸ ਸਮੇਂ ਵਿਸ਼ਵ ਕੱਪ ਨੂੰ ਇੱਕ ਦੋ-ਸਾਲਾ ਟੂਰਨਾਮੈਂਟ ਵਜੋਂ ਕਰਵਾਉਣ ਦਾ ਐਲਾਨ ਕੀਤਾ ਸੀ। ਪਾਕਿਸਤਾਨ ਹਾਕੀ ਫੈਡਰੇਸ਼ਨ ਦੇ ਉਸ ਵੇਲ਼ੇ ਦੇ ਮੁਖੀ ਏਅਰ ਮਾਰਸ਼ਲ ਨੂਰ ਖਾਨ (ਜਿਨ੍ਹਾਂ ਨੇ ਹਾਕੀ ਦਾ ਇਕ ਹੋਰ ਵੱਕਾਰੀ ਕੌਮਾਂਤਰੀ ਟੂਰਨਾਮੈਂਟ ‘‘ਚੈਂਪੀਅਨਜ਼ ਟਰਾਫੀ’’ Champions Trophy ਸ਼ੁਰੂ ਕਰਵਾਇਆ ਸੀ) ਨੇ ਪਹਿਲਾ ਵਿਸ਼ਵ ਕੱਪ ਹਾਕੀ ਟੂਰਨਾਮੈਂਟ 1971 ਵਿਚ ਪਾਕਿਸਤਾਨ ਵਿਚ ਕਰਵਾਉਣ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਕੌਮਾਂਤਰੀ ਹਾਕੀ ਫੈਡਰੇਸ਼ਨ ਨੇ ਪ੍ਰਵਾਨ ਵੀ ਕਰ ਲਿਆ। ਪਰ ਇਸੇ ਦੌਰਾਨ ਭਾਰਤ-ਪਾਕਿਸਤਾਨ ਵਿਚਾਲੇ਼ ਜੰਗ ਛਿੜ ਪਈ ਅਤੇ ਕੌਮਾਂਤਰੀ ਹਾਕੀ ਫੈਡਰੇਸ਼ਨ ਨੇ ਪਹਿਲੇ ਵਿਸ਼ਵ ਕੱਪ ਦੀ ਮੇਜ਼ਬਾਨੀ ਸਪੇਨ ਨੂੰ ਸੌਂਪ ਦਿੱਤੀ। ਪਹਿਲੇ ਤਿੰਨ ਵਿਸ਼ਵ ਕੱਪ ਹਾਕੀ ਮੁਕਾਬਲੇ 2-2 ਸਾਲ ਦੇ ਵਕਫ਼ੇ ਬਾਅਦ 1971-1973 ਅਤੇ 1975 ਵਿਚ ਹੋਏ। ਪਰ ਬਾਅਦ ਵਿਚ ਕੌਮਾਂਤਰੀ ਹਾਕੀ ਫੈਡਰੇਸ਼ਨ ਨੇ ਓਲੰਪਿਕ ਖੇਡਾਂ ਤੋਂ ਫਾਸਲਾ ਪਾਉਣ ਅਤੇ ਵਿਸ਼ਵ ਕੱਪ ਫੁੱਟਬਾਲ ਵਾਂਗ ਹੀ ਵਿਸ਼ਵ ਕੱਪ ਹਾਕੀ ਵੀ 4-4 ਸਾਲ ਬਾਅਦ ਕਰਾਉਣ ਦਾ ਫੈਸਲਾ ਕੀਤਾ। ਇਸੇ ਕਰਕੇ 1978 ਤੋਂ ਬਾਅਦ ਇਹ ਟੂਰਨਾਮੈਂਟ ਹਰ 4 ਸਾਲ ਬਾਅਦ ਕਰਵਾਇਆ ਜਾਣ ਲੱਗਿਆ।
ਪਾਕਿਸਤਾਨ ਸਭ ਤੋਂ ਵੱਧ 4 ਵਾਰ ਵਿਸ਼ਵ ਕੱਪ ਹਾਕੀ ਜੇਤੂ ਬਣ ਚੁੱਕਾ ਹੈ
15 ਤੋਂ 24 ਅਕਤੂਬਰ 1971 ਵਿਚ ਸਪੇਨ ਦੀ ਰਾਜਧਾਨੀ ਬਾਰਸੀਲੋਨਾ ਵਿਚ ਹੋਏ ਪਹਿਲੇ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਦੇ ਖਿਤਾਬੀ ਮੁਕਾਬਲੇ ਦੌਰਾਨ ਪਾਕਿਸਤਾਨ ਨੇ ਮੇਜ਼ਬਾਨ ਸਪੇਨ ਨੂੰ 1-0 ਨਾਲ ਮਾਤ ਦਿੰਦੇ ਹੋਏ ਪਹਿਲਾ ਵਿਸ਼ਵ ਜੇਤੂ ਹੋਣ ਦਾ ਮਾਣ ਪ੍ਰਾਪਤ ਕੀਤਾ ਸੀ। ਇਸ ਤੋਂ ਬਾਅਦ ਪਾਕਿਸਤਾਨੀ ਟੀਮ ਨੇ ਅੱਗੇ ਜਾ ਕੇ 1978, 