
Fifa ranking-2023 US women soccer taem
ਵਿਸ਼ਵ ਕੱਪ ‘ਚ ਹਾਰ ਕਾਰਨ ਬ੍ਰਾਜ਼ੀਲ ਤੀਜੇ ਸਥਾਨ ‘ਤੇ ਖਿਸਕਿਆ
ਪਰਮੇਸ਼ਰ ਸਿੰਘ ਬੇਰ ਕਲਾਂ/27 ਅਪ੍ਰੈਲ 2023
ਫੀਫਾ ਵਿਸ਼ਵ ਦਰਜਾਬੰਦੀ-2023 (fifa-world-ranking-2023) ਦੀ ਤਾਜਾ ਸੂਚੀ ਮੁਤਾਬਕ ਔਰਤਾਂ ਦੀਆਂ ਫੁੱਟਬਾਲ ਟੀਮਾਂ ਵਿਚੋਂ ਦੁਨੀਆਂ ਦੀ ਮਹਾਂਸ਼ਕਤੀ ਅਮਰੀਕਾ ਹਾਲੇ ਵੀ 2091.38 ਅੰਕਾਂ ਨਾਲ਼ ਚੋਟੀ ’ਤੇ ਬਰਕਰਾਰ ਹੈ। ਜਰਮਨੀ ਦੀ ਟੀਮ 2068.12 ਅੰਕਾਂ ਨਾਲ਼ ਦੂਜੇ ਅਤੇ ਸਵੀਡਨ 2064.67 ਅੰਕਾਂ ਨਾਲ਼ ਤੀਜੇ ਸਥਾਨ ’ਤੇ ਹੈ। ਫੀਫਾ ਵੂਮੈਨ ਵਿਸ਼ਵ ਕੱਪ-2023 (fifa-women-world cup-2023) ਦੇ ਸਾਂਝੇ ਮੇਜ਼ਬਾਨਾਂ ਵਿਚੋਂ ਆਸਟ੍ਰੇਲੀਆ (Australia) ਦੀ ਟੀਮ 1917.91 ਅੰਕਾਂ ਨਾਲ਼ ਸੂਚੀ ਵਿਚ 10ਵੇਂ ਸਥਾਨ ’ਤੇ ਪਹੁੰਚ ਗਈ ਹੈ ਜਦਕਿ ਉਸ ਦਾ ਗੁਆਂਢੀ ਅਤੇ ਸਹਿ ਮੇਜ਼ਬਾਨ ਨਿਊਜ਼ੀਲੈਂਡ (Newzeeland) ਦੀ ਟੀਮ 1706.96 ਅੰਕਾਂ ਨਾਲ਼ 25ਵੇਂ ਸਥਾਨ ਉਤੇ ਹੈ। ਮਰਦਾਂ ‘ਚੋਂ ਵਿਸ਼ਵ ਜੇਤੂ ਅਰਜਨਟੀਨਾ (Argentina) ਪਹਿਲੇ, ਉਪ ਜੇਤੂ ਫਰਾਂਸ (France) ਦੂਜੇ ਅਤੇ ਬ੍ਰਾਜ਼ੀਲ (Brazil) ਤੀਜੇ ਸਥਾਨ ‘ਤੇ ਹਨ।
ਫੀਫਾ ਵਿਸ਼ਵ ਦਰਜਾਬੰਦੀ-2023 ’ਚ ਅਮਰੀਕਾ ਦੀਆਂ ਔਰਤਾਂ ਚੋਟੀ ’ਤੇ
