
ਫੀਫਾ ਵੂਮੈਨਜ ਵਿਸ਼ਵ ਕੱਪ-2023 ਟ੍ਰਾਫੀ
ਫਰਵਰੀ ‘ਚ ਜਾਪਾਨ ਤੋਂ ਸ਼ੁਰੂ ਹੋਈ ਟ੍ਰਾਫੀ ਯਾਤਰਾ ਨੇ 32 ਮੁਲਕਾਂ ਦਾ ਗੇੜਾ ਕੱਢਿਆ
ਪਰਮੇਸ਼ਰ ਸਿੰਘ ਬੇਰ ਕਲਾਂ
ਸਪੋਰਟਸ ਪਰਲਜ਼, 27 ਜੂਨ 2023: ਫੀਫਾ ਵੂਮੈਨਜ ਵਿਸ਼ਵ ਕੱਪ-2023 ਦੀ ਟ੍ਰਾਫੀ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਪਹੁੰਚ ਗਈ ਹੈ। 28 ਜੂਨ ਤੋਂ 10 ਜੁਲਾਈ ਤੱਕ ਇਹ ਟ੍ਰਾਫੀ ਆਸਟ੍ਰੇਲੀਆ ਰਹੇਗੀ ਅਤੇ ਉਸ ਤੋਂ ਬਾਅਦ ਅਗਲੇ ਤੇ ਅੰਤਿਮ ਪੜਾਅ ਲਈ ਨਿਊਜ਼ੀਲੈਂਡ ਰਵਾਨਾ ਹੋਵੇਗੀ। 25 ਫਰਵਰੀ ਨੂੰ ਜਾਪਾਨ ਦੀ ਰਾਜਧਾਨੀ ਟੋਕੀਓ ਤੋਂ ਸ਼ੁਰੂ ਹੋਈ ਇਸ ਟ੍ਰਾਫੀ ਦੀ ਇਹ ਯਾਤਰਾ ਹੁਣ ਤੱਕ ਫੀਫਾ ਵੂਮੈਨਜ ਵਿਸ਼ਵ ਕੱਪ-2023 ਵਿਚ ਹਿੱਸਾ ਲੈਣ ਵਾਲ਼ੇ ਸਾਰੇ 32 ਮੁਲਕਾਂ ਦਾ ਗੇੜਾ ਕੱਢ ਚੁੱਕੀ ਹੈ।
ਉਲੰਪਿਕ ਖੇਡਾਂ ਦੀ ਮਸ਼ਾਲ ਯਾਤਰਾ ਵਾਂਗ ਹੀ ਹੁੰਦੀ ਹੈ ਫੀਫਾ ਵਿਸ਼ਵ ਕੱਪ ਦੀ ਟ੍ਰਾਫੀ ਯਾਤਰਾ
ਜਿਵੇਂ ਹਰ 4 ਸਾਲ ਬਾਅਦ ਹੋਣ ਵਾਲ਼ੀਆਂ ਉਲੰਪਿਕ ਖੇਡਾਂ ਦੀ ਮਸ਼ਾਲ ਨੂੰ ਲੈ ਕੇ ਵੱਖ-ਵੱਖ ਮੁਲਕਾਂ ਦੇ ਖਿਡਾਰੀ ਦੁਨੀਆਂ ਦੇ ਸਾਰੇ 7 ਮਹਾਂਦੀਪਾਂ ਦਾ ਚੱਕਰ ਕੱਢਦੇ ਹਨ, ਉਸੇ ਤਰਾਂ ਫੀਫਾ ਵਿਸ਼ਵ ਕੱਪ ਦੀ ਟ੍ਰਾਫੀ ਨੂੰ ਹਿੱਸਾ ਲੈ ਰਹੇ ਮੁਲਕਾਂ ਵਿਚ ਲਿਜਾਇਆ ਜਾਂਦਾ ਹੈ। ਇਸ ਟ੍ਰਾਫੀ ਯਾਤਰਾ ਦੌਰਾਨ ਨਾਮਵਰ ਫੁੱਟਬਾਲ ਖਿਡਾਰੀ ਅਤੇ ਪ੍ਰਬੰਧਕ ਆਪੋ ਆਪਣੇ ਮੁਲਕਾਂ ਵਿਚ ਇਸ ਟ੍ਰਾਫੀ ਨੂੰ ਲੈ ਕੇ ਖੇਡ ਪ੍ਰੇਮੀਆਂ ਕੋਲ਼ ਪਹੁੰਚਦੇ ਹਨ। ਟ੍ਰਾਫੀ ਦੇ ਸਵਾਗਤ ਲਈ ਵਿਸ਼ਾਲ ਸਮਾਗਮ ਕੀਤੇ ਜਾਂਦੇ ਹਨ। ਹਜ਼ਾਰਾਂ ਦੀ ਗਿਣਤੀ ਵਿਚ ਫੁੱਟਬਾਲ ਪ੍ਰੇਮੀ ਇਸ ਟ੍ਰਾਫੀ ਯਾਤਰਾ ਦਾ ਸਵਾਗਤ ਕਰਨ ਲਈ ਹੁੰਮ-ਹੁੰਮਾ ਕੇ ਪਹੁੰਚਦੇ ਹਨ।
