
Fifa Ranking-ਫੀਫਾ ਦਰਜਾਬੰਦੀ
ਪਰਮੇਸ਼ਰ ਸਿੰਘ ਬੇਰਕਲਾਂ
ਲੁਧਿਆਣਾ, 10 ਅਕਤੂਬਰ- ਫੀਫਾ ਦਰਜਾਬੰਦੀ ਦੀ ਤਾਜਾ ਸੂਚੀ ਮੁਤਾਬਕ ਮਰਦਾਂ ਦੀਆਂ ਟੀਮਾਂ ਵਿਚੋਂ ਫੁੱਟਬਾਲ ਦੀ ਮਹਾਂਸ਼ਕਤੀ ਬ੍ਰਾਜੀਲ ਪਹਿਲੇ, ਬੈਲਜੀਅਮ ਦੂਜੇ ਅਤੇ ਅਰਜਨਟੀਨਾ ਤੀਜੇ ਸਥਾਨ ’ਤੇ ਹੈ। ਐਤਕੀਂ ਵਿਸ਼ਵ ਕੱਪ ਫੁੱਟਬਾਲ-2022 ਦੀ ਮੇਜ਼ਬਾਨੀ ਕਰ ਰਿਹਾ ਕਤਰ ਇਸ ਸੂਚੀ ਵਿਚ 50ਵੇਂ ਸਥਾਨ ’ਤੇ ਹੈ, ਪਰ ਭਾਰਤ ਇਸ ਵੇਲ਼ੇ ਅਫਰੀਕਾ ਅਤੇ ਅਰਬ ਖਿੱਤੇ ਦੇ ਘਰੇਲੂ ਖਾਨਾਜੰਗੀ ਦਾ ਸ਼ਿਕਾਰ ਅੱਧੀ ਦਰਜ਼ਨ ਮੁਲਕਾਂ ਤੋਂ ਵੀ ਬਹੁਤ ਪਿੱਛੇ ਹੈ। ਵਿਸ਼ਵ ਗੁਰੂ ਹੋਣ ਅਤੇ ਨੇੜ ਭਵਿੱਖ ਵਿਚ ਵੱਡੀ ਆਰਥਿਕ ਸ਼ਕਤੀ (Economic Power) ਬਣਨ ਦੀਆਂ ਅਕਸਰ ਡੀਂਗਾਂ ਮਾਰਨ ਵਾਲ਼ੇ ਭਾਰਤੀ ਹਾਕਮਾਂ (Indian politicians) ਨੂੰ ਇਹ ਜਾਣ ਕੇ ਚੱਪਣੀ ’ਚ ਨੱਕ ਡਬੋ ਲੈਣਾ ਚਾਹੀਦੈ।
ਫੀਫਾ ਦਰਜਾਬੰਦੀ ’ਚ ਫੁੱਟਬਾਲ ਦੀ ਮਹਾਂਸ਼ਕਤੀ ਬ੍ਰਾਜੀਲ ਚੋਟੀ ’ਤੇ
ਫੈਡਰੇਸ਼ਨ ਆਫ ਇੰਟਰਨੈਸ਼ਨ ਫੁੱਟਬਾਲ ਐਸੋਸੀਏਸ਼ਨਜ਼ (FIFA) ਵੱਲੋਂ ਦੁਨੀਆਂ ਦੇ 211 ਮੁਲਕਾਂ ਦੀਆਂ ਫੁੱਟਬਾਲ ਟੀਮਾਂ ਦੀ ਪਿਛਲੇ ਸਾਲਾਂ ਦੀ ਕਾਰਗੁਜਾਰੀ ਦੇ ਆਧਾਰ ’ਤੇ ਟੀਮਾਂ ਦੀ ਦਰਜਾਬੰਦੀ ਵਾਲ਼ੀ ਇਕ ਸੂਚੀ ਜਾਰੀ ਕੀਤੀ ਜਾਂਦੀ ਹੈ। ਪਿਛਲੇ ਹਫਤੇ 6 ਅਕਤੂਬਰ ਨੂੰ ਜਾਰੀ ਕੀਤੀ ਤਾਜਾ ਫੀਫਾ ਦਰਜਾਬੰਦੀ ਸੂਚੀ ਮੁਤਾਬਕ ਬ੍ਰਾਜੀਲ, ਬੈਲਜੀਅਮ ਅਤੇ ਅਰਜਨਟੀਨਾ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਹਨ।