1982 ਅਤੇ 1994 ਵਿਚ 3 ਹੋਰ ਸੋਨ ਤਮਗ਼ੇ ਜਿੱਤ ਕੇ ਵਿਸ਼ਵ ਕੱਪ ਦੇ ਇਤਿਹਾਸ ਵਿਚ ਸਭ ਤੋਂ ਸਫਲ ਟੀਮ ਵਜੋਂ ਨਾਂਅ ਦਰਜ ਕਰਵਾਇਆ। ਆਸਟ੍ਰੇਲੀਆ ਅਤੇ ਨੀਦਰਲੈਂਡ 3-3 ਸੋਨ ਤਮਗ਼ੇ ਅਤੇ ਜਰਮਨੀ 2 ਸੋਨ ਤਮਗ਼ੇ ਜਿੱਤ ਚੁੱਕੇ ਹਨ, ਜਦਕਿ ਭਾਰਤ ਅਤੇ ਬੈਲਜੀਅਮ ਨੇ 1-1 ਸੋਨ ਤਗਮਾ ਜਿੱਤਿਆ ਹੈ।
ਉਲੰਪਿਕ ਹਾਕੀ ਵਿਚ ਅੱਧੀ ਸਦੀ ਤੋਂ ਵੱਧ ਭਾਰਤ ਤੇ ਪਾਕਿਸਤਾਨ ਦੀ ਸਰਦਾਰੀ ਰਹੀ
ਹਾਕੀ ਦੀ ਖੇਡ ਦੇ ਪਿਛਲੇ ਸਵਾ ਕੁ ਸਦੀ ਦੇ ਇਤਿਹਾਸ ਦੌਰਾਨ ਅੱਧੀ ਸਦੀ ਤੋਂ ਵੱਧ ਭਾਰਤ ਅਤੇ ਪਾਕਿਸਤਾਨ ਦੀਆਂ ਹਾਕੀ ਟੀਮਾਂ ਦਾ ਦਬਦਬਾ ਰਿਹਾ। 1908 ਤੋਂ ਲੈ ਕੇ 1980 ਤੱਕ ਹੋਈਆਂ ਉਲੰਪਿਕ ਖੇਡਾਂ ਦੌਰਾਨ ਭਾਰਤ ਅਤੇ ਪਾਕਿਸਤਾਨ ਨੇ ਪੁਰਸ਼ਾਂ ਦੀ ਹਾਕੀ ਵਿਚ 15 ਵਿਚੋਂ 11 ਸੋਨ ਤਗਮੇ ਜਿੱਤੇ ਸਨ। ਪਰ 60ਵਿਆਂ ਦੇ ਅਖੀਰ ਅਤੇ 70ਵਿਆਂ ਦੇ ਅਰੰਭ ਵਿਚ ਯੂਰਪੀਅਨ ਦੇਸ਼ਾਂ ਵਿੱਚ ਬਣਾਏ ਗਏ ਨਕਲੀ ਘਾਹ ਦੇ ਮੈਦਾਨਾਂ (ਐਸਟ੍ਰੋਟਰਫ) ਅਤੇ ਮੈਦਾਨੀ ਗੋਲ਼ਾਂ ਬਾਰੇ ਬਦਲੇ ਗਏ ਨਿਯਮਾਂ ਦੀ ਸ਼ੁਰੂਆਤ ਨੇ ਹਾਕੀ ਦੀ ਖੇਡ ਦਾ ਪੂਰਾ ਢਾਂਚਾ ਹੀ ਬਦਲ ਦਿੱਤਾ। ਇਸ ਤੋਂ ਬਾਅਦ ਲਗਾਤਾਰ ਯੂਰਪੀਅਨ ਟੀਮਾਂ ਤੋਂ ਇਲਾਵਾ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਅਰਜਨਟੀਨਾ ਦੀਆਂ ਟੀਮਾਂ ਦਾ ਦਬਦਬਾ ਹਾਕੀ ਵਿਚ ਵਧਦਾ ਗਿਆ ਜੋ ਕਿ ਹਾਲੇ ਤੱਕ ਵੀ ਬਰਕਰਾਰ ਹੈ। ਰਹਿੰਦੀ ਖੂੰਹਦੀ ਕਸਰ ਭਾਰਤ ਦੇ ਮੁਤੱਸਬੀ ਖੇਡ ਅਧਿਕਾਰੀਆਂ ਅਤੇ ਹਾਕਮਾਂ ਵੱਲੋਂ ਕੀਤੀ ਦਖਲ ਅੰਦਾਜੀ ਨੇ ਪੂਰੀ ਕਰ ਦਿੱਤੀ ਜਿਨ੍ਹਾਂ ਦੀ ਬਦੌਲਤ ਪੰਜਾਬ ਦੇ ਹੋਣਹਾਰ ਹਾਕੀ ਖਿਡਾਰੀਆਂ ਨੂੰ ਅੱਖੋਂ ਪਰੋਖੇ ਕਰਕੇ ਦੂਜੇ ਸੂਬਿਆਂ ਦੇ ਨਾਕਾਬਲ ਖਿਡਾਰੀ ਭਰਤੀ ਕਰ ਲਏ ਗਏ। ਇਸ ਵਜ੍ਹਾ ਕਰਕੇ 7 ਵਾਰ ਦੀ ਉਲੰਪਿਕ ਚੈਂਪੀਅਨ ਰਹੀ ਭਾਰਤੀ ਹਾਕੀ ਟੀਮ ਪਹਿਲੇ ਤੋਂ ਖਿਸਕ ਕੇ ਬਾਰ੍ਹਵੇਂ ਸਥਾਨ ’ਤੇ ਜਾ ਪਹੁੰਚੀ। ਇਕ ਸਮਾਂ ਤਾਂ ਅਜਿਹਾ ਵੀ ਆਇਆ ਜਦੋਂ ਭਾਰਤੀ ਟੀਮ ਉਲੰਪਿਕ ਖੇਡਾਂ ਵਿਚ ਸ਼ਮੂਲੀਅਤ ਕਰਨ ਲਈ ਯੋਗਤਾ ਵੀ ਹਾਸਲ ਨਾ ਕਰ ਸਕੀ।
