
* ਔਰਤਾਂ ਦੀਆਂ ਟੀਮਾਂ ਆਪੋ ਆਪਣੇ ਮੁਲਕ ਦੇ ਮਰਦਾਂ ਦੇ ਮੁਕਾਬਲੇ ਅੱਗੇ
ਸਪੋਰਟਸ ਪਰਲਜ਼, 4 ਮਈ 2023:
ਫੀਫਾ ਵਿਸ਼ਵ ਦਰਜਾਬੰਦੀ-2023 ਦੀ ਸੂਚੀ ਵਿਚ ਕਈ ਹੈਰਾਨੀਜਨਕ ਤੇ ਦਿਲਚਸਪ ਤੱਥ ਸ਼ਾਮਿਲ ਹਨ। ਇਸ ਸੂਚੀ ਮੁਤਾਬਕ ਦੁਨੀਆਂ ਦੀਆਂ ਚੋਟੀ ਦੀਆਂ ਫੌਜੀ ਅਤੇ ਆਰਥਿਕ ਸ਼ਕਤੀਆਂ ਦੇ ਮਰਦ ਆਪਣੇ ਬੇਹੱਦ ਗਰੀਬ ਗੁਆਂਢੀ ਮੁਲਕਾਂ ਤੋਂ ਕਾਫੀ ਪਿੱਛੇ ਹਨ। ਦੂਜਾ ਅਹਿਮ ਤੱਥ ਇਹ ਹੈ ਕਿ ਪਿਛਲੀ ਇਕ ਸਦੀ ਤੋਂ ਬ੍ਰਾਜ਼ੀਲ ਅਤੇ ਅਰਜਨਟੀਨਾ ਫੁੱਟਬਾਲ ਦੀਆਂ ਦੋ ਮਹਾਂਸ਼ਕਤੀਆਂ ਹਨ। ਪਰ ਬ੍ਰਾਜ਼ੀਲ ਅਤੇ ਅਰਜਨਟੀਨਾ ਦੀਆਂ ਔਰਤਾਂ ਇਸ ਖੇਡ ਵਿਚ ਬਾਕੀ ਦੁਨੀਆਂ ਦੀਆਂ ਔਰਤਾਂ ਤੋਂ ਬਹੁਤ ਪਿੱਛੇ ਹਨ। ਅਮਰੀਕਾ ਦੀਆਂ ਔਰਤਾਂ ਪਿਛਲੇ 30 ਸਾਲ ਤੋਂ ਫੁੱਟਬਾਲ ਵਿਚ ਚੋਟੀ ‘ਤੇ ਕਾਬਜ਼ ਹਨ। ਬਾਕੀ ਮੁਲਕਾਂ ਦੀਆਂ ਔਰਤਾਂ ਵੀ ਆਪੋ ਆਪਣੇ ਮੁਲਕਾਂ ਦੇ ਮਰਦਾਂ ਨਾਲ਼ੋਂ ਬਿਹਤਰ ਸਥਾਨ ਉਤੇ ਕਾਬਜ਼ ਹਨ।
ਫੀਫਾ ਵਿਸ਼ਵ ਦਰਜਾਬੰਦੀ-2023 ਵਿਚ ਰੂਸ ਅਤੇ ਚੀਨ ਦੀ ਸਥਿਤੀ ਗੁਆਂਢੀ ਮੁਲਕਾਂ ਤੋਂ ਮਾੜੀ
ਉਲੰਪਿਕ (Olympics) ਖੇਡਾਂ ਵਿਚ ਅਮਰੀਕਾ (United States), ਰੂਸ (Russia) ਅਤੇ ਚੀਨ (China) ਦੀ ਪਿਛਲੀ ਇਕ ਸਦੀ ਤੋਂ ਧਾਂਕ ਰਹੀ ਹੈ। ਪਰ ਫੁੱਟਬਾਲ (Football) ਦੇ ਮਾਮਲੇ ਵਿਚ ਇਨ੍ਹਾਂ ਮਹਾਂਸ਼ਕਤੀਆਂ ਦੇ ਮਰਦ ਆਪਣੇ ਗੁਆਂਢੀ ਅਤੇ ਮੁਕਾਬਲਤ ਬਹੁਤ ਛੋਟੇ ਤੇ ਗਰੀਬ ਮੁਲਕਾਂ ਤੋਂ ਕਾਫੀ ਪਿੱਛੇ ਹਨ। ਇਸ ਵੇਲ਼ੇ ਜੰਗ ਦੀ ਮਾਰ ਝੱਲ ਰਿਹਾ ਯੂਕ੍ਰੇਨ (Ukrain) ਫੀਫਾ ਵਿਸ਼ਵ ਦਰਜਾਬੰਦੀ-2023 ਦੀ ਸੂਚੀ ਵਿਚ 1530.04 ਅੰਕਾਂ ਨਾਲ਼ 30ਵੇਂ ਸਥਾਨ ਉਤੇ ਹੈ। ਜਦਕਿ ਉਸ ’ਤੇ ਹਮਲਾਵਰ ਦੁਨੀਆਂ ਦੀ ਚੋਟੀ ਦੀ ਫੌਜੀ ਤਾਕਤ ਰੂਸ 1495.53 ਅੰਕਾਂ ਨਾਲ਼ 37ਵੇਂ ਸਥਾਨ ’ਤੇ ਹੈ। ਇਸੇ ਤਰਾਂ ਫੌਜੀ ਅਤੇ ਆਰਥਿਕ ਸ਼ਕਤੀ ਪੱਖੋਂ ਦੁਨੀਆਂ ਦੀਆਂ ਚੋਟੀ ਦੀਆਂ 5 ਮਹਾਂਸ਼ਕਤੀਆਂ ਵਿਚ ਸ਼ੁਮਾਰ ਪੀਪਲ ਰਿਪਬਲਿਕ ਚੀਨ 1297.98 ਅੰਕਾਂ ਨਾਲ਼ 81ਵੇਂ ਸਥਾਨ ’ਤੇ ਹੈ। ਪਰ ਉਸ ਦਾ ਗੁਆਂਢੀ ਛੋਟਾ ਜਿਹਾ ਮੁਲਕ ਕੋਰੀਆ 1536.01 ਅੰਕਾਂ ਨਾਲ਼ 27ਵੇਂ ਸਥਾਨ ’ਤੇ ਹੈ। ਏਦਾਂ ਹੀ ਚੀਨ ਦੇ ਮੁਕਾਬਲੇ ‘ਆਟੇ ’ਚ ਲੂਣ’ ਬਰਾਬਰ ਮੰਨਿਆ ਜਾਣ ਵਾਲ਼ਾ ਅਫਰੀਕੀ ਮੁਲਕ ਬੁਰਕੀਨਾ ਫਾਸੋ 1433.91 ਅੰਕਾਂ ਨਾਲ਼ 50ਵੇਂ ਜਦਕਿ ਇਸੇ ਖਿੱਤੇ ਦਾ ਦੂਜਾ ਬੇਹੱਦ ਗਰੀਬ ਮੁਲਕ ਮਾਲੀ 1430.75 ਅੰਕਾਂ ਨਾਲ਼ 53ਵੇਂ ਸਥਾਨ ’ਤੇ ਹੈ।

ਫੀਫਾ ਵਿਸ਼ਵ ਦਰਜਾਬੰਦੀ-2023: ਅਮਰੀਕਾ ਦੀ ਸਥਿਤੀ ਰੂਸ-ਚੀਨ ਤੋਂ ਬਿਹਤਰ, ਪਰ ਗੁਆਂਢੀ ਮੁਲਕਾਂ ਨਾਲ਼ੋਂ ਮਾੜੀ
ਚੋਟੀ ਦੀ ਮਹਾਂਸ਼ਕਤੀ ਅਮਰੀਕਾ ਦੇ ਮਰਦਾਂ ਦੀ ਟੀਮ ਰੂਸ ਅਤੇ ਚੀਨ ਦੇ ਮੁਕਾਬਲੇ ਕੁੱਝ ਬਿਹਤਰ ਸਥਿਤੀ ਵਿਚ ਹੈ। ਅਮਰੀਕੀ ਮਰਦ ਫੀਫਾ ਵਿਸ਼ਵ ਦਰਜਾਬੰਦੀ-2023 ਦੀ ਸੂਚੀ ਵਿਚ 1653.77 ਅੰਕਾਂ ਨਾਲ਼ 13ਵੇਂ ਸਥਾਨ ’ਤੇ ਹਨ। ਦੂਜੇ ਪਾਸੇ ਉਸਦਾ ਗੁਆਂਢੀ ਗਰੀਬ ਮੁਲਕ ਮੈਕਸੀਕੋ (Mexico) 1631.87 ਅੰਕਾਂ ਨਾਲ਼ 15ਵੇਂ ਸਥਾਨ ਉਤੇ ਉਸ ਦੇ ਬਰਾਬਰ ਮੌਜੂਦ ਹੈ। ਇਸੇ ਤਰਾਂ ਅਮਰੀਕੀ ਮਹਾਂਦੀਪ ਦੇ ਹੋਰ ਗਰੀਬ ਮੁਲਕਾਂ ਵਿਚੋਂ ਉਰੂਗੂਏ 16ਵੇਂ ਅਤੇ ਕੋਲੰਬੀਆ 17ਵੇਂ ਸਥਾਨ ਉਤੇ ਹਨ। ਪੰਜਾਬੀ ਦੀ ਮਸ਼ਹੂਰ ਕਹਾਵਤ ‘ਤਿੰਨਾਂ ’ਚੋਂ ਨਾ ਤੇਰਾਂ ’ਚੋਂ’ ਮੁਤਾਬਿਕ ਅਮਰੀਕਾ ਦੇ ਮੁਕਾਬਲੇ ਕਿਸੇ ਵੀ ਗਿਣਤੀ ਵਿਚ ਨਾ ਆਉਣ ਵਾਲ਼ਾ ਸੈਨੇਗਲ (Senegal) ਵੀ 1613.21 ਅੰਕਾਂ ਨਾਲ਼ 18ਵੇਂ ਸਥਾਨ ’ਤੇ ਉਸ ਦੇ ਨੇੜੇ ਤੇੜੇ ਹੀ ਹੈ।