ਫੀਫਾ ਵਿਸ਼ਵ ਦਰਜਾਬੰਦੀ-2023 ਦੀ ਸੂਚੀ ਮੁਤਾਬਕ ਆਲਮੀ ਮਹਾਂਸ਼ਕਤੀ ਅਮਰੀਕਾ (USA) ਦੀਆਂ ਔਰਤਾਂ 2091.38 ਅੰਕਾਂ ਨਾਲ਼ ਚੋਟੀ ’ਤੇ ਹਨ। ਅਮਰੀਕਾ ਦੀਆਂ ਔਰਤਾਂ 1991 ਵਿਚ ਪਹਿਲਾ ਫੀਫਾ ਵੂਮੈਨ ਵਿਸ਼ਵ ਕੱਪ ਜਿੱਤ ਕੇ ਵਿਸ਼ਵ ਚੈਂਪੀਅਨ ਬਣੀਆ ਸਨ। ਹੁਣ ਤੱਕ ਹੋਏ 8 ਵਿਚੋਂ 4 ਵਿਸ਼ਵ ਕੱਪ ਜਿੱਤ ਕੇ ਅਮਰੀਕਾ ਦੀਆਂ ਔਰਤਾਂ ਨੇ ਦੁਨੀਆਂ ਦੀ ਇਸ ਸਭ ਤੋਂ ਹਰਮਨ ਪਿਆਰੀ ਖੇਡ ਵਿਚ ਆਪਣਾ ਦਬਦਬਾ ਕਾਇਮ ਰੱਖਿਆ ਹੋਇਆ ਹੈ। ਅਮਰੀਕੀ ਔਰਤਾਂ ਨੇ 1991, 1999, 2015 ਅਤੇ 2019 ਵਿਚ ਚਾਰ ਵਾਰੀ ਫੀਫਾ ਵਿਸ਼ਵ ਕੱਪ ਜਿੱਤੇ ਹਨ। ਵਿਸ਼ਵ ਕੱਪ ਵਾਂਗ ਹੀ ਪਿਛਲੇ 30 ਸਾਲਾਂ ਦੌਰਾਨ ਅਮਰੀਕੀ ਔਰਤਾਂ 4 ਵਾਰ ਉਲੰਪਿਕ (Olympics) ਫੁੱਟਬਾਲ ਚੈਂਪੀਅਨ ਵੀ ਬਣ ਚੁੱਕੀਆਂ ਹਨ। ਅਮਰੀਕੀ ਔਰਤਾਂ ਦੀਆਂ ਇਨ੍ਹਾਂ ਬੇਮਿਸਾਲ ਪ੍ਰਾਪਤੀਆਂ ਦੀ ਬਰਾਬਰੀ ਕਰਨੀ ਹੁਣ ਕਿਸੇ ਹੋਰ ਮੁਲਕ ਦੀਆਂ ਔਰਤਾਂ ਲਈ ਘੱਟੋ-ਘੱਟ ਅੱਧੀ ਸਦੀ ਤਾਂ ਸੰਭਵ ਨਹੀਂ ਜਾਪਦੀ। ਜਰਮਨੀ (Germany) ਦੀਆਂ ਔਰਤਾਂ ਨੇ 2003 ਅਤੇ 2007 ਵਿਚ 2 ਵਾਰ, ਜਦਕਿ ਨਾਰਵੇ (Norway) ਦੀਆਂ ਔਰਤਾਂ ਨੇ 1995 ਅਤੇ ਜਾਪਾਨੀ ਔਰਤਾਂ ਨੇ 2011 ਵਿਚ 1-1 ਵਾਰ ਵਿਸ਼ਵ ਜੇਤੂ ਦਾ ਖਿਤਾਬ ਹਾਸਲ ਕੀਤਾ ਹੈ।

ਫੀਫਾ ਵਿਸ਼ਵ ਦਰਜਾਬੰਦੀ-2023 ’ਚ ਚੋਟੀ ਦੀਆਂ 10 ਟੀਮਾਂ
ਫੀਫਾ ਵਿਸ਼ਵ ਦਰਜਾਬੰਦੀ-2023 ਸੂਚੀ ਵਿਚ ਚੋਟੀ ਦੀਆਂ 10 ਟੀਮਾਂ (top 10 teams in fifa ranking) ਵਿਚ ਅਮਰੀਕਾ ਤੋਂ ਬਾਅਦ ਨਾਜੀ ਮੁਲਕ ਜਰਮਨੀ ਦੀਆਂ ਔਰਤਾਂ 2068.12 ਅੰਕਾਂ ਨਾਲ਼ ਦੂਜੇ ਜਦਕਿ ਬੋਫਰਜ਼ ਤੋਪਾਂ ਬਣਾਉਣ ਲਈ ਮਸ਼ਹੂਰ ਯੂਰਪੀ ਮੁਲਕ ਸਵੀਡਨ ਦੀਆਂ ਔਰਤਾਂ 2064.67 ਅੰਕਾਂ ਨਾਲ਼ ਤੀਜੇ ਸਥਾਨ ਸਥਾਨ ’ਤੇ ਹਨ। ਇੰਗਲੈਂਡ (England) 2055.82 ਅੰਕਾਂ ਨਾਲ਼ ਚੌਥੇ (4th), ਫਰਾਂਸ 2021.02 ਅੰਕਾਂ ਨਾਲ਼ 5ਵੇਂ, ਕੈਨੇਡਾ (Canada) 2001.56 ਅੰਕਾਂ ਨਾਲ਼ 6ਵੇਂ, ਸਪੇਨ 1997.65 ਅੰਕਾਂ ਨਾਲ਼ 7ਵੇਂ, ਹਾਲੈਂਡ 1991.45 ਅੰਕਾਂ ਨਾਲ਼ 8ਵੇਂ, ਬ੍ਰਾਜੀਲ 1972.99 ਅੰਕਾਂ ਨਾਲ਼ 9ਵੇਂ ਜਦਕਿ ਆਸਟ੍ਰੇਲੀਆ 1917.91 ਅੰਕਾਂ ਨਾਲ਼ 10ਵੇਂ ਸਥਾਨ ’ਤੇ ਹੈ।
ਦੱਸਣਯੋਗ ਹੈ ਕਿ ਕੋਰੀਆ ਡੈਮੋਕ੍ਰੈਟਿਕ ਰਿਪਬਲਿਕ ਦੀ ਟੀਮ ਪਿਛਲੇ ਸਾਲ 1940 ਅੰਕਾਂ ਨਾਲ਼ 10ਵੇਂ ਸਥਾਨ ਉਤੇ ਸੀ ਪਰ ਉਪਰੋਥਲੀ ਹਾਰਾਂ ਕਾਰਨ 100 ਅੰਕ ਘਟਣ ਕਰਕੇ ਹੁਣ ਕੋਰੀਆ ਦੀ ਟੀਮ ਤਾਜਾ ਸੂਚੀ ਵਿਚ 1840 ਅੰਕਾਂ ਨਾਲ਼ 17ਵੇਂ ਸਥਾਨ ’ਤੇ ਖਿਸਕ ਗਈ ਹੈ। ਦੂਜੇ ਪਾਸੇ ਪੀਪਲਜ਼ ਰਿਪਬਲਿਕ ਚੀਨ 1856.98 ਅੰਕਾਂ ਨਾਲ਼ 16ਵੇਂ ਤੋਂ 13ਵੇਂ ਸਥਾਨ ’ਤੇ ਆ ਗਈ ਹੈ। ਰੂਸ ਦੀਆਂ ਔਰਤਾਂ 1717 ਅੰਕਾਂ ਨਾਲ਼ 24ਵੇਂ ਸਥਾਨ ਉਤੇ ਬਰਕਰਾਰ ਹਨ, ਜਦਕਿ ਭਾਰਤੀ ਔਰਤਾਂ ਦੀ ਟੀਮ 1391.3 ਅੰਕਾਂ ਨਾਲ਼ 58ਵੇਂ ਤੋਂ ਹੇਠਾਂ ਖਿਸਕ ਕੇ 61ਵੇਂ ਸਥਾਨ ’ਤੇ ਆ ਗਈ ਹੈ।