ਬ੍ਰਾਜੀਲ (Brazil) ਦੀ ਟੀਮ 1841.3 ਅੰਕਾਂ ਨਾਲ਼ ਦੁਨੀਆਂ ਦੀ ਸਰਬੋਤਮ ਟੀਮ ਹੈ। ਬ੍ਰਾਜੀਲ ਨੇ ਪਿਛਲੀ ਸੂਚੀ ਦੇ 1837.56 ਅੰਕਾਂ ਨਾਲ਼ੋਂ ਐਤਕੀਂ 3.74 ਅੰਕ ਵੱਧ ਲੈ ਕੇ ਆਪਣੀ ਸਰਦਾਰੀ ਕਾਇਮ ਰੱਖੀ ਹੈ। ਫੁੱਟਬਾਲ ਦੇ ਮਹਾਨਤਮ ਖਿਡਾਰੀ ਪੇਲੇ ਦੀ ਜਨਮ ਭੋਇੰ ਬ੍ਰਾਜੀਲ ਦੀ ਟੀਮ ਆਪਣੇ ਖੇਡ ਹੁਨਰ ਸਦਕਾ ਪਿਛਲੀ ਕਰੀਬ ਇਕ ਸਦੀ ਤੋਂ ਦੁਨੀਆਂ ਭਰ ਦੇ ਫੁੱਟਬਾਲ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਰਹੀ ਹੈ। ਆਲਮੀ ਮੁਕਾਬਲਿਆਂ ’ਚ ਆਪਣੇ ਖੇਡ ਹੁਨਰ ਦਾ ਕਈ ਵਾਰ ਲੋਹਾ ਮਨਵਾ ਚੁੱਕੀ ਬੈਲਜੀਅਮ (Balgium) ਦੀ ਫੁੱਟਬਾਲ ਟੀਮ 1816.71 ਅੰਕਾਂ ਨਾਲ਼ ਦੂਜੇ ਸਥਾਨ ’ਤੇ ਹੈ, ਹਾਲਾਂਕਿ ਉਸ ਦੇ ਪਿਛਲੀ ਸੂਚੀ ਦੇ 1821.92 ਅੰਕਾਂ ਨਾਲ਼ੋਂ ਐਤਕੀਂ 5.21 ਅੰਕ ਘਟ ਗਏ ਹਨ। ਆਪਣੇ ਸਮੇਂ ਦੇ ਮਹਾਨ ਫੁੱਟਬਾਲਰ ਖਿਡਾਰੀ ਡੀਆਗੋ ਮਾਰਾਡੋਨਾ ਤੇ ਤਾਜਾ ਆਲਮੀ ਕੱਪ ਤੋਂ ਬਾਅਦ ਸੰਨਿਆਸ ਲੈਣ ਦਾ ਐਲਾਨ ਕਰਨ ਵਾਲ਼ੇ ਲਿਓਨਲ ਮੈਸੀ ਦੀ ਜਨਮ ਭੋਇੰ ਅਰਜਨਟੀਨਾ (Arzantina) ਇਸ ਵੇਲ਼ੇ 1773.88 ਅੰਕਾਂ ਨਾਲ਼ ਅੰਕ ਸੂਚੀ ਵਿਚ ਤੀਜੇ ਸਥਾਨ ’ਤੇ ਹੈ।

ਇਸ ਤੋਂ ਇਲਾਵਾ ਚੋਟੀ ਦੀਆਂ 10 ਟੀਮਾਂ ਵਿਚ ਫਰਾਂਸ 1759.78 ਅੰਕਾਂ ਨਾਲ਼ ਚੌਥੇ, ਇੰਗਲੈਂਡ 1728.47 ਅੰਕਾਂ ਨਾਲ਼ 5ਵੇਂ, ਇਟਲੀ 1726.14 ਅੰਕਾਂ ਨਾਲ਼ 6ਵੇਂ, ਸਪੇਨ 1715.22 ਅੰਕਾਂ ਨਾਲ਼ 7ਵੇਂ, ਹਾਲੈਂਡ 1694.51 ਅੰਕਾਂ ਨਾਲ਼ 8ਵੇਂ, ਪੁਰਤਗਾਲ 1676.56 ਅੰਕਾਂ ਨਾਲ਼ 9ਵੇਂ ਜਦਕਿ ਡੈਨਮਾਰਕ 1666.57 ਅੰਕਾਂ ਨਾਲ਼ 10ਵੇਂ ਸਥਾਨ ’ਤੇ ਹੈ।