ਯੂਰਪੀ ਖਿੱਤੇ ਦੀ ਮਹਾਂਸ਼ਕਤੀ ਜਰਮਨੀ ਵੀ ਫੀਫਾ ਵਿਸ਼ਵ ਦਰਜਾਬੰਦੀ-2023 ‘ਚ ਗੁਆਂਢੀ ਮੁਲਕਾਂ ਤੋਂ ਪਛੜੀ
ਯੂਰਪੀ ਖਿੱਤੇ ਦੀ ਸਭ ਤੋਂ ਵੱਡੀ ਫੌਜੀ ਅਤੇ ਆਰਥਿਕ ਸ਼ਕਤੀ ਜਰਮਨੀ (Germany) ਦੀ ਟੀਮ 1647.42 ਅੰਕਾਂ ਨਾਲ਼ 14ਵੇਂ ਸਥਾਨ ਉਤੇ ਹੈ। ਜਦਕਿ ਪੂਰਾ ਇਕ ਦਹਾਕਾ ਖਾਨਾਜੰਗੀ ਦਾ ਸ਼ਿਕਾਰ ਰਿਹਾ ਨਿੱਕਾ ਜਿਹਾ ਮੁਲਕ ਕਰੋਏਸ਼ੀਆ (Croatia) 1730.02 ਅੰਕਾਂ ਨਾਲ਼ 7ਵੇਂ ਸਥਾਨ ’ਤੇ ਹੈ। ਇਸੇ ਤਰਾਂ ਫੌਜੀ ਅਤੇ ਆਰਥਿਕ ਸ਼ਕਤੀ ਦੇ ਮਾਮਲੇ ਵਿਚ ਜਰਮਨੀ ਦੇ ਮੁਕਾਬਲੇ ਕਾਫੀ ਕਮਜ਼ੋਰ ਯੂਰਪੀ ਮੁਲਕ ਇਟਲੀ (Italy), ਪੁਰਤਗਾਲ (Portugal) ਅਤੇ ਸਪੇਨ (Spain) ਕ੍ਰਮਵਾਰ 8ਵੇਂ, 9ਵੇਂ ਅਤੇ 10ਵੇਂ ਸਥਾਨ ਉਤੇ ਹਨ।

ਵਿਸ਼ਵ ਗੁਰੂ’ ਹੋਣ ਦੀਆਂ ਡੀਂਗਾਂ ਮਾਰਨ ਵਾਲ਼ੇ ਭਾਰਤ ਦੀ ਹਾਲਤ ਖਸਤਾ
ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤੀ ਆਗੂ (Indian Politicians) ਅਕਸਰ ਪੁਰਾਣੇ ਗ੍ਰੰਥਾਂ ਅਤੇ ਮਿਥਿਹਾਸਕ ਕਹਾਣੀਆਂ ਦਾ ਹਵਾਲਾ ਦੇ ਕੇ ‘ਵਿਸ਼ਵ-ਗੁਰੂ’ ਹੋਣ ਦੀਆਂ ਡੀਂਗਾਂ ਮਾਰਦੇ ਰਹਿੰਦੇ ਹਨ। ਪਰ ਕੌਮਾਂਤਰੀ ਫੁੱਟਬਾਲ ਫੈਡਰੇਸ਼ਨ (FIFA) ਵੱਲੋਂ ਜਾਰੀ ਫੀਫਾ ਵਿਸ਼ਵ ਦਰਜਾਬੰਦੀ-2023 ਵਿਚ ਭਾਰਤ ਦੀ ਹਾਲਤ ‘ਭੁੱਖੇ ਨੰਗੇ’ ਆਖੇ ਜਾਂਦੇ ਅਫਰੀਕੀ ਮੁਲਕਾਂ ਅਤੇ ਪਿਛਲੇ ਦੋ ਦਹਾਕਿਆਂ ਦੌਰਾਨ ਜੰਗਾਂ ਨਾਲ਼ ਬੁਰੀ ਤਰਾਂ ਤਬਾਹ ਹੋਏ ਅਰਬ ਖਿੱਤੇ ਦੇ ਮੁਲਕਾਂ ਨਾਲ਼ੋਂ ਵੀ ਖਸਤਾ ਹੈ। ਕੌਮਾਂਤਰੀ ਫੁੱਟਬਾਲ ਫੈਡਰੇਸ਼ਨ (Fifa) ਵੱਲੋਂ ਜਾਰੀ ਕੀਤੀ ਤਾਜਾ ਦਰਜਾਬੰਦੀ ਸੂਚੀ ਮੁਤਾਬਕ 211 ਮੁਲਕਾਂ ਵਿਚੋਂ ਭਾਰਤ 1200.66 ਅੰਕਾਂ ਨਾਲ਼ 101ਵੇਂ ਸਥਾਨ ’ਤੇ ਹੈ।
ਦੂਜੇ ਪਾਸੇ ਅਫਰੀਕੀ ਮਹਾਂਦੀਪ (African continental) ਦੇ ਬੇਹੱਦ ਗਰੀਬ ਮੁਲਕਾਂ ਵਿਚੋਂ ਘਾਨਾ (Ghana) 1396 ਅੰਕਾਂ ਨਾਲ਼ 60ਵੇਂ, ਡੈਮੋਕ੍ਰੈਟਿਕ ਰਿਪਬਲਿਕ ਕਾਂਗੋ (Congo)1338.61ਅੰਕਾਂ ਨਾਲ਼ 70ਵੇਂ, ਜਾਂਬੀਆ 1280.52 ਅੰਕਾਂ ਨਾਲ਼ 86ਵੇਂ, ਯੂਗਾਂਡਾ (Uganda) 1257.03 ਅੰਕਾਂ ਨਾਲ਼ 89ਵੇਂ, ਅਮਰੀਕਾ ਵੱਲੋਂ ਰਸਾਇਣਕ ਹਥਿਆਰਾਂ (Chemical weapons) ਦੀ ਝੂਠੀ ਕਹਾਣੀ ਬਣਾ ਕੇ ਤਬਾਹ ਕੀਤਾ ਗਿਆ ਇਰਾਕ (Iraq) 1347 ਅੰਕਾਂ ਨਾਲ਼ 67ਵੇਂ, ਖਾਨਾਜੰਗੀ ਦਾ ਸ਼ਿਕਾਰ ਸੀਰੀਆ (Syria) 1246.75 ਅੰਕਾਂ ਨਾਲ਼ 90ਵੇਂ ਜਦਕਿ ਆਪਣੀ ਹੋਂਦ ਹਸਤੀ ਦੀ ਲੜਾਈ ਲੜ ਰਿਹਾ ਫਿਲਸਤੀਨ (Palestine) 1239.19 ਅੰਕਾਂ ਨਾਲ਼ 93ਵੇਂ ਸਥਾਨ ’ਤੇ ਹਨ। ਇਸੇ ਤਰਾਂ ਦੇ ਕਈ ਹੋਰ ਗਰੀਬੀ ਦੀ ਮਾਰ ਹੇਠ ਚੱਲ ਰਹੇ ਮੁਲਕ ਫੁੱਟਬਾਲ ਸਮੇਤ ਕਈ ਹੋਰ ਖੇਡਾਂ ਵਿਚ ਵੀ ਭਾਰਤ ਤੋਂ ਬਹੁਤ ਅੱਗੇ ਹਨ। ਭਾਰਤ ਲਈ ਫੀਫਾ ਸੂਚੀ ਵਿਚ ਸਿਰਫ ਇਕੋ ਗੱਲ ਰਾਹਤ ਵਾਲ਼ੀ ਹੈ ਕਿ ਦੁਨੀਆਂ ਦੇ ਸਭ ਤੋਂ ਇਮਾਨਦਾਰ, ਸੋਹਣੇ ਅਤੇ ਰਹਿਣ ਲਈ ਦੁਨੀਆਂ ਭਰ ਦੇ ਲੋਕਾਂ ਦੇ ਪਸੰਦੀਦਾ ਮੁਲਕਾਂ ਵਿਚੋਂ ਚੋਟੀ ਦਾ ਮੁਲਕ ਨਿਊਜ਼ੀਲੈਂਡ ਫੁੱਟਬਾਲ ਦੇ ਮਾਮਲੇ ਵਿਚ ਭਾਰਤ ਤੋਂ ਸਿਰਫ ਇਕੋ ਸਥਾਨ ਉਪਰ ਭਾਵ 100ਵੇਂ ਸਥਾਨ ’ਤੇ ਹੈ।
