Site icon

IPL 2023 : Sam Curran became the most expensive player of IPL

ਸੈਮ ਕੁਰਨ ਆਈਪੀਐਲ ਦੇ ਸਭ ਤੋਂ ਮਹਿੰਗੇ ਖਿਡਾਰੀ, 10 ਟੀਮਾਂ ਨੇ ਖਰੀਦੇ 80 ਖਿਡਾਰੀ

ਪਰਮੇਸ਼ਰ ਸਿੰਘ ਬੇਰਕਲਾਂ

ਲੁਧਿਆਣਾ, 25 ਦਸੰਬਰ : IPL 2023 ਵਾਸਤੇ ਖਿਡਾਰੀਆਂ ਦੀ ਮਿੰਨੀ ਨਿਲਾਮੀ ਦੌਰਾਨ ਇੰਗਲੈਂਡ ਦਾ ਹਰਫਨਮੌਲਾ ਖਿਡਾਰੀ ਸੈਮ ਕੁਰਨ (Sam Curran) ਆਈ ਪੀ ਐਲ ਦੇ ਹੁਣ ਤੱਕ ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ ਹੈ, ਜਿਸ ਨੂੰ ਪੰਜਾਬ ਕਿੰਗਜ ਦੀ ਪ੍ਰਬੰਧਕ ਪ੍ਰੀਟੀ ਜਿੰਟਾ ਨੇ 18 ਕਰੋੜ 50 ਲੱਖ ਰੁਪਏ ਦੀ ਮੋਟੀ ਰਕਮ ’ਤੇ ਖਰੀਦ ਕੇ ਖੇਡ ਪ੍ਰੇਮੀਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ 2021 ਵਿਚ ਰਾਜਸਥਾਨ ਰਾਇਲਜ਼ ਦੇ ਪ੍ਰਬੰਧਕਾਂ ਵੱਲੋਂ ਦੱਖਣੀ ਅਫਰੀਕਾ ਦੇ ਹਰਫਨਮੌਲਾ ਖਿਡਾਰੀ ਕਰਿਸ ਮੌਰਿਸ (Chris Morris) ਨੂੰ 16 ਕਰੋੜ 25 ਲੱਖ ਰੁਪਏ ਵਿਚ ਖਰੀਦਿਆ ਗਿਆ ਸੀ। ਆਸਟ੍ਰੇਲੀਅਨ ਖਿਡਾਰੀ ਕੈਮਰੂਨ ਗ੍ਰੀਨ (Cameron Green) ਨੂੰ ਮੁੰਬਈ ਇੰਡੀਅਨਜ਼ ਨੇ ਐਤਕੀਂ 17 ਕਰੋੜ 50 ਲੱਖ ਰੁਪਏ ਵਿਚ ਖਰੀਦਿਆ ਹੈ। ਇਸ ਤੋਂ ਬਾਅਦ ਤੀਜਾ ਸਭ ਤੋਂ ਮਹਿੰਗਾ ਖਿਡਾਰੀ ਬੇਨ ਸਟੋਕਸ (Ben Stokes) ਹੈ ਜਿਸ ਨੂੰ 16 ਕਰੋੜ 25 ਲੱਖ ਰੁਪਏ ਵਿਚ ਚੇਨਈ ਸੁਪਰ ਕਿੰਗਜ਼ ਵੱਲੋਂ ਖਰੀਦਿਆ ਗਿਆ ਹੈ। ਇਸੇ ਤਰਾਂ ਵੈਸਟ ਇੰਡੀਜ ਦਾ ਨਿਕੋਲਸ ਪੂਰਨ (Nicholas Pooran) ਆਈ ਪੀ ਐਲ ਇਤਿਹਾਸ ਦਾ ਸਭ ਤੋਂ ਮਹਿੰਗਾ ਵਿਕਟ ਕੀਪਰ ਬਣ ਗਿਆ ਜਦੋਂ ਉਸ ਨੂੰ ਲਖਨਊ ਸੁਪਰ ਜਾਇੰਟਸ ਦੀ ਟੀਮ ਵੱਲੋਂ 16 ਰੁਪਏ ਵਿਚ ਖਰੀਦ ਲਿਆ ਗਿਆ।

ਕੋਚੀ ਦੇ ਗ੍ਰੈਂਡ ਹਿਆਤ ਹੋਟਲ ਵਿਚ ਤਕਰੀਬਨ 6 ਘੰਟੇ ਚੱਲੀ ਨਿਲਾਮੀ ਦੌਰਾਨ 10 ਟੀਮਾਂ ਦੇ ਪ੍ਰਬੰਧਕਾਂ ਨੇ ਆਪੋ-ਆਪਣੀਆਂ ਟੀਮਾਂ ਲਈ ਕੁੱਲ 80 ਖਿਡਾਰੀ ਖਰੀਦੇ ਹਨ, ਜਿਨ੍ਹਾਂ ਉਤੇ ਕੁੱਲ 167 ਕਰੋੜ ਰੁਪਏ ਖਰਚੇ ਗਏ ਹਨ। ਸਨਰਾਈਜ਼ਰਸ ਹੈਦਰਾਬਾਦ ਨੇ ਸਭ ਤੋਂ ਵੱਧ 13 ਖਿਡਾਰੀਆਂ ਨੂੰ 42.25 ਕਰੋੜ ਰੁਪਏ ਨਾਲ ਖਰੀਦਿਆ। ਪੰਜਾਬ ਕਿੰਗਜ ਨੇ 19 ਕਰੋੜ 80 ਲੱਖ ਵਿਚ 6 ਖਿਡਾਰੀ, ਲਖਨਊ ਸੁਪਰ ਜਾਇੰਟਸ ਨੇ 18 ਕਰੋੜ 10 ਲੱਖ ਵਿਚ 7 ਖਿਡਾਰੀ, ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਨੇ 7.05 ਕਰੋੜ ਰੁਪਏ ਨਾਲ 8 ਖਿਡਾਰੀ ਆਪਣੀ ਟੀਮ ਵਿਚ ਸ਼ਾਮਿਲ ਕੀਤੇ ਹਨ। ਇਸ ਨਿਲਾਮੀ ਤੋਂ ਬਾਅਦ ਆਈ ਪੀ ਐਲ ਦੀਆਂ ਲਗਪਗ ਸਾਰੀਆਂ ਟੀਮਾਂ ਬਣ ਗਈਆਂ ਹਨ ਅਤੇ ਇਨ੍ਹਾਂ ਵਿਚ ਹੁਣ ਇੱਕਾ-ਦੁੱਕਾ ਹੋਰ ਖਿਡਾਰੀ ਸ਼ਾਮਿਲ ਹੋਣੇ ਬਾਕੀ ਹਨ। ਇਸ ਨਿਲਾਮੀ ਵਿਚ ਵੱਖ-ਵੱਖ ਟੀਮਾਂ ਵੱਲੋਂ ਜਿਹੜੇ 80 ਖਿਡਾਰੀ ਖਰੀਦੇ ਗਏ ਹਨ, ਉਨ੍ਹਾਂ ਵਿਚ 29 ਵਿਦੇਸ਼ੀ ਖਿਡਾਰੀ ਸ਼ਾਮਿਲ ਹਨ, ਜਿਨ੍ਹਾਂ ਦਾ ਵੇਰਵਾ ਹੇਠਾਂ ਲਿਖੇ ਮੁਤਾਬਕ ਹੈ:-

IPL 2023 ਵਾਸਤੇ ਕਿਹੜੀ ਟੀਮ ਨੇ ਕਿਹੜਾ ਕਿਹੜਾ ਖਿਡਾਰੀ ਖਰੀਦਿਆ ?

ਦਿੱਲੀ ਕੈਪੀਟਲਸ (Delhi Capitals) ਨੇ ਮੁਕੇਸ਼ ਕੁਮਾਰ (Mukesh Kumar) ਨੂੰ 5 ਕਰੋੜ 50 ਲੱਖ, ਦੱਖਣੀ ਅਫਰੀਕਾ ਦੇ ਧਮਾਕੇਦਾਰ ਬੱਲੇਬਾਜ਼ ਰਿਲੇ ਰੂਸੋ ਨੂੰ 4.60 ਕਰੋੜ ਰੁਪਏ, ਫਿਲ ਸਾਲਟ ਨੂੰ 2 ਕਰੋੜ ਰੁਪਏ ’ਚ ਖਰੀਦਿਆ। ਇਸ ਤੋਂ ਇਲਾਵਾ ਦਿੱਲੀ ਕੈਪੀਟਲਸ ਨੇ ਮਨੀਸ਼ ਪਾਂਡੇ ਨੂੰ 2 ਕਰੋੜ 40 ਲੱਖ, ਇਸ਼ਾਂਤ ਸ਼ਰਮਾ ਨੂੰ 50 ਲੱਖ ਰੁਪਏ ਵਿਚ ਖਰੀਦਿਆ ਹੈ।

ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders) ਨੇ ਸ਼ਾਕਿਵ ਅਲ ਹਸਨ ਨੂੰ 1 ਕਰੋੜ 50 ਲੱਖ ਰੁਪਏ, ਡੇਵਿਡ ਵੀਜ਼ ਨੂੰ 1 ਕਰੋੜ ਰੁਪਏ, ਐਨ ਜਗਦੀਸ਼ਨ ਨੂੰ 90 ਲੱਖ ਰੁਪਏ ਵਿਚ ਜਦਕਿ ਬੰਗਲਾਦੇਸ਼ ਦੇ ਵਿਕਟਕੀਪਰ/ਬੱਲੇਬਾਜ਼ ਲਿਟਨ ਦਾਸ ਅਤੇ ਪੰਜਾਬ ਦੇ ਮਨਦੀਪ ਸਿੰਘ ਨੂੰ ਉਨ੍ਹਾਂ ਦੀ ਰਾਖਵੀਂ ਕੀਮਤ 50-50 ਲੱਖ ਰੁਪਏ ਵਿੱਚ ਖਰੀਦਿਆ। ਇਸ ਤੋਂ ਇਲਾਵਾ ਵੈਭਵ ਅਰੋੜਾ ਨੂੰ 60 ਲੱਖ, ਸੁਐਸ ਸ਼ਰਮਾ ਅਤੇ ਕੁਲਵੰਤ ਖੁਜਰੋਲੀਆ ਨੂੰ 20-20 ਲੱਖ ਰੁਪਏ ਵਿਚ ਖਰੀਦਿਆ ਹੈ।

ਸਨ ਰਾਈਜ਼ਰਜ਼ ਹੈਦਰਾਬਾਦ (Sun Risers Hyderabad) ਨੇ ਹੈਰੀ ਬਰੁੱਕ ਨੂੰ 13 ਕਰੋੜ 25 ਲੱਖ ਰੁਪਏ, ਮਯੰਕ ਅਗਰਵਾਲ ਨੂੰ 8 ਕਰੋੜ 25 ਲੱਖ ਰੁਪਏ, ਹੈਨਰਿਕ ਕਲਾਸਨ ਨੂੰ 5 ਕਰੋੜ 25 ਲੱਖ ਅਤੇ ਵਿਵਰਾਂਤ ਸ਼ਰਮਾ ਨੂੰ 2 ਕਰੋੜ 60 ਲੱਖ ਰੁਪਏ ਵਿਚ ਖਰੀਦਿਆ ਹੈ। ਇਸ ਤੋਂ ਇਲਾਵਾ ਮਯੰਕ ਡਾਗਰ ਨੂੰ 1.80 ਕਰੋੜ ਰੁਪਏ, ਮਯੰਕ ਮਾਰਕੰਡੇ ਨੂੰ 50 ਲੱਖ ਰੁਪਏ, ਵੈਸਟਇੰਡੀਜ਼ ਦੇ ਸਪਿਨਰ ਅਕੀਲ ਹੁਸੈਨ ਨੂੰ 1 ਕਰੋੜ ਰੁਪਏ ’ਚ, ਓਪੇਂਦਰ ਸਿੰਘ ਯਾਦਵ ਨੂੰ 25 ਲੱਖ ਰੁਪਏ ਜਦਕਿ ਅਨਮੋਲਪ੍ਰੀਤ ਸਿੰਘ, ਨਿਤੀਸ਼ ਕੁਮਾਰ ਰੈੱਡੀ, ਸਮਰੱਥ ਵਿਆਸ ਅਤੇ ਸਨਵੀਰ ਸਿੰਘ ਹਰਾ ਨੂੰ 20-20 ਲੱਖ ਰੁਪਏ ਦੀ ਮੁੱਢਲੀ ਕੀਮਤ ’ਤੇ ਖਰੀਦਿਆ ਹੈ।

ਰਾਜਸਥਾਨ ਰਾਇਲਸ (Rajsthan Royels) ਨੇ ਜੈਸਨ ਹੋਲਡਰ ਨੂੰ 5 ਕਰੋੜ 75 ਲੱਖ ਰੁਪਏ, ਆਸਟਰੇਲੀਆ ਦੇ ਸਪਿਨਰ ਐਡਮ ਜ਼ਾਂਪਾ ਨੂੰ 1.50 ਕਰੋੜ ਰੁਪਏ, ਜੋਏ ਰੂਟ ਨੂੰ 1 ਕਰੋੜ ਰੁਪਏ, ਵਿਕਟਕੀਪਰ ਬੱਲੇਬਾਜ਼ ਡੋਨੋਵਨ ਫਰੇਰਾ ਨੂੰ 50 ਲੱਖ ਰੁਪਏ, ਕੇ. ਐਮ. ਆਸਿਫ ਨੂੰ 30 ਲੱਖ ਰੁਪਏ ਜਦਕਿ ਮੁਰੂਗਨ ਅਸ਼ਵਿਨ, ਆਕਾਸ਼ ਵਸ਼ਿਸ਼ਟ, ਕੁਣਾਲ ਰਾਠੌੜ, ਅਬਦੁਲ ਪੀਏ ਨੂੰ 20-20 ਲੱਖ ਰੁਪਏ ਦੀ ਮੁੱਢਲੀ ਕੀਮਤ ਵਿੱਚ ਖਰੀਦਿਆ।

ਲਖਨਊ ਸੁਪਰ ਜਾਇੰਟਸ (Lucknow Super Gaints) ਨੇ ਅਫਗਾਨਿਸਤਾਨ ਦੇ ਤੇਜ਼ ਗੇਂਦਬਾਜ਼ ਨਵੀਨ-ਉਲ-ਹੱਕ, ਜੈਦੇਵ ਉਨਾਡਕਟ ਅਤੇ ਲੈੱਗ ਸਪਿਨਰ ਅਮਿਤ ਮਿਸ਼ਰਾ ਤਿੰਨਾਂ ਨੂੰ 50-50 ਲੱਖ ਰੁਪਏ ਦੀ ਮੁੱਢਲੀ ਕੀਮਤ ’ਤੇ ਖਰੀਦਿਆ। 40 ਸਾਲਾ ਅਮਿਤ ਨਿਲਾਮੀ ਵਿੱਚ ਸਭ ਤੋਂ ਵੱਡੀ ਉਮਰ ਦੇ ਖਿਡਾਰੀ ਸਨ। ਯੁੱਧਵੀਰ ਚਰਕ, ਸਵਪਨਿਲ ਸਿੰਘ ਅਤੇ ਪ੍ਰੇਰਕ ਮਾਂਕਡ ਨੂੰ ਮੁੱਢਲੀ ਕੀਮਤ 20-20 ਲੱਖ ਰੁਪਏ ਵਿੱਚ ਖਰੀਦਿਆ।

ਮੁੰਬਈ ਇੰਡੀਅਨਜ਼ (Mumbai Indians) ਨੇ ਜੇ ਰਿਚਰਡਸਨ ਨੂੰ 1 ਕਰੋੜ 50 ਲੱਖ ਰੁਪਏ, ਪੀਯੂਸ਼ ਚਾਵਲਾ ਨੂੰ 50 ਲੱਖ ਰੁਪਏ, ਮਾਰਕੋ ਜੈਨਸਨ ਦੇ ਭਰਾ ਡੁਏਨ ਜੈਨਸਨ, ਸ਼ਮਸ ਮੁਲਾਨੀ, ਰਾਘਵ ਗੋਇਲ, ਨੇਹਾਲ ਵਢੇਰਾ ਅਤੇ ਵਿਸ਼ਨੂੰ ਵਿਨੋਦ ਨੂੰ 20-20 ਲੱਖ ਰੁਪਏ ਦੀ ਮੁੱਢਲੀ ਕੀਮਤ ’ਤੇ ਖਰੀਦਿਆ ਸੀ।

ਪੰਜਾਬ ਕਿੰਗਜ਼ (Punjab Kings) ਨੇ ਜਿਹੜੇ ਹੋਰ ਖਿਡਾਰੀ ਖਰੀਦੇ ਹਨ ਉਨ੍ਹਾਂ ਵਿਚ ਸਿਕੰਦਰ ਰਜਾ ਨੂੰ 50 ਲੱਖ ਰੁਪਏ, ਹਰਪ੍ਰੀਤ ਭਾਟੀਆ ਨੂੰ 40 ਲੱਖ ਰੁਪਏ ਵਿੱਚ, ਵਿਦਵਤ ਕਵਰੱਪਾ, ਸ਼ਿਵਮ ਸਿੰਘ ਅਤੇ ਮੋਹਿਤ ਰਾਠੀ ਨੂੰ 20-20 ਲੱਖ ਰੁਪਏ ਖਰੀਦਿਆ।

ਰਾਇਲ ਚੈਲੰਜਰਜ਼ ਬੈਂਗਲੁਰੂ (Royel Chellenge Banglore) ਨੇ ਬਿਲ ਜੈਕਸ ਨੂੰ 3 ਕਰੋੜ 20 ਲੱਖ, ਰੀਸ ਟੋਪਲੀ 1 ਕਰੋੜ 90 ਲੱਖ, ਰਾਜਨ ਕੁਮਾਰ ਨੂੰ 70 ਲੱਖ ਰੁਪਏ, ਅਵਿਨਾਸ਼ ਸਿੰਘ ਨੂੰ 60 ਲੱਖ ਰੁਪਏ, ਸੋਨੂੰ ਯਾਦਵ, ਹਿਮਾਂਸ਼ੂ ਸ਼ਰਮਾ, ਮਨੋਜ ਭਾਂਡੇਗੇ ਨੂੰ 20-20 ਲੱਖ ਰੁਪਏ ‘ਚ ਖਰੀਦਿਆ।

ਗੁਜਰਾਤ ਟਾਈਟਨਸ (Gujrat Titans) ਨੇ ਆਇਰਲੈਂਡ ਦੇ ਤੇਜ਼ ਗੇਂਦਬਾਜ਼ ਜੋਸ਼ੂਆ ਲਿਟਲ ਨੂੰ 4.40 ਕਰੋੜ ਰੁਪਏ ਵਿਚ ਖਰੀਦਿਆ ਹੈ। ਟੀ-20 ਵਿਸ਼ਵ ਕੱਪ ‘ਚ ਹੈਟ੍ਰਿਕ ਲੈਣ ਦਾ ਰਿਕਾਰਡ ਲਿਟਲ ਦੇ ਨਾਂ ਹੈ। ਉਸ ਨੇ ਨਿਊਜ਼ੀਲੈਂਡ ਵਰਗੀ ਮਜ਼ਬੂਤ ​​ਟੀਮ ਵਿਰੁੱਧ ਹੈਟ੍ਰਿਕ ਵਿਕਟਾਂ ਲਈਆਂ। ਉਸ ਦੀ ਮੂਲ ਕੀਮਤ 50 ਲੱਖ ਰੁਪਏ ਸੀ। ਇਸ ਤੋਂ ਇਲਾਵਾ ਗੁਜਰਾਤ ਨੇ ਕੇਨ ਵਿਲੀਅਮਜ ਨੂੰ 2 ਕਰੋੜ, ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਮੋਹਿਤ ਸ਼ਰਮਾ ਨੂੰ 50 ਲੱਖ ਰੁਪਏ, ਉਰਵਿਲ ਪਟੇਲ ਨੂੰ 20 ਲੱਖ ਰੁਪਏ ਦੀ ਮੂਲ ਕੀਮਤ ’ਤੇ ਖਰੀਦਿਆ।