ਸਾਡਾ ਫੇਸਬੁੱਕ ਪੰਨਾ ਵੇਖਣ ਲਈ ਇਸ ਲਿੰਕ ‘ਤੇ ਕਲਿਕ ਕਰੋ
ਫੀਫਾ ਦਰਜਾਬੰਦੀ ’ਚ ਔਰਤਾਂ ਆਪਣੇ ਮੁਲਕ ਦੇ ਮਰਦਾਂ ਤੋਂ ਅੱਗੇ, ਆਲਮੀ ਮਹਾਂਸ਼ਕਤੀ ਅਮਰੀਕਾ ਚੋਟੀ ’ਤੇ
ਔਰਤਾਂ ਦੀ ਫੀਫਾ ਦਰਜਾਬੰਦੀ ਦੀ ਸੂਚੀ ਮੁਤਾਬਕ ਆਲਮੀ ਮਹਾਂਸ਼ਕਤੀ ਅਮਰੀਕਾ ਸਮੇਤ ਦੁਨੀਆਂ ਦੇ ਲਗਪਗ ਸਾਰੇ ਮੁਲਕਾਂ ਦੀਆਂ ਔਰਤਾਂ ਬਿਹਤਰ ਕਾਰਗੁਜਾਰੀ ਵਿਖਾਉਂਦਿਆਂ ਆਪੋ-ਆਪਣੇ ਮੁਲਕ ਦੇ ਮਰਦਾਂ ਤੋਂ ਉਚੇ ਦਰਜੇ ’ਤੇ ਹਨ। ਪਰ ਹੈਰਾਨੀ ਦੀ ਗੱਲ ਹੈ ਕਿ ਪਿਛਲੀ ਕਰੀਬ ਇਕ ਸਦੀ ਤੋਂ ਫੁੱਟਬਾਲ ਦੇ ਜਨੂੰਨ ਲਈ ਜਾਣੇ ਜਾਂਦੇ ਬ੍ਰਾਜੀਲ ਦੀਆਂ ਔਰਤਾਂ ਦੀ ਟੀਮ 1975.82 ਅੰਕਾਂ ਨਾਲ਼ ਆਪਣੇ ਮੁਲਕ ਦੇ ਮਰਦਾਂ ਤੋਂ ਕਾਫੀ ਹੇਠਾਂ ਇਸ ਸੂਚੀ ਵਿਚ 9ਵੇਂ ਸਥਾਨ ’ਤੇ ਹੈ। ਅਮਰੀਕਾ ਦੀਆਂ ਔਰਤਾਂ 2111.47 ਅੰਕਾਂ ਨਾਲ਼ ਚੋਟੀ ’ਤੇ ਹਨ। ਨਾਜੀ ਮੁਲਕ ਜਰਮਨੀ ਦੀਆਂ ਔਰਤਾਂ 2059.75 ਅੰਕਾਂ ਨਾਲ਼ ਦੂਜੇ ਜਦਕਿ ਬੋਫਰਜ਼ ਤੋਪਾਂ ਬਣਾਉਣ ਲਈ ਮਸ਼ਹੂਰ ਯੂਰਪੀ ਮੁਲਕ ਸਵੀਡਨ ਦੀਆਂ ਔਰਤਾਂ ਨੂੰ 2050.18 ਅੰਕਾਂ ਨਾਲ਼ ਤੀਜੇ ਸਥਾਨ ਸਥਾਨ ’ਤੇ ਹਨ। ਇਸ ਦਰਜਾਬੰਦੀ ਵਿਚ ਚੋਟੀ ਦੀਆਂ 10 ਟੀਮਾਂ ਵਿਚ ਇੰਗਲੈਂਡ 2044.39 ਅੰਕਾਂ ਨਾਲ਼ ਚੌਥੇ (4), ਫਰਾਂਸ 2037.69 ਅੰਕਾਂ ਨਾਲ਼ 5ਵੇਂ, ਹਾਲੈਂਡ 2002.99 ਅੰਕਾਂ ਨਾਲ਼ 6ਵੇਂ, ਕੈਨੇਡਾ 1986.51 ਅੰਕਾਂ ਨਾਲ਼ 7ਵੇਂ, ਸਪੇਨ 1983.13 ਅੰਕਾਂ ਨਾਲ਼ 8ਵੇਂ ਜਦਕਿ ਕੋਰੀਆ ਡੈਮੋਕ੍ਰੈਟਿਕ ਰਿਪਬਲਿਕ 1940 ਅੰਕਾਂ ਨਾਲ਼ 10ਵੇਂ ਸਥਾਨ ’ਤੇ ਹੈ। ਇਸੇ ਤਰਾਂ ਰੂਸ ਦੀਆਂ ਔਰਤਾਂ 1717 ਅੰਕਾਂ ਨਾਲ਼ 24ਵੇਂ, ਪੀਪਲਜ਼ ਰਿਪਬਲਿਕ ਚੀਨ 1862.87 ਅੰਕਾਂ ਨਾਲ਼ 16ਵੇਂ, ਜਦਕਿ ਭਾਰਤ ਦੀਆਂ ਔਰਤਾਂ ਵੀ 1425.51 ਅੰਕਾਂ ਨਾਲ਼ 58ਵੇਂ ਸਥਾਨ ’ਤੇ ਹਨ।
ਸਮੇਂ-ਸਮੇਂ ’ਤੇ ਵੱਖੋ-ਵੱਖ ਮੁਲਕਾਂ ਦੇ ਖਿਡਾਰੀਆਂ ਨੇ ਮਨਵਾਇਆ ਆਪਣੇ ਖੇਡ ਹੁਨਰ ਦਾ ਲੋਹਾ
ਹਰ ਖੇਡ ਵਿਚ ਕਿਸੇ ਇਕ ਮੁਲਕ ਜਾਂ ਖਿੱਤੇ ਦੀ ਟੀਮ ਨੇ ਸਮੇਂ ਸਮੇਂ ’ਤੇ ਆਪਣੇ ਖੇਡ ਹੁਨਰ ਦਾ ਲੋਹਾ ਮਨਵਾਇਆ ਹੈ, ਪਰ ਇਸ ਚੜ੍ਹਤ ਦੇ ਪਿੱਛੇ ਹਮੇਸ਼ਾ ਉਸ ਟੀਮ ਦੇ ਕਿਸੇ ਖਾਸ ਖਿਡਾਰੀ ਦਾ ਯੋਗਦਾਨ ਹੁੰਦਾ ਹੈ। ਕੋਈ ਸਮਾਂ ਸੀ ਜਦੋਂ ਫੁੱਟਬਾਲ ਵਿਚ ਪੇਲੇ (Edson Arantes do Nascimento alias Pele) ਅਤੇ ਹਾਕੀ ਵਿਚ ਧਿਆਨ ਚੰਦ (Dhian Chand) ਦਾ ਨਾਂਅ ਇਨ੍ਹਾਂ ਖੇਡਾਂ ਦੇ ਯਾਦੂਗਰ ਵਜੋਂ ਮਸ਼ਹੂਰ ਸੀ। ਪਰ ਸਮਾਂ ਬਦਲਣ ਦੇ ਨਾਲ਼ ਫੁੱਟਬਾਲ ਦੇ ਹੁਨਰ ਦੀ ਯਾਦੂਗਰੀ ਵੀ ਇਕ ਤੋਂ ਦੂਜੇ ਖਿਡਾਰੀ ਵਿਚ ਤਬਦੀਲ ਹੁੰਦੀ ਰਹੀ। ਭਾਵੇਂ ਉਹ ਜਰਮਨੀ ਦਾ ਗੇਰਡ ਮੂਲਰ (Muller) ਸੀ ਜਾਂ ਅਰਜਨਟੀਨਾ ਦਾ ਡਿਆਗੋ ਮਾਰਾਡੋਨਾ (Diago Maradona)। ਇਸੇ ਤਰਾਂ ਬ੍ਰਾਜੀਲ ਬ੍ਰਾਜੀਲ ਦਾ ਰੋਨਾਲਡੋ ਮੈਰੀਰਾ (Ronaldo de Assis Moreira) ਉਰਫ ਰੋਨਾਲਡੀਨੋ ਅਤੇ ਨੇਮਾਰ (Neymar), ਪੁਰਤਗਾਲ ਦਾ ਕ੍ਰਿਸਟੀਨੋ ਰੋਨਾਲਡੋ (Cristiano Ronaldo), ਇੰਗਲੈਂਡ ਦਾ ਡੇਵਿਡ ਬੇਕਹਮ (David beckham) ਅਤੇ ਅਰਜਨਟੀਨਾ ਦੇ ਲਿਓਨਲ ਮੈਸੀ (Lionel Messi)। ਇਹ ਸਾਰੇ ਖਿਡਾਰੀ ਖੇਡ ਮੈਦਾਨ ਵਿਚ ਵਾਬਰੋਲ਼ੇ ਵਾਂਗ ਉਠੇ ਅਤੇ ਹਨੇਰੀ ਬਣ ਕੇ ਫੁੱਟਬਾਲ ਜਗਤ ਵਿਚ ਛਾਅ ਗਏ। ਪਰ ਜਿਵੇਂ ਕਹਿੰਦੇ ਹਨ ਕਿ ਬਦਲਾਅ ਕੁਦਰਤ ਦਾ ਅਟੱਲ ਨਿਯਮ ਹੈ ਤੇ ਇਸ ਬਦਲਾਅ ਮੁਤਾਬਕ ਖੇਡ ਜਗਤ ਦੇ ਇਨ੍ਹਾਂ ਚੋਟੀ ਦੇ ਧੁਰੰਦਰਾਂ ਦਾ ਸਮਾਂ ਵੀ ਇਕ ਦਿਨ ਤਾਂ ਬਦਲਣਾ ਹੀ ਸੀ।
ਚੋਟੀ ਦੀਆਂ ਫੌਜੀ ਤੇ ਆਰਥਿਕ ਸ਼ਕਤੀਆਂ ਵੀ ਫੁੱਟਬਾਲ ਦਰਜਾਬੰਦੀ ’ਚ ਗਰੀਬ ਗੁਆਂਢੀ ਮੁਲਕਾਂ ਤੋਂ ਕਾਫੀ ਪਿੱਛੇ:
ਹਾਲਾਂਕਿ ਉਲੰਪਿਕ (Olympics) ਖੇਡਾਂ ਵਿਚ ਅਮਰੀਕਾ (United States), ਰੂਸ (Russia) ਅਤੇ ਚੀਨ (China) ਦੀ ਪਿਛਲੇ ਕਈ ਦਹਾਕਿਆਂ ਤੋਂ ਧਾਂਕ ਹੈ ਪਰ ਫੁੱਟਬਾਲ (Football) ਦੇ ਮਾਮਲੇ ਵਿਚ ਇਹ ਮਹਾਂਸ਼ਕਤੀਆਂ ਆਪਣੇ ਗੁਆਂਢੀ ਅਤੇ ਮੁਕਾਬਲਤ ਬਹੁਤ ਛੋਟੇ ਤੇ ਗਰੀਬ ਮੁਲਕਾਂ ਤੋਂ ਕਾਫੀ ਪਿੱਛੇ ਹਨ। ਫੀਫਾ ਦਰਜਾਬੰਦੀ ਦੀ ਸੂਚੀ ਵਿਚ ਫੌਜੀ ਅਤੇ ਆਰਥਿਕ ਸ਼ਕਤੀ ਪੱਖੋਂ ਦੁਨੀਆਂ ਦੀ ਚੋਟੀ ਦੀ ਮਹਾਂਸ਼ਕਤੀ ਅਮਰੀਕਾ 1627.48 ਅੰਕਾਂ ਨਾਲ਼ 16ਵੇਂ ਸਥਾਨ ’ਤੇ ਹੈ। ਪਰ ਅਮਰੀਕਾ ਦਾ ਗੁਆਂਢੀ ਗਰੀਬ ਮੁਲਕ ਮੈਕਸੀਕੋ (Mexico) 1644.89 ਅੰਕਾਂ ਨਾਲ਼ 13ਵੇਂ, ਇਕ ਦਹਾਕਾ ਖਾਨਾਜੰਗੀ ਦਾ ਸ਼ਿਕਾਰ ਰਿਹਾ ਨਿੱਕਾ ਜਿਹਾ ਮੁਲਕ ਕਰੋਏਸ਼ੀਆ (Croatia) 1645.64 ਅੰਕਾਂ ਨਾਲ਼ 12ਵੇਂ ਜਦਕਿ ਪੰਜਾਬੀ ਦੀ ਮਸ਼ਹੂਰ ਕਹਾਵਤ ‘ਤਿੰਨਾਂ ’ਚੋਂ ਨਾ ਤੇਰਾਂ ’ਚੋਂ’ ਮੁਤਾਬਿਕ ਅਮਰੀਕਾ ਦੇ ਮੁਕਾਬਲੇ ਕਿਸੇ ਵੀ ਗਿਣਤੀ ਵਿਚ ਨਾ ਆਉਣ ਵਾਲ਼ਾ ਸੈਨੇਗਲ (Senegal) 1584.38 ਅੰਕਾਂ ਨਾਲ਼ 18ਵੇਂ ਸਥਾਨ ’ਤੇ ਹੈ।