ਫੀਫਾ ਵਿਸ਼ਵ ਦਰਜਾਬੰਦੀ-2023: ਔਰਤਾਂ ਆਪੋ-ਆਪਣੇ ਮੁਲਕਾਂ ਦੇ ਮਰਦਾਂ ਤੋਂ ਅੱਗੇ
ਆਲਮੀ ਮਹਾਂਸ਼ਕਤੀ ਅਮਰੀਕਾ ਸਮੇਤ ਦੁਨੀਆਂ ਦੇ ਲਗਪਗ ਸਾਰੇ ਮੁਲਕਾਂ ਦੀਆਂ ਔਰਤਾਂ ਬਿਹਤਰ ਕਾਰਗੁਜਾਰੀ ਵਿਖਾਉਂਦਿਆਂ ਫੁੱਟਬਾਲ/Soccer ਦੀ ਫੀਫਾ ਵਿਸ਼ਵ ਦਰਜਾਬੰਦੀ-2023 ਸੂਚੀ ਵਿਚ ਆਪੋ-ਆਪਣੇ ਮੁਲਕ ਦੇ ਮਰਦਾਂ ਤੋਂ ਉਚੇ ਦਰਜੇ ’ਤੇ ਹਨ। ਮਹਾਂਸ਼ਕਤੀ ਅਮਰੀਕਾ ਦੇ ਮਰਦਾਂ ਦੀ ਟੀਮ ਫੀਫਾ ਦੀ ਸੂਚੀ ਵਿਚ 1653.77 ਅੰਕਾਂ ਨਾਲ਼ 13ਵੇਂ ਸਥਾਨ ’ਤੇ ਹੈ। ਇਸੇ ਤਰਾਂ ਰੂਸ, ਚੀਨ, ਇੰਗਲੈਂਡ, ਨਿਊਜ਼ੀਲੈਂਡ ਅਤੇ ਹੋਰ 50 ਤੋਂ ਵੱਧ ਮੁਲਕਾਂ ਦੀਆਂ ਔਰਤਾਂ ਆਪੋ-ਆਪਣੇ ਮੁਲਕਾਂ ਦੇ ਮਰਦਾਂ ਦੇ ਮੁਕਾਬਲੇ ਫੀਫਾ ਦਰਜਾਬੰਦੀ ਸੂਚੀ ਵਿਚ ਉਚੇ ਸਥਾਨ ‘ਤੇ ਹਨ।
ਪਰ ਦੂਜੇ ਪਾਸੇ ਹੈਰਾਨੀ ਦੀ ਗੱਲ ਹੈ ਕਿ ਫੁੱਟਬਾਲ ਦੇ ਮਹਾਂਰਥੀ ਮੁਲਕਾਂ ਬ੍ਰਾਜੀਲ ਅਤੇ ਅਰਜਨਟੀਨਾ ਦੀਆਂ ਔਰਤਾਂ ਬਾਕੀ ਮੁਲਕਾਂ ਦੇ ਉਲਟ ਇਸ ਦਰਜਾਬੰਦੀ ਸੂਚੀ ਵਿਚ ਆਪਣੇ ਮੁਲਕ ਦੇ ਮਰਦਾਂ ਤੋਂ ਕਾਫੀ ਪਿੱਛੇ ਹਨ। ਫੁੱਟਬਾਲ ਦੇ ਮਹਾਂਨਾਇਕ ਪੇਲੇ ਦੀ ਜਨਮ ਭੋਇੰ ਬ੍ਰਾਜੀਲ ਦੀਆਂ ਔਰਤਾਂ ਦੀ ਟੀਮ 1972.99 ਅੰਕਾਂ ਨਾਲ਼ ਫੀਫਾ ਵਿਸ਼ਵ ਦਰਜਾਬੰਦੀ-2023 ਸੂਚੀ ਵਿਚ 9ਵੇਂ ਸਥਾਨ ’ਤੇ ਹੈ ਜਦਕਿ ਫੁੱਟਬਾਲ ਦੇ ਅਜੋਕੇ ਸੁਪਰ ਸਟਾਰ ਲਿਓਨਲ ਮੈਸੀ ਦੇ ਮੁਲਕ ਅਰਜਨਟੀਨਾ ਦੀਆਂ ਔਰਤਾਂ ਦੀ ਸਥਿਤੀ ਤਾਂ ਬ੍ਰਾਜ਼ੀਲੀ ਔਰਤਾਂ ਤੋਂ ਵੀ ਮਾੜੀ ਹੈ। ਅਰਜਨਟੀਨੀ ਔਰਤਾਂ ਇਸ ਸੂਚੀ ਵਿਚ 1682.45 ਅੰਕਾਂ ਨਾਲ਼ 28ਵੇਂ ਸਥਾਨ ਉਤੇ ਹਨ। ਪਾਠਕ ਇਸ ਤੱਥ ਤੋਂ ਭਲੀ ਭਾਂਤ ਜਾਣੂੰ ਹਨ ਕਿ ਫੁੱਟਬਾਲ ਦੇ ਇਕ ਸਦੀ ਦੇ ਇਤਿਹਾਸ ਵਿਚ ਮਰਦਾਂ ਦੀ ਫੁੱਟਬਾਲ ਵਿਚ ਹੁਣ ਤੱਕ ਬ੍ਰਾਜੀਲ ਅਤੇ ਅਰਜਨਟੀਨਾ ਦਾ ਹੀ ਦਬਦਬਾ ਰਿਹਾ ਹੈ।
ਅਮਰੀਕੀ ਔਰਤਾਂ ਦੀ ਫੁੱਟਬਾਲ/soccer ਟੀਮ ਕਮਾਈ ਵਿਚ ਵੀ ਅੱਵਲ
ਅਮਰੀਕਾ ਦੀਆਂ ਔਰਤਾਂ ਦੀ ਫੁੱਟਬਾਲ (Soccer) 1985 ਵਿਚ ਸ਼ੁਰੂ ਹੋਈ ਸੀ ਅਤੇ ਥੋੜ੍ਹੇ ਜਿਹੇ ਸਾਲਾਂ ਵਿਚ ਹੀ ਇਹ ਦੁਨੀਆਂ ਦੀ ਚੋਟੀ ਦੀ ਟੀਮ ਬਣ ਗਈ। ਖੇਡ ਦੇ ਨਾਲ਼-ਨਾਲ਼ ਅਮਰੀਕੀ ਔਰਤਾਂ ਦੀ ਟੀਮ ਕਮਾਈ ਦੇ ਮਾਮਲੇ ਵਿਚ ਵੀ ਚੋਟੀ ’ਤੇ ਹੈ। 2015 ਦਾ ਫੀਫਾ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਅਮਰੀਕੀ ਔਰਤਾਂ ਦੀ ਟੀਮ 51 ਮਿਲੀਅਨ ਡਾਲਰ (ਲਗਪਗ 418 ਕਰੋੜ ਰੁਪਏ) ਦੀ ਕਮਾਈ ਕਰ ਚੁੱਕੀ ਹੈ। ਅਮਰੀਕੀ ਔਰਤਾਂ ਦੀ ਇਹ ਕਮਾਈ ਅਮਰੀਕੀ ਮਰਦਾਂ ਦੀ ਫੁੱਟਬਾਲ ਟੀਮ ਤੋਂ ਕਾਫੀ ਜਿਆਦਾ ਹੈ। ਅਮਰੀਕਾ ਦੀ ਸਟਾਰ ਫੁੱਟਬਾਲਰ ਅਲੈਕਸ ਮੋਰਗਨ (Alex Morgan) 2019 ਵਿਚ ਮੋਟੀ ਕਮਾਈ ਕਰਨ ਵਾਲ਼ੀਆਂ ਖਿਡਾਰਨਾਂ ਵਿਚੋਂ 12ਵੇਂ ਸਥਾਨ ਉਤੇ ਸੀ। ਪਾਠਕਾਂ ਨੂੰ ਲੱਗੇਗਾ ਕਿ 12ਵਾਂ ਸਥਾਨ ਕੋਈ ਖਾਸ ਪ੍ਰਾਪਤੀ ਨਹੀਂ। ਪਰ ਸਚਾਈ ਇਹ ਹੈ ਕਿ ਖੇਡਾਂ ਵਿਚ ਮੋਟੀ ਕਮਾਈ ਕਰਨ ਵਾਲ਼ੀਆਂ ਬਹੁਤੀਆਂ ਖਿਡਾਰਨਾਂ ਕਿਸੇ ਟੀਮ ਵਿਚੋਂ ਨਹੀਂ ਬਲਕਿ ਟੈਨਿਸ ਵਰਗੀਆਂ ‘ਸੋਲੋ ਖੇਡਾਂ’ ਵਿਚੋਂ ਹੁੰਦੀਆਂ ਹਨ। ਇਸ ਗੱਲ ਦਾ ਅੰਦਾਜਾ ਇਸ ਤੱਥ ਤੋਂ ਸਹਿਜੇ ਹੀ ਲਾਇਆ ਜਾ ਸਕਦੈ ਕਿ ‘ਖਿਡਾਰਨਾਂ ਦੀ ਕਮਾਈ’ ਬਾਰੇ 2021 ਦੀ ਸੂਚੀ ਵਿਚ ਚੋਟੀ ਦੀਆਂ 10 ਖਿਡਾਰਨਾਂ ਵਿਚੋਂ 7 ਕੇਵਲ ਟੈਨਿਸ ਵਿਚੋਂ ਹੀ ਸਨ।

ਫੀਫਾ ਵਿਸ਼ਵ ਦਰਜਾਬੰਦੀ ’ਚ ਮਰਦਾਂ ’ਚੋਂ ਵਿਸ਼ਵ ਚੈਂਪੀਅਨ ਅਰਜਨਟੀਨਾ ਚੋਟੀ ’ਤੇ
ਫੈਡਰੇਸ਼ਨ ਆਫ ਇੰਟਰਨੈਸ਼ਨ ਫੁੱਟਬਾਲ ਐਸੋਸੀਏਸ਼ਨਜ਼ (FIFA) ਵੱਲੋਂ ਦੁਨੀਆਂ ਦੇ 211 ਮੁਲਕਾਂ ਦੇ ਮਰਦਾਂ ਦੀਆਂ ਫੁੱਟਬਾਲ ਟੀਮਾਂ ਦੀ ਪਿਛਲੇ ਸਾਲਾਂ ਦੀ ਕਾਰਗੁਜਾਰੀ ਦੇ ਆਧਾਰ ’ਤੇ ਫੀਫਾ ਵਿਸ਼ਵ ਦਰਜਾਬੰਦੀ (Fifa-world-Ranking) ਦੀ ਸੂਚੀ ਜਾਰੀ ਕੀਤੀ ਜਾਂਦੀ ਹੈ। 6 ਅਪ੍ਰੈਲ ਨੂੰ ਜਾਰੀ ਕੀਤੀ ਤਾਜਾ ਸੂਚੀ ਮੁਤਾਬਕ ਅਰਜਨਟੀਨਾ, ਫਰਾਂਸ ਅਤੇ ਬ੍ਰਾਜੀਲ ਇਸ ਸੂਚੀ ਵਿਚ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਹਨ।
ਮਰਦਾਂ ਦੀਆਂ ਟੀਮਾਂ ਵਿਚੋਂ ਅਰਜਨਟੀਨਾ 1840.93 ਅੰਕਾਂ ਨਾਲ਼ ਚੋਟੀ ’ਤੇ ਪਹੁੰਚ ਗਈ ਹੈ। ਅਰਜਨਟੀਨਾ ਨੂੰ ਇਹ ਮਾਣ ਪਿਛਲੇ ਸਾਲ ਕਤਰ ਵਿਖੇ ਹੋਇਆ ਫੀਫਾ ਵਿਸ਼ਵ ਕੱਪ-2022 ਜਿੱਤਣ ਨਾਲ਼ ਮਿਲਿਆ ਹੈ। ਉਪ ਜੇਤੂ ਰਹੀ ਫਰਾਂਸ ਦੀ ਟੀਮ 1838.45 