

ਸਤਿ ਸ੍ਰੀ ਅਕਾਲ ਦੋਸਤੋ
ਮੇਰਾ ਨਾਂਅ ਪਰਮੇਸ਼ਰ ਸਿੰਘ ਬੇਰ ਕਲਾਂ ਹੈ ਤੇ ਮੇਰੇ ਕਰੀਬੀ ਦੋਸਤ ਤੇ ਜਾਣਕਾਰ ਅਕਸਰ ਮੈਨੂੰ ਲਾਡ ਨਾਲ਼ ‘ਰੱਬ ਜੀ’ ਕਹਿ ਕੇ ਬੁਲਾਉਂਦੇ ਹਨ। ਮੇਰਾ ਪਿੰਡ ਬੇਰ ਕਲਾਂ ਹੈ ਜੋ ਕਿ ਲੁਧਿਆਣਾ ਜ਼ਿਲ੍ਹੇ ਦੀ ਪਾਇਲ ਤਹਿਸੀਲ ਵਿਚ ਮਲੌਦ ਕਸਬੇ ਦੇ ਨੇੜੇ ਸਥਿਤ ਹੈ। ਪਰ ਮੈਂ ਪਿਛਲੇ ਲੰਮੇਂ ਸਮੇਂ ਤੋਂ ਲੁਧਿਆਣਾ ਸ਼ਹਿਰ ਵਿਚ ਹੀ ਰਹਿ ਰਿਹਾ ਹਾਂ।
ਪੱਤਰਕਾਰਤਾ ਦੇ ਖੇਤਰ ਵਿਚ ਮੇਰਾ ਤਜ਼ਰਬਾ
ਮੈਂ ਪਿਛਲੇ ਕਰੀਬ ਢਾਈ ਦਹਾਕੇ ਤੋਂ ਪੰਜਾਬੀ ਪੱਤਰਕਾਰੀ ਦੇ ਖੇਤਰ ਵਿਚ ਸੇਵਾਵਾਂ ਦੇ ਰਿਹਾ ਹਾਂ। ਪਿਛਲੇ 23-24 ਸਾਲਾਂ ਦੌਰਾਨ ਪਹਿਲਾਂ ਮੈਂ 10 ਸਾਲ ਦੇ ਕਰੀਬ ‘ਪੰਜਾਬੀ ਟ੍ਰਿਬਿਊਨ’ ਲਈ ਕੰਮ ਕਰਦਾ ਰਿਹਾ ਹਾਂ ਅਤੇ ਬਾਅਦ ਵਿਚ ਲਗਪਗ 10 ਸਾਲ ਹੀ ਰੋਜ਼ਾਨਾ ਅਜੀਤ ਵਾਸਤੇ ਲੁਧਿਆਣਾ ਤੋਂ ਬਤੌਰ ਪੱਤਰਕਾਰ ਸੇਵਾਵਾਂ ਦਿੱਤੀਆਂ ਹਨ। ਇਸ ਦੌਰਾਨ ਮੈਂ ਰਾਜਨੀਤਕ, ਧਾਰਮਿਕ, ਸਮਾਜਿਕ ਅਤੇ ਸਿੱਖਿਆ ਤੋਂ ਇਲਾਵਾ ਖੇਡਾਂ ਦੀ ਕਵਰੇਜ ਵੀ ਪ੍ਰਮੁੱਖਤਾ ਨਾਲ਼ ਕੀਤੀ ਹੈ। ਪੰਜਾਬ ਦੀਆਂ ਪੇਂਡੂ ਖੇਡਾਂ (Rural-Sports) ਤੋਂ ਲੈ ਕੇ ਕੌਮੀ ਖੇਡਾਂ (National Games) ਤੱਕ, ਬਾਸਕਿਟਬਾਲ, ਕਬੱਡੀ, ਹਾਕੀ, ਫੁੱਟਬਾਲ, ਐਥਲੈਟਿਕਸ, ਸਾਈਕਲਿੰਗ, ਬੈਡਮਿੰਟਨ, ਕੁਸ਼ਤੀ ਅਤੇ ਹੋਰ ਖੇਡਾਂ ਦੇ ਟੂਰਨਾਮੈਂਟਾਂ ਦੀ ਕਵਰੇਜ ਕੀਤੀ ਹੈ। ਇਸ ਤੋਂ ਇਲਾਵਾ ਚੋਟੀ ਦੇ ਕੌਮਾਂਤਰੀ ਖੇਡ ਮੁਕਾਬਲਿਆਂ ਜਿਵੇਂ ਓਲੰਪਿਕ, ਰਾਸ਼ਟਰ ਮੰਡਲ ਖੇਡਾਂ, ਵਿਸ਼ਵ ਹਾਕੀ ਕੱਪ, ਵਿਸ਼ਵ ਫੁੱਟਬਾਲ ਕੱਪ ਆਦਿ ਬਾਰੇ ਮੇਰੇ ਲਿਖੇ ਹੋਏ ਵਿਸ਼ੇਸ਼ ਲੇਖ ਵੀ ਪੰਜਾਬੀ ਟ੍ਰਿਬਿਊਨ (Punjabi Tribune) ਅਤੇ ਰੋਜ਼ਾਨਾ ਅਜੀਤ (Daily Ajit) ਵਿਚ ਛਪਦੇ ਰਹੇ ਹਨ।
ਸਪੋਰਟਸ ਪਰਲਜ ਵੈਬ ਸਾਈਟ ਬਣਾਉਣ ਦਾ ਉਦੇਸ਼
ਇਹ ਵੈਬ-ਸਾਈਟ ਵੱਖੋ-ਵੱਖ ਖੇਡਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਇਕੋ ਥਾਂ ਉਪਰ ਪੇਸ਼ ਕਰਨ ਦੇ ਉਦੇਸ਼ ਨਾਲ਼ ਬਣਾਈ ਗਈ ਹੈ। ਹਾਲਾਂਕਿ ਉਲੰਪਿਕਸ, ਵੱਖ-ਵੱਖ ਖੇਡਾਂ ਦੇ ਵਿਸ਼ਵ-ਕੱਪ, ਏਸ਼ੀਆਈ ਖੇਡਾਂ, ਯੂਰੋ ਕੱਪ ਆਦਿ ਸਮੇਤ ਹੋਰ ਕੌਮਾਂਤਰੀ ਮੁਕਾਬਲਿਆਂ ਬਾਰੇ ਵੱਖੋ-ਵੱਖ ਵੈਬ-ਸਾਈਟਾਂ ਪਹਿਲਾਂ ਹੀ ਮੌਜੂਦ ਹਨ। ਪਰ ਇਨ੍ਹਾਂ ਵਿਚੋਂ ਬਹੁਤੀਆਂ ਅੰਗਰੇਜ਼ੀ ਭਾਸ਼ਾ ਵਿਚ ਹਨ।
ਇਸ ਵੈਬ-ਸਾਈਟ ਰਾਹੀਂ ਪੰਜਾਬੀ ਪਾਠਕਾਂ ਲਈ ਸਾਰੀਆਂ ਪ੍ਰਮੁੱਖ ਖੇਡਾਂ ਦੇ ਵੱਖੋ-ਵੱਖ ਕੌਮਾਂਤਰੀ ਮੁਕਾਬਲਿਆਂ ਬਾਰੇ ਪ੍ਰਮੁੱਖ ਤੱਥ, ਚੋਟੀ ਦੇ ਖਿਡਾਰੀਆਂ ਦੀ ਕਾਰਗੁਜਾਰੀ ਅਤੇ ਖੇਡਾਂ ਬਾਰੇ ਕੁੱਝ ਹੋਰ ਦਿਲਚਸਪ ਕਿੱਸੇ ਇਕੋ ਥਾਂ ਪੇਸ਼ ਕਰਨਾ ਹੀ ਸਾਡਾ ਮਕਸਦ ਹੈ। ਇਸ ਵੈਬਸਾਈਟ ਰਾਹੀਂ ਅਸੀਂ ਪਾਠਕਾਂ ਵਾਸਤੇ ਮਿਆਰੀ ਪੜ੍ਹਨਯੋਗ ਜਾਣਕਾਰੀ ਪੇਸ਼ ਕਰਨ ਲਈ ਚੋਟੀ ਦੇ ਖੇਡ-ਲਿਖਾਰੀਆਂ ਅਤੇ ਸਾਬਕਾ ਖਿਡਾਰੀਆਂ ਦੀਆਂ ਲਿਖਤਾਂ ਪੇਸ਼ ਕਰਨ ਦਾ ਯਤਨ ਕਰਾਂਗੇ।

ਤੁਹਾਡੇ ਸੁਝਾਵਾਂ ਦਾ ਹਮੇਸ਼ਾ ਸਵਾਗਤ ਹੈ। ਤੁਸੀਂ ਹੇਠਲੇ ਫਾਰਮ ਰਾਹੀਂ ਆਪਣੇ ਕੀਮਤੀ ਸੁਝਾਅ ਸਾਨੂੰ ਭੇਜ ਸਕਦੇ ਹੋ।