ਇਸ ਵੇਲ਼ੇ ਜੰਗ ਦੀ ਮਾਰ ਝੱਲ ਰਿਹਾ ਯੂਕ੍ਰੇਨ (Ukrain) 1536.99 ਅੰਕਾਂ ਨਾਲ਼ 27ਵੇਂ ਜਦਕਿ ਉਸ ’ਤੇ ਹਮਲਾ ਕਰਨ ਵਾਲ਼ਾ ਦੁਨੀਆਂ ਦੀ ਚੋਟੀ ਦੀ ਫੌਜੀ ਤਾਕਤ ਰੂਸ 1496.11 ਅੰਕਾਂ ਨਾਲ਼ 33ਵੇਂ ਸਥਾਨ ’ਤੇ ਹੈ। ਇਸੇ ਤਰਾਂ ਅਮਰੀਕਾ ਨਾਲ਼ ਪਿਛਲੇ ਤਿੰਨ ਦਹਾਕੇ ਤੋਂ ਡਟ ਕੇ ਖਹਿਬਾਜ਼ੀ ਕਰ ਰਿਹਾ ਤੇ ਇਸ ਵੇਲ਼ੇ ਦੁਨੀਆਂ ਦੀ ਚੋਟੀ ਦੀਆਂ 5 ਆਰਥਿਕ ਤਾਕਤਾਂ ਵਿਚ ਸ਼ੁਮਾਰ ਪੀਪਲ ਰਿਪਬਲਿਕ ਚੀਨ ਵੀ 1305.01 ਅੰਕਾਂ ਨਾਲ਼ 79ਵੇਂ ਸਥਾਨ ’ਤੇ ਹੈ। ਜਦਕਿ ਉਸ ਦਾ ਛੋਟਾ ਜਿਹਾ ਗੁਆਂਢੀ ਮੁਲਕ ਕੋਰੀਆ 1530 ਅੰਕਾਂ ਨਾਲ਼ 28ਵੇਂ ਸਥਾਨ ’ਤੇ ਹੈ। ਏਦਾਂ ਹੀ ਚੀਨ ਦੇ ਮੁਕਾਬਲੇ ‘ਆਟੇ ’ਚ ਲੂਣ’ ਬਰਾਬਰ ਮੰਨਿਆ ਜਾਣ ਵਾਲ਼ਾ ਅਫਰੀਕੀ ਮੁਲਕ ਮਾਲੀ 1448.85 ਅੰਕਾਂ ਨਾਲ਼ 46ਵੇਂ ਸਥਾਨ ’ਤੇ ਹੈ।
‘ਵਿਸ਼ਵ ਗੁਰੂ’ ਹੋਣ ਦੀਆਂ ਡੀਂਗਾਂ ਮਾਰਨ ਵਾਲ਼ੇ ਭਾਰਤ ਦੀ ਫੁੱਟਬਾਲ ਦਰਜਾਬੰਦੀ ’ਚ ਹਾਲਤ ਖਸਤਾ:
ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤੀ ਆਗੂ (Indian Politicians) ਅਕਸਰ ਪੁਰਾਣੇ ਗ੍ਰੰਥਾਂ ਅਤੇ ਮਿਥਿਹਾਸਕ ਕਹਾਣੀਆਂ ਦਾ ਹਵਾਲਾ ਦੇ ਕੇ ‘ਵਿਸ਼ਵ-ਗੁਰੂ’ ਹੋਣ ਦੀਆਂ ਡੀਂਗਾਂ ਮਾਰਦੇ ਰਹਿੰਦੇ ਹਨ। ਪਰ ਕੌਮਾਂਤਰੀ ਫੁੱਟਬਾਲ ਫੈਡਰੇਸ਼ਨ (FIFA) ਵੱਲੋਂ ਜਾਰੀ ਫੀਫਾ ਦਰਜਾਬੰਦੀ ਵਿਚ ਭਾਰਤ ਦੀ ਹਾਲਤ ‘ਭੁੱਖੇ ਨੰਗੇ’ ਆਖੇ ਜਾਂਦੇ ਅਫਰੀਕੀ ਮੁਲਕਾਂ ਅਤੇ ਪਿਛਲੇ ਦੋ ਦਹਾਕਿਆਂ ਦੌਰਾਨ ਜੰਗਾਂ ਨਾਲ਼ ਬੁਰੀ ਤਰਾਂ ਤਬਾਹ ਹੋਏ ਅਰਬ ਖਿੱਤੇ ਦੇ ਮੁਲਕਾਂ ਨਾਲ਼ੋਂ ਵੀ ਖਸਤਾ ਹੈ। ਕੌਮਾਂਤਰੀ ਫੁੱਟਬਾਲ ਫੈਡਰੇਸ਼ਨ ਵੱਲੋਂ ਜਾਰੀ ਕੀਤੀ ਤਾਜਾ ਸੂਚੀ ਮੁਤਾਬਕ ਭਾਰਤ 1192.09 ਅੰਕਾਂ ਨਾਲ਼ 106ਵੇਂ ਸਥਾਨ ’ਤੇ ਹੈ।