ਚੇਨਈ ਸੁਪਰ ਕਿੰਗਜ਼ (Chenai Super Kings) ਨੇ ਕਾਇਲੀ ਜਿੰਪਸਨ ਨੂੰ 1 ਕਰੋੜ ਰੁਪਏ, ਨਿਸ਼ਾਂਤ ਸਿੱਧੂ ਨੂੰ 60 ਲੱਖ ਰੁਪਏ ਅਤੇ ਅਜਿੰਕਾ ਰਹਾਣੇ ਨੂੰ 50 ਲੱਖ ਰੁਪਏ ਜਦਕਿ ਸ਼ੈਕ ਰਸ਼ੀਦ, ਅਜੇ ਮੰਡਲ ਅਤੇ ਭਗਤ ਵਰਮਾ ਨੂੰ 20-20 ਲੱਖ ਰੁਪਏ ਦੀ ਮੁੱਢਲੀ ਕੀਮਤ ’ਤੇ ਖਰੀਦਿਆ ਹੈ।

IPL 2023 ਵਿਚ ਲੁਧਿਆਣਾ ਦੇ 2 ਖਿਡਾਰੀ ਨੇਹਲ ਵਢੇਰਾ ਅਤੇ ਸਨਵੀਰ ਸਿੰਘ ਹਰਾ ਖੇਡਣਗੇ।

ਲੁਧਿਆਣਾ ਸ਼ਹਿਰ ਨਾਲ਼ ਸਬੰਧਿਤ ਨੇਹਲ ਵਢੇਰਾ ਨੂੰ ਮੁੰਬਈ ਇੰਡੀਅਨਜ਼ ਨੇ ਜਦਕਿ ਸਾਹਨੇਵਾਲ਼ ਦੇ ਸਨਵੀਰ ਹਰਾ ਨੂੰ ਸਨਰਾਈਜ਼ ਹੈਦਰਾਬਾਦ ਨੇ ਖਰੀਦਿਆ ਹੈ। ਦੋਵਾਂ ਨੂੰ ਮੁੱਢਲੀ ਕੀਮਤ 20-20 ਲੱਖ ’ਤੇ ਹੀ ਖਰੀਦਿਆ ਗਿਆ ਹੈ। ਨੇਹਲ ਵਢੇਰਾ ਨੂੰ ਰਨ ਮਸ਼ੀਨ ਵਜੋਂ ਜਾਣਿਆ ਜਾਂਦਾ ਹੈ। ਦੱਸਣਯੋਗ ਹੈ ਕਿ ਨੇਹਲ ਵਢੇਰਾ ਨੇ ਅੰਡਰ-23 ਟੂਰਨਾਮੈਂਟ ਦੌਰਾਨ 578 ਦੌੜਾਂ ਬਣਾ ਕੇ 66 ਸਾਲਾ ਚਮਨ ਲਾਲ ਦਾ ਰਿਕਾਰਡ ਤੋੜ ਦਿੱਤਾ ਸੀ। ਲੰਘੀ 28 ਅਪਰੈਲ ਨੂੰ ਬਠਿੰਡਾ ਖ਼ਿਲਾਫ਼ ਨੇਹਲ ਨੇ 414 ਗੇਂਦਾਂ ਵਿਚ 578 ਦੌੜਾਂ ਬਣਾਈਆਂ। ਉਸ ਨੇ 37 ਛੱਕੇ ਅਤੇ 42 ਚੌਕੇ ਲਗਾਏ ਸਨ। ਸਾਹਨੇਵਾਲ਼ ਦਾ ਸਨਵੀਰ ਹਰਾ 2019 ਵਿਚ ਏਸੀਸੀ ਦੀ ਉਭਰਦੀ ਟੀਮ ਵਿਚ ਏਸ਼ੀਆ ਕੱਪ ਖੇਡ ਚੁੱਕਾ ਹੈ। ਇਸ ਤੋਂ ਪਹਿਲਾਂ ਉਹ 2018 ’ਚ ਵਿਜੇ ਹਜ਼ਾਰੇ ਟਰਾਫੀ ਵੀ ਖੇਡਿਆ ਸੀ ਅਤੇ ਰਣਜੀ ਟਰਾਫੀ ’ਚ ਵੀ ਬਿਹਤਰ ਪ੍ਰਦਰਸ਼ਨ ਕੀਤਾ ਹੈ।

Photo Credit: Arjun Singh / SPORTZPICS for IPL

 

Exit mobile version