ਅੰਕਾਂ ਨਾਲ਼ ਦੂਜੇ ਸਥਾਨ ਉਪਰ ਪਹੁੰਚ ਗਈ ਹੈ। ਦੂਜੇ ਪਾਸੇ ਫੁੱਟਬਾਲ ਦੀ ਮਹਾਂਸ਼ਕਤੀ ਬ੍ਰਾਜੀਲ ਜੋ ਕਿ ਫੀਫਾ ਦਰਜਾਬੰਦੀ-2022 ਦੀ ਸੂਚੀ ਵਿਚ ਪਹਿਲੇ ਸਥਾਨ ‘ਤੇ ਸੀ, ਉਹ ਫੀਫਾ ਵਿਸ਼ਵ ਕੱਪ ਦੇ ਫਾਈਨਲ ਵਿਚ ਨਾ ਪਹੁੰਚਣ ਕਾਰਨ ਹੁਣ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ। ਯੂਰਪੀ ਖਿੱਤੇ ਦੀ ਮਜ਼ਬੂਤ ਟੀਮ ਬੈਲਜੀਅਮ ਵੀ ਪਿਛਲੇ ਸਾਲ ਦੇ ਦੂਜੇ ਤੋਂ ਚੌਥੇ ਸਥਾਨ ’ਤੇ ਖਿਸਕ ਗਈ ਹੈ। ਇਸੇ ਤਰਾਂ ਵਿਸ਼ਵ ਕੱਪ ਫੁੱਟਬਾਲ-2022 ਦੀ ਮੇਜ਼ਬਾਨੀ ਕਰਨ ਵਾਲ਼ਾ ਕਤਰ ਵੀ ਤਾਜਾ ਸੂਚੀ ਵਿਚ ਪਿਛਲੇ ਸਾਲ ਦੇ 50ਵੇਂ ਸਥਾਨ ਤੋਂ ਖਿਸਕ ਕੇ 61ਵੇਂ ਸਥਾਨ ’ਤੇ ਪਹੁੰਚ ਗਿਆ ਹੈ।
ਮਰਦਾਂ ਦੀਆਂ ਚੋਟੀ ਦੀਆਂ 10 ਟੀਮਾਂ ਵਿਚ ਇੰਗਲੈਂਡ 1792.43 ਅੰਕਾਂ ਨਾਲ਼ 5ਵੇਂ, ਹਾਲੈਂਡ 1631.23 ਅੰਕਾਂ ਨਾਲ਼ 6ਵੇਂ, ਕਰੋਏਸ਼ੀਆ 1730.02 ਅੰਕਾਂ ਨਾਲ਼ 7ਵੇਂ, ਇਟਲੀ 1713.66 ਅੰਕਾਂ ਨਾਲ਼ 8ਵੇਂ, ਪੁਰਤਗਾਲ 1707.22 ਅੰਕਾਂ ਨਾਲ਼ 9ਵੇਂ ਜਦਕਿ ਸਪੇਨ 1682.85 ਅੰਕਾਂ ਨਾਲ਼ 10ਵੇਂ ਸਥਾਨ ’ਤੇ ਹੈ। ਪਿਛਲੇ ਸਾਲ ਵਿਸ਼ਵ ਕੱਪ ਤੋਂ ਪਹਿਲਾਂ ਡੈਨਮਾਰਕ 1608.11 ਅੰਕਾਂ ਨਾਲ਼ 10ਵੇਂ ਸਥਾਨ ’ਤੇ ਸੀ ਪਰ ਹੁਣ ਉਹ 1594.53 ਅੰਕਾਂ ਨਾਲ਼ 19ਵੇਂ ਸਥਾਨ ’ਤੇ ਖਿਸਕ ਗਿਆ ਹੈ।
FAQ
ਫੀਫਾ ਵਿਸ਼ਵ ਦਰਜਾਬੰਦੀ ਦੀ ਤਾਜਾ ਸੂਚੀ ਕੀ ਹੈ?

ਫੀਫਾ ਵਿਸ਼ਵ ਦਰਜਾਬੰਦੀ ਦੀ ਤਾਜਾ ਸੂਚੀ 6 ਅਪ੍ਰੈਲ 2023 ਨੂੰ ਜਾਰੀ ਕੀਤੀ ਗਈ ਹੈ। ਇਸ ਸੂਚੀ ਮੁਤਾਬਕ ਔਰਤਾਂ ਵਿਚੋਂ ਅਮਰੀਕਾ ਅਤੇ ਮਰਦਾਂ ਵਿਚੋਂ ਅਰਜਨਟੀਨਾ ਦੀਆਂ ਟੀਮਾਂ ਚੋਟੀ ‘ਤੇ ਹਨ। ਚੋਟੀ ਦੀਆਂ 10 ਟੀਮਾਂ ਅਤੇ ਹੋਰ ਵੇਰਵਿਆਂ ਲਈ ਤੁਸੀਂ ਪੂਰਾ ਲੇਖ ਪੜ੍ਹ ਸਕਦੇ ਹੋ।
ਫੀਫਾ ਵਿਸ਼ਵ ਦਰਜਾਬੰਦੀ ਵਿਚ ਕਿਹੜੀ ਟੀਮ ਦਾ ਦਰਜਾ ਘਟਿਆ?
ਫੀਫਾ ਵਿਸ਼ਵ ਦਰਜਾਬੰਦੀ-2023 ਦੀ ਤਾਜਾ ਸੂਚੀ ਵਿਚ ਪਿਛਲੀ ਇਕ ਸਦੀ ਤੋਂ ਦੁਨੀਆਂ ਦੀ ਚੋਟੀ ਟੀਮ ਬ੍ਰਾਜੀਲ ਦਾ ਦਰਜਾ ਘਟਿਆ ਹੈ? ਫੀਫਾ ਵਿਸ਼ਵ ਕੱਪ-2022 ਤੋਂ ਬਾਅਦ ਕੁੱਝ ਹੋਰ ਟੀਮਾਂ ਦੀ ਸਥਿਤੀ ਵੀ ਬਦਲੀ ਹੈ।
ਫੀਫਾ ਵਿਸ਼ਵ ਦਰਜਾਬੰਦੀ ਵਿਚ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਸਥਿਤੀ ਕਿਹੋ ਜਿਹੀ?
ਫੀਫਾ ਵਿਸ਼ਵ ਦਰਜਾਬੰਦੀ ਵਿਚ ਮਰਦਾਂ ਦੀਆਂ ਟੀਮਾਂ ਦੇ ਮੁਕਾਬਲੇ ਉਸੇ ਮੁਲਕ ਦੀਆਂ ਔਰਤਾਂ ਦੀ ਸਥਿਤੀ ਜਿਆਦਾ ਵਧੀਆ ਹੈ। ਔਰਤਾਂ ਦੀ ਦਰਜਾਬੰਦੀ ਸੂਚੀ ਦੇ ਅੰਕੜੇ ਕਾਫੀ ਦਿਲਚਸਪ ਹਨ।
1 thought on “ਫੀਫਾ ਵਿਸ਼ਵ ਦਰਜਾਬੰਦੀ-2023: ਅਮਰੀਕੀ ਔਰਤਾਂ ਅਤੇ ਅਰਜਨਟੀਨਾ ਦੇ ਮਰਦ ਚੋਟੀ ‘ਤੇ”