ਦੂਜੇ ਪਾਸੇ ਅਫਰੀਕੀ ਮਹਾਂਦੀਪ ਦੇ ਬੇਹੱਦ ਗਰੀਬ ਮੁਲਕਾਂ ਵਿਚੋਂ ਬੁਰਕੀਨਾ ਫਾਸੋ 1438.25 ਅੰਕਾਂ ਨਾਲ਼ 54ਵੇਂ, ਘਾਨਾ 1393 ਅੰਕਾਂ ਨਾਲ਼ 61ਵੇਂ, ਡੈਮੋਕ੍ਰੈਟਿਕ ਰਿਪਬਲਿਕ ਕਾਂਗੋ (Congo)1333.92 ਅੰਕਾਂ ਨਾਲ਼ 73ਵੇਂ, ਜਾਂਬੀਆ 1267.41 ਅੰਕਾਂ ਨਾਲ਼ 88ਵੇਂ, ਯੂਗਾਂਡਾ (Uganda) 1260.69 ਅੰਕਾਂ ਨਾਲ਼ 89ਵੇਂ, ਅਮਰੀਕਾ ਵੱਲੋਂ ਰਸਾਇਣਕ ਹਥਿਆਰਾਂ ਦੀ ਝੂਠੀ ਕਹਾਣੀ ਬਣਾ ਕੇ ਤਬਾਹ ਕੀਤਾ ਗਿਆ ਇਰਾਕ (Iraq) 1343 ਅੰਕਾਂ ਨਾਲ਼ 68ਵੇਂ, ਖਾਨਾਜੰਗੀ ਦਾ ਸ਼ਿਕਾਰ ਸੀਰੀਆ (Sirya) 1255.92 ਅੰਕਾਂ ਨਾਲ਼ 90ਵੇਂ ਜਦਕਿ ਆਪਣੀ ਹੋਂਦ ਹਸਤੀ ਦੀ ਲੜਾਈ ਲੜ ਰਿਹਾ ਫਿਲਸਤੀਨ (Pelastine) 1233.72 ਅੰਕਾਂ ਨਾਲ਼ 94ਵੇਂ ਸਥਾਨ ’ਤੇ ਹਨ।
ਫੀਫਾ ਦਰਜਾਬੰਦੀ (Fifa Ranking) ਵਿੱਚ ਨੰਬਰ 1 ਕੌਣ ਹੈ?
ਫੀਫਾ ਦਰਜਾਬੰਦੀ ਦੀ ਤਾਜਾ ਸੂਚੀ ਮੁਤਾਬਕ ਦੁਨੀਆਂ ਦੀ ਸਭ ਤੋਂ ਚਰਚਿਤ ਟੀਮ ਬ੍ਰਾਜੀਲ 1841.3 ਅੰਕਾਂ ਨਾਲ਼ ਪਹਿਲੇ ਸਥਾਨ ‘ਤੇ ਹੈ। ਕੌਮਾਂਤਰੀ ਫੁੱਟਬਾਲ ਫੈਡਰੇਸ਼ਨ ਵੱਲੋਂ 6 ਅਕਤੂਬਰ ਨੂੰ ਜਾਰੀ ਕੀਤੀ ਸੂਚੀ ਵਿਚ ਬੈਲਜੀਅਮ ਦੂਜੇ ਅਤੇ ਅਰਜਨਟੀਨਾ ਤੀਜੇ ਸਥਾਨ ‘ਤੇ ਹਨ। ਸੂਚੀ ਦੇ ਹੋਰ ਵੇਰਵੇ ਹੈਰਾਨ ਕਰਨ ਵਾਲ਼ੇ ਹਨ।
ਫੀਫਾ ਦੀ ਤਾਜ਼ਾ ਦਰਜਾਬੰਦੀ (Fifa Ranking) ਕੀ ਹੈ?
