ਜੂਨੀਅਰ ਹਾਕੀ ਵਿਸ਼ਵ ਕੱਪ ਵਿਚ ਥਾਂ ਵੀ ਕਰ ਲਈ ਪੱਕੀ
ਪਰਮੇਸ਼ਰ ਸਿੰਘ ਬੇਰ ਕਲਾਂ
ਸਪੋਰਟਸ ਪਰਲਜ਼, 11 ਜੂਨ 2023: ਏਸ਼ੀਆ ਜੂਨੀਅਰ ਮਹਿਲਾ ਹਾਕੀ ਕੱਪ (hockey junior asia cup) ਜਿੱਤ ਕੇ ਭਾਰਤੀ ਕੁੜੀਆਂ ਦੀ ਹਾਕੀ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਫਾਈਨਲ ਵਿਚ ਭਾਰਤੀ ਟੀਮ ਨੇ ਕੋਰੀਆ ਦੀ ਤੇਜ ਤਰਾਰ ਟੀਮ ਨੂੰ 2-1 ਦੇ ਫਰਕ ਨਾਲ਼ ਹਰਾ ਕੇ ਏਸ਼ੀਆਈ ਚੈਂਪੀਅਨ (Asia Champion) ਹੋਣ ਦਾ ਮਾਣ ਹਾਸਲ ਕੀਤਾ। ਭਾਰਤੀ ਟੀਮ 12 ਸਾਲ ਦੇ ਅਰਸੇ ਬਾਅਦ ਇਸ ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚੀ ਸੀ। ਜਾਪਾਨ ਨੇ ਚੀਨ ਨੂੰ 2-1 ਗੋਲ਼ਾਂ ਦੇ ਫਰਕ ਨਾਲ਼ ਹਰਾ ਕੇ ਕਾਂਸੀ ਤਮਗ਼ਾ ਜਿੱਤਿਆ। ਇਸ ਦੇ ਨਾਲ਼ ਹੀ ਭਾਰਤ, ਕੋਰੀਆ ਅਤੇ ਜਾਪਾਨ ਦੀਆਂ ਟੀਮਾਂ ਨੇ ਇਸ ਸਾਲ ਦੇ ਅਖੀਰ ਵਿਚ ਚਿੱਲੀ ਵਿਚ ਹੋਣ ਵਾਲ਼ੇ ਜੂਨੀਅਰ ਹਾਕੀ ਵਿਸ਼ਵ ਕੱਪ 2023 ਵਿਚ ਥਾਂ ਵੀ ਪੱਕੀ ਕਰ ਲਈ ਹੈ।
ਜਾਪਾਨ ਦੇ ਸ਼ਹਿਰ ਕਾਕਾਮੀਗਾਹਾਰਾ ਵਿਖੇ 2 ਤੋਂ 11 ਜੂਨ ਤੱਕ ਖੇਡੇ ਗਏ ਏਸ਼ੀਆ ਜੂਨੀਅਰ ਮਹਿਲਾ ਹਾਕੀ ਕੱਪ (hockey junior asia cup) ਟੂਰਨਾਮੈਂਟ ਦੇ ਪੂਲ ਏ ਵਿਚ ਭਾਰਤ ਅਤੇ ਕੋਰੀਆ ਦੀਆਂ ਟੀਮਾਂ ਨੇ 3-3 ਗਰੁੱਪ ਮੈਚ ਜਿੱਤੇ ਸਨ ਅਤੇ ਆਪਸ ਵਿਚ ਬਰਾਬਰੀ ਦਾ ਮੈਚ ਖੇਡਿਆ ਸੀ। ਪਰ ਬਿਹਤਰ ਗੋਲ਼ ਔਸਤ ਦੇ ਲਿਹਾਜ ਨਾਲ਼ ਭਾਰਤੀ ਟੀਮ ਗਰੁੱਪ ਵਿਚ ਚੋਟੀ ‘ਤੇ ਸੀ ਜਦਕਿ ਕੋਰੀਆ ਦੂਜੇ ਸਥਾਨ ‘ਤੇ ਰਹੀ। ਗਰੁੱਪ ਬੀ ਵਿਚ ਚੀਨ ਆਪਣੇ ਸਾਰੇ 4 ਗਰੁੱਪ ਮੈਚ ਜਿੱਤ ਕੇ ਚੋਟੀ ‘ਤੇ ਰਿਹਾ ਸੀ ਅਤੇ ਜਾਪਾਨ 3 ਮੈਚ ਜਿੱਤ ਕੇ ਦੂਜੇ ਸਥਾਨ ‘ਤੇ ਸੀ। ਸੈਮੀਫਾਈਨਲ ਵਿਚ ਭਾਰਤੀ ਟੀਮ ਨੇ ਫਸਵੇਂ ਮੈਚ ਵਿਚ ਜਾਪਾਨ ਨੂੰ 1-0 ਨਾਲ਼ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਜਦਕਿ ਕੋਰੀਆ ਨੇ ਚੀਨ ਨੂੰ 2-0 ਨਾਲ਼ ਹਰਾ ਕੇ ਖਿਤਾਬੀ ਟੱਕਰ ਲਈ ਯੋਗਤਾ ਹਾਸਲ ਕੀਤੀ।
ਭਾਰਤੀ ਖਿਡਾਰਨਾਂ 12 ਸਾਲ ਬਾਅਦ ਪਹੁੰਚੀਆਂ ਸੀ ਫਾਈਨਲ ‘ਚ
ਭਾਰਤੀ ਹਾਕੀ ਖਿਡਾਰਨਾਂ ਦੀ ਟੀਮ 12 ਸਾਲ ਦੇ ਲੰਮੇ ਅਰਸੇ ਬਾਅਦ ਇਸ ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚੀਆਂ ਸਨ। ਹਾਲਾਂਕਿ 12 ਸਾਲ ਦੇ ਵਕਫੇ਼ ਬਾਅਦ ਏਸ਼ੀਆ ਜੂਨੀਅਰ ਮਹਿਲਾ ਹਾਕੀ ਕੱਪ (hockey junior Asia cup) ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚਣਾ ਵੀ ਭਾਰਤੀ ਕੁੜੀਆਂ ਲਈ ਵੱਡੀ ਪ੍ਰਾਪਤੀ ਤੋਂ ਘੱਟ ਨਹੀਂ ਸੀ, ਪਰ ਉਨ੍ਹਾਂ ਨੇ ਖਿਤਾਬੀ ਟੱਕਰ ਦੌਰਾਨ ਪੂਰੀ ਜਾਨ ਲਾ ਕੇ ਇਹ ਟੂਰਨਾਮੈਂਟ ਜਿੱਤਣ ਦਾ ਤਹਈਆ ਕਰ ਲਿਆ। ਮੈਚ ਦੇ ਦੂਜੇ ਕੁਆਰਟਰ ਵਿਚ ਮਿਲੇ ਪੈਨਲਟੀ ਸਟ੍ਰੋਕ ਤੋਂ ਤੇਜ ਤਰਾਰ ਭਾਰਤੀ ਫਾਰਵਰਡ ਅਨੂੰ ਨੇ ਪਹਿਲਾ ਗੋਲ਼ ਕਰਕੇ 1-0 ਦੀ ਬੜ੍ਹਤ ਹਾਸਲ ਕੀਤੀ। ਪਰ 2 ਮਿੰਟਾਂ ਬਾਅਦ ਹੀ ਕੋਰੀਆ ਦੀ ਟੀਮ ਨੇ ਮੋੜਵਾਂ ਹਮਲਾ ਕਰਦਿਆਂ ਗੋਲ਼ ਕਰਕੇ ਸਕੋਰ 1-1 ਦੀ ਬਰਾਬਰੀ ‘ਤੇ ਲੈ ਆਂਦਾ। ਦੂਜੇ ਅੱਧ ਦੀ ਖੇਡ ਸ਼ੁਰੂ ਹੋਣ ਤੋਂ ਬਾਅਦ ਭਾਰਤੀ ਕੁੜੀਆਂ ਨੇ ਕੋਰੀਆ ਵਿਰੁੱਧ ਹਮਲੇ ਲਗਾਤਾਰ ਤੇਜ ਕਰ ਦਿੱਤੇ ਅਤੇ ਨੀਲਮ ਨੇ ਇਕ ਸ਼ਾਨਦਾਰ ਗੋਲ਼ ਕਰਕੇ ਸਕੋਰ 2-1 ਕਰ ਦਿੱਤਾ। ਇਸ ਤੋਂ ਬਾਅਦ ਕੋਰੀਆ ਦੀ ਟੀਮ ਨੇ ਗੋਲ਼ ਕਰਕੇ ਬਰਾਬਰੀ ਹਾਸਲ ਕਰਨ ਲਈ ਪੂਰੀ ਵਾਹ ਲਾਈ ਪਰ ਭਾਰਤੀ ਰੱਖਿਆ ਪੰਕਤੀ ਨੇ ਕੋਰੀਆ ਦੀ ਇਕ ਨਾ ਚੱਲਣ ਦਿੱਤੀ।
ਭਾਰਤੀ ਫਾਰਵਰਡ ਅਨੂੰ ਬਣੀ ਟੂਰਨਾਮੈਂਟ ਦੀ ਸਭ ਤੋਂ ਵੱਧ ਗੋਲ਼ ਕਰਨ ਵਾਲ਼ੀ ਖਿਡਾਰਨ
ਟੂਰਨਾਮੈਂਟ ਵਿਚ ਕੁੱਲ 9 ਗੋਲ਼ ਕਰਨ ਵਾਲ਼ੀ ਭਾਰਤੀ ਫਾਰਵਰਡ ਅਨੂੰ ਨੂੰ ਟੂਰਨਾਮੈਂਟ ਦੀ ਸਰਵੋਤਮ ਸਟ੍ਰਾਈਕਰ ਐਲਾਨਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਤੋਂ ਇਲਾਵਾ ਹਾਕੀ ਇੰਡੀਆ ਦੇ ਅਧਿਕਾਰੀਆਂ ਨੇ ਵੀ ਭਾਰਤੀ ਟੀਮ ਦੀਆਂ ਸਮੂਹ ਖਿਡਾਰਨਾਂ ਅਤੇ ਕੋਚ ਜੈਨੇਕਾ ਨੂੰ ਇਸ ਸ਼ਾਨਦਾਰ ਜਿੱਤ ਲਈ ਮੁਬਾਰਕਬਾਦ ਦਿੱਤੀ ਹੈ। ਹਾਕੀ ਇੰਡੀਆ ਨੇ ਹਰ ਖਿਡਾਰਨ ਨੂੰ 2-2 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਭਾਰਤੀ ਕੁੜੀਆਂ ਦੀ ਇਸ ਸ਼ਾਨਦਾਰ ਜਿੱਤ ਨਾਲ਼ ਭਾਰਤੀ ਹਾਕੀ ਪ੍ਰੇਮੀਆਂ ਵਿਚ ਖੁਸ਼ੀ ਦੀ ਲਹਿਰ ਹੈ। ਜੂਨੀਅਰ ਟੀਮ ਦੀ ਇਸ ਜਿੱਤ ਨੇ ਭਾਰਤੀ ਹਾਕੀ ਦੇ ਸੁਨਹਿਰੇ ਦਿਨਾਂ ਦੀ ਵਾਪਸੀ ਦੇ ਸੰਕੇਤ ਦਿੱਤੇ ਹਨ। ਦੱਸਣਯੋਗ ਹੈ ਕਿ ਭਾਰਤੀ ਮਰਦਾਂ ਦੀ ਜੂਨੀਅਰ ਹਾਕੀ ਟੀਮ ਵੀ ਪਿਛਲੇ ਮਹੀਨੇ ਜੂਨੀਅਰ ਹਾਕੀ ਏਸ਼ੀਆ ਕੱਪ (hockey junior asia cup) ਜਿੱਤ ਕੇ ਏਸ਼ੀਆ ਚੈਂਪੀਅਨ ਬਣ ਚੁੱਕੀ ਹੈ।
ਚਿੱਲੀ ਵਿਚ ਹੋਣ ਵਾਲ਼ੇ FIH ਹਾਕੀ ਮਹਿਲਾ ਜੂਨੀਅਰ ਵਿਸ਼ਵ ਕੱਪ 2023 ਲਈ 16 ਟੀਮਾਂ ਦੀ ਸੂਚੀ ਮੁਕੰਮਲ
29 ਨਵੰਬਰ ਤੋਂ 10 ਦਸੰਬਰ 2023 ਤੱਕ ਸੈਂਟੀਆਗੋ, ਚਿਲੀ ਵਿੱਚ ਖੇਡੇ ਜਾਣ ਵਾਲ਼ੇ FIH ਹਾਕੀ ਜੂਨੀਅਰ ਮਹਿਲਾ ਵਿਸ਼ਵ ਕੱਪ 2023 ਵਿੱਚ ਖੇਡਣ ਵਾਲ਼ੀਆਂ 16 ਟੀਮਾਂ ਦੀ ਸੂਚੀ ਮੁਕੰਮਲ ਹੋ ਗਈ ਹੈ। ਦੱਸਣਯੋਗ ਹੈ ਕਿ ਇਸ ਵਿਸ਼ਵ ਕੱਪ ਲਈ ਯੂਰਪ ਵਿੱਚੋਂ ਬੈਲਜੀਅਮ, ਇੰਗਲੈਂਡ, ਜਰਮਨੀ, ਨੀਦਰਲੈਂਡ ਅਤੇ ਸਪੇਨ ਨੇ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੇ ਹਨ। ਇਸੇ ਤਰਾਂ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਓਸ਼ੇਨੀਆ ਤੋਂ, ਦੱਖਣੀ ਅਫਰੀਕਾ ਅਤੇ ਜ਼ਿੰਬਾਬਵੇ ਨੇ ਅਫਰੀਕੀ ਮਹਾਂਦੀਪ ਤੋਂ ਜਦਕਿ ਅਮਰੀਕਾ, ਅਰਜਨਟੀਨਾ ਅਤੇ ਕੈਨੇਡਾ ਨੇ ਪੈਨ ਅਮਰੀਕਾ ਖੇਤਰ ਤੋਂ ਕੁਆਲੀਫਾਈ ਕੀਤਾ ਸੀ। ਹੁਣ ਏਸ਼ੀਆ ਜੂਨੀਅਰ ਹਾਕੀ ਕੱਪ ਦੇ ਨਤੀਜਿਆਂ ਵਿਚ ਭਾਰਤ, ਕੋਰੀਆ ਅਤੇ ਜਾਪਾਨ ਨੇ ਵਿਸ਼ਵ ਕੱਪ ਵਿਚ ਖੇਡਣ ਦੀ ਯੋਗਤਾ ਹਾਸਲ ਕਰ ਲਈ ਹੈ। ਇਸ ਤਰਾਂ ਮੇਜ਼ਬਾਨ ਚਿਲੀ ਸਮੇਤ ਸਾਰੀਆਂ 16 ਟੀਮਾਂ ਦੀ ਸੂਚੀ ਮੁਕੰਮਲ ਹੋ ਗਈ ਹੈ।
ਮਲੇਸ਼ੀਆ ਵਿਚ ਹੋਣ ਵਾਲ਼ੇ FIH ਹਾਕੀ ਪੁਰਸ਼ ਜੂਨੀਅਰ ਵਿਸ਼ਵ ਕੱਪ 2023 ਲਈ 16 ਟੀਮਾਂ ਦੀ ਸੂਚੀ
ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਵਿੱਚ 5 ਤੋਂ 16 ਦਸੰਬਰ 2023 ਤੱਕ ਖੇਡੇ ਜਾਣ ਵਾਲ਼ੇ FIH ਹਾਕੀ ਪੁਰਸ਼ ਜੂਨੀਅਰ ਵਿਸ਼ਵ ਕੱਪ 2023 ਵਿੱਚ ਸ਼ਾਮਿਲ ਹੋਣ ਵਾਲ਼ੀਆਂ 16 ਟੀਮਾਂ ਦੀ ਸੂਚੀ ਪਹਿਲਾਂ ਹੀ ਮੁਕੰਮਲ ਹੋ ਚੁੱਕੀ ਹੈ। ਯੂਰਪ ਵਿੱਚੋਂ ਬੈਲਜੀਅਮ, ਫਰਾਂਸ, ਜਰਮਨੀ, ਨੀਦਰਲੈਂਡ ਅਤੇ ਸਪੇਨ ਨੇ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਹੈ। ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਓਸ਼ੇਨੀਆ ਤੋਂ ਕੁਆਲੀਫਾਈ ਕੀਤਾ ਹੈ। ਦੱਖਣੀ ਅਫਰੀਕਾ ਅਤੇ ਮਿਸਰ ਅਫਰੀਕਾ ਤੋਂ ਜਦਕਿ ਅਰਜਨਟੀਨਾ, ਕੈਨੇਡਾ ਅਤੇ ਚਿੱਲੀ ਨੇ ਪੈਨ ਅਮਰੀਕਾ ਖੇਤਰ ਤੋਂ ਕੁਆਲੀਫਾਈ ਕੀਤਾ। ਭਾਰਤ, ਕੋਰੀਆ, ਪਾਕਿਸਤਾਨ ਅਤੇ ਮਲੇਸ਼ੀਆ (ਮੇਜ਼ਬਾਨ) ਇਸ ਟੂਰਨਾਮੈਂਟ ਵਿਚ ਵਿਸ਼ਵ ਜੇਤੂ ਬਣਨ ਲਈ ਭਿੜਨਗੀਆਂ।