ਕਿਹੜੇ ਕਿਹੜੇ ਮੁਲਕਾਂ ਵਿਚ ਕਿੱਥੇ ਪਹੁੰਚੀ ਫੀਫਾ ਵੂਮੈਨਜ ਵਿਸ਼ਵ ਕੱਪ-2023 ਦੀ ਟ੍ਰਾਫੀ
ਟੋਕੀਓ (Tokyo) ਤੋਂ ਚੱਲੀ ਇਹ ਟ੍ਰਾਫੀ ਯਾਤਰਾ ਹੁਣ ਤੱਕ ਸਿਓਲ (ਦੱਖਣੀ ਕੋਰੀਆ), ਮਨੀਲਾ (ਫਿਲਪੀਨਜ਼), ਹਨੋਈ (ਵੀਅਤਨਾਮ), ਸ਼ੰਘਾਈ (ਚੀਨ), ਰਾਬਟ (ਮੋਰੱਕੋ) ਜੌਹਨਸਬਰਗ (ਦੱਖਣੀ ਅਫਰੀਕਾ), ਲੁਸਾਕਾ (ਜ਼ਾਬੀਆ), ਅਬੂਜਾ (ਨਾਈਜ਼ੀਰੀਆ), ਰੀਓ ਡੀ ਜਿਨੇਰੀਓ (ਬ੍ਰਾਜ਼ੀਲ), ਕਾਲੀ (ਕੋਲੰਬੀਆ), ਬਿਊਨਸ ਆਇਰਸ (ਅਰਜਨਟੀਨਾ), ਸੈਨ ਹੋਜੇ (ਕੋਸਟਾਰੀਕਾ), ਪਨਾਮਾ ਸਿਟੀ (ਪਨਾਮਾ), ਸੈਂਟ ਲੁਈਸ (ਅਮਰੀਕਾ), ਨਿਊਯਾਰਕ (ਅਮਰੀਕਾ), ਪੋਰਟ ਔ ਪ੍ਰਿੰਸ (ਹੈਤੀ), ਕਿੰਗਸਟਨ (ਜਮਾਇਕਾ), ਟੋਰੰਟੋ (ਕੈਨੇਡਾ), ਜਿਊਰਿਕ (ਸਵਿਟਜ਼ਰਲੈਂਡ), ਜੈਨੇਵਾ (ਸਵਿਟਜ਼ਰਲੈਂਡ), ਬਰਲਿਨ (ਜਰਮਨੀ), ਕੋਪਨਹੈਗਨ (ਡੈਨਮਾਰਕ), ਗੋਥਨਬਰਗ (ਸਵੀਡਨ), ਓਸਲੋ (ਨਾਰਵੇ), ਡਬਲਿਨ (ਰਿਪਬਲਿਕ ਆਫ ਆਇਰਲੈਂਡ), ਲੰਡਨ (ਇੰਗਲੈਂਡ), ਵੀਨਸ (ਇਟਲੀ), ਹੇਗ਼ (ਨੀਦਰਲੈਂਡ), ਪੈਰਿਸ (ਫਰਾਂਸ), ਮੈਡਰਿਡ (ਸਪੇਨ), ਲਿਸਬਨ (ਪੁਰਤਗਾਲ), ਔਕਲੈਂਡ (ਨਿਊਜ਼ੀਲੈਂਡ), ਸਿਡਨੀ, ਮੈਲਬਰਨ (ਆਸਟ੍ਰੇਲੀਆ), ਹਮਿਲਟਨ (ਨਿਊਜ਼ੀਲੈਂਡ), ਡੂਨੇਡਿਨ (ਨਿਊਜ਼ੀਲੈਂਡ), ਦੀ ਯਾਤਰਾ ਮੁਕੰਮਲ ਕਰ ਚੁੱਕੀ ਹੈ।
ਬ੍ਰਿਸਬੇਨ, ਐਡੀਲੇਡ ਅਤੇ ਪਰਥ ਸ਼ਹਿਰਾਂ ਵਿਚ ਹੋਣਗੀਆਂ ਟ੍ਰਾਫੀ ਯਾਤਰਾਵਾਂ
ਬ੍ਰਿਸਬੇਨ ਵਿਚ ਇਹ ਟ੍ਰਾਫੀ 28 ਜੂਨ ਤੋਂ 1 ਜੁਲਾਈ ਤੱਕ ਰਹੇਗੀ। ਇਨ੍ਹਾਂ 4 ਦਿਨਾਂ ਵਿਚ ਟ੍ਰਾਫੀ ਨੂੰ ਬ੍ਰਿਸਬੇਨ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਖੇਡ ਪ੍ਰੇਮੀਆਂ ਅਤੇ ਆਮ ਲੋਕਾਂ ਦੇ ਵੇਖਣ ਲਈ ਲਿਜਾਇਆ ਜਾਵੇਗਾ। ਇਸ ਤੋਂ ਬਾਅਦ ਐਡੀਲੇਡ ਵਿਚ 2 ਤੋਂ 4 ਜੁਲਾਈ ਜਦਕਿ ਪਰਥ (ਆਸਟ੍ਰੇਲੀਆ) ਵਿਚ 7 ਤੋਂ 10 ਜੁਲਾਈ ਤੱਕ ਟ੍ਰਾਫੀ ਯਾਤਰਾਵਾਂ ਹੋਣਗੀਆਂ। 11 ਜੁਲਾਈ ਨੂੰ ਇਹ ਟ੍ਰਾਫੀ ਅੰਤਿਮ ਪੜਾਅ ਲਈ ਨਿਊਜ਼ੀਲੈਂਡ ਦੇ ਸ਼ਹਿਰ ਵਲਿੰਗਟਨ ਲਈ ਰਵਾਨਾ ਹੋਵੇਗੀ। ਵਲਿੰਗਟਨ ਅਤੇ ਆਸ ਪਾਸ ਦੇ ਇਲਾਕਿਆਂ ਵਿਚ 13 ਤੋਂ 15 ਜੁਲਾਈ ਤੱਕ ਟ੍ਰਾਫੀ ਯਾਤਰਾਵਾਂ ਕਰਵਾਈਆਂ ਜਾਣਗੀਆਂ।
20 ਜੁਲਾਈ ਤੋਂ 20 ਅਗਸਤ ਤੱਕ ਹੋਵੇਗਾ ਫੀਫਾ ਵੂਮੈਨਜ ਵਿਸ਼ਵ ਕੱਪ-2023
ਫੀਫਾ ਵੂਮੈਨਜ ਵਿਸ਼ਵ ਕੱਪ-2023 ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀ ਸਾਂਝੀ ਮੇਜ਼ਬਾਨੀ ਹੇਠ 20 ਜੁਲਾਈ ਤੋਂ 20 ਅਗਸਤ ਤੱਕ ਹੋ ਰਿਹਾ ਹੈ। ਇਸ ਦਾ ਉਦਘਾਟਨੀ ਸਮਾਗਮ 20 ਜੁਲਾਈ ਨੂੰ ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿਚ ਹੋਵੇਗਾ ਜਦਕਿ ਸਮਾਪਤੀ ਸਮਾਗਮ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਕਰਵਾਇਆ ਜਾਵੇਗਾ। ਫੀਫਾ ਵੂਮੈਨਜ ਵਿਸ਼ਵ ਕੱਪ-2023 ਵਿਚ ਪਹਿਲੀ ਵਾਰ 32 ਟੀਮਾਂ ਹਿੱਸਾ ਲੈ ਰਹੀਆਂ ਹਨ। ਇਨ੍ਹਾਂ ਨੂੰ 4-4 ਟੀਮਾਂ ਦੇ 8 ਗਰੁੱਪਾਂ ਵਿਚ ਵੰਡਿਆ ਗਿਆ ਹੈ। ਅਮਰੀਕੀ ਔਰਤਾਂ ਦੀ ਟੀਮ ਹੁਣ ਤੱਕ 4 ਵਾਰ ਫੀਫਾ ਵੁਮੈਨਜ ਵਿਸ਼ਵ ਕੱਪ ਜਿੱਤ ਚੁੱਕੀ ਹੈ। ਇਸੇ ਤਰਾਂ ਅਮਰੀਕੀ ਟੀਮ 4 ਵਾਰ ਹੀ ਉਲੰਪਿਕ ਫੁੱਟਬਾਲ ਚੈਂਪੀਅਨ ਵੀ ਬਣ ਚੁੱਕੀ ਹੈ। ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਕਰਕੇ ਹੀ ਅਮਰੀਕੀ ਔਰਤਾਂ ਦੀ ਟੀਮ ਪਿਛਲੇ ਦੋ ਦਹਾਕੇ ਤੋਂ ਫੀਫਾ ਵਿਸ਼ਵ ਦਰਜਾਬੰਦੀ ਵਿਚ ਚੋਟੀ ‘ਤੇ ਹੈ। ਫੀਫਾ ਵੂਮੈਨਜ ਵਿਸ਼ਵ ਕੱਪ-2023 ਇਸ ਗੱਲੋਂ ਵੀ ਅਹਿਮ ਹੋਵੇਗਾ ਕਿ ਫੀਫਾ ਵੱਲੋਂ ਇਸ ਵਿਸ਼ਵ ਕੱਪ ਵਿਚ ਪਹਿਲੀ ਵਾਰ ਵੀ ਏ ਆਰ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ।

ਫੀਫਾ ਮਹਿਲਾ ਵਿਸ਼ਵ ਕੱਪ 2023 ਕਦੋਂ ਸ਼ੁਰੂ ਹੋਵੇਗਾ ?
ਫੀਫਾ ਵੂਮੈਨਜ ਵਿਸ਼ਵ ਕੱਪ-2023 ਅਗਲੇ ਮਹੀਨੇ ਭਾਵ 20 ਜੁਲਾਈ ਨੂੰ ਸ਼ੁਰੂ ਹੋਵੇਗਾ ਅਤੇ ਅਗਸਤ ਵਿਚ ਖਤਮ ਹੋਵੇਗਾ। ਇਸ ਬਾਰੇ ਹੋਰ ਵੇਰਵੇ ਤੁਸੀਂ ਇਸ ਲਿੰਕ ਉਤੇ ਕਲਿਕ ਕਰਕੇ ਪੜ੍ਹ ਸਕਦੇ ਹੋ।
ਫੀਫਾ ਮਹਿਲਾ ਵਿਸ਼ਵ ਕੱਪ 2023 ਕਿਹੜੇ ਮੁਲਕ ਵਿਚ ਹੋ ਰਿਹਾ ਹੈ ?

ਫੀਫਾ ਵੱਲੋਂ ਮਰਦਾਂ ਦੇ ਫੁੱਟਬਾਲ ਵਿਸ਼ਵ ਕੱਪ ਵਾਂਗ ਹੀ ਹਰ 4 ਸਾਲ ਬਾਅਦ ਫੀਫਾ ਵੂਮੈਨਜ ਵਿਸ਼ਵ ਕੱਪ ਵੀ ਕਰਵਾਇਆ ਜਾਂਦਾ ਹੈ। ਫੀਫਾ ਵੂਮੈਨਜ ਵਿਸ਼ਵ ਕੱਪ-2023 ਇਸ ਵਾਰ ਦੋ ਮੁਲਕਾਂ ਦੀ ਸਾਂਝੀ ਮੇਜ਼ਬਾਨੀ ਹੇਠ ਹੋ ਰਿਹਾ ਹੈ।
ਫੀਫਾ ਵੂਮੈਨਜ ਵਿਸ਼ਵ ਕੱਪ 2023 ਵਿਚ ਕਿੰਨੇ ਮੁਲਕਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ ?
ਫੀਫਾ ਵੂਮੈਨਜ ਵਿਸ਼ਵ ਕੱਪ 2023 ਵਿਚ ਪਹਿਲੀ ਵਾਰ 32 ਮੁਲਕਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਤੋਂ ਪਹਿਲਾਂ ਵੱਧ ਤੋਂ ਵੱਧ 24 ਟੀਮਾਂ ਹਿੱਸਾ ਲੈਂਦੀਆਂ ਸਨ।