ਕੌਮਾਂਤਰੀ ਫੁੱਟਬਾਲ ਫੈਡਰੇਸ਼ਨ ਵੱਲੋਂ 211 ਮੈਂਬਰ ਮੁਲਕਾਂ ਦੀਆਂ ਟੀਮਾਂ ਦੀ ਕਾਰਗੁਜ਼ਾਰੀ ਦੇ ਅਧਾਰ ‘ਤੇ ਫੀਫਾ ਦਰਜਾਬੰਦੀ ਦੀ ਸੂਚੀ ਜਾਰੀ ਕੀਤੀ ਜਾਂਦੀ ਹੈ। ਇਸ ਸੂਚੀ ਨੂੰ ਵੱਡੇ ਫੁੱਟਬਾਲ ਟੂਰਨਾਮੈਂਟਾਂ ਤੋਂ ਬਾਅਦ ਨਵਿਆਇਆ ਜਾਂਦਾ ਹੈ। ਤਾਜਾ ਸੂਚੀ 6 ਅਕਤੂਬਰ ਨੂੰ ਜਾਰੀ ਕੀਤੀ ਗਈ ਹੈ, ਜਿਸ ਵਿਚ ਬ੍ਰਾਜੀਲ ਚੋਟੀ ‘ਤੇ ਹੈ।
ਦੁਨੀਆ ਦੀ ਸਭ ਤੋਂ ਸਰਬੋਤਮ ਫੁੱਟਬਾਲ ਟੀਮ (Best football team) ਕਿਹੜੀ ਹੈ?
ਵੱਡੇ ਫੁੱਟਬਾਲ ਟੂਰਨਾਮੈਂਟਾਂ ਵਿਚ ਟੀਮਾਂ ਦੀ ਕਾਰਗੁਜ਼ਾਰੀ ਦੇ ਅਧਾਰ ‘ਤੇ ਜਾਰੀ ਕੀਤੀ ਜਾਂਦੀ ਫੀਫਾ ਦਰਜਾਬੰਦੀ ਦੀ ਸੂਚੀ ਮੁਤਾਬਕ ਬ੍ਰਾਜੀਲ ਇਸ ਵੇਲ਼ੇ ਦੁਨੀਆਂ ਦੀ ਸਰਬੋਤਮ ਫੁੱਟਬਾਲ ਟੀਮ ਹੈ।
ਫੀਫਾ ਦਰਜਾਬੰਦੀ (Fifa Ranking) ਵਿਚ ਭਾਰਤ ਦੀ ਸਥਿਤੀ ਕੀ ਹੈ?
ਭਾਰਤ ਦੀ ਮਰਦਾਂ ਦੀ ਟੀਮ ਇਸ ਵੇਲ਼ੇ 211 ਮੁਲਕਾਂ ਵਿਚੋਂ 106ਵੇਂ ਸਥਾਨ ‘ਤੇ ਹੈ। ਕੌਮਾਂਤਰੀ ਫੁੱਟਬਾਲ ਫੈਡਰੇਸ਼ਨ ਵੱਲੋਂ ਜਾਰੀ ਕੀਤੀ ਫੀਫਾ ਦਰਜਾਬੰਦੀ ਦੀ ਤਾਜਾ ਸੂਚੀ ਮੁਤਾਬਕ ਭਾਰਤ ਇਸ ਵੇਲ਼ੇ ਦੁਨੀਆਂ ਦੇ ਬੇਹੱਦ ਗਰੀਬ ਮੁਲਕਾਂ ਤੋਂ ਵੀ ਬਹੁਤ ਪਿੱਛੇ ਹੈ।
ਫੀਫਾ ਦਰਜਾਬੰਦੀ ਦੀ ਸੂਚੀ ਵਿਚ ਭਾਰਤੀ ਔਰਤਾਂ ਦੀ ਸਥਿਤੀ ਕੀ ਹੈ?
ਕੌਮਾਂਤਰੀ ਫੁੱਟਬਾਲ ਫੈਡਰੇਸ਼ਨ ਵੱਲੋਂ ਮਰਦਾਂ ਅਤੇ ਔਰਤਾਂ ਦੀ ਫੀਫਾ ਦਰਜਾਬੰਦੀ ਲਈ ਵੱਖੋ-ਵੱਖ ਸੂਚੀਆਂ ਜਾਰੀ ਕੀਤੀਆਂ ਜਾਂਦੀਆਂ ਹਨ। ਕੁੱਝ ਸਮਾਂ ਪਹਿਲਾਂ ਜਾਰੀ ਸੂਚੀ ਮੁਤਾਬਕ ਭਾਰਤ ਦੀਆਂ ਔਰਤਾਂ 1425.51 ਅੰਕਾਂ ਨਾਲ਼ 58ਵੇਂ ਸਥਾਨ ’ਤੇ ਹਨ।
Very very good job
Very good initiative