ਕੌਮਾਂਤਰੀ ਹਾਕੀ ਫੈਡਰੇਸ਼ਨ ਵੱਲੋਂ ਭਾਰਤੀ ਹਾਕੀ ਨੂੰ ਮੁੜ ਪੈਰਾਂ ਸਿਰ ਕਰਨ ਲਈ ਹੀ ਤਿੰਨ ਦਹਾਕਿਆਂ ਦੇ ਵਕਫ਼ੇ ਬਾਅਦ 2010 ਵਿਚ ਮੁੜ ਵਿਸ਼ਵ ਹਾਕੀ ਕੱਪ ਦੀ ਮੇਜ਼ਬਾਨੀ ਭਾਰਤ ਨੂੰ ਸੌਂਪੀ ਸੀ। ਇਸ ਤੋਂ ਇਲਾਵਾ 2013, 2016 ਅਤੇ 2021 ਦੇ ਜੂਨੀਅਰ ਵਿਸ਼ਵ ਕੱਪ ਹਾਕੀ ਮੁਕਾਬਲੇ ਵੀ ਭਾਰਤ ਵਿਚ ਹੀ ਕਰਵਾਏ ਗਏ ਸਨ। ਭਾਰਤ ਵਿਚ ਹੋਏ ਇਨ੍ਹਾਂ ਟੂਰਨਾਮੈਂਟਾਂ ਦੌਰਾਨ ਪਿਛਲੇ ਕੁੱਝ ਸਾਲਾਂ ਵਿਚ ਜਿੱਥੇ ਨੌਜਵਾਨਾਂ ਵਿਚ ਮੁੜ ਤੋਂ ਹਾਕੀ ਪ੍ਰਤੀ ਲਗਾਓ ਵਧਿਆ ਹੈ ਓਥੇ ਭਾਰਤੀ ਹਾਕੀ ਟੀਮ ਦੀ ਕਾਰਗੁਜਾਰੀ ਵਿਚ ਵੀ ਜਿਕਰਯੋਗ ਸੁਧਾਰ ਨਜ਼ਰ ਆਉਣ ਲੱਗ ਪਿਆ ਹੈ।

Where is Hockey World Cup 2023 ?

World cup hockey 2023 tournament has been scheduled to be played in Indian from 13 January to 29 Jan 2023 at Bhubneshwar & Rurkela cities of Odisha State.
When India won World Cup in hockey?
India won the Men’s Hockey World Cup only once in 1975. The tournament was played in Kuala Lumpur (Malaysia) and indian team beat Pakistan by 2-1 in the Final.
How many titles Pakistan won in world hockey cup ?
Pakistan won four (4) titles in world hockey cup. Pakistan won his first title of this tournament’s inaugural edition in 1971. After that Pak